10th September 2021 at 5:20 PM
2 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ
• ਜੇਤੂ ਨੇ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ੍ਹਾਂ ਕਰਵਾਏ;
• ਇਨਾਮੀ ਰਾਸ਼ੀ ਨਾਲ ਬੱਚਿਆਂ ਦੀ ਪੜ੍ਹਾਈ ਦਾ ਸੁਪਨਾ ਕਰੇਗਾ ਸਾਕਾਰ
ਚੰਡੀਗੜ੍ਹ: 10 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::
ਮਿਹਨਤਾਂ ਮੁਸ਼ੱਕਤਾਂ ਕਰਦਿਆਂ ਉਮਰਾਂ ਗੁਜ਼ਰ ਜਾਂਦੀਆਂ ਹਨ ਪਰ ਘਰਾਂ ਦੀਆਂ ਆਰਥਿਕ ਤੰਗੀਆਂ ਨਹੀਂ ਮੁੱਕਦੀਆਂ ਤੇ ਨਾ ਹੀ ਸਾਰੀਆਂ ਜ਼ਿੰਮੇਵਾਰੀਆਂ ਚੱਜ ਨਾਲ ਪੂਰੀਆਂ ਹੁੰਦੀਆਂ ਹਨ। ਜ਼ਿੰਦਗੀ ਦੀ ਉਡਾਣ ਦੇ ਸੁਪਨੇ ਤਾਂ ਬਸ ਸੁਪਨੇ ਬਣ ਕੇ ਹੀ ਰਹਿ ਜਾਂਦੇ ਹਨ। ਬੜਾ ਕੁਜਸ ਸੋਚਿਆ ਹੁੰਦਾ ਹੈ ਇਹ ਕਰਾਂਗੇ--ਉਹ ਕਰਾਂਗੇ ਪਰ ਹੁੰਦਾ ਕੁਝ ਵੀ ਨਹੀਂ। ਉਮਰਾਂ ਦੀ ਰੇਤ ਹੱਥਾਂ ਚੋਂ ਕਿਰਦੀ ਕਿਰਦੀ ਇੱਕ ਦਿਨ ਪੂਰੀ ਤਰ੍ਹਾਂ ਕਿਰ ਜਾਂਦੀ ਹੈ। ਜ਼ਿੰਦਗੀ ਮੁੱਕ ਜਾਂਦੀ ਹੈ। ਪਰਿਵਾਰ ਵਿੱਚ ਜਿਹੜੇ ਬਾਕੀ ਬਚਦੇ ਹਨ ਉਹ ਵੀ ਹਰ ਕੇ ਬਹਿ ਜਾਂਦੇ ਹਨ। ਭਾਣਾ ਮੰਨੇ ਬਿਨ ਕੋਈ ਚਾਰਾ ਨਹੀਂ ਬਚਦਾ। ਅਜਿਹੀ ਹਾਲਤ ਵਿੱਚ ਅਗਲੇ ਜਨਮ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਣ ਲੱਗਦੀਆਂ ਹੈ ਉਹ ਜਨਮ ਜਿਹੜਾ ਸਾਡੇ ਚੋਂ ਕਿਸੇ ਨੇ ਨਹੀਂ ਦੇਖਿਆ ਹੁੰਦਾ। ਉਸ ਜਨਮ ਦੀ ਗੱਲ ਤਸੱਲੀ ਦੇਣ ਲੱਗਦੀ ਹੈ। ਪਰ ਜੇ ਇਸੇ ਜਨਮ ਵਿੱਚ ਹੀ ਲਾਟਰੀ ਨਿਕਲ ਆਈ ਹੋਵੇ ਤਾਂ ਕਿੰਝ ਮਹਿਸੂਸ ਹੋਵੇ। ਲਾਟਰੀ ਦੇ ਪੈਸਿਆਂ ਨਾਲ ਬਹੁਤ ਸਾਰੇ ਸੁਪਨੇ ਸਾਕਾਰ ਹੋਣ ਦੀ ਸੰਭਾਵਨਾ ਲੱਗਣ ਲੱਗਦੀ ਹੈ। ਤੇ ਗੁਰਮੀਤ ਸਿੰਘ ਦੀ ਸੱਚੀਂ ਮੁੱਚੀਂ ਲਾਟਰੀ ਨਿਕਲ ਆਈ ਹੈ ਉਹ ਵੀ ਪੂਰੇ ਦੋ ਕਰੋੜ ਰੁਪਏ ਦੀ।
ਪੰਜਾਬ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਪੰਜਾਬ ਸਟੇਟ ਡੀਅਰ ਰਾਖੀ ਬੰਪਰ 2021 ਦਾ ਪਹਿਲਾ ਇਨਾਮ ਜਿੱਤਿਆ ਹੈ। ਲਾਟਰੀਜ਼ ਵਿਭਾਗ ਨੇ 26 ਅਗਸਤ ਨੂੰ ਰਾਖੀ ਬੰਪਰ ਦੇ ਨਤੀਜੇ ਐਲਾਨੇ ਸਨ ਅਤੇ 2 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰ. ਬੀ -946267 ’ਤੇ ਨਿਕਲਿਆ ਸੀ।
ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੇ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਨਯਾਗਾਉਂ ਤੋਂ ਟਿਕਟ ਖਰੀਦੀ ਸੀ।
ਇਨਾਮੀ ਰਾਸ਼ੀ ਲੈਣ ਲਈ ਇੱਥੇ ਸਟੇਟ ਲਾਟਰੀਜ਼ ਵਿਭਾਗ ਨੂੰ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ, ਜੇਤੂ ਨੇ ਕਿਹਾ ਕਿ ਇਹ ਰਾਸ਼ੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰੇਗਾ ਕਿਉਂਕਿ ਉਹ ਉਨ੍ਹਾਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨਾ ਚਾਹੁੰਦਾ ਹੈ।
ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਖੁਸ਼ਨਸੀਬ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਜਲਦੀ ਉਸ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ।
ਜੇ ਤੁਹਾਡੀ ਵੀ ਦੋ ਕਰੋੜ ਰੁਪਏ ਵਾਲੀ ਲਾਟਰੀ ਨਿਕਲ ਆਏ ਤਾਂ ਭਲਾ ਕੀ ਕੀ ਕਰੋਂਗੇ। ਆਪਣੇ ਵਿਚਾਰ ਜ਼ਰੂਰ ਭੇਜਣਾ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ।
No comments:
Post a Comment