Showing posts with label Honey. Show all posts
Showing posts with label Honey. Show all posts

Monday, June 08, 2020

ਤਰਕਸ਼ੀਲਾਂ ਨੇ ਹੁਣ ਸ਼ਹਿਦ ਵਗਣ ਦੇ ਮਾਮਲੇ ਨੂੰ ਦਿੱਤੀ ਚੁਣੌਤੀ

8th  June  2020 at 12:55 PM
 ਤਰਕਸ਼ੀਲਾਂ ਵੱਲੋਂ ਅੱਗਰਨਗਰ ਵਿੱਚ ਮੌਕੇ ਤੇ ਜਾ ਕੇ ਜਾਂਚ ਮਗਰੋਂ ਦਾਅਵਾ 
ਕਥਿਤ ਗੁਰੂ ਦੀਆਂ ਹੋਰ ਤਸਵੀਰਾਂ, ਜ਼ਿਹਨਾਂ ‘ਚੋਂ ਸ਼ਹਿਦ ਨਿਕਲਣ ਦਾ ਦਾਅਵਾ ਕੀਤਾ ਜਾਂਦਾ ਹੈ
ਲੁਧਿਆਣਾ: 8 ਜੂਨ 2020: (ਪੰਜਾਬ ਸਕਰੀਨ ਬਿਊਰੋ):: 
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਨੇ ਸਥਾਨਕ ਅੱਗਰ ਨਗਰ ਦੀ ਇੱਕ ਕੋਠੀ ਨੰ: 66-ਏ ਦੇ ਮਾਲਕਾਂ ਵੱਲੋਂ ਆਪਣੇ ਗੁਰੂ ਦੀਆਂ ਫੋਟੋਆਂ ਵਿੱਚੋਂ ਸ਼ਹਿਦ ਵਗਣ ਦੀ ਘਟਨਾ ਨੂੰ ਕੋਠੀ ਮਾਲਕਾਂ ਵੱਲੋਂ ਆਪੇ ਰਚਿਆ ਡਰਾਮਾ ਕਰਾਰ ਦਿੱਤਾ ਹੈ।ਪਿਛਲੇ ਕਈ ਦਿਨਾਂ ਤੋਂ ਇਹ ਕਰਿਸ਼ਮਾ ਵੇਖਣ ਲਈ ਲੋਕਾਂ ਦੀ ਵੱਡੀ ਗਿਣਤੀ ਵਿੱਚ ਭੀੜ ਦਾ ਉਪਰੋਕਤ ਕੋਠੀ ਵਿੱਚ ਤਾਂਤਾ ਲੱਗ ਰਿਹਾ ਸੀ। ਤਰਕਸ਼ੀਲਾਂ ਦੀ ਟੀਮ ਜਿਸ ਵਿਚ ਜਸਵੰਤ ਜੀਰਖ, ਬਲਵਿੰਦਰ ਸਿੰਘ, ਆਤਮਾ ਸਿੰਘ, ਧਰਮਪਾਲ ਸਿੰਘ, ਸੁਖਵਿੰਦਰ ਲੀਲ, ਨਿਰਮਲ ਸਿੰਘ, ਮਾ ਜਰਨੈਲ ਸਿੰਘ, ਅਰੁਣ ਕੁਮਾਰ, ਰਾਕੇਸ ਆਜ਼ਾਦ,ਹਾਜਰ ਸਨ ,ਨੇ ਉਪਰੋਕਤ ਘਟਨਾਂ ਦੀ ਅਫ਼ਵਾਹ ਸੁਣਦਿਆਂ ਹੀ ਥਾਣਾ ਸਰਾਭਾ ਨਗਰ ਪੁਲੀਸ ਨਾਲ ਸੰਪਰਕ ਕਰਕੇ ਸਾਰੀ ਘਟਨਾ ਬਾਰੇ ਸੂਚਿਤ ਕਰਦਿਆਂ, ਇਸ ਫੈਲ ਰਹੇ ਅੰਧਵਿਸ਼ਵਾਸ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਮੰਗ ਕੀਤੀ। ਮੌਕੇ ਤੇ ਹਾਜ਼ਰ ਪੁਲੀਸ ਅਧਿਕਾਰੀਆਂ ਨੇ ਉਸੇ ਵੇਲੇ ਤਰਕਸ਼ੀਲ ਟੀਮ ਨਾਲ ਜਾਕੇ ਉਪਰੋਕਤ ਕੋਠੀ ਵਿੱਚ ਲੱਗੀ ਲੋਕਾਂ ਦੀ ਭੀੜ ਖ਼ੁਦ ਵੇਖਦਿਆਂ ਉੱਥੇ ਮੁੱਖ ਭੂਮਿਕਾ ਨਿਭਾ ਰਹੇ ਲੜਕੇ ਤੋਂ ਪੁੱਛਿਆ ਕਿ ਇਸ ਕੋਠੀ ਦਾ ਮਾਲਕ ਕੌਣ ਹੈ? ਉਸ ਲੜਕੇ ਨੇ ਆਪਣੇ ਆਪ ਨੂੰ ਇੱਥੋਂ ਦਾ ਸੇਵਕ ਦੱਸਦਿਆਂ ਕਿਹਾ ਕਿ ਮਾਲਕ ਤਾਂ ਇੱਥੇ ਨਹੀਂ ਰਹਿੰਦੇ। ਪੁਲੀਸ ਅਧਿਕਾਰੀਆਂ ਨੇ ਕਰੋਨਾ ਦੀ ਬਿਮਾਰੀ ਸਬੰਧੀ ਇੱਕ ਦੂਜੇ ਤੋਂ ਦੂਰੀ ਰੱਖਣ ਦੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਦੀਆਂ ਵੀ ਇਸ ਮੌਕੇ ਖੁੱਦ ਵੇਖੀਆਂ। ਇਸ ਸਮੇਂ ਉੱਥੇ ਇਕ ਵਿਅਕਤੀ (ਗੁਰੂ) ਦੀਆਂ ਫਰੇਮ ਬੰਦ 4 ਫੋਟੋਆਂ ਦੇ ਸ਼ੀਸੇ ਉੱਪਰ ਸ਼ਹਿਦ ਵਰਗੇ ਗਾੜ੍ਹੇ ਤਰਲ ਪਦਾਰਥ ਦੀਆਂ ਧਰਾਲਾਂ ਬਣੀਆਂ ਹੋਈਆਂ ਸਭ ਲੋਕ ਵੇਖਕੇ ਨਤਮਸਤਕ ਹੋ ਰਹੇ ਸਨ। ਤਰਕਸ਼ੀਲ ਟੀਮ ਨੇ ਮੌਕੇ ਤੇ ਮੁੱਢਲੀ ਜਾਂਚ ਕਰਦਿਆਂ ਐਲਾਨ ਕੀਤਾ ਕਿ ਇਹ ਕੋਈ ਚਮਤਕਾਰ ਨਹੀਂ, ਸਗੋਂ ਅੰਧਵਿਸਵਾਸ ਫੈਲਾਕੇ ਲੋਕਾਂ ਨੂੰ ਜਾਣ ਬੁੱਝ ਕੇ ਗੁੰਮਰਾਹ ਕਰਕੇ ਆਪਣੀ ਕਮਾਈ ਦਾ ਸਾਧਨ ਬਣਾਉਣ ਦਾ ਯਤਨ ਹੈ। ਤਰਕਸ਼ੀਲਾਂ ਨੇ ਇਹ ਵੀ ਕਿਹਾ ਕਿ ਅਸੀਂ ਇਸ ਮੁੱਖ ਫੋਟੋ ਨੂੰ ਕਪੜੇ ਨਾਲ ਸਾਫ ਕਰ ਦਿੰਦੇ ਹਾਂ, ਉਸ ਤੋਂ ਬਾਅਦ ਕੋਈ ਸ਼ਹਿਦ ਨਿਕਲਦਾ ਵਿਖਾਓ, ਜੋ ਸਭ ਪੁਲਿਸ ਦੀ ਹਾਜ਼ਰੀ ਵਿਚ ਅਸੀਂ ਕਰਨ ਨੂੰ ਤਿਆਰ ਹਾਂ ਪਰ ਕੋਠੀ ਮਾਲਕ ਇਸ ਚਣੌਤੀ ਨੂੰ ਇਹ ਕਹਿੰਦਿਆਂ ਟਾਲ ਗਏ ਕਿ ਇਹ ਸਾਡੀ ਆਸਥਾ ਹੈ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਤੁਸੀਂ ਆਪਣੀ ਆਸਥਾ ਆਪਣੇ ਘਰ ਤੱਕ ਸੀਮਤ ਰੱਖ ਸਕਦੇ ਹੋ, ਇਸ ਨੂੰ ਲੋਕਾਂ ਵਿਚ ਫੈਲਾਕੇ ਅੰਧਵਿਸਵਾਸ ਨਹੀਂ ਦੇ ਸਕਦੇ। ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਮੌਕੇ ਤੇ ਲਾਈਵ ਹੋਕੇ ਸਪਸ਼ਟ ਕੀਤਾ ਕਿ ਇਹ ਕ੍ਰਿਸਮਾਂ ਕਿਸੇ ਕਰਾਮਾਤੀ ਸ਼ਕਤੀ ਨਾਲ ਨਹੀਂ ਸਗੋਂ ਇਸ ਘਰ ਦੇ ਮਾਲਕਾਂ ਵੱਲੋਂ ਆਪਣੇ ਗੁਰੂ ਅਤੇ ਧਰਮ ਦੇ ਨਾਂ ਹੇਠ ਆਪੇ ਹੀ ਸ਼ਹਿਦ ਦੀਆਂ ਧਰਾਲਾਂ ਫੋਟੋਆਂ ਉੱਪਰ ਚਲਾਈਆਂ ਗਈਆਂ ਹਨ, ਜਿਹਨਾਂ ਦੇ ਸਿਰਫ ਨਿਸ਼ਾਨ ਹੀ ਫੋਟੋਆਂ ਉੱਪਰ ਮੌਜੂਦ ਹਨ, ਸ਼ਹਿਦ ਵਗ ਨਹੀਂ ਰਿਹਾ। ਕਈ ਲੋਕ ਇਸ ਫੋਟੋ ਵਾਲੇ ਗੁਰੂ ਨੂੰ ਬਹੁਤ ਪਹੁੰਚਿਆ ਹੋਇਆ ਦੱਸ ਰਹੇ ਸਨ। ਇਕ ਚੇਲੇ ਨੇ ਇਸ ਨੇ ਫਿਰਕੂ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਜੋ ਪੁਲਿਸ ਅਧਿਕਾਰੀ ਨੇ ਨਾਕਾਮ ਕਰ ਦਿੱਤੀ। ਤਰਕਸ਼ੀਲਾਂ ਨੇ ਮੌਕੇ ਤੇ ਸੰਬੋਧਨ ਹੁੰਦਿਆਂ ਸਪਸਟ ਕੀਤਾ ਕਿ ਕੋਈ ਵੀ ਅਜਿਹੀ ਕੋਈ ਗ਼ੈਬੀ ਸ਼ਕਤੀ ਨਹੀਂ ਹੁੰਦੀ ਜੋ ਇਸ ਤਰ੍ਹਾਂ ਦਾ ਕਰਿਸ਼ਮਾ ਕਰ ਸਕੇ, ਇਹ ਸਭ ਕੁੱਝ ਮਨੁੱਖ ਦੀ ਸੋਚੀ ਸਮਝੀ ਸਕੀਮ ਅਧੀਨ ਹੀ ਵਾਪਰਦਾ ਹੈ। ਇਸ ਮੌਕੇ ਪੁਲੀਸ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਅੰਧਵਿਸ਼ਵਾਸ ਫੈਲਾਉਣ ਅਤੇ ਕਰੋਨਾਂ ਬਿਮਾਰੀ ਦੀ ਰੋਕਥਾਮ ਲਈ ਕੀਤੀਆਂ ਹਦਾਇਤਾਂ ਦੀ ਘੋਰ ਉਲੰਘਣਾ ਕਰਨ ਦੇ ਦੋਸ਼ ਹੇਠ ਕੋਠੀ ਮਾਲਕਾਂ ਖ਼ਿਲਾਫ਼  ਕੇਸ ਦਰਜ ਕੀਤੇ ਜਾਣ।
         ਪੁਲੀਸ ਅਧਿਕਾਰੀਆਂ ਨੇ ਮੌਕੇ ਤੇ ਇਕੱਠੀ ਹੋਈ ਭੀੜ ਦੀ ਲਿਸਟ ਵੀ ਬਣਾਈ ਜਿਸ ਦੌਰਾਨ ਕਈ ਦਰਸ਼ਕ ਮੌਕੇ ਤੇ ਖਿਸਕ ਵੀ ਗਏ। ਮੌਕੇ ਤੇ ਇਸ ਇਲਾਕੇ ਨੂੰ ਲਗਦੀ ਪੁਲਿਸ ਚੌਕੀ ਰਘੂਨਾਥ ਇਨਕਲੇਵ ਦੇ ਇਨਚਾਰਜ ਵੀ ਪਹੁੰਚ ਗਏ ਸਨ, ਜਿਹਨਾਂ ਅੱਗੇ ਤੋਂ ਇੱਥੇ ਲੋਕਾਂ ਦੀ ਆਵਾਜਾਈ ਬੰਦ ਕਰਨ ਦੀ ਜ਼ੁੰਮੇਵਾਰੀ ਵੀ ਲਈ।


Friday, February 10, 2017

PAU ਨੇ ਮਧੂ ਮੱਖੀ ਪਾਲਕਾਂ ਨੂੰ ਦੱਸੇ ਉਤਪਾਦਨ ਵਧਾਉਣ ਦੇ ਖਾਸ ਨੁਕਤੇ


Thu, Feb 9, 2017 at 5:38 PM
6 ਫਰਵਰੀ ਤੋਂ 9 ਫਰਵਰੀ ਤੱਕ ਆਯੋਜਿਤ ਕੀਤਾ ਗਿਆ ਵਿਸ਼ੇਸ਼ ਕੋਰਸ 

ਲੁਧਿਆਣਾ:: 9 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਚਾਰ ਦਿਨਾਂ ਮਧੂ ਮੱਖੀ ਪਾਲਣ ਦਾ ਸਿਖਲਾਈ ਕੋਰਸ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਅਗਾਂਹਵਧੂ ਮਧੂਮੱਖੀ ਪਾਲਕਾਂ ਲਈ ਇਹ ਵਿਸ਼ੇਸ਼ ਸਿਖਲਾਈ ਕੋਰਸ 6 ਫਰਵਰੀ ਤੋਂ 9 ਫਰਵਰੀ ਤੱਕ ਕੈਰੋਂ ਕਿਸਾਨ ਘਰ ਵਿਖੇ ਆਯੋਜਿਤ ਕੀਤਾ ਗਿਆ। ਡਾ.ਤੇਜਿੰਦਰ ਸਿੰਘ ਰਿਆੜ ਕੋਰਸ ਕੋਆਰਡੀਨੇਟਰ ਨੇ ਪੀ.ਏ.ਯੂ. ਦੀ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਜਸਪਾਲ ਸਿੰਘ ਨੇ ਮਧੂ ਮੱਖੀਆ ਦਾ ਵਿਕਾਸ ਅਤੇ ਇਸਦੇ ਫਾਇਦੇ, ਡਾ. ਹਰਮਿੰਦਰ ਕੌਰ ਨੇ ਮੱਖੀ ਪਾਲਕਾਂ ਨੂੰ ਮੱਖੀਆ ਦੇ ਵਾਧੇ ਸੰਬੰਧੀ ਗੱਲਬਾਤ ਕੀਤੀ। ਡਾ. ਅਮਿਤ ਚੌਧਰੀ ਜੀ ਨੇ ਗਰਮੀਆਂ ਵਿੱਚ ਮੱਖੀਆਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਸਾਂਝੇ ਕੀਤੇ। ਸ਼੍ਰੀਮਤੀ ਸਲਵੀਨ ਕੌਰ, ਬਾਗਬਾਨੀ ਵਿਭਾਗ, ਪੰਜਾਬ, ਨੇ ਭਾਰਤੀ ਬਾਗਬਾਨੀ ਮਿਸ਼ਨ ਤਹਿਤ ਮਧੂ-ਮੱਖੀ ਪਾਲਣ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ। ਡਾ. ਮਨਮੀਤ ਮਾਨਵ ਨੇ ਸ਼ਹਿਦ ਦੀ ਗੁਣਵੱਤਾ ਅਤੇ ਡੱਬਾਬੰਦੀ ਬਾਰੇ ਵਿਚਾਰ ਸਾਂਝੇ ਕੀਤੇ। ਸ. ਕੁਲਵੰਤ ਸਿੰਘ ਗਿੱਲ ਸਹਾਇਕ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਨੇ ਮੱਖੀਆਂ ਪਾਲਣ ਬਾਰੇ ਵਿੱਤੀ ਸਹਾਇਤਾ ਬੈਂਕਾ ਤੋ ਕਿਸ ਤਰਾਂ ਲਈਏ, ਬਾਰੇ ਜਾਣੂੰ ਕਰਵਾਇਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਜਾਬ ਭਰ ਤੋਂ ਬਾਗਬਾਨੀ ਵਿਕਾਸ ਅਫਸਰ, ਖੇਤੀਬਾੜੀ ਵਿਕਾਸ ਅਫਸਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਭਾਗ ਲਿਆ। ਡਾ. ਕੁਲਵੀਰ ਕੌਰ ਜੀ ਨੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਲਗਾਏ ਜਾਣ ਵਾਲੇ ਕੋਰਸਾਂ ਬਾਰੇ ਸਾਰੇ ਸਿਖਿਆਰਥੀਆਂ ਨੂੰ ਜਾਣੂੰ ਕਰਵਾਇਆ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। 

Wednesday, October 19, 2016

PAU ਦੇ ਮਧੂ ਮੱਖੀ ਪਾਲਣ ਕੇਂਦਰ ਨੂੰ ਦੇਸ਼ ਦਾ ਸਰਵੋਤਮ ਕੇਂਦਰ ਐਲਾਨਿਆ ਗਿਆ

Oct 19, 2016 4:02 PM
ਦੇਸ਼ ਦੇ 27 ਕੇਂਦਰਾਂ ਵਿੱਚੋਂ ਸਰਵੋਤਮ ਕੇਂਦਰ PAU 
ਲੁਧਿਆਣਾ: 19 ਅਕਤੂਬਰ 2016: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਮਧੂ ਮੱਖੀ ਪਾਲਣ ਦੇ ਮਾਮਲੇ ਵਿੱਚ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੁਲਾਂਘਾਂ ਪੁੱਟ ਰਹੀ ਹੈ। ਪੀਏਯੂ ਤੋਂ ਟਰੇਨਿੰਗ ਲੈ ਕੇ ਪੰਜਾਬ ਅਤੇ ਆਲੇ ਦੁਆਲੇ ਦੇ ਅਣਗਿਣਤ ਪਰਿਵਾਰ ਮਧੂ ਮੱਖੀ ਪਾਲਣ ਤੋਂ ਆਮਦਨ ਲੈ ਰਹੇ ਹਨ। ਹੁਣ ਇਸ ਵਿਕਾਸ ਨੂੰ ਇੱਕ ਹੋਰ ਮਾਨਤਾ ਮਿਲੀ ਹੈ ਸੋਲਨ ਵਿੱਚ। ਇਸ ਪ੍ਰਾਪਤੀ ਦੀਆਂ ਸੰਭਾਵਨਾਵਾਂਵਰਲ ਹਨੀ ਡੇ ਮੌਕੇ ਹੋਏ ਯਾਦਗਾਰੀ ਸਮਾਗਮ ਤੋਂ ਹੀ ਮਹਿਸੂਸ ਹੋਣ ਲੱਗ ਪਈਆਂ ਸਨ।
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਕੌਮਾਂਤਰੀ ਪੱਧਰ ਦੇ ਖੋਜ ਪ੍ਰੋਜੈਕਟ ਅਧੀਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਧੂ ਮੱਖੀ ਪਾਲਣ ਕੇਂਦਰ ਨੂੰ ਦੇਸ਼ ਦੇ 27 ਕੇਂਦਰਾਂ ਵਿੱਚੋਂ ਸਰਵੋਤਮ ਕੇਂਦਰ ਐਲਾਨਿਆ ਗਿਆ ਹੈ। ਇਹ ਐਲਾਨ ਸੋਲਨ ਵਿਖੇ ਆਯੋਜਿਤ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਇਸ ਇਕਾਈ ਦੇ ਡਾ: ਪ੍ਰਦੀਪ ਛੁਨੇਜਾ, ਡਾ: ਜਸਪਾਲ ਸਿੰਘ,  ਡਾ: ਹਰਮਿੰਦਰ ਕੌਰ ਅਤੇ ਡਾ: ਅਮਿਤ ਚੌਧਰੀ ਨੇ ਭਾਗ ਲਿਆ। ਤਿੰਨ ਰੋਜ਼ਾ ਇਸ ਕਾਨਫਰੰਸ ਵਿੱਚ ਇਹ ਸਨਮਾਨ ਸੋਲਨ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਐਚ ਸੀ ਸ਼ਰਮਾ ਨੇ ਪ੍ਰਦਾਨ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ: ਆਰ ਕੇ ਗੁੰਬਰ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਸਨਮਾਨ ਲਈ ਡਾ: ਗਿੱਲ ਅਤੇ ਹੋਰ ਵਿਗਿਆਨੀਆਂ ਨੂੰ ਵਧਾਈ ਦਿੱਤੀ।
ਇਹ ਸਨਮਾਨ ਪ੍ਰਾਪਤ ਕਰਨ ਉਪਰੰਤ ਡਾ: ਆਰ ਕੇ ਗੁੰਬਰ ਨੇ ਦੱਸਿਆ ਕਿ ਮੁਲਕ ਵਿੱਚ ਇਟਾਲੀਅਨ ਮਧੂ ਮੱਖੀਆਂ ਦੇ ਪਾਲਣ ਵਿੱਚ ਪੰਜਾਬ ਮੋਢੀ ਸੂਬਾ ਹੈ ਜਿਸ ਵਿੱਚ 35 ਹਜ਼ਾਰ ਮਧੂ-ਮੱਖੀ ਪਾਲਕ ਹਨ ਅਤੇ ਇਹ ਸੂਬਾ ਦੇਸ਼ ਦਾ ਲਗਪਗ 40 ਪ੍ਰਤੀਸ਼ਤ ਸ਼ਹਿਦ ਪੈਦਾ ਕਰਦਾ ਹੈ। 
ਵਰਲਡ ਹਨੀ ਡੇ ਮੌਕੇ ਬਠਿੰਡਾ ਤੋਂ ਆਈ ਹੋਈ ਇੱਕ ਮਹਿਲਾ ਉੱਦਮੀ ਸ਼ਹਿਨਾਜ਼ ਵੀ ਸੀ ਜਿਸਨੇ ਇਸ ਕਿੱਤੇ ਬਾਰੇ  ਵਿਸਥਾਰ ਨਾਲ ਦੱਸਿਆ ਸੀ।
ਇਸੇ ਤਰਾਂ ਅਯਾਲੀ ਦੀ ਗੁਰਦੇਵ ਕੌਰ ਦਿਓਲ ਨੇ ਵੀ ਇਸ ਕਿੱਤੇ ਦੀ ਸਫਲਤਾ ਅਤੇ ਇਸ ਵਿੱਚ ਐਮ ਮੁਢਲੇ ਦੌਰ ਦੀਆਂ ਮੁਸ਼ਕਿਲਾਂ ਬਾਰੇ ਦੱਸਿਆ। 
ਉਮੀਦ ਕਰਨੀ ਬਣਦੀ ਹੈ ਕਿ ਛੇਤੀ ਹੈ ਲੁਧਿਆਣਾ ਦੇ ਨਾਲ ਨਾਲ ਦੇਸ਼ ਦੀ ਮਾਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਹੋਰ ਵੀ ਪਿਆਰ ਅਤੇ ਸਤਿਕਾਰ ਮਿਲੇਗਾ। 

Saturday, August 20, 2016

PAU ਵਿਖੇ ਵਿਸ਼ਵ ਸ਼ਹਿਦ ਦਿਵਸ ਮਨਾਇਆ ਗਿਆ

PAU ਦੇ ਕੋਰਸਾਂ ਨੇ ਸ਼ੁਰੂ ਕੀਤੀ ਸ਼ਹਿਦ ਦੇ ਨਾਲ ਨਾਲ ਆਰਥਿਕ ਕ੍ਰਾਂਤੀ 
ਲੁਧਿਆਣਾ: 20 ਅਗਸਤ 2016: (ਪੰਜਾਬ ਸਕਰੀਨ ਟੀਮ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਿਸ਼ਵ ਸ਼ਹਿਦ ਦਿਵਸ ਮਨਾਇਆ ਗਿਆ ਜਿਸ ਵਿੱਚ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਜਥੇਦਾਰ ਤੋਤਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਇਸ ਮੌਕੇ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਡਾ: ਗੁਰਕੰਵਲ ਸਿੰਘ ਅਤੇ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਕੁਲਵੰਤ ਸਿੰਘ ਆਹਲੂਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। 
ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਾਨੂੰ ਸਹਾਇਕ ਕਿੱਤਿਆਂ ਵੱਲ ਤੁਰਨਾ ਪਵੇਗਾ, ਇਸ ਲਈ ਮਧੂ ਮੱਖੀ ਪਾਲਨ ਇੱਕ ਚੰਗਾ ਬਦਲ ਹੈ। ਉਹਨਾਂ ਕਿਹਾ ਕਿ ਅਸੀਂ ਇਸ ਨਾਲ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਖੇਤੀ ਪੈਦਾਵਾਰ ਵੀ ਵਧਾ ਸਕਦੇ ਹਾਂ। ਇਸ ਕਿੱਤੇ ਨੂੰ ਸੂਬੇ ਵਿੱਚ ਹੋਰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ। ਉਹਨਾਂ ਅਗਾਂਹਵਧੂ ਮੱਖੀ ਪਾਲਕਾਂ ਦੀ ਜਥੇਬੰਦੀ ਦੀ ਭਰਪੂਰ ਸ਼ਲਾਘਾ ਕੀਤੀ ਜਿਹਨਾਂ ਇਸ ਸਮਾਗਮ ਨੂੰ ਆਯੋਜਿਤ ਕਰਨ ਵਿੱਚ ਪਹਿਲਕਦਮੀ ਕੀਤੀ।
  ਡਾ: ਢਿੱਲੋਂ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਇਸ ਖੇਤਰ ਵਿੱਚ ਅਨੇਕਾਂ ਸੰਭਾਵਨਾਵਾਂ ਹਨ ਅਤੇ ਪੰਜਾਬ ਦੇ ਮਧੂ ਮੱਖੀ ਪਾਲਕਾਂ ਨੂੰ ਵੱਡੀ ਪੱਧਰ ਤੇ ਸਿਖਲਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸੂਬਾ ਸ਼ਹਿਦ ਉਤਪਾਦਨ ਵਿੱਚ ਮੋਢੀ ਸੂਬਾ ਬਣ ਚੁੱਕਿਆ ਹੈ ਅਤੇ ਕਿਹਾ ਕਿ ਕੁਦਰਤੀ ਵਰਤਾਰੇ ਪਰ ਪਰਾਗਣ ਵਿੱਚ ਵੀ ਮਧੂ ਮੱਖੀਆਂ ਚੰਗਾ ਯੋਗਦਾਨ ਪਾਉਂਦੀਆਂ ਹਨ। ਇਸ ਤੋਂ ਪਹਿਲਾਂ ਡਾ: ਗੁਰਕੰਵਲ ਨੇ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਆਰ ਕੇ ਗੁੰਬਰ ਨੇ ਕਹੇ। ਇਸ ਸਮਾਗਮ ਦੌਰਾਨ ਤਕਨੀਕੀ ਸੈਸ਼ਨਾਂ ਦਾ ਆਯੋਜਨ ਵੀ ਕੀਤਾ ਗਿਆ ਅਤੇ ਵੱਖ-ਵੱਖ ਮਧੂ ਮੱਖੀ ਪਾਲਕਾਂ ਨੰੂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਮਧੂ ਮੱਖੀ ਪਾਲਕਾਂ ਵੱਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ।
  ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਾਜਿੰਦਰ ਸਿੰਘ ਸਿੱਧੂ ਨੇ  ਕਿਹਾ ਕਿ ਇਸ ਬਾਬਤ ਪੀਏਯੂ ਦੇ ਮਾਹਰ ਕਾਫੀ ਮੇਹਨਤ ਕਰ ਰਹੇ ਹਨ।
ਇਸ ਮੌਕੇ ਤੇ ਉਹਨਾਂ ਔਰਤਾਂ ਨੇ ਵੀ ਸਰਗਰਮ ਸ਼ਮੂਲੀਅਤ ਜਿਹਨਾਂ ਨੇ ਮਧੂ ਮੱਖੀ ਪਾਲਣ ਅਤੇ ਸ਼ਹਿਦ ਫਾਰਮਿੰਗ ਵਿੱਚ ਚੰਗਾ ਨਾਮਣਾ ਖੱਟਿਆ ਹੈ। ਦਿਲਚਸਪ ਗੱਲ ਹੈ ਕਿ ਮਾਰਕੀਟ ਵਿੱਚ ਮਿਲਦੇ ਸ਼ਹਿਦ ਨਾਲੋਂ ਪੀ ਏ ਯੂ ਦੇ ਟਰੇਂਡ ਕੀਤੇ ਗਏ ਸ਼ਹਿਦ ਫਾਰਮਰਾਂ ਵੀਵੱਲੋਂ ਤਿਆਰ ਸ਼ਹਿਦ ਜ਼ਿਆਦਾ ਸਸਤਾ, ਜ਼ਿਆਦਾ ਸ਼ੁੱਧ ਅਤੇ ਜ਼ਿਆਦਾ ਸੁਆਦੀ ਵੀ ਹੈ।