Oct 19, 2016 4:02 PM
ਦੇਸ਼ ਦੇ 27 ਕੇਂਦਰਾਂ ਵਿੱਚੋਂ ਸਰਵੋਤਮ ਕੇਂਦਰ PAU
ਲੁਧਿਆਣਾ: 19 ਅਕਤੂਬਰ 2016: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਮਧੂ ਮੱਖੀ ਪਾਲਣ ਦੇ ਮਾਮਲੇ ਵਿੱਚ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੁਲਾਂਘਾਂ ਪੁੱਟ ਰਹੀ ਹੈ। ਪੀਏਯੂ ਤੋਂ ਟਰੇਨਿੰਗ ਲੈ ਕੇ ਪੰਜਾਬ ਅਤੇ ਆਲੇ ਦੁਆਲੇ ਦੇ ਅਣਗਿਣਤ ਪਰਿਵਾਰ ਮਧੂ ਮੱਖੀ ਪਾਲਣ ਤੋਂ ਆਮਦਨ ਲੈ ਰਹੇ ਹਨ। ਹੁਣ ਇਸ ਵਿਕਾਸ ਨੂੰ ਇੱਕ ਹੋਰ ਮਾਨਤਾ ਮਿਲੀ ਹੈ ਸੋਲਨ ਵਿੱਚ। ਇਸ ਪ੍ਰਾਪਤੀ ਦੀਆਂ ਸੰਭਾਵਨਾਵਾਂਵਰਲ ਹਨੀ ਡੇ ਮੌਕੇ ਹੋਏ ਯਾਦਗਾਰੀ ਸਮਾਗਮ ਤੋਂ ਹੀ ਮਹਿਸੂਸ ਹੋਣ ਲੱਗ ਪਈਆਂ ਸਨ।
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਕੌਮਾਂਤਰੀ ਪੱਧਰ ਦੇ ਖੋਜ ਪ੍ਰੋਜੈਕਟ ਅਧੀਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਧੂ ਮੱਖੀ ਪਾਲਣ ਕੇਂਦਰ ਨੂੰ ਦੇਸ਼ ਦੇ 27 ਕੇਂਦਰਾਂ ਵਿੱਚੋਂ ਸਰਵੋਤਮ ਕੇਂਦਰ ਐਲਾਨਿਆ ਗਿਆ ਹੈ। ਇਹ ਐਲਾਨ ਸੋਲਨ ਵਿਖੇ ਆਯੋਜਿਤ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਇਸ ਇਕਾਈ ਦੇ ਡਾ: ਪ੍ਰਦੀਪ ਛੁਨੇਜਾ, ਡਾ: ਜਸਪਾਲ ਸਿੰਘ, ਡਾ: ਹਰਮਿੰਦਰ ਕੌਰ ਅਤੇ ਡਾ: ਅਮਿਤ ਚੌਧਰੀ ਨੇ ਭਾਗ ਲਿਆ। ਤਿੰਨ ਰੋਜ਼ਾ ਇਸ ਕਾਨਫਰੰਸ ਵਿੱਚ ਇਹ ਸਨਮਾਨ ਸੋਲਨ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਐਚ ਸੀ ਸ਼ਰਮਾ ਨੇ ਪ੍ਰਦਾਨ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ: ਆਰ ਕੇ ਗੁੰਬਰ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਸਨਮਾਨ ਲਈ ਡਾ: ਗਿੱਲ ਅਤੇ ਹੋਰ ਵਿਗਿਆਨੀਆਂ ਨੂੰ ਵਧਾਈ ਦਿੱਤੀ।
ਇਹ ਸਨਮਾਨ ਪ੍ਰਾਪਤ ਕਰਨ ਉਪਰੰਤ ਡਾ: ਆਰ ਕੇ ਗੁੰਬਰ ਨੇ ਦੱਸਿਆ ਕਿ ਮੁਲਕ ਵਿੱਚ ਇਟਾਲੀਅਨ ਮਧੂ ਮੱਖੀਆਂ ਦੇ ਪਾਲਣ ਵਿੱਚ ਪੰਜਾਬ ਮੋਢੀ ਸੂਬਾ ਹੈ ਜਿਸ ਵਿੱਚ 35 ਹਜ਼ਾਰ ਮਧੂ-ਮੱਖੀ ਪਾਲਕ ਹਨ ਅਤੇ ਇਹ ਸੂਬਾ ਦੇਸ਼ ਦਾ ਲਗਪਗ 40 ਪ੍ਰਤੀਸ਼ਤ ਸ਼ਹਿਦ ਪੈਦਾ ਕਰਦਾ ਹੈ।
ਵਰਲਡ ਹਨੀ ਡੇ ਮੌਕੇ ਬਠਿੰਡਾ ਤੋਂ ਆਈ ਹੋਈ ਇੱਕ ਮਹਿਲਾ ਉੱਦਮੀ ਸ਼ਹਿਨਾਜ਼ ਵੀ ਸੀ ਜਿਸਨੇ ਇਸ ਕਿੱਤੇ ਬਾਰੇ ਵਿਸਥਾਰ ਨਾਲ ਦੱਸਿਆ ਸੀ।
ਇਸੇ ਤਰਾਂ ਅਯਾਲੀ ਦੀ ਗੁਰਦੇਵ ਕੌਰ ਦਿਓਲ ਨੇ ਵੀ ਇਸ ਕਿੱਤੇ ਦੀ ਸਫਲਤਾ ਅਤੇ ਇਸ ਵਿੱਚ ਐਮ ਮੁਢਲੇ ਦੌਰ ਦੀਆਂ ਮੁਸ਼ਕਿਲਾਂ ਬਾਰੇ ਦੱਸਿਆ।
ਉਮੀਦ ਕਰਨੀ ਬਣਦੀ ਹੈ ਕਿ ਛੇਤੀ ਹੈ ਲੁਧਿਆਣਾ ਦੇ ਨਾਲ ਨਾਲ ਦੇਸ਼ ਦੀ ਮਾਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਹੋਰ ਵੀ ਪਿਆਰ ਅਤੇ ਸਤਿਕਾਰ ਮਿਲੇਗਾ।
No comments:
Post a Comment