Monday, June 08, 2020

ਤਰਕਸ਼ੀਲਾਂ ਨੇ ਹੁਣ ਸ਼ਹਿਦ ਵਗਣ ਦੇ ਮਾਮਲੇ ਨੂੰ ਦਿੱਤੀ ਚੁਣੌਤੀ

8th  June  2020 at 12:55 PM
 ਤਰਕਸ਼ੀਲਾਂ ਵੱਲੋਂ ਅੱਗਰਨਗਰ ਵਿੱਚ ਮੌਕੇ ਤੇ ਜਾ ਕੇ ਜਾਂਚ ਮਗਰੋਂ ਦਾਅਵਾ 
ਕਥਿਤ ਗੁਰੂ ਦੀਆਂ ਹੋਰ ਤਸਵੀਰਾਂ, ਜ਼ਿਹਨਾਂ ‘ਚੋਂ ਸ਼ਹਿਦ ਨਿਕਲਣ ਦਾ ਦਾਅਵਾ ਕੀਤਾ ਜਾਂਦਾ ਹੈ
ਲੁਧਿਆਣਾ: 8 ਜੂਨ 2020: (ਪੰਜਾਬ ਸਕਰੀਨ ਬਿਊਰੋ):: 
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਨੇ ਸਥਾਨਕ ਅੱਗਰ ਨਗਰ ਦੀ ਇੱਕ ਕੋਠੀ ਨੰ: 66-ਏ ਦੇ ਮਾਲਕਾਂ ਵੱਲੋਂ ਆਪਣੇ ਗੁਰੂ ਦੀਆਂ ਫੋਟੋਆਂ ਵਿੱਚੋਂ ਸ਼ਹਿਦ ਵਗਣ ਦੀ ਘਟਨਾ ਨੂੰ ਕੋਠੀ ਮਾਲਕਾਂ ਵੱਲੋਂ ਆਪੇ ਰਚਿਆ ਡਰਾਮਾ ਕਰਾਰ ਦਿੱਤਾ ਹੈ।ਪਿਛਲੇ ਕਈ ਦਿਨਾਂ ਤੋਂ ਇਹ ਕਰਿਸ਼ਮਾ ਵੇਖਣ ਲਈ ਲੋਕਾਂ ਦੀ ਵੱਡੀ ਗਿਣਤੀ ਵਿੱਚ ਭੀੜ ਦਾ ਉਪਰੋਕਤ ਕੋਠੀ ਵਿੱਚ ਤਾਂਤਾ ਲੱਗ ਰਿਹਾ ਸੀ। ਤਰਕਸ਼ੀਲਾਂ ਦੀ ਟੀਮ ਜਿਸ ਵਿਚ ਜਸਵੰਤ ਜੀਰਖ, ਬਲਵਿੰਦਰ ਸਿੰਘ, ਆਤਮਾ ਸਿੰਘ, ਧਰਮਪਾਲ ਸਿੰਘ, ਸੁਖਵਿੰਦਰ ਲੀਲ, ਨਿਰਮਲ ਸਿੰਘ, ਮਾ ਜਰਨੈਲ ਸਿੰਘ, ਅਰੁਣ ਕੁਮਾਰ, ਰਾਕੇਸ ਆਜ਼ਾਦ,ਹਾਜਰ ਸਨ ,ਨੇ ਉਪਰੋਕਤ ਘਟਨਾਂ ਦੀ ਅਫ਼ਵਾਹ ਸੁਣਦਿਆਂ ਹੀ ਥਾਣਾ ਸਰਾਭਾ ਨਗਰ ਪੁਲੀਸ ਨਾਲ ਸੰਪਰਕ ਕਰਕੇ ਸਾਰੀ ਘਟਨਾ ਬਾਰੇ ਸੂਚਿਤ ਕਰਦਿਆਂ, ਇਸ ਫੈਲ ਰਹੇ ਅੰਧਵਿਸ਼ਵਾਸ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਮੰਗ ਕੀਤੀ। ਮੌਕੇ ਤੇ ਹਾਜ਼ਰ ਪੁਲੀਸ ਅਧਿਕਾਰੀਆਂ ਨੇ ਉਸੇ ਵੇਲੇ ਤਰਕਸ਼ੀਲ ਟੀਮ ਨਾਲ ਜਾਕੇ ਉਪਰੋਕਤ ਕੋਠੀ ਵਿੱਚ ਲੱਗੀ ਲੋਕਾਂ ਦੀ ਭੀੜ ਖ਼ੁਦ ਵੇਖਦਿਆਂ ਉੱਥੇ ਮੁੱਖ ਭੂਮਿਕਾ ਨਿਭਾ ਰਹੇ ਲੜਕੇ ਤੋਂ ਪੁੱਛਿਆ ਕਿ ਇਸ ਕੋਠੀ ਦਾ ਮਾਲਕ ਕੌਣ ਹੈ? ਉਸ ਲੜਕੇ ਨੇ ਆਪਣੇ ਆਪ ਨੂੰ ਇੱਥੋਂ ਦਾ ਸੇਵਕ ਦੱਸਦਿਆਂ ਕਿਹਾ ਕਿ ਮਾਲਕ ਤਾਂ ਇੱਥੇ ਨਹੀਂ ਰਹਿੰਦੇ। ਪੁਲੀਸ ਅਧਿਕਾਰੀਆਂ ਨੇ ਕਰੋਨਾ ਦੀ ਬਿਮਾਰੀ ਸਬੰਧੀ ਇੱਕ ਦੂਜੇ ਤੋਂ ਦੂਰੀ ਰੱਖਣ ਦੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਦੀਆਂ ਵੀ ਇਸ ਮੌਕੇ ਖੁੱਦ ਵੇਖੀਆਂ। ਇਸ ਸਮੇਂ ਉੱਥੇ ਇਕ ਵਿਅਕਤੀ (ਗੁਰੂ) ਦੀਆਂ ਫਰੇਮ ਬੰਦ 4 ਫੋਟੋਆਂ ਦੇ ਸ਼ੀਸੇ ਉੱਪਰ ਸ਼ਹਿਦ ਵਰਗੇ ਗਾੜ੍ਹੇ ਤਰਲ ਪਦਾਰਥ ਦੀਆਂ ਧਰਾਲਾਂ ਬਣੀਆਂ ਹੋਈਆਂ ਸਭ ਲੋਕ ਵੇਖਕੇ ਨਤਮਸਤਕ ਹੋ ਰਹੇ ਸਨ। ਤਰਕਸ਼ੀਲ ਟੀਮ ਨੇ ਮੌਕੇ ਤੇ ਮੁੱਢਲੀ ਜਾਂਚ ਕਰਦਿਆਂ ਐਲਾਨ ਕੀਤਾ ਕਿ ਇਹ ਕੋਈ ਚਮਤਕਾਰ ਨਹੀਂ, ਸਗੋਂ ਅੰਧਵਿਸਵਾਸ ਫੈਲਾਕੇ ਲੋਕਾਂ ਨੂੰ ਜਾਣ ਬੁੱਝ ਕੇ ਗੁੰਮਰਾਹ ਕਰਕੇ ਆਪਣੀ ਕਮਾਈ ਦਾ ਸਾਧਨ ਬਣਾਉਣ ਦਾ ਯਤਨ ਹੈ। ਤਰਕਸ਼ੀਲਾਂ ਨੇ ਇਹ ਵੀ ਕਿਹਾ ਕਿ ਅਸੀਂ ਇਸ ਮੁੱਖ ਫੋਟੋ ਨੂੰ ਕਪੜੇ ਨਾਲ ਸਾਫ ਕਰ ਦਿੰਦੇ ਹਾਂ, ਉਸ ਤੋਂ ਬਾਅਦ ਕੋਈ ਸ਼ਹਿਦ ਨਿਕਲਦਾ ਵਿਖਾਓ, ਜੋ ਸਭ ਪੁਲਿਸ ਦੀ ਹਾਜ਼ਰੀ ਵਿਚ ਅਸੀਂ ਕਰਨ ਨੂੰ ਤਿਆਰ ਹਾਂ ਪਰ ਕੋਠੀ ਮਾਲਕ ਇਸ ਚਣੌਤੀ ਨੂੰ ਇਹ ਕਹਿੰਦਿਆਂ ਟਾਲ ਗਏ ਕਿ ਇਹ ਸਾਡੀ ਆਸਥਾ ਹੈ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਤੁਸੀਂ ਆਪਣੀ ਆਸਥਾ ਆਪਣੇ ਘਰ ਤੱਕ ਸੀਮਤ ਰੱਖ ਸਕਦੇ ਹੋ, ਇਸ ਨੂੰ ਲੋਕਾਂ ਵਿਚ ਫੈਲਾਕੇ ਅੰਧਵਿਸਵਾਸ ਨਹੀਂ ਦੇ ਸਕਦੇ। ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਮੌਕੇ ਤੇ ਲਾਈਵ ਹੋਕੇ ਸਪਸ਼ਟ ਕੀਤਾ ਕਿ ਇਹ ਕ੍ਰਿਸਮਾਂ ਕਿਸੇ ਕਰਾਮਾਤੀ ਸ਼ਕਤੀ ਨਾਲ ਨਹੀਂ ਸਗੋਂ ਇਸ ਘਰ ਦੇ ਮਾਲਕਾਂ ਵੱਲੋਂ ਆਪਣੇ ਗੁਰੂ ਅਤੇ ਧਰਮ ਦੇ ਨਾਂ ਹੇਠ ਆਪੇ ਹੀ ਸ਼ਹਿਦ ਦੀਆਂ ਧਰਾਲਾਂ ਫੋਟੋਆਂ ਉੱਪਰ ਚਲਾਈਆਂ ਗਈਆਂ ਹਨ, ਜਿਹਨਾਂ ਦੇ ਸਿਰਫ ਨਿਸ਼ਾਨ ਹੀ ਫੋਟੋਆਂ ਉੱਪਰ ਮੌਜੂਦ ਹਨ, ਸ਼ਹਿਦ ਵਗ ਨਹੀਂ ਰਿਹਾ। ਕਈ ਲੋਕ ਇਸ ਫੋਟੋ ਵਾਲੇ ਗੁਰੂ ਨੂੰ ਬਹੁਤ ਪਹੁੰਚਿਆ ਹੋਇਆ ਦੱਸ ਰਹੇ ਸਨ। ਇਕ ਚੇਲੇ ਨੇ ਇਸ ਨੇ ਫਿਰਕੂ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਜੋ ਪੁਲਿਸ ਅਧਿਕਾਰੀ ਨੇ ਨਾਕਾਮ ਕਰ ਦਿੱਤੀ। ਤਰਕਸ਼ੀਲਾਂ ਨੇ ਮੌਕੇ ਤੇ ਸੰਬੋਧਨ ਹੁੰਦਿਆਂ ਸਪਸਟ ਕੀਤਾ ਕਿ ਕੋਈ ਵੀ ਅਜਿਹੀ ਕੋਈ ਗ਼ੈਬੀ ਸ਼ਕਤੀ ਨਹੀਂ ਹੁੰਦੀ ਜੋ ਇਸ ਤਰ੍ਹਾਂ ਦਾ ਕਰਿਸ਼ਮਾ ਕਰ ਸਕੇ, ਇਹ ਸਭ ਕੁੱਝ ਮਨੁੱਖ ਦੀ ਸੋਚੀ ਸਮਝੀ ਸਕੀਮ ਅਧੀਨ ਹੀ ਵਾਪਰਦਾ ਹੈ। ਇਸ ਮੌਕੇ ਪੁਲੀਸ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਅੰਧਵਿਸ਼ਵਾਸ ਫੈਲਾਉਣ ਅਤੇ ਕਰੋਨਾਂ ਬਿਮਾਰੀ ਦੀ ਰੋਕਥਾਮ ਲਈ ਕੀਤੀਆਂ ਹਦਾਇਤਾਂ ਦੀ ਘੋਰ ਉਲੰਘਣਾ ਕਰਨ ਦੇ ਦੋਸ਼ ਹੇਠ ਕੋਠੀ ਮਾਲਕਾਂ ਖ਼ਿਲਾਫ਼  ਕੇਸ ਦਰਜ ਕੀਤੇ ਜਾਣ।
         ਪੁਲੀਸ ਅਧਿਕਾਰੀਆਂ ਨੇ ਮੌਕੇ ਤੇ ਇਕੱਠੀ ਹੋਈ ਭੀੜ ਦੀ ਲਿਸਟ ਵੀ ਬਣਾਈ ਜਿਸ ਦੌਰਾਨ ਕਈ ਦਰਸ਼ਕ ਮੌਕੇ ਤੇ ਖਿਸਕ ਵੀ ਗਏ। ਮੌਕੇ ਤੇ ਇਸ ਇਲਾਕੇ ਨੂੰ ਲਗਦੀ ਪੁਲਿਸ ਚੌਕੀ ਰਘੂਨਾਥ ਇਨਕਲੇਵ ਦੇ ਇਨਚਾਰਜ ਵੀ ਪਹੁੰਚ ਗਏ ਸਨ, ਜਿਹਨਾਂ ਅੱਗੇ ਤੋਂ ਇੱਥੇ ਲੋਕਾਂ ਦੀ ਆਵਾਜਾਈ ਬੰਦ ਕਰਨ ਦੀ ਜ਼ੁੰਮੇਵਾਰੀ ਵੀ ਲਈ।


No comments: