Arvinder Phg on Wednesday 29th July 2026 at 5:22 PM Regarding Chandigarh Photo Video Expo-2026
ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਵਿੱਚ ਨਵੀਆਂ ਤਕਨੀਕਾਂ ਅਪਣਾਉਣ ਦਾ ਦਿੱਤਾ ਸੁਨੇਹਾ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਚੰਡੀਗੜ੍ਹ: 29 ਜੁਲਾਈ 2026: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::
ਫੋਟੋਗ੍ਰਾਫੀ ਦੇ ਵਿਕਾਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਵਿੱਚ ਵਿੱਚ ਵੀ ਇਸ ਨੂੰ ਲੈਕੇ ਨਵਾਂ ਉਤਸ਼ਾਂ ਮਹਿਸੂਸ ਹੋਇਆ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਇਸ ਪ੍ਰਦਰਸ਼ਨੀ ਵਿੱਚ ਆਏ ਫੋਟੋਗ੍ਰਾਫਰਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਕੈਮਰਿਆਂ ਦੀਆਂ ਨਵੀਆਂ ਕਿਸਮਾਂ ਦਾ ਵੀ ਪਤਾ ਲੱਗਿਆ ਅਤੇ ਫੋਟੋਗ੍ਰਾਫੀ ਦੀਆਂ ਨਵੀਆਂ ਕਲਾਵਾਂ ਬਾਰੇ ਵੀ ਗੱਲਬਾਤ ਹੋਈ। ਇਸ ਯਾਦਗਾਰੀ ਪ੍ਰਦਰਸ਼ਨੀ ਵਿੱਚ ਬਹੁਤ ਸਾਰੇ ਪੇਸ਼ੇਵਰ ਅਤੇ ਨਵੇਂ ਫੋਟੋਗ੍ਰਾਫਰ ਵੀ ਸ਼ਾਮਲ ਹੋਏ।
ਅਸਲ ਵਿੱਚ ਚੰਡੀਗੜ੍ਹ ਨੂੰ ਭਾਵੇਂ ਪੱਥਰਾਂ ਦਾ ਸ਼ਹਿਰ ਆਖ ਕੇ ਬਦਨਾਮ ਵੀ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਚੰਡੀਗੜ੍ਹ ਕਲਾਪ੍ਰੇਮੀਆਂ ਦਾ ਸ਼ਹਿਰ ਹੈ ਜਿਹੜੇ ਸ਼ੀਸ਼ੇ ਦੀ ਕਦਰ ਵੀ ਜਾਂਦੇ ਹਨ ਅਤੇ ਨਜ਼ਾਕਤ ਵੀ। ਇਹ ਗੱਲ ਅੱਜ ਉਸ ਵੇਲੇ ਇੱਕ ਵਾਰ ਫੇਰ ਸਾਹਮਣੇ ਆਈ ਜਦੋਂ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ ਕਿਸਾਨ ਭਵਨ, ਸੈਕਟਰ 35 ਵਿਖੇ ਆਯੋਜਿਤ ਕੀਤੇ ਗਏ ਦੋ-ਦਿਨੀਂ ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਦਾ ਅੱਜ ਉਤਸ਼ਾਹਪੂਰਵਕ ਅਤੇ ਸਫ਼ਲਤਾਪੂਰਵਕ ਸਮਾਪਨ ਹੋਇਆ। ਇਸ ਵਿਸ਼ਾਲ ਪ੍ਰਦਰਸ਼ਨੀ ਦੇ ਦੂਜੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਪੂਰੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ.ਕੀਤੀਆਂ ਗਈਆਂ ਤਸਵੀਰਾਂ, ਆਧੁਨਿਕ ਫੋਟੋਗ੍ਰਾਫੀ ਤਕਨੀਕਾਂ, ਨਵੇਂ ਕੈਮਰਿਆਂ, ਵੀਡੀਓਗ੍ਰਾਫੀ ਗੇਜੇਟਸ ਅਤੇ ਡਿਜੀਟਲ ਨਵੀਨਤਾਵਾਂ ਨੂੰ ਬਹੁਤ ਬਾਰੀਕੀ ਨਾਲ ਦੇਖਿਆ ਅਤੇ ਪ੍ਰਬੰਧਕਾਂ ਸਮੇਤ ਨੌਜਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਸ. ਬਰਸਟ ਨੇ ਕਿਹਾ ਕਿ ਫੋਟੋਗ੍ਰਾਫੀ ਮਹਿਜ਼ ਇੱਕ ਪੇਸ਼ਾ ਨਹੀਂ, ਬਲਕਿ ਇੱਕ ਬਹੁਤ ਹੀ ਖੂਬਸੂਰਤ ਕਲਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਆਈਆਂ ਨਵੀਆਂ ਤਕਨੀਕਾਂ ਨੇ ਫੋਟੋਗ੍ਰਾਫੀ ਦੇ ਖੇਤਰ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਨਵੇਂ ਤੇ ਸੁਨਹਿਰੀ ਅਵਸਰ ਪੈਦਾ ਕੀਤੇ ਹਨ। ਉਨ੍ਹਾਂ ਨੇ ਮੌਜੂਦ ਸਾਰੇ ਫੋਟੋਗ੍ਰਾਫਰਾਂ ਅਤੇ ਵੀਡੀਓਗ੍ਰਾਫਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਇਨ੍ਹਾਂ ਨਵੀਆਂ ਅਤੇ ਆਧੁਨਿਕ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਣਾਉਣ।
ਉਨ੍ਹਾਂ ਨੇ ਫੋਟੋਗ੍ਰਾਫੀ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਬਿਹਤਰੀਨ ਤਸਵੀਰ ਖਿੱਚਣ ਲਈ ਪੂਰੀ ਏਕਾਗਰਤਾ ਅਤੇ ਲਗਨ ਦੀ ਲੋੜ ਹੁੰਦੀ ਹੈ। ਫੋਟੋਗ੍ਰਾਫਰ ਆਪਣੀ ਕਲਾ ਦੇ ਜ਼ਰੀਏ ਜ਼ਿੰਦਗੀ ਦੇ ਅਣਮੋਲ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਦੇ ਹਨ, ਤਾਂ ਜੋ ਇਨ੍ਹਾਂ ਯਾਦਾਂ ਨੂੰ ਲੰਬੇ ਸਮੇਂ ਤੱਕ ਸੰਜੋ ਕੇ ਰੱਖਿਆ ਜਾ ਸਕੇ। ਉਨ੍ਹਾਂ ਨੇ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੇ ਐਕਸਪੋ ਇੱਕੋ ਛੱਤ ਹੇਠ ਵਿਸ਼ਵ ਪੱਧਰੀ ਤਕਨੀਕਾਂ ਨੂੰ ਸਮਝਣ ਦਾ ਵਧੀਆ ਮੰਚ ਪ੍ਰਦਾਨ ਕਰਦੇ ਹਨ।
ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਮ.ਓ. ਕਿਸਾਨ ਭਵਨ ਅਜੈਪਾਲ ਸਿੰਘ ਬਰਾੜ, ਮੰਡੀ ਬੋਰਡ ਦੇ ਅਮਲਾ ਅਫ਼ਸਰ ਸੁਰਮੁੱਖ ਸਿੰਘ ਅਤੇ ਸੀਨੀਅਰ ਫੋਟੋਗ੍ਰਾਫਰ ਅਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਜੇ.ਪੀ.ਐਸ. ਗਰਚਾ, ਪ੍ਰਧਾਨ ਸਰੋਜ ਸਿੰਘ ਚੌਹਾਨ, ਕੈਸ਼ੀਅਰ ਸੁਭਾਸ਼ ਭਾਟੀਆ, ਸੀਨੀਅਰ ਮੀਤ ਪ੍ਰਧਾਨ ਮੋਹਿੰਦਰ ਸਿੰਘ ਰਾਣਾ, ਜਨਰਲ ਸਕੱਤਰ ਸੁਨੀਲ ਭੱਟ, ਸੀਨੀਅਰ ਐਡਵਾਈਜਰ ਸੁੰਦਰ ਸਮੇਤ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸਿਏਸ਼ਨ ਦੇ ਅਹੁਦੇਦਾਰ, ਵੱਖ-ਵੱਖ ਕੰਪਨੀਆਂ ਦੇ ਨੁਮਾਇੰਦੇ, ਫੋਟੋਗ੍ਰਾਫਰ ਅਤੇ ਵੀਡੀਓਗ੍ਰਾਫਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।
--------------------

No comments:
Post a Comment