Sunday, September 10, 2023

ਲੋਕ ਸੈਰ ਸਪਾਟਾ ਸਿਖਰ ਸੰਮੇਲਨ ਵਿਚ ਵੱਧ ਚੜ੍ਹ ਕੇ ਪੁੱਜਣ-ਅਨਮੋਲ ਗਗਨ ਮਾਨ

Sunday10th September 2023 at 6:40 PM

ਪਹਿਲੇ ਪੰਜਾਬ ਟੂਰਿਜ਼ਮ ਸਿਖਰ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ

ਪੰਜਾਬ ਦੇ ਸੈਰ ਸਪਾਟਾ ਸਿਖਰ ਸੰਮੇਲਨ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿਚ ਭਾਰੀ ਉਤਸ਼ਾਹ


ਸਾਹਿਬਜ਼ਾਦਾ ਅਜੀਤ ਸਿੰਘ ਨਗਰ: 10 ਸਤੰਬਰ, 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ):: 

ਪੰਜਾਬ ਵਿੱਚ ਸੈਰ ਸਪਾਟੇ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਥਾਂਵਾਂ ਮੌਜੂਦ ਹਨ ਜਿਹਨਾਂ ਨੂੰ ਦੇਖ ਕੇ ਲੋਕ ਬਾਕੀਆਂ ਥਾਂਵਾਂ ਨੂੰ ਵੀ ਭੁੱਲ ਜਾਣ। ਪੰਜਾਬ ਦੇ ਜਿਹੜੇ ਲੋਕ ਵਧੇਰੇ ਖਰਚੇ ਕਰ ਕੇ ਮਹਿੰਗੀਆਂ ਥਾਂਵਾਂ ਦੇਖਣ ਨਹੀਂ ਜਾ ਸਕਦੇ ਉਹਨਾਂ ਨੂੰ ਇਹਨਾਂ ਥਾਂਵਾਂ ਤੇ ਜਾ ਕੇ ਹੀ ਪਤਾ ਲੱਗਦਾ ਹੈ ਕਿ ਇਹ ਥਾਂਵਾਂ ਵੀ ਕਿੰਨੀਆਂ ਦਿਲਕਸ਼ ਹਨ। ਕੁਦਰਤ ਦੀ ਨੇੜਤਾ ਦਾ ਅਹਿਸਾਸ ਕਰਾਉਣ ਵਾਲੀਆਂ ਇਹਨਾਂ ਬਹੁਤ ਸਾਰੀਆਂ ਥਾਂਵਾਂ ਦਾ ਪਤਾ ਆਮ ਲੋਕਾਂ ਨੂੰ ਹੁਣ ਕਿਤੇ ਜਾ ਕੇ ਉਹਨਾਂ ਯੂਟਿਊਬਰਾਂ ਅਤੇ ਸੁਤੰਤਰ ਵੀਡੀਓ ਪੱਤਰਕਾਰਾਂ ਦੀਆਂ ਪੋਸਟਾਂ ਤੋਂ ਲੱਗਿਆ ਹੈ ਜਿਨਾਂ ਨੂੰ ਦੂਰ ਦੁਰਾਡੇ ਘੁੰਮਣ ਦਾ ਵੀ ਸ਼ੌਂਕ ਹੁੰਦਾ ਹੈ ਅਤੇ ਆਪਣੇ ਸੂਬੇ ਦੀਆਂ ਥਾਂਵਾਂ ਦੇਖਣ ਦਾ ਵੀ। ਇਸ ਸਭ ਕੁਝ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੀ ਇਸ ਪਾਸੇ ਹੰਭਲਾ ਮਾਰਿਆ ਅਤੇ ਇਸ ਸਨਅਤ ਨੂੰ ਉਤਸ਼ਾਹਿਤ ਕਰਨ ਦੀ ਇੱਕ ਪੂਰੀ ਯੋਜਨਾ ਬਣਾਈ।  ਇਸ ਯੋਜਨਾਂ ਅਧੀਨ ਹੀ ਪੰਜਾਬ ਦੀ ਸੈਰ ਸਪਾਟਾ ਨੀਤੀ ਵਿੱਚ ਨਵੇਂ ਸਿਰਿਓਂ ਜਾਨ ਪਾਈ ਗਈ ਹੈ। ਪੰਜਾਬ ਦੇ ਸੰਤਾਪ ਗ੍ਰਸੇ ਦਹਾਕਿਆਂ ਦੌਰਾਨ ਲੋਕਾਂ ਇਸ ਪਾਸੇ ਰੂਚੀ ਹੀ ਖਤਮ ਹੋ ਗਈ ਲੱਗਦੀ ਸੀ। ਲੋਕ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਦੇਵੀ ਤਲਾਬ ਮੰਦਰ ਵਰਗੇ ਧਾਰਮਿਕ ਅਸਥਾਨਾਂ ਤੱਕ ਹੀ ਸੀਮਿਤ ਜਿਹੇ ਹੋ ਕੇ ਰਹੀ ਗਏ ਸਨ। ਪੰਜਾਬ ਦੇ ਹੀ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੀਆਂ ਬਹੁਤ ਸਾਰੀਆਂ ਥਾਂਵਾਂ ਦਾ ਨਹੀਂ ਪਤਾ। 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਵਾਏ ਜਾ ਰਹੇ ਪਹਿਲੇ ਪੰਜਾਬ ਟੂਰਿਜ਼ਮ ਸਮਿਟ ਅਤੇ  ਟਰੈਵਲ ਮਾਰਟ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹਨਾਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਜਾ ਚੁੱਕਿਆ ਹੈ। ਇਸ ਸਬੰਧੀ ਹੀ ਮੰਤਰੀ ਪੱਧਰ ਤੇ ਸਭ ਕੁਝ ਬੜੀ ਨੀਝ ਨਾਲ ਦੇਖਿਆ ਗਿਆ। ਇਹਨਾਂ ਤਿਆਰੀਆਂ ਦੇ ਮੁਕੰਮਲ ਉਕਤ ਪ੍ਰਗਟਾਵਾ ਸੈਰ ਸਪਾਟਾ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਵਲੋਂ ਕੀਤਾ ਗਿਆ। ਸੈਰ ਸਪਾਟਾ ਸਿਖਰ ਸੰਮੇਲਨ ਪੰਜਾਬ ਦੇ ਲੋਕਾਂ ਨੂੰ ਉਹਨਾਂ ਖਾਸ ਥਾਂਵਾਂ ਬਾਰੇ ਵੀ ਦੱਸੇਗਾ ਜਿਹਨਾਂ ਦੀ ਇਤਿਹਾਸਿਕ ਅਹਿਮੀਅਤ ਵੀ ਹੈ ਅਤੇ ਭੂਗੋਲਿਕ ਵੀ। 

ਉਨ੍ਹਾਂ ਦੱਸਿਆ ਕਿ ਪੰਜਾਬ ਟੂਰਿਜ਼ਮ ਸਨਅਤ ਦੇ  ਇਸ ਸਿਖਰ ਸੰਮੇਲਨ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿਚ ਵੀ ਭਾਰੀ ਉਤਸ਼ਾਹ ਹੈ, ਜਿਸ ਨਾਲ ਸੂਬੇ ਨੂੰ ਭਵਿੱਖ ਵਿਚ ਵੱਡੇ ਪੱਧਰ ਤੇ ਆਰਥਿਕ ਲਾਭ ਹੋਵੇਗਾ। ਉਹਨਾਂ ਪੰਜਾਬ ਸਰਕਾਰ ਵੱਲੋਂ ਮਿਤੀ 11 ਸਤੰਬਰ ਤੋਂ 13 ਸਤੰਬਰ 2023 ਤੱਕ ਮੋਹਾਲੀ ਦੇ ਸੈਕਟਰ 82 ਸਥਿਤ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਇਸ ਬਹੁਪੱਖੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਮੀਡੀਆ ਨਾਲ ਮੁਲਾਕਾਤ ਦੌਰਾਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ।

ਪੰਜਾਬ ਰਾਜ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਆਪਣੀ ਕਿਸਮ ਦੇ ਇਸ ਪਹਿਲੇ ਸਿਖਰ ਸੰਮੇਲਨ  ਬਾਰੇ ਜਾਣਕਾਰੀ ਦਿੰਦਿਆਂ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 11 ਸਤੰਬਰ 2023 ਨੂੰ ਸਵੇਰੇ 10:00 ਵਜੇ ਕਰਨਗੇ। ਇਸ ਤਰ੍ਹਾਂ ਇਹ ਦਿਨ ਆਪਣੇ ਆਪ ਵਿੱਚ ਇੱਕ ਨਵਾਂ ਇਤਿਹਾਸ ਰਚਣ ਵਾਲਾ ਦਿਨ ਵੀ ਬਣੇਗਾ। ਇਸ ਨਾਲ ਪੰਜਾਬ ਵਿਹਚਕ ਆਰਥਿਕ ਵਿਕਾਸ ਦੇ ਨਵੇਂ ਸੋਮੇ ਵੀ ਬਣਨਗੇ। 

ਉਨ੍ਹਾਂ ਦੱਸਿਆ ਕਿ ਇਸ ਸਿਖਰ ਸੰਮੇਲਨ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੈਰ ਸਪਾਟਾ ਖੇਤਰ ਅਤੇ ਸਨਅਤ ਤੇ ਆਧਾਰਿਤ ਟਰੈਵਲ ਮਾਰਟ ਦਾ ਉਦਘਾਟਨ ਵੀ ਕਰਨਗੇ। ਇਹ ਪੰਜਾਬ ਦੇ ਬਹੁਪੱਖੀ ਵਿਕਾਸ ਵਿੱਚ ਇੱਕ ਨਵੀਂ ਅਹਿਮੀਅਤ ਦਰਜ ਕਰਾਏਗਾ। 

ਇਸ ਹੋਣ ਵਾਲੇ ਉਦਘਾਟਨੀ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਮੰਤਰੀ ਨੇ ਦੱਸਿਆ ਕਿ ਇਸ ਸਿਖਰ ਸੰਮੇਲਨ ਵਿਚ ਸੈਰ ਸਪਾਟਾ ਉਦਯੋਗ ਨਾਲ ਜੁੜੀਆਂ 600 ਦੇ ਕਰੀਬ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ। ਇਹ ਦੇਸ਼ ਦੀਆਂ ਦੇਸ਼ ਦੀਆਂ ਉਹ ਅਹਿਮ ਹਸਤੀਆਂ ਹੋਣਗੀਆਂ ਜਿਹਨਾਂ ਨੇ ਇਸ ਪਾਸੇ ਬੇਹੱਦ ਯੋਗਦਾਨ ਦਿੱਤਾ ਹੈ। ਇਸ ਤੋਂ ਇਲਾਵਾ ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੀਆਂ।

ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦੇ ਲੋਕ ਨਾਚਾਂ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਸੰਮੀ ਨਾਚ, ਲੁੱਡੀ, ਝੂਮਰ, ਭੰਗੜੇ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾਕਟਰ ਨਿਵੇਦਿਤਾ ਅਤੇ ਭਾਈ ਅਵਤਾਰ ਸਿੰਘ ਬੋਦਲ ਵਲੋਂ ਸੰਗੀਤਕ ਪੇਸ਼ਕਾਰੀਆਂ ਵੀ ਕੀਤੀ ਜਾਵੇਗੀ।

ਅਨਮੋਲ ਗਗਨ ਮਾਨ ਨੇ ਪੰਜਾਬ ਵਾਸੀਆਂ ਨੂੰ  12 ਸਤੰਬਰ 2023 ਨੂੰ ਟਰੈਵਲ ਮਾਰਟ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਸ ਦੇ ਸ਼ੁਭ ਆਰੰਭ ਨਾਲ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ। 

ਇਸ ਉਦਘਾਟਨੀ ਸਮਾਰੋਹ ਤੋਂ ਬਾਅਦ ਪਲੈਨਰੀ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ। ਜਿਨ੍ਹਾਂ ਦਾ ਵਿਸ਼ਾ 'ਅੰਮ੍ਰਿਤਸਰ ਐਜ਼ ਏ ਵੈਡਿੰਗ ਡੈਸਟੀਨੇਸ਼ਨ', 'ਹੈਰੀਟੇਜ ਟੂਰਿਜ਼ਮ', 'ਈਕੋ ਐਂਡ ਫ਼ਾਰਮ ਟੂਰਿਜ਼ਮ', 'ਅੰਮ੍ਰਿਤਸਰ 'ਜ ਹਿੰਟਰਲੈਂਡ ਐਂਡ ਕਲੂਨਰੀ ਟੂਰਿਜ਼ਮ', 'ਵੈਲਨੈਸ ਟੂਰਿਜ਼ਮ ਅਤੇ ਮੀਡੀਆ ਤੇ ਐਂਟਰਟੇਨਮੈਂਟ ਟੂਰਿਜ਼ਮ, ਸ਼ਾਮਲ ਹਨ।

ਸੈਰ ਸਪਾਟਾ ਮੰਤਰੀ ਵਲੋਂ ਸਮਾਗਮ ਦੀਆਂ ਸਮੁੱਚੀਆਂ ਤਿਆਰੀਆਂ ਦਾ ਵੀ  ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ ਤੇ ਸੰਤੁਸ਼ਟੀ ਜਾਹਰ ਕੀਤੀ ਗਈ। ਇਸ ਤਰ੍ਹਾਂ ਪੰਜਾਬ ਵਿਚ ਸੈਰ ਸਪਾਟਾ ਇੱਕ ਨਵੀਂ ਸੰਤ ਵੱਜੋਂ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਏਗਾ। ਇਸਦੇ ਨਾਲ ਹੀ ਇਸ ਸਨਅਤ ਨਾਲ ਜੁੜਨ ਵਾਲੇ ਸਭ ਛੋਟੇ ਵੱਡੇ ਲੋਕਾਂ ਨੂੰ ਜਿੱਥੇ ਆਰਥਿਕ  ਫਾਇਦੇ ਪੁੱਜਣਗੇ ਉੱਥੇ ਉਹਨਾਂ ਦੇ ਬੌਧਿਕ ਅਤੇ ਅਧਿਆਤਮਕ ਵਿਕਾਸ ਵਿੱਚ ਵੀ ਤੇਜ਼ੀ ਆਏਗੀ। ਲੋਕਾਂ ਦੇ ਸੱਭਿਆਚਾਰਕ ਵਟਾਂਦਰਿਆਂ ਨਾਲ ਮਨੁੱਖੀ ਅੰਤਰੰਗਤਾ ਅਤੇ ਭਾਈਚਾਰੇ ਵਿੱਚ ਵੀ ਮਜ਼ਬੂਤੀ ਮਿਲੇਗੀ। 

No comments: