Tuesday, July 09, 2024

ਵੱਡੀ ਪ੍ਰਾਪਤੀ : ਜ਼ਿਲ੍ਹਾ ਹਸਪਤਾਲ ਵਿੱਚ ਹੋਈ ਪਹਿਲੀ ਸਪਾਈਨ ਸਰਜਰੀ

 Tuesday 9th July 2024 at 4:16 PM

NRI ਮਰੀਜ਼ ਨੇ ਪ੍ਰਾਈਵੇਟ ਦੀ ਬਜਾਏ ਸਰਕਾਰੀ ਹਸਪਤਾਲ ਨੂੰ ਦਿਤੀ ਤਰਜੀਹ

ਸਫ਼ਲ ਆਪਰੇਸ਼ਨ ਮਗਰੋਂ ਮਰੀਜ਼ ਦੇ ਨਾਲ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਡਾ. ਅਨੁਪਮ ਮਹਾਜਨ ਅਤੇ ਹੋਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ: 09 ਜੁਲਾਈ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਸਰਕਾਰੀ ਹਸਪਤਾਲਾਂ ਦੀ ਸਾਖ ਅਤੇ ਗੁਣਵੱਤਾ ਨੂੰ ਹੋਰ ਵਿਕਸਤੀ ਕਰਦਿਆਂ ਸਰਕਾਰ ਦੇ ਨਾਲ ਨਾਲ ਸਿਹਤ ਸੰਸਥਾਨਾਂ ਦੇ ਸਟਾਫ ਮੈਂਬਰ ਵੀ ਪੂਰੀ ਕੋਸ਼ਿਸ਼ਕਾਰ ਰਹੇ ਹਨ। ਇਸ ਵਿੱਚ ਸਟਾਫ ਨੂੰ ਸਫਲਤਾ ਵੀ ਮਿਲ ਰਹੀ ਹੈ ਕਿਓਂਕਿ ਹੁਣ ਐਨ ਆਰ ਆਈ ਮਰੀਜ਼ ਵੀ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਨੰ ਫਿਲ ਦੇਣ ਲੱਗ ਪਏ ਹਨ। ਇਸ ਹਸਪਤਾਲ ਵਿੱਚ ਲੱਗੀਆਂ ਲੰਮੀਆਂ ਲਾਈਨਾਂ ਨੂੰ ਸਟਾਫ ਪੂਰੀ ਤਨਦੇਹੀ ਨਾਲ ਦੇਰ ਤੱਕ ਕੰਮ ਵੀ ਕਰਦਾ ਹੈ। ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਰੀੜ੍ਹ ਦੀ ਹੱਡੀ ਦੇ ਸਫਲ ਆਪਰੇਸ਼ਨ ਦਾ।

ਸਥਾਨਕ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਦੀ ਰੀੜ੍ਹ ਵਾਲੀ ਹੱਡੀ ਦੀ ਸਰਜਰੀ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਭਵਨੀਤ ਭਾਰਤੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ. ਚੀਮਾ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਰੀੜ੍ਹ ਦੀ ਹੱਡੀ ਦਾ ਪਹਿਲਾ ਆਪਰੇਸ਼ਨ ਹੋਇਆ ਹੈ, ਜਿਸ ਦਾ ਸਿਹਰਾ ਆਰਥੋ ਵਿਭਾਗ ਦੇ ਮੁਖੀ ਡਾ. ਅਨੁਪਮ ਮਹਾਜਨ ਅਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ। 

ਉਨ੍ਹਾਂ ਦੱਸਿਆ ਕਿ ਮਰੀਜ਼ 45 ਸਾਲਾ ਪੰਜਾਬੀ ਔਰਤ ਹੈ ਜਿਸ ਨੇ ਪ੍ਰਾਈਵੇਟ ਹਸਪਤਾਲ ਦੀ ਬਜਾਏ ਸਰਕਾਰੀ ਹਸਪਤਾਲ ਵਿਚ ਆਪਰੇਸ਼ਨ ਕਰਵਾਉਣ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਚੱਲਣ-ਫਿਰਨ ਵਿਚ ਕਾਫ਼ੀ ਦਿੱਕਤ ਆ ਰਹੀ ਸੀ। ਡਾਕਟਰਾਂ ਨੇ ਮੁਢਲੀ ਜਾਂਚ ਕਰਨ ਮਗਰੋਂ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ ਤੇ ਮਰੀਜ਼ ਦੀ ਸਹਿਮਤੀ ਨਾਲ ਆਪਰੇਸ਼ਨ ਕੀਤਾ ਗਿਆ, ਜੋ ਪੂਰੀ ਤਰ੍ਹਾਂ ਸਫ਼ਲ ਰਿਹਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਥੇ ਸਪਾਈਨ ਸਰਜਰੀ ਦਾ ਪਹਿਲਾ ਆਪਰੇਸ਼ਨ ਹੋਇਆ ਹੈ। ਵੱਡੀ ਗੱਲ ਇਹ ਵੀ ਹੈ ਕਿ ਆਪਰੇਸ਼ਨ ਉਤੇ ਮਰੀਜ਼ ਦਾ ਲਗਭਗ 20 ਹਜ਼ਾਰ ਰੁਪਏ ਦਾ ਖ਼ਰਚਾ ਹੋਇਆ ਹੈ ਤੇ ਜੇਕਰ ਇਹ ਆਪਰੇਸ਼ਨ ਕਿਸੇ ਨਿੱਜੀ ਹਸਪਤਾਲ ਵਿਚ ਹੁੰਦਾ ਤਾਂ ਘੱਟੋ-ਘੱਟ 2-3 ਲੱਖ ਰੁਪਏ ਦਾ ਖ਼ਰਚਾ ਹੋ ਜਾਣਾ ਸੀ। ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਇਸ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਲਗਭਗ ਸਾਰੀਆਂ ਅਡਵਾਂਸ ਸਰਜਰੀਆਂ ਹੋ ਰਹੀਆਂ ਹਨ, ਜਿਨ੍ਹਾਂ ਦਾ ਮਰੀਜ਼ਾਂ ਨੂੰ ਕਾਫ਼ੀ ਲਾਭ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਦਿੱਤੀਆਂ ਜਾ ਰਹੀਆਂ ਮੁਫ਼ਤ ਤੇ ਕਿਫ਼ਾਇਤੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ।

No comments: