Showing posts with label NRMU. Show all posts
Showing posts with label NRMU. Show all posts

Wednesday, December 14, 2016

NRMU Ludhiana: ਰੇਲਵੇ ਮੁਲਾਜ਼ਮਾਂ ਨੇ ਵੀ ਕੀਤੀ ਨਗਦ ਤਨਖਾਹ ਦੀ ਮੰਗ

ਜੇ ਅਸੀਂ ਬੈਂਕ ਦੀਆਂ ਲਾਈਨਾਂ 'ਚ ਲੱਗੇ ਤਾਂ ਰੇਲਾਂ ਦਾ ਚੱਕ ਜਾਮ ਹੋਣਾ ਨਿਸਚਿਤ 
ਲੁਧਿਆਣਾ: 14 ਦਸੰਬਰ 2016:  (ਪੰਜਾਬ ਸਕਰੀਨ ਬਿਊਰੋ): ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ  
ਨੋਟਬੰਦੀ ਤੋਂ ਬਾਅਦ ਪੈਦਾ ਹੋਈ ਸਥਿਤੀ 'ਤੇ ਅੱਜ ਰੇਲਵੇ ਮੁਲਾਜ਼ਮ ਵੀ ਤਿੱਖਾ ਪ੍ਰਤੀਕਰਮ ਪ੍ਰਗਟਾਉਂਦਿਆਂ ਸੜਕਾਂ 'ਤੇ ਉਤਰੇ। ਉਹਨਾਂ ਐਨ ਆਰ ਐਮ ਯੂ ਦੇ ਜਗਰਾਓਂ ਪੁਲ ਵਾਲੇ ਦਫਤਰ ਤੋਂ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਘੰਟਾਘਰ ਤੱਕ ਰੋਸ ਮਾਰਚ ਜਿਹੜਾ ਵਾਪਿਸ ਰੇਲਵੇ ਸਟੇਸ਼ਨ ਤੇ ਆਇਆ। ਰੇਲਵੇ ਸਟੇਸ਼ਨ ਤੇ ਭਰਵੀਂ ਰੋਸ ਰੈਲੀ  ਕੀਤੀ ਗਈ ਅਤੇ ਸਪਸ਼ਟ ਕਿਹਾ ਗਿਆ ਕਿ ਅਸੀਂ ਆਪਣੀ ਤਨਖਾਹ ਨਗਦ  ਲੈਣੀ ਹੈ।  ਇਸਦੇ ਨਾਲ ਹੀ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿੱਚ ਰਹੀਆਂ ਤਰੁਟੀਆਂ ਬਾਰੇ  ਕੋਈ ਯੋਗ ਫੈਸਲਾ ਨਾ ਲੈਣ ਦੇ ਖਿਲਾਫ ਵੀ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਬੁਲਾਰਿਆਂ ਨੇ ਇਹ ਵੀ ਕਿਹਾ ਕਿ 11 ਜੁਲਾਈ ਵਾਲੀ ਹੜਤਾਲ ਮੁਲਤਵੀ ਕਰਨ ਵੇਲੇ ਬਣਾਈ ਗਈ ਵੱਲੋਂ ਪੰਜ ਮਹੀਨੇ ਬੀਤ ਜਾਣ ਤੇ ਵੀ ਆਪਣੀ ਰਿਪੋਰਟ ਨਹੀਂ ਦਿੱਤੀ ਗਈ ਜਦਕਿ ਵਾਅਦਾ ਚਾਰ ਮਹੀਨਿਆਂ ਦੇ ਵਿੱਚ ਵਿੱਚ ਰਿਪੋਰਟ ਦੇਣ ਦਾ ਸੀ। ਇਸ ਰੋਸ ਮਾਰਚ ਅਤੇ ਰੈਲੀ ਵਿੱਚ ਰੇਲ ਮੁਲਾਜ਼ਮ ਆਪੋ ਆਪਣੇ ਵਿਭਾਗਾਂ ਵਿੱਚੋਂ ਜੱਥੇ ਬਣਾ ਕੇ ਸ਼ਾਮਲ ਹੋਏ। ਰੈਲੀ ਦੀ ਅਗਵਾਈ ਸਾਥੀ ਘਣਸ਼ਾਮ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਸੀਨੀਅਰ ਆਗੂ ਕਾਮਰੇਡ ਪਰਮਜੀਤ ਸਿੰਘ ਨੇ ਕੀਤੀ। 

Saturday, July 02, 2016

Railway:1974 ਮਗਰੋਂ ਪਹਿਲੀ ਦੇਸ਼ਵਿਆਪੀ, ਅਣਮਿੱਥੇ ਸਮੇਂ ਦੀ ਹੜਤਾਲ

Fri, Jul 1, 2016 at 5:00 PM
ਵਰਕਰਜ਼ ਸੋਸ਼ਲਿਸਟ ਪਾਰਟੀ ਦੀ ਅਪੀਲ
11 ਜੁਲਾਈ ਦੀ ਹੜਤਾਲ ਨੂੰ ਆਮ ਸਿਆਸੀ ਹੜਤਾਲ 'ਚ  ਬਦਲੋ 
ਮਜ਼ਦੂਰ-ਕਿਸਾਨ ਸਰਕਾਰ ਦੀ ਕਾਇਮੀ ਲਈ ਜੱਦੋ-ਜਹਿਦ ਨੂੰ ਅੱਗੇ ਵਧਾਉ!
ਸਾਥੀਓ,
11 ਜੁਲਾਈ ਤੋਂ ਰੇਲ ਮਜ਼ਦੂਰਾਂ ਦੀ ਦੇਸ਼ਵਿਆਪੀ, ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਹੋਣ ਵਾਲੀ ਹੈ, ਜਿਸ 'ਚ 13 ਲੱਖ ਰੇਲਵੇ ਮੁਲਾਜਮ ਹਿੱਸਾ ਲੈਣਗੇ, 1974 ਮਗਰੋਂ ਇਹ ਪਹਿਲੀ ਦੇਸ਼ਵਿਆਪੀ, ਅਣਮਿੱਥੇ ਸਮੇਂ ਲਈ ਹੜਤਾਲ ਹੋਵੇਗੀ। ਹੜਤਾਲ ਦੀਆਂ ਫੌਰੀ ਅਤੇ ਪ੍ਰਮੁੱਖ ਮੰਗਾਂ ਹਨ: ਸੱਤਵੇਂ ਵੇਤਨ ਆਯੋਗ ਦੀਆਂ ਸਿਫ਼ਾਰਿਸ਼ਾਂ ਅਤੇ ਨਵੀਂ ਪੈਂਸ਼ਨ ਨੀਤੀ 'ਤੇ ਮੁੜਵਿਚਾਰ, ਘੱਟੋ-ਘੱਟ ਵੇਤਨ 18 ਹਜ਼ਾਰ ਤੋਂ ਵਧਾ ਕੇ 26 ਹਜ਼ਾਰ ਅਤੇ ਮੁਲਾਜ਼ਮਾਂ ਦੀਆਂ ਖਾਲੀ ਅਸਾਮੀਆਂ 'ਤੇ ਨਿਯੁਕਤੀਆਂ, ਰੱਖਿਆ ਅਤੇ ਡਾਕ-ਤਾਰ ਸਣੇ ਕੁਝ ਹੋਰ ਖੇਤਰਾਂ 'ਚ ਵੀ ਮੁਲਾਜ਼ਮਾਂ ਨੇ ਇਸ ਹੜਤਾਲ 'ਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ਼ ਹੜਤਾਲੀਆਂ ਦੀ ਕੁੱਲ ਗਿਣਤੀ 35 ਲੱਖ ਦੇ ਪਾਰ ਜਾ ਸਕਦੀ ਹੈ।
ਇਸ ਦ੍ਰਿਸ਼ਟੀ ਨਾਲ਼ 11 ਜੁਲਾਈ ਦੀ ਇਹ ਹੜਤਾਲ, ਬਹੁਤ ਮਹੱਤਵਪੂਰਨ ਹੈ। ਇਹ ਹੜਤਾਲ, ਪੂੰਜੀਵਾਦੀ ਸਰਕਾਰ ਦੀ ਚੂਲ ਹਲਾ ਸਕਦੀ ਹੈ, ਉਸਨੂੰ ਗੋਡਿਆਂ 'ਤੇ ਲਿਆ ਸਕਦੀ ਹੈ ਅਤੇ ਸਰਮਾਏਦਾਰਾਂ ਦੀ ਅਗਵਾਈ ਵਾਲੀ ਸੱਤਾ ਲਈ ਮਜ਼ਦੂਰ ਜਮਾਤ ਵੱਲੋਂ ਵੱਡੀ ਚੁਣੌਤੀ ਬਣ ਸਕਦੀ ਹੈ।
ਇਸ ਉਦੇਸ਼ ਨੂੰ ਹਾਸਿਲ ਕਰਨ ਲਈ, ਹੜਤਾਲ ਨੂੰ ਸਭ ਤੋਂ ਵਿਆਪਕ ਅਧਾਰ ਦੇਣਾ ਹੋਵੇਗਾ, ਇਸਨੂੰ ਅਲਗ-ਥਲਗ ਪੈਣ ਤੋਂ ਬਚਾਉਣ ਅਤੇ ਪ੍ਰਭਾਵੀ ਬਣਾਉਣ ਲਈ, ਮਜ਼ਦੂਰਾਂ, ਮੁਲਾਜਮਾਂ ਦੇ ਵੱਧ ਤੋਂ ਵੱਧ ਹਿੱਸਿਆਂ ਨੂੰ, ਖਾਸ ਤੌਰ 'ਤੇ ਯੁੱਧਨੀਤਕ ਤੌਰ 'ਤੇ ਮਹੱਤਵਪੂਰਨ ਸਨਅਤਾਂ ਅਤੇ ਸੇਵਾਵਾਂ 'ਚ ਲੱਗੇ ਮਜ਼ਦੂਰਾਂ ਨੂੰ, ਇਸ ਹੜਤਾਲ 'ਚ ਖਿੱਚਿਆ ਜਾਣਾ ਚਾਹੀਦਾ ਹੈ। ਇਸ ਲਈ ਦੇਸ਼ ਭਰ 'ਚ ਮਜ਼ਦੂਰਾਂ, ਮੁਲਾਜਮਾਂ ਦੇ ਦੂਜੇ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਲਈ ਆਮ ਆਰਥਿਕ, ਸਿਆਸੀ ਮੰਗਾਂ ਨੂੰ ਜੋੜਦੇ, ਉਠਾਉਂਦੇ ਹੋਏ ਹੜਤਾਲ ਨੂੰ ਆਮ ਸਿਆਸੀ ਹੜਤਾਲ 'ਚ ਬਦਲਦੇ ਹੋਏ, ਪੂੰਜੀਵਾਦੀ ਸਰਕਾਰ ਵਿਰੁੱਧ ਇਨਕਲਾਬੀ ਸੰਘਰਸ਼ ਵੱਲ ਮੋੜਿਆ ਜਾਣਾ ਚਾਹੀਦਾ ਹੈ।
2008 ਦੇ ਅੰਤ ਨਾਲ਼ ਸ਼ੁਰੂ ਹੋਇਆ ਸੰਕਟ ਦਾ ਨਵਾਂ ਦੌਰ ਜਿਸਨੇ ਸੰਸਾਰ-ਸਰਮਾਏਦਾਰੀ ਨੂੰ ਫਿਰ ਤੋਂ ਅਸੰਤੁਲਿਤ ਕਰ ਦਿੱਤਾ ਹੈ, ਪੂਰੀ ਦੁਨੀਆ 'ਚ ਮਜ਼ਦੂਰ ਜਮਾਤ ਨੂੰ ਅੰਦੋਲਿਤ ਕਰ ਰਿਹਾ ਹੈ। ਅਮਰੀਕਾ ਤੋਂ ਯੂਰਪ ਅਤੇ ਲੈਟਿਨ ਅਮਰੀਕਾ ਤੋਂ ਮੱਧ-ਪੂਰਬ ਤੱਕ, ਮਜ਼ਦੂਰ-ਜਮਾਤ ਸੰਘਰਸ਼ ਵੱਲ ਮੁਡ਼ ਰਹੀ ਹੈ। ਭਾਰਤ ਦੇ ਬੰਗਲੋਰ 'ਚ ਗਾਰਮੈਂਟ ਮਜ਼ਦੂਰਾਂ ਦਾ ਤਾਜ਼ਾ ਸੰਘਰਸ਼, ਮਜ਼ਦੂਰਾਂ ਦੇ ਸੰਘਰਸ਼ਾਂ ਦੇ ਇਸੇ ਨਵੇਂ ਯੁੱਗ ਦਾ ਸੰਕੇਤਕ ਹੈ।
ਅੱਜ ਜਦੋਂ ਕਿ ਦੁਨੀਆ ਦੇ ਸਰਮਾਏਦਾਰ ਆਰਥਿਕ ਸੰਕਟ ਵਿੱਚ ਘਿਰੇ ਹਨ, ਤਾਂ ਹਮੇਸ਼ਾਂ ਵਾਂਗ ਇਹਨਾਂ ਸਰਕਾਰਾਂ ਦੀ ਭਰਪੂਰ ਕੋਸ਼ਿਸ਼ ਹੈ ਕਿ ਇਸ ਸੰਕਟ ਦਾ ਸਾਰਾ ਬੋਝ ਕਿਰਤੀ ਲੋਕਾਂ ਦੇ ਮੋਢਿਆਂ 'ਤੇ ਲੱਦ ਦਿੱਤਾ ਜਾਏ। ਜਿਸਦੇ ਚਲਦੇ, ਸਾਰੇ ਪੂੰਜੀਵਾਦੀ ਦੇਸ਼ਾਂ 'ਚ ਕਿਰਤੀ ਲੋਕਾਂ ਅਤੇ ਉਹਨਾਂ ਦੇ ਜੀਵਨ ਪੱਧਰ 'ਤੇ ਹਮਲੇ ਵੱਧ ਤੋਂ ਵੱਧ ਤਿੱਖੇ ਹੁੰਦੇ ਜਾ ਰਹੇ ਹਨ।
ਭਾਰਤ 'ਚ ਸੱਤਾ 'ਤੇ ਕਾਬਜ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੱਜੇਪੱਖੀ ਭਗਵਾ ਸਰਕਾਰ, ਮਜ਼ਦੂਰਾਂ-ਕਿਰਤੀਆਂ 'ਤੇ ਹਮਲਿਆਂ 'ਚ ਵਿਸ਼ੇਸ਼ ਰੂਪ ਨਾਲ਼ ਅੱਗੇ ਰਹੀ ਹੈ। ਮੋਦੀ ਸਰਕਾਰ ਨੇ ਕਾਂਗਰਸ ਸਣੇ ਸਾਰੀਆਂ ਦੂਜੀਆਂ ਸੱਜਪੱਖੀ ਸਰਕਾਰਾਂ ਨੂੰ ਇਸ ਮਾਮਲੇ 'ਚ ਪਿਛੇ ਛੱਡ ਦਿੱਤਾ ਹੈ। ਮੋਦੀ ਸਰਕਾਰ ਤਹਿਤ ਫਿਰਕੂ ਧਰੂਵੀਕਰਨ ਅਤੇ ਮਜ਼ਦੂਰ ਵਿਰੋਧੀ ਪੂੰਜੀਪ੍ਰਸਤ ਨੀਤੀਆਂ ਨੂੰ ਸਿਖਰ 'ਤੇ ਪਹੁੰਚਿਆ ਜਾ ਰਿਹਾ ਹੈ।
ਪਹਿਲਾਂ ਕਾਂਗਰਸ ਅਤੇ ਫਿਰ ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ, ਭਾਰਤ ਨੂੰ ਅਮਰੀਕਾ ਦੀ ਅਗਵਾਈ ਵਾਲੇ ਜੰਗੀ ਗਿਰੋਅ ਨਾਟੋ ਪਿੱਛੇ ਬੰਨ ਕੇ ਸੰਸਾਰ-ਪੂੰਜੀ ਦੀਆਂ ਹਿੰਸਕ ਮੁਹਿੰਮਾਂ ਅਤੇ ਅਰੁੱਕ ਜੰਗਾਂ ਦਾ ਸਹਿਭਾਗੀ ਬਣਾ ਦਿੱਤਾ ਹੈ, ਜਿਸਦਾ ਉਦੇਸ਼ ਭਾਰਤ ਦੇ ਸਰਮਾਏਦਾਰਾਂ ਦੇ ਖੇਤਰੀ ਸਾਮਰਾਜਵਾਦੀ ਮਨਸੂਬਿਆਂ ਦੀ ਪੂਰਤੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
ਦੇਸ਼ਾਂ ਅਤੇ ਦੁਨੀਆ 'ਤੇ ਰਾਜ ਕਰ ਰਹੇ ਸਰਮਾਏਦਾਰ ਅਤੇ ਉਹਨਾਂ ਦੀਆਂ ਕਠਪੁਤਲੀ ਸਰਕਾਰਾਂ, ਜੋ ਕਿਰਤੀ ਲੋਕਾਂ ਦੀ ਅਸੀਮਤ ਲੁੱਟ ਅਤੇ ਦਾਬੇ ਦਾ ਔਜ਼ਾਰ ਭਰ ਹਨ, ਸੰਕਟ ਦੇ ਇਸ ਦੌਰ 'ਚ ਵੱਧ ਤੋਂ ਵੱਧ ਜੰਗ, ਹਿੰਸਾ, ਜ਼ਬਰ ਅਤੇ ਖ਼ੂਨਖਰਾਬੇ ਦਾ ਸਹਾਰਾ ਲੈ ਰਹੀਆਂ ਹਨ। ਅਮਰੀਕਾ ਦੀ ਅਗਵਾਈ 'ਚ ਦੁਨੀਆ ਦੇ ਸਰਮਾਏਦਾਰ ਗਿਰੋਹਾਂ ਨੇ, ਮੱਧ-ਪੂਰਬ ਤੋਂ ਪ੍ਰਸ਼ਾਂਤ ਮਹਾਸਾਗਰ ਤੱਕ 'ਦਹਿਸ਼ਤ-ਵਿਰੋਧੀ ਜੰਗ' ਦੇ ਨਾਂ 'ਤੇ ਵਿਨਾਸ਼ ਅਤੇ ਹਿੰਸਾ ਦਾ ਤਾਂਡਵ ਛੇੜਿਆ ਹੋਇਆ ਹੈ। ਸੰਸਾਰ-ਸਰਮਾਏਦਾਰੀ ਅਤੇ ਉਸਦੇ ਇਹਨਾਂ ਕੌਮੀ ਹੱਥਠੋਕਿਆਂ ਨੇ ਦੁਨੀਆ ਨੂੰ ਬੇਅੰਤ ਜੰਗ ਦੀ ਭੱਠੀ 'ਚ ਸੁੱਟ ਛੱਡਿਆ ਹੈ ਜੋ ਕਿਸੇ ਵੀ ਪਲ ਨਿਊਕਲੀ ਸੰਸਾਰ ਜੰਗ ਦੀ ਉਥਲ-ਪੁਥਲ 'ਚ ਬਦਲੇਗਾ। ਵਾਤਾਵਰਨ ਨੂੰ ਪੂੰਜੀਵਾਦੀ ਲੁੱਟ ਅਤੇ ਮੁਨਾਫਿਆਂ ਦੀ ਅੰਨ੍ਹੀ ਦੌੜ ਨੇ ਪਹਿਲਾਂ ਹੀ ਨਾ ਪੂਰਾ ਹੋਣ ਵਾਲਾ ਘਾਟਾ ਪੁਹੰਚਾ ਦਿੱਤਾ ਹੈ।
ਦੱਖਣੀ ਏਸ਼ੀਆ 'ਚ ਕਿਰਤੀ ਲੋਕਾਂ ਦੀਆਂ ਜੀਵਨ ਸਥਿਤੀਆਂ ਖਾਸ ਰੂਪ ਨਾਲ਼ ਦੋਜਖ਼ ਵਾਲੀਆਂ ਹਨ। ਭਾਰਤ, ਪਾਕਿਸਤਾਨ, ਬਾਂਗਲਾਦੇਸ਼, ਸ਼੍ਰੀਲੰਕਾ, ਨੇਪਾਲ ਵਰਗੇ ਦੇਸ਼ ਦੁਨੀਆ 'ਚ ਸਭ ਤੋਂ ਵੱਧ ਅਨਪੜ, ਬਿਮਾਰ, ਭੁੱਖੇ, ਗਰੀਬ ਅਤੇ ਕੁਪੋਸ਼ਿਤ ਲੋਕਾਂ ਨਾਲ਼ ਖਚਾਖਚ ਭਰੇ ਪਏ ਹਨ। ਇਸ ਸਭ ਤੋਂ ਅੱਖ ਮੀਚ ਕੇ, ਇਹਨਾਂ ਦੇਸ਼ਾਂ ਦੀਆਂ ਪੂੰਜੀਵਾਦੀ ਸਰਕਾਰਾਂ ਸਾਮਰਾਜਵਾਦੀ ਧਰੁਵਾਂ ਨਾਲ਼ ਚਿਪਕੀਆਂ ਹੋਈਆਂ, ਕੌਮੀ ਸਰੋਤਾਂ ਦਾ ਵੱਡਾ ਹਿੱਸਾ ਹਥਿਆਰਾਂ ਦੀ ਬੇਕਾਬੂ ਅਤੇ ਅੰਨੀ ਦੌੜ 'ਚ ਫੂਕ ਰਹੀਆਂ ਹਨ। ਇਹ ਸਰਕਾਰਾਂ ਆਪਣੇ ਦੇਸ਼ਾਂ ਦੇ ਕੁਦਰਤੀ ਅਤੇ ਮਾਨਵੀ ਸਰੋਤਾਂ ਨੂੰ ਸੰਸਾਰ-ਸਰਮਾਏਦਾਰੀ ਦੇ ਸਪੁਰਦ ਕਰਕੇ, ਬੇਕਾਬੂ ਕੌਮਾਂਤਰੀ ਲੁੱਟ ਅਤੇ ਸ਼ੋਸ਼ਣ ਲਈ ਦਰਵਾਜੇ ਖੁੱਲੇ ਛੱਡ ਰਹੀਆਂ ਹਨ।
ਇਹਨਾਂ ਅਸਹਿ ਅਤੇ ਪਾਸ਼ਵਿਕ ਜੀਵਨ ਹਾਲਤਾਂ ਨੂੰ, ਜਿਹਨਾਂ 'ਚ ਭਾਰਤ, ਦੱਖਣੀ-ਏਸ਼ੀਆ ਅਤੇ ਦੁਨੀਆ ਦੇ ਕਰੌੜਾਂ-ਕਰੌੜ ਕਿਰਤੀ ਲੋਕ ਘਿਰੇ ਹਨ, ਸਰਮਾਏਦਾਰੀ ਨੇ ਉਤਪੰਨ ਕੀਤਾ ਹੈ। ਮਜ਼ਦੂਰ ਜਮਾਤ ਦਾ ਸਿਆਸੀ ਮਿਸ਼ਨ, ਇਹਨਾਂ ਹਾਲਤਾਂ ਨੂੰ ਬਦਲਣ ਅਤੇ ਇਹਨਾਂ ਦੇ ਸਰੋਤ, ਸਰਮਾਏਦਾਰੀ ਨੂੰ ਨਸ਼ਟ ਕਰਨ ਲਈ ਸੇਧਿਤ ਹੈ। ਮਜ਼ਦੂਰ ਜਮਾਤ ਦਾ ਇਤਿਹਾਸਿਕ ਉਦੇਸ਼ ਹੈ- ਸਰਮਾਏਦਾਰ ਜਮਾਤ ਅਤੇ ਉਸਦੀਅਾਂ ਦਲਾਲ ਸਰਕਾਰਾਂ ਨੂੰ ਉਲਟਾਉਣਾ ਅਤੇ ਉਹਨਾਂ ਦੀ ਜਗਾਂ ਮਜ਼ਦੂਰ ਜਮਾਤ ਦੀ ਅਗਵਾਈ ਵਾਲੀਆਂ ਮਜ਼ਦੂਰ-ਕਿਸਾਨ ਸਰਕਾਰਾਂ ਦੀ ਸਥਾਪਨਾ। ਸਰਮਾਏਦਾਰੀ ਨੂੰ ਢਹਿ-ਢੇਰੀ ਕਰਨਾ ਅਤੇ ਸਮਾਜਵਾਦ ਦੀ ਸਥਾਪਨਾ। ਮਜ਼ਦੂਰ ਜਮਾਤ ਦਾ ਹਰ ਸੰਘਰਸ਼, ਹਰ ਹੜਤਾਲ, ਸਚੇਤ ਰੂਪ ਨਾਲ਼ ਇਸੇ ਦਿਸ਼ਾ 'ਚ ਨਿਰਦੇਸ਼ਿਤ ਹੋਣਾ ਚਾਹੀਦਾ ਹੈ।
ਮਜ਼ਦੂਰ ਜਮਾਤ ਨੇ ਇਹਨਾਂ ਸਥਿਤੀਆਂ ਨੂੰ ਬਦਲਣ, ਉਲਟਣ ਲਈ ਨਿਰੰਤਰ ਸੰਘਰਸ਼ ਕੀਤਾ ਹੈ। ਪਰ ਝੂਠੇ ਅਤੇ ਮੌਕਾਪ੍ਰਸਤ ਆਗੂਆਂ ਨੇ ਉਸਨੂੰ ਹਰ ਵਾਰੀ ਧੋਖਾ ਦਿੱਤਾ ਹੈ ਅਤੇ ਇਹਨਾਂ ਸੰਘਰਸ਼ਾਂ ਨੂੰ ਹਰਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਇਸਦੀ ਲੀਡਰਸ਼ੀਪ ਵਾਲੀਆਂ ਟ੍ਰੇਡ-ਯੂਨੀਅਨਾਂ, ਪੂੰਜੀ-ਪ੍ਰਸਤ ਸੱਤਾ ਵੱਲੋਂ ਲਗਾਤਾਰ ਵੱਧਦੇ ਹਮਲਿਆਂ ਵਿਰੁੱਧ, ਸਧਾਰਨ ਮਜ਼ਦੂਰਾਂ, ਮੁਲਜਮਾਂ ਦੇ ਹਿੱਤਾਂ ਦੀ ਰੱਖਿਆ ਕਰਨ 'ਚ ਨਾ ਸਿਰਫ਼ ਅਸਮਰਥ ਰਹੀਆਂ ਹਨ, ਸਗੋਂ ਉਹਨਾਂ ਨੇ ਮਜ਼ਦੂਰਾਂ ਲਈ ਸੰਘਰਸ਼ ਕਰਨ ਦੀ ਬਜਾਏ ਉਹਨਾਂ ਨੂੰ ਸੰਘਰਸ਼ ਤੋਂ ਕੁਰਾਹਾ ਪਾਇਆ ਹੈ ਅਤੇ ਉਹਨਾਂ ਨੂੰ ਪੂੰਜੀਵਾਦੀ ਸੱਤਾ ਵਿਰੁੱਧ ਮੋਰਚਾ ਖੋਲਣ ਤੋਂ ਰੋਕਿਆ ਹੈ। ਉਹਨਾਂ ਦੇ ਮੌਕਾਪ੍ਰਸਤ ਆਗੂ ਸੱਤਾ ਅਦਾਰਿਆਂ ਨਾਲ਼ ਨੱਥੀ ਰਹੇ ਹਨ ਅਤੇ ਉਹਨਾਂ ਨੇ ਮਜ਼ਦੂਰਾਂ ਨੂੰ ਉਸ ਪਿੱਛੇ ਬੰਨ ਰੱਖਿਆ ਹੈ। ਨਵੀਂਆਂ ਪੀੜੀਆਂ ਨੂੰ ਸੰਘਰਸ਼ਾਂ ਤੋਂ ਪੂਰੀ ਤਰਾਂ ਕੱਟ ਦਿੱਤਾ ਗਿਆ ਅਤੇ ਹੜਤਾਲਾਂ ਨੂੰ ਅਪਸ਼ਬਦ ਬਣਾ ਦਿੱਤਾ ਗਿਆ ਹੈ।
ਦੁਨੀਆ ਭਰ 'ਚ ਟ੍ਰੇਡ ਯੂਨੀਅਨਾਂ ਅਤੇ ਇਹਨਾਂ ਦੇ ਆਗੂਆਂ ਦੀ ਭੂਮਿਕਾ ਵੱਧ ਤੋਂ ਵੱਧ ਮਜ਼ਦੂਰ ਵਿਰੋਧੀ ਹੁੰਦੀ ਗਈ ਹੈ ਅਤੇ ਉਹਨਾਂ ਦੀ ਅਗਵਾਈ 'ਚ ਮਜ਼ਦੂਰ ਜਮਾਤ ਹਤਾਸ਼, ਨਿਰਾਸ਼ ਅਤੇ ਹਾਰਦੀ ਗਈ ਹੈ। ਇਹਨਾਂ ਟ੍ਰੇਡ-ਯੁਨੀਅਨਾਂ ਦੇ ਜ਼ਿਆਦਾਤਰ ਆਗੂ ਮਜ਼ਦੂਰ ਜਮਾਤ ਤੋਂ ਹਨ ਹੀ ਨਹੀਂ, ਸਗੋਂ ਉਹ ਪੇਸ਼ੇਵਰ ਲੋਕ ਹਨ ਜਿਹਨਾਂ ਨੇ ਸੱਤਾ ਨਾਲ਼ ਸਾਂਢਾ-ਗਾਂਢਾ ਅਤੇ ਸਧਾਰਨ ਮਜ਼ਦੂਰਾਂ ਦੇ ਹਿਤਾਂ ਨਾਲ਼ ਗੱਦਾਰੀ ਕਰਦੇ ਹੋਏ, ਆਪਣੇ ਲਈ ਕਾਰ-ਕੋਠੀ-ਅਹੁਦਿਆਂ ਵਾਲਾ ਸੁਵਿਧਾਭੋਗੀ ਜੀਵਨ ਬਣਾ ਲਿਆ ਹੈ ਅਤੇ ਸਧਾਰਨ ਮਜ਼ਦੂਰਾਂ ਨੂੰ ਮਰਦੇ-ਕੁੱਟ ਖਾਂਦੇ ਰਹਿਣ ਲਈ ਛੱਡ ਦਿੱਤਾ ਹੈ, ਸਧਾਰਨ ਮਜ਼ਦੂਰਾਂ ਨਾਲ਼ ਇਹਨਾਂ ਦਾ ਰਿਸ਼ਤਾ ਸਿਰਫ਼ ਚੰਦੇ ਬਟੋਰਨ ਤੱਕ ਸੀਮਤ ਰਹਿ ਗਿਆ ਹੈ।
ਝੂਠੇ, ਮੌਕਾਪ੍ਰਸਤ ਖੱਬੇ ਪੱਖ, ਜਿਸ 'ਚ ਰੰਗ-ਬਿਰੰਗੀਆਂ ਪਾਰਟੀਆਂ ਸਤਾਲਿਵਾਦੀ ਕਮਿਉਨਿਸਟ ਪਾਰਟੀਆਂ ਅਤੇ ਉਹਨਾਂ ਦੀ ਲੀਡਰਸ਼ੀਪ ਵਾਲੀਆਂ ਟਰੇਡ-ਯੂਨੀਅਨਾਂ ਸ਼ਾਮਿਲ ਹਨ, ਕਿਸੇ ਨਾ ਕਿਸੇ ਬਹਾਨੇ ਦੁਨੀਆ ਭਰ 'ਚ ਪੂੰਜੀਪ੍ਰਸਤ ਪਾਰਟੀਆਂ ਅਤੇ ਆਗੂਆਂ ਨਾਲ਼ ਚਿੰਬੜਿਆ ਰਿਹਾ ਹੈ ਅਤੇ ਸਰਮਾਏਦਾਰੀ ਨੂੰ ਚੁਣੌਤੀ ਦੇਣ ਦੀ ਬਜਾਏ ਉਸਨੇ ਇਸਦੀ ਸੱਤਾ ਨੂੰ ਮਜ਼ਬੂਤੀ ਦਿੱਤੀ ਹੈ ਅਤੇ ਉਸਨੂੰ ਕਿੰਨੇ ਹੀ ਸੰਕਟਾਂ ਤੋਂ ਨਿਜਾਤ ਪਾਉਣ ਲਈ ਮਦਦ ਕੀਤੀ ਹੈ।
ਪਿਛਲੇ ਸਾਲ, 2 ਸਿੰਤਬਰ ਨੂੰ 12 ਕੇਂਦਰੀ ਟ੍ਰੇਡ-ਯੂਨੀਅਨਾਂ ਦੁਆਰਾ ਇੱਕ ਰੋਜ਼ਾ ਦੇਸ਼ਵਿਆਪੀ ਹੜਤਾਲ ਦੀ ਸਲਾਨਾ ਰਸਮੀ ਅਪੀਲ ਨੂੰ ਮਜ਼ਦੂਰਾਂ, ਮੁਲਾਜ਼ਮਾਂ ਵੱਲੋਂ ਵੱਡੀ ਹਿਮਾਇਤ ਮਿਲੀ ਸੀ, ਪਰ ਟ੍ਰੇਡ-ਯੂਨੀਅਨ ਆਗੂਆਂ ਨੇ ਇਸ ਹਿਮਾਇਤ ਨੂੰ ਸਰਮਾਏਦਾਰਾਂ ਦੀ ਸੱਤਾ ਅਤੇ ਸਰਮਾਏਦਾਰੀ ਦੀ ਵਿਵਸਥਾ ਵਿਰੁੱਧ ਮੋੜਨ ਤੋਂ ਇਨਕਾਰ ਕਰਦੇ ਹੋਏ ਇਸਨੂੰ ਵਿਅਰਥ ਕਰ ਦਿੱਤਾ ਸੀ।
ਸਧਾਰਨ ਮਜ਼ਦੂਰਾਂ ਦਰਮਿਆਨ ਵੱਧਦੇ ਰੋਸ਼ ਅਤੇ ਹੇਠਾਂ ਤੋਂ ਵੱਧਦੇ ਦਬਾਅ ਦੌਰਾਨ, ਟ੍ਰੇਡ-ਯੂਨੀਅਨਾਂ ਨੂੰ ਇਹ ਹੜਤਾਲ ਐਲਾਨਣੀ ਪਈ ਹੈ ਪਰ ਉਹ ਸਰਕਾਰ ਨਾਲ਼ ਸਮਝੌਤੇ ਲਈ ਤਰਲੋ-ਮੱਛੀ ਹੈ। ਇਹਨਾਂ ਆਗੂਆਂ ਨੇ ਹੜਤਾਲ ਲਈ ਸੰਜੀਦਗੀ ਨਾਲ਼ ਕੋਈ ਤਿਆਰੀ ਨਹੀਂ ਕੀਤੀ ਹੈ, ਉਸ ਲਈ ਮਜ਼ਦੂਰਾਂ, ਮੁਲਾਜਮਾਂ ਦਰਮਿਆਨ ਕੋਈ ਲਾਮਬੰਦੀ ਨਹੀਂ ਕੀਤੀ ਹੈ। ਹੜਤਾਲ ਨੂੰ ਘੱਟੋ-ਘੱਟ ਆਰਥਿਕ ਮੰਗਾਂ ਤੱਕ ਹੀ ਸੀਮਤ ਰੱਖਿਆ ਗਿਆ ਹੈ। ਸਰਮਾਏਦਾਰਾਂ ਦੀ ਸੱਤਾ ਨੂੰ ਕੋਈ ਸਿੱਧੀ ਚੁਣੌਤੀ ਨਹੀਂ ਦਿੱਤੀ ਗਈ ਹੈ, ਕੋਈ ਸਿਆਸੀ ਮੰਗਾਂ ਨਹੀਂ ਰੱਖੀਆਂ ਗਈਆਂ ਹਨ। ਇਹ ਸਪਸ਼ਟ ਹੈ ਕਿ ਇਹਨਾਂ ਦਾ ਫੋਕਸ, ਬੇਦਮ ਅਤੇ ਬੇਮਨ ਨਾਲ਼ ਐਲਾਨੀ ਗਈ ਇਸ ਹੜਤਾਲ ਨੂੰ ਜਲਦੀ ਤੋਂ ਜਲਦੀ ਕੋਈ ਸਮਝੌਤਾ ਕਰਕੇ ਖਤਮ ਕਰਾਉਣ 'ਤੇ ਰਹੇਗਾ।
ਫਿਰ ਵੀ ਨਾ ਤਾਂ ਸਰਕਾਰ ਅਤੇ ਨਾ ਟ੍ਰੇਡ-ਯੂਨੀਅਨ ਆਗੂ ਇਸ ਹੜਤਾਲ ਨੂੰ ਇਹਨਾਂ ਮੰਗਾਂ ਦਾ ਘੇਰਾ ਤੋੜਨ ਅਤੇ ਇਨਕਲਾਬੀ ਰਾਹ 'ਤੇ ਵਧਣ ਤੋਂ ਰੋਕ ਸਕਦੇ ਹਨ। ਚੌਪਾਸੀਉਂ ਵੱਧਦੀ ਮਹਿੰਗਾਈ ਅਤੇ ਨਤੀਜੇ ਵਜੋਂ ਡਿੱਗਦੇ ਜੀਵਨ-ਪੱਧਰ ਨਾਲ਼ ਜੂਝਦੇ ਮਜ਼ਦੂਰਾਂ, ਮੁਲਾਜਮਾਂ, ਕਿਰਤੀਆਂ ਕੋਲ਼ ਇਹਨਾਂ ਅਸਾਂਵੀ ਜੀਵਨ ਹਾਲਤਾਂ ਵਿਰੁੱਧ ਸੰਘਰਸ਼ ਤੋਂ ਬਿਨਾ ਦੂਜਾ ਕੋਈ ਬਦਲ ਹੈ ਹੀ ਨਹੀਂ। ਇਹ ਹੜਤਾਲ, ਕਿਰਤੀ ਲੋਕਾਂ ਦਰਮਿਆਨ ਮੌਜੂਦ ਇਸ ਵਿਆਪਕ ਰੋਸ਼ ਦਾ ਮੁਜਾਹਰਾ ਅਤੇ ਸੰਘਰਸ਼ ਦਾ ਇੱਕ ਪੜਾਅ ਹੈ।
ਸੰਘਰਸ਼ਾਂ 'ਚ ਜਿੱਤ ਹਾਸਿਲ ਕਰਨ ਲਈ ਮਜ਼ਦੂਰ ਜਮਾਤ ਨੂੰ ਇਸ ਦਲਾਲ ਟ੍ਰੇਡ-ਯੂਨੀਅਨ ਨੌਕਰਸ਼ਾਹੀ ਤੋਂ ਪੱਲਾ ਛੁਡਾਉਣਾ ਪਏਗਾ ਅਤੇ ਹੇਠਾਂ ਤੋਂ ਸਧਾਰਨ ਮਜ਼ਦੂਰਾਂ ਦੀ ਅਜਾਦਾਨਾ ਅਤੇ ਜੁਝਾਰੂ ਪਹਿਲਕਦਮੀ 'ਤੇ ਅੰਦੋਲਨ ਨੂੰ ਅਧਾਰਿਤ ਕਰਨਾ ਹੋਵੇਗਾ। ਉਹਨਾਂ ਮੰਗਾਂ ਨਾਲ਼ ਸ਼ੁਰੂ ਕਰਕੇ ਜਿਹਨਾਂ ਨੂੰ ਇਸ ਹੜਤਾਲ ਨੇ ਫੌਰੀ ਤੌਰ 'ਤੇ ਮੂਹਰੇ ਰੱਖਿਆ ਹੈ, ਇਸ ਹੜਤਾਲ ਨੂੰ ਸਰਮਾਏਦਾਰ ਜਮਾਤ ਅਤੇ ਉਸਦੀ ਸੱਤਾ ਵਿਰੁੱਧ ਇਨਕਲਾਬੀ ਮੰਚ 'ਚ ਬਦਲਣਾ ਹੋਵੇਗਾ। ਇਹਨਾਂ ਮੰਗਾਂ ਤੋਂ ਅੱਗੇ ਵੱਧ ਕੇ, ਮਜ਼ਦੂਰ-ਕਿਸਾਨ ਸਰਕਾਰ ਦੀ ਸਥਾਪਨਾ ਲਈ ਲੜਨਾ ਹੋਵੇਗਾ।
ਇਸ ਉਦੇਸ਼ ਨਾਲ਼ ਅਸੀਂ ਮਜ਼ਦੂਰ ਜਮਾਤ ਦੇ ਆਗੂ ਤੱਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਸਾਰੇ ਸ਼ਹਿਰਾਂ 'ਚ ਮਜ਼ਦੂਰਾਂ ਦਰਮਿਆਨ ਸਭ ਤੋਂ ਜੁਝਾਰੂ ਮਜ਼ਦੂਰਾਂ ਨੂੰ ਨਾਲ਼ ਲੈ ਕੇ, ਹੜਤਾਲ ਕਮੇਟੀਆਂ ਜਥੇਬੰਦ ਕਰਨ, ਮਜ਼ਦੂਰਾਂ ਨੂੰ ਉਹਨਾਂ ਦੁਆਲੇ ਜਥੇਬੰਦ ਕਰਨ, ਸਧਾਰਨ ਮਜ਼ਦੂਰਾਂ ਦੀ ਸਹਿਮਤੀ ਨਾਲ਼ ਮੰਗ-ਪੱਤਰ ਤਿਆਰ ਕਰਨ, ਵਰਕਰਜ਼ ਸੋਸ਼ਲਿਸਟ ਪਾਰਟੀ ਦੀ ਹਿਮਾਇਤ ਕਰਨ, ਉਸ ਨਾਲ਼ ਜੁੜਨ, ਅਤੇ ਉਸ 'ਚ ਸ਼ਾਮਿਲ ਹੋ ਕੇ ਹੜਤਾਲ ਦੇ ਕੇਂਦਰੀ ਨਾਅਰੇ ਵੱਲ ਮੋੜਨ ਲਈ ਸਹਿਯੋਗ ਦਿਉ- ''ਸਰਮਾਏਦਾਰੀ ਦਾ ਨਾਸ਼ ਹੋਵੇ!
ਮਜ਼ਦੂਰ ਕਿਸਾਨ ਸਰਕਾਰ ਦੀ ਸਥਾਪਨਾ ਲਈ ਸੰਘਰਸ਼ ਜ਼ਿੰਦਾਬਾਦ!!''
ਵਰਕਰਜ਼ ਸੋਸ਼ਲਿਸਟ ਪਾਰਟੀ
_______________________________________________________________


website: workersocialist.blogspot.com; email: workers.socialist.party@gmail.com   

Friday, May 01, 2015

NRMU ਨੇ ਦਿੱਤੀ ਤਿੱਖੇ ਸੰਘਰਸ਼ਾਂ ਦੀ ਚੇਤਾਵਨੀ

ਕਾਮਰੇਡ ਮੰਗਤ ਰਾਮ ਪਾਸਲਾ ਨੇ ਲਹਿਰਾਇਆ ਲਾਲ ਝੰਡਾ 
ਲੁਧਿਆਣਾ:1 ਮਈ 2015: (ਪੰਜਾਬ ਸਕਰੀਨ ਟੀਮ):
ਆਪਣਾ ਖੂਨ ਵਹਾ ਕੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ  ਦਵਾਉਣ ਵਾਲਾ ਮਈ ਦਿਵਸ ਅੱਜ ਦੁਨੀਆ ਭਰ ਵਿੱਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਤੇ ਲੁਧਿਆਣਾ ਵਿੱਚ ਵੀ ਕਈ ਥਾਈਂ ਸਮਾਗਮ ਹੋਏ। ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਵੱਲੋਂ ਆਪਣਾ ਮੁੱਖ ਸਮਾਗਮ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਕੀਤਾ ਗਿਆ। ਇਸ ਸਮਾਗਮ ਵਿੱਚ ਮਜਦੂਰਾਂ ਦੀਆਂ ਜੱਥੇਬੰਦੀਆਂ ਨੇ ਵਧ ਚੜ੍ਹ ਕੇ ਸਰਗਰਮ ਸ਼ਮੂਲੀਅਤ ਕੀਤੀ। ਕਾਮਰੇਡ ਮੰਗਤ ਪਾਸਲਾ ਮੁੱਖ ਮਹਿਮਾਨ  ਹੋਏ ਅਤੇ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ। ਵਰਕਰਾਂ ਵਿੱਚ ਰਵਾਇਤੀ ਜੋਸ਼ ਦੇ ਨਾਲ ਨਾਲ  ਹਾਲਾਤ ਵਾਲੀ ਚੇਤਨਾ ਸੀ। ਸਟੇਜ 'ਤੇ ਹੁੰਦੇ ਭਾਸ਼ਣਾਂ ਦੇ ਨਾਲ ਨਾਲ ਵਰਕਰਾਂ ਦੀ ਆਪਸੀ ਗੱਲਬਾਤ ਵਿੱਚ ਵੀ ਵੀ ਓਰਬਿਟ ਬਸ ਵਾਲੀ ਘਟਨਾ ਅਤੇ ਰੇਲ ਦੇ ਨਿਜੀਕਰਣ ਦੀਆਂ ਲੁਕਵੀਆਂ ਕੋਸ਼ਿਸ਼ਾਂ ਦੀ ਚਰਚਾ ਭਾਰੂ ਸੀ। ਇੱਕ ਗੈਰ ਰਸਮੀ ਗੱਲਬਾਤ ਦੌਰਾਨ ਯੂਨੀਅਨ ਆਗੂਆਂ ਅਤੇ ਵਰਕਰਾਂ ਨੇ ਮੀਡੀਆ ਨੂੰ ਵੀ ਲੰਮੇ ਹਥੀਂ ਲਿਆ ਕਿਓਂਕਿ ਮੀਡੀਆ ਨੇ 28 ਮਾਰਚ ਵਾਲੀ ਦਿੱਲੀ ਰੈਲੀ ਵਿੱਚ ਕੁਝ ਲੱਖ ਵਰਕਰ ਇਕੱਤਰ ਹੋਣ ਦੇ ਬਾਵਜੂਦ ਇਸ ਰੈਲੀ ਦੀ ਖਬਰ ਨੂੰ ਕੋਈ ਥਾਂ ਨਾ ਦਿੱਤੀ। 
NRMU ਦੇ ਡਵੀਯਨਲ ਸਕੱਤਰ ਕਾਮਰੇਡ ਦਲਜੀਤ ਸਿੰਘ ਨੇ ਇਸ ਮੌਕੇ ਤੇ ਮੀਡੀਆ ਨਾਲ ਇੱਕ ਸੰਖੇਪ ਜਹੀ ਮੁਲਾਕਾਤ ਦੌਰਾਨ ਦੇਸ਼ ਦੀ ਸਰਕਾਰ ਦੇ ਇਰਾਦਿਆਂ ਅਤੇ ਨੀਅਤ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ  ਕਿਹਾ ਕਿ ਓਹ ਕਿਸੇ ਵੀ ਹਾਲਤ ਵਿੱਚ ਰੇਲਵੇ ਦਾ ਨਿਜੀਕਰਣ ਨਹੀਂ ਹੋਣ ਦੇਣਗੇ। 
ਇਸ ਮੌਕੇ ਤੇ ਯੂਨੀਅਨ ਦੇ ਕਈ ਸੀਨੀਅਰ ਆਗੂ  ਵੀ ਮੌਜੂਦ ਸਨ।  


Thursday, May 01, 2014

ਮਈ ਦਿਵਸ ਸਕੰਲਪ ਦਿਵਸ ਹੈ-ਕਾ: ਮੰਗਤ ਰਾਮ ਪਾਸਲਾ

NRMU ਨੇ ਜੋਸ਼ੋ ਖਰੋਸ਼ ਨਾਲ ਦੁਹਰਾਇਆ ਸ਼ਿਕਾਗੋ ਦੇ ਸ਼ਹੀਦਾਂ ਦੇ ਸੰਕਲਪ  
ਲੁਧਿਆਣਾ 1 ਮਈ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਅੱਜ ਰੇਲਵੇ ਸਟੇਸ਼ਨ 'ਤੇ ਮਜਦੂਰ ਦਿਵਸ ਮੌਕੇ ਇਕ ਵਿਸ਼ਾਲ ਰੈਲੀ ਦਾ ਆਯੋਜਨ ਐਨ.ਆਰ.ਐਮ.ਯੂ ਅਤੇ ਜੇ.ਪੀ.ਐਮ.ਓ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਕਾ: ਮੰਗਤ ਰਾਮ ਪਾਸਲਾ ਇਸ ਵਾਰ ਫੇਰ ਉਚੇਚੇ ਤੌਰ ਤੇ ਪੁੱਜੇ। 
ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਐਨ.ਆਰ.ਐਮ.ਯੂ ਦੇ ਡਵੀਜ਼ਨਲ ਸਕੱਤਰ ਕਾ: ਦਲਜੀਤ ਸਿੰਘ ਨੇ ਰੇਲ ਮੁਲਾਜਿਮਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਿਕਰ ਕਰਦਿਆਂ ਰੇਲਾਂ ਦੇ ਨਿੱਜੀਕਰਨ ਵਿਰੁੱਧ ਅਤੇ ਨਵੇਂ ਪੈਨਸ਼ਨ ਬਿੱਲ ਵਿਰੁੱਧ ਸਖਤ ਸ਼ਬਦਾਂ 'ਚ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਨੂੰ ਸਹਿਨ ਨਹੀਂ ਕੀਤਾ ਜਾਵੇਗਾ । ਇਸ ਮੌਕੇ ਕਾ: ਦਲਜੀਤ ਸਿੰਘ ਨੇ ਇਕ ਪ੍ਰਾਈਵੇਟ ਹਸਪਤਾਲ ਬਿੱਲਿੰਗ ਸਿਸਟਮ ਦੀ ਪ੍ਰਾਪਤੀ,ਪੈਡਿੰਗ ਮੈਡੀਕਲ ਬਿੱਲ ਅਤੇ ਕਵਾਟਰਾਂ ਦੀ ਯੋਗ ਮੁਰੰਮਤ ਲਈ ਫੈਸਲਾਕੁਨ ਸੰੰਘਰਸ਼ ਦਾ ਐਲਾਨ ਕੀਤਾ ।
ਇਸ ਮੌਕੇ ਸੀ.ਟੀ.ਯੂ ਪੰਜਾਬ ਦੇ ਉਪ-ਪ੍ਰਧਾਨ ਕਾ: ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮਈ ਦਿਵਸ ਮਜਦੂਰ ਜਮਾਤ ਲਈ ਸੰਘਰਸ਼ਾਂ ਅਤੇ ਜਿੱਤਾਂ ਪ੍ਰਾਪਤ ਕਰਨ ਦਾ ਸਕੰਲਪ ਦਿਵਸ ਹੈ। ਉਨਾਂ੍ਹ ਖਦਸ਼ਾ ਜਾਹਿਰ ਕੀਤਾ ਕਿ ਆਉਣ ਵਾਲੀ ਸਰਕਾਰ ਲੋਕ ਪੱਖੀ ਨਹੀਂ ਹੋਵੇਗੀ । ਕਾ: ਮੰਗਤ ਰਾਮ ਪਾਸਲਾ ਨੇ ਹਰ ਕਿਸਮ ਦੇ ਮਿਹਨਤਕਸ਼ਾਂ ਨੂੰ ਇਕ ਵਿਸ਼ਾਲ ਮੋਰਚਾ ਬਣਾਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਲਈ ਸੰਘਰਸ਼ ਨਾ ਹੀ ਅਧਿਕਾਰ ਸੁਰੱਖਿਅਤ ਰੱਖੇ ਜਾ ਸਕਦੇ ਹਨ । ਇਸ ਮੌਕੇ ਸਰਵ ਸਾਥੀ ਸੁਖਜਿੰਦਰ ਸਿੰਘ,ਕਾ:ਮਹਿੰਦਰ ਸਿੰਘ ਅਛੱਰਵਾਲ ਜਮਹੂਰੀ ਕਿਸਾਨ ਸਭਾ,ਹਰਬੰਸ ਸਿੰਘ ਦਿਹਾਤੀ ਮਜਦੂਰ ਸਭਾ,ਕਾ:ਮਨਪ੍ਰੀਤ ਸਿੰਘ,ਕਾ:ਰਾਜਾ ਰਾਮ,ਕਾ: ਗੁਰਦੀਪ ਸਿੰਘ ਕਲਸੀ ਹਜ਼ਾਰਾਂ ਦੀ ਗਿਣਤੀ ਵਿੱਚ ਰੇਲ ਕਾਮੇ ,ਟੈਕਸਟਾਈਲ ਕਾਮੇ,ਨਿਰਮਾਣ ਮਜਦੂਰ ਅਤੇ ਪੰਜਾਬ ਦੇ ਸਰਕਾਰੀ ਕਰਮਚਾਰੀ ਕਾਫਲਿਆਂ ਦੇ ਰੂੱਪ ਵਿੱਚ ਰੇਲਵੇ ਸਟੇਸ਼ਨ'ਤੇ ਪੁੱਜੇ।
ਕਾਬਿਲੇ ਜ਼ਿਕਰ ਹੈ ਕਿ ਹਰ ਸਾਲ ਮਨਾਇਆ ਜਾਂਦਾ ਇਹ ਦਿਵਸ ਅੱਜ ਵੀ ਖਾਸ ਸੀ। ਬਿਲਕੁਲ ਨਵਾਂ। ਧੁੱਪ ਅਤੇ ਗਰਮੀ ਦੇ ਬਾਵਜੂਦ ਅੱਜ ਵੀ ਵਰਕਰਾਂ ਵਿੱਚ ਅਥਾਹ ਜੋਸ਼ ਸੀ। ਉਹਾਂ ਦੇ ਚਿਹਰੇ ਉਹਨਾਂ ਦੀਆਂ ਜੋਸ਼ ਨਾਲ ਖੜ੍ਹੀਆਂ ਬਾਹਾਂ ਦੱਸ ਰਹੀਆਂ ਸਨ ਕਿ ਉਹਨਾਂ ਨੂੰ ਅੱਜ ਵੀ ਸ਼ਹੀਦਾਂ ਦੇ ਸੁਪਨੇ ਯਾਦ ਹਨ। ਓਹ ਅੱਜ ਵੀ ਹਰ ਕੁਰਬਾਨੀ ਲਈ ਤਿਆਰ ਹਨ।ਲਾਲ ਝੰਡਾ ਅੱਜ ਵੀ ਉਹਨਾਂ ਨੂੰ ਇੱਕਜੁੱਟ ਹੋਣ ਲਈ ਆਵਾਜ਼ਾਂ ਮਾਰ ਰਿਹਾ ਹੈ। 
ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਔਰਤਾਂ ਵੀ ਸਾਰੇ ਕੰਮ ਛੱਡ ਕੇ ਉਚੇਚੇ ਤੌਰ ਤੇ ਪੁੱਜੀਆਂ ਹੋਈਆਂ ਸਨ। ਉਹਨਾਂ ਦੇ ਚਿਹਰਿਆਂ ਤੇ ਵੀ ਹੱਕਾਂ ਲਈ ਲੰਮੇ ਸੰਘਰਸ਼ਾਂ ਦੀ ਦ੍ਰਿੜਤਾ ਸਾਫ਼ ਦੇਖੀ ਜਾ ਸਕਦੀ ਸੀ। ਅੱਤ ਦੀ ਗਰਮੀ ਵਿੱਚ ਆਏ ਉਹਨਾਂ ਨਾਲ ਛੋਟੇ ਛੋਟੇ ਬੱਚੇ ਅੱਜ ਫੇਰ ਸ਼ਿਕਾਗੋ ਦੇ ਉਸ ਖੂਨੀ ਸਾਕੇ ਦੀ ਯਾਦ ਤਾਜ਼ਾ ਕਰ ਰਹੇ ਸਨ। ਇਹ ਬੱਚੇ ਵੀ ਓਸੇ ਜੋਸ਼ ਨਾਲ ਨਾਅਰੇ ਲਗਾ ਰਹੇ ਸਨ ਜਿਸ ਜੋਸ਼ ਨਾਲ ਉਹਨਾਂ ਦੀਆਂ ਮਾਵਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ  ਕਰ ਰਹੀਆਂ ਸਨ।ਇਸ ਮੌਕੇ ਕਾ:ਪਰਮਜੀਤ ਸਿੰਘ, ਕਾ:ਕੁਲਦੀਪ ਕੁਮਾਰ, ਮਹਿੰਦਰ ਸਿੰਘ ਅੱਛਰਵਾਲ, ਪ੍ਰੈਸ ਸੱਕਤਰ ਕਾ:ਮਹਿੰਦਰ ਪਾਲ, ਕਾ: ਘਨਸ਼ਿਆਮ ਸਿੰਘ, ਕਾ: ਅਸ਼ੋਕ ਕੁਮਾਰ, ਕਾ: ਗੁਰਦੀਪ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ ।