Showing posts with label Anmol Gagan Mann. Show all posts
Showing posts with label Anmol Gagan Mann. Show all posts

Sunday, September 10, 2023

ਲੋਕ ਸੈਰ ਸਪਾਟਾ ਸਿਖਰ ਸੰਮੇਲਨ ਵਿਚ ਵੱਧ ਚੜ੍ਹ ਕੇ ਪੁੱਜਣ-ਅਨਮੋਲ ਗਗਨ ਮਾਨ

Sunday10th September 2023 at 6:40 PM

ਪਹਿਲੇ ਪੰਜਾਬ ਟੂਰਿਜ਼ਮ ਸਿਖਰ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ

ਪੰਜਾਬ ਦੇ ਸੈਰ ਸਪਾਟਾ ਸਿਖਰ ਸੰਮੇਲਨ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿਚ ਭਾਰੀ ਉਤਸ਼ਾਹ


ਸਾਹਿਬਜ਼ਾਦਾ ਅਜੀਤ ਸਿੰਘ ਨਗਰ: 10 ਸਤੰਬਰ, 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ):: 

ਪੰਜਾਬ ਵਿੱਚ ਸੈਰ ਸਪਾਟੇ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਥਾਂਵਾਂ ਮੌਜੂਦ ਹਨ ਜਿਹਨਾਂ ਨੂੰ ਦੇਖ ਕੇ ਲੋਕ ਬਾਕੀਆਂ ਥਾਂਵਾਂ ਨੂੰ ਵੀ ਭੁੱਲ ਜਾਣ। ਪੰਜਾਬ ਦੇ ਜਿਹੜੇ ਲੋਕ ਵਧੇਰੇ ਖਰਚੇ ਕਰ ਕੇ ਮਹਿੰਗੀਆਂ ਥਾਂਵਾਂ ਦੇਖਣ ਨਹੀਂ ਜਾ ਸਕਦੇ ਉਹਨਾਂ ਨੂੰ ਇਹਨਾਂ ਥਾਂਵਾਂ ਤੇ ਜਾ ਕੇ ਹੀ ਪਤਾ ਲੱਗਦਾ ਹੈ ਕਿ ਇਹ ਥਾਂਵਾਂ ਵੀ ਕਿੰਨੀਆਂ ਦਿਲਕਸ਼ ਹਨ। ਕੁਦਰਤ ਦੀ ਨੇੜਤਾ ਦਾ ਅਹਿਸਾਸ ਕਰਾਉਣ ਵਾਲੀਆਂ ਇਹਨਾਂ ਬਹੁਤ ਸਾਰੀਆਂ ਥਾਂਵਾਂ ਦਾ ਪਤਾ ਆਮ ਲੋਕਾਂ ਨੂੰ ਹੁਣ ਕਿਤੇ ਜਾ ਕੇ ਉਹਨਾਂ ਯੂਟਿਊਬਰਾਂ ਅਤੇ ਸੁਤੰਤਰ ਵੀਡੀਓ ਪੱਤਰਕਾਰਾਂ ਦੀਆਂ ਪੋਸਟਾਂ ਤੋਂ ਲੱਗਿਆ ਹੈ ਜਿਨਾਂ ਨੂੰ ਦੂਰ ਦੁਰਾਡੇ ਘੁੰਮਣ ਦਾ ਵੀ ਸ਼ੌਂਕ ਹੁੰਦਾ ਹੈ ਅਤੇ ਆਪਣੇ ਸੂਬੇ ਦੀਆਂ ਥਾਂਵਾਂ ਦੇਖਣ ਦਾ ਵੀ। ਇਸ ਸਭ ਕੁਝ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੀ ਇਸ ਪਾਸੇ ਹੰਭਲਾ ਮਾਰਿਆ ਅਤੇ ਇਸ ਸਨਅਤ ਨੂੰ ਉਤਸ਼ਾਹਿਤ ਕਰਨ ਦੀ ਇੱਕ ਪੂਰੀ ਯੋਜਨਾ ਬਣਾਈ।  ਇਸ ਯੋਜਨਾਂ ਅਧੀਨ ਹੀ ਪੰਜਾਬ ਦੀ ਸੈਰ ਸਪਾਟਾ ਨੀਤੀ ਵਿੱਚ ਨਵੇਂ ਸਿਰਿਓਂ ਜਾਨ ਪਾਈ ਗਈ ਹੈ। ਪੰਜਾਬ ਦੇ ਸੰਤਾਪ ਗ੍ਰਸੇ ਦਹਾਕਿਆਂ ਦੌਰਾਨ ਲੋਕਾਂ ਇਸ ਪਾਸੇ ਰੂਚੀ ਹੀ ਖਤਮ ਹੋ ਗਈ ਲੱਗਦੀ ਸੀ। ਲੋਕ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਦੇਵੀ ਤਲਾਬ ਮੰਦਰ ਵਰਗੇ ਧਾਰਮਿਕ ਅਸਥਾਨਾਂ ਤੱਕ ਹੀ ਸੀਮਿਤ ਜਿਹੇ ਹੋ ਕੇ ਰਹੀ ਗਏ ਸਨ। ਪੰਜਾਬ ਦੇ ਹੀ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੀਆਂ ਬਹੁਤ ਸਾਰੀਆਂ ਥਾਂਵਾਂ ਦਾ ਨਹੀਂ ਪਤਾ। 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਵਾਏ ਜਾ ਰਹੇ ਪਹਿਲੇ ਪੰਜਾਬ ਟੂਰਿਜ਼ਮ ਸਮਿਟ ਅਤੇ  ਟਰੈਵਲ ਮਾਰਟ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹਨਾਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਜਾ ਚੁੱਕਿਆ ਹੈ। ਇਸ ਸਬੰਧੀ ਹੀ ਮੰਤਰੀ ਪੱਧਰ ਤੇ ਸਭ ਕੁਝ ਬੜੀ ਨੀਝ ਨਾਲ ਦੇਖਿਆ ਗਿਆ। ਇਹਨਾਂ ਤਿਆਰੀਆਂ ਦੇ ਮੁਕੰਮਲ ਉਕਤ ਪ੍ਰਗਟਾਵਾ ਸੈਰ ਸਪਾਟਾ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਵਲੋਂ ਕੀਤਾ ਗਿਆ। ਸੈਰ ਸਪਾਟਾ ਸਿਖਰ ਸੰਮੇਲਨ ਪੰਜਾਬ ਦੇ ਲੋਕਾਂ ਨੂੰ ਉਹਨਾਂ ਖਾਸ ਥਾਂਵਾਂ ਬਾਰੇ ਵੀ ਦੱਸੇਗਾ ਜਿਹਨਾਂ ਦੀ ਇਤਿਹਾਸਿਕ ਅਹਿਮੀਅਤ ਵੀ ਹੈ ਅਤੇ ਭੂਗੋਲਿਕ ਵੀ। 

ਉਨ੍ਹਾਂ ਦੱਸਿਆ ਕਿ ਪੰਜਾਬ ਟੂਰਿਜ਼ਮ ਸਨਅਤ ਦੇ  ਇਸ ਸਿਖਰ ਸੰਮੇਲਨ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿਚ ਵੀ ਭਾਰੀ ਉਤਸ਼ਾਹ ਹੈ, ਜਿਸ ਨਾਲ ਸੂਬੇ ਨੂੰ ਭਵਿੱਖ ਵਿਚ ਵੱਡੇ ਪੱਧਰ ਤੇ ਆਰਥਿਕ ਲਾਭ ਹੋਵੇਗਾ। ਉਹਨਾਂ ਪੰਜਾਬ ਸਰਕਾਰ ਵੱਲੋਂ ਮਿਤੀ 11 ਸਤੰਬਰ ਤੋਂ 13 ਸਤੰਬਰ 2023 ਤੱਕ ਮੋਹਾਲੀ ਦੇ ਸੈਕਟਰ 82 ਸਥਿਤ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਇਸ ਬਹੁਪੱਖੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਮੀਡੀਆ ਨਾਲ ਮੁਲਾਕਾਤ ਦੌਰਾਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ।

ਪੰਜਾਬ ਰਾਜ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਆਪਣੀ ਕਿਸਮ ਦੇ ਇਸ ਪਹਿਲੇ ਸਿਖਰ ਸੰਮੇਲਨ  ਬਾਰੇ ਜਾਣਕਾਰੀ ਦਿੰਦਿਆਂ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 11 ਸਤੰਬਰ 2023 ਨੂੰ ਸਵੇਰੇ 10:00 ਵਜੇ ਕਰਨਗੇ। ਇਸ ਤਰ੍ਹਾਂ ਇਹ ਦਿਨ ਆਪਣੇ ਆਪ ਵਿੱਚ ਇੱਕ ਨਵਾਂ ਇਤਿਹਾਸ ਰਚਣ ਵਾਲਾ ਦਿਨ ਵੀ ਬਣੇਗਾ। ਇਸ ਨਾਲ ਪੰਜਾਬ ਵਿਹਚਕ ਆਰਥਿਕ ਵਿਕਾਸ ਦੇ ਨਵੇਂ ਸੋਮੇ ਵੀ ਬਣਨਗੇ। 

ਉਨ੍ਹਾਂ ਦੱਸਿਆ ਕਿ ਇਸ ਸਿਖਰ ਸੰਮੇਲਨ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੈਰ ਸਪਾਟਾ ਖੇਤਰ ਅਤੇ ਸਨਅਤ ਤੇ ਆਧਾਰਿਤ ਟਰੈਵਲ ਮਾਰਟ ਦਾ ਉਦਘਾਟਨ ਵੀ ਕਰਨਗੇ। ਇਹ ਪੰਜਾਬ ਦੇ ਬਹੁਪੱਖੀ ਵਿਕਾਸ ਵਿੱਚ ਇੱਕ ਨਵੀਂ ਅਹਿਮੀਅਤ ਦਰਜ ਕਰਾਏਗਾ। 

ਇਸ ਹੋਣ ਵਾਲੇ ਉਦਘਾਟਨੀ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਮੰਤਰੀ ਨੇ ਦੱਸਿਆ ਕਿ ਇਸ ਸਿਖਰ ਸੰਮੇਲਨ ਵਿਚ ਸੈਰ ਸਪਾਟਾ ਉਦਯੋਗ ਨਾਲ ਜੁੜੀਆਂ 600 ਦੇ ਕਰੀਬ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ। ਇਹ ਦੇਸ਼ ਦੀਆਂ ਦੇਸ਼ ਦੀਆਂ ਉਹ ਅਹਿਮ ਹਸਤੀਆਂ ਹੋਣਗੀਆਂ ਜਿਹਨਾਂ ਨੇ ਇਸ ਪਾਸੇ ਬੇਹੱਦ ਯੋਗਦਾਨ ਦਿੱਤਾ ਹੈ। ਇਸ ਤੋਂ ਇਲਾਵਾ ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੀਆਂ।

ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦੇ ਲੋਕ ਨਾਚਾਂ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਸੰਮੀ ਨਾਚ, ਲੁੱਡੀ, ਝੂਮਰ, ਭੰਗੜੇ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾਕਟਰ ਨਿਵੇਦਿਤਾ ਅਤੇ ਭਾਈ ਅਵਤਾਰ ਸਿੰਘ ਬੋਦਲ ਵਲੋਂ ਸੰਗੀਤਕ ਪੇਸ਼ਕਾਰੀਆਂ ਵੀ ਕੀਤੀ ਜਾਵੇਗੀ।

ਅਨਮੋਲ ਗਗਨ ਮਾਨ ਨੇ ਪੰਜਾਬ ਵਾਸੀਆਂ ਨੂੰ  12 ਸਤੰਬਰ 2023 ਨੂੰ ਟਰੈਵਲ ਮਾਰਟ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਸ ਦੇ ਸ਼ੁਭ ਆਰੰਭ ਨਾਲ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ। 

ਇਸ ਉਦਘਾਟਨੀ ਸਮਾਰੋਹ ਤੋਂ ਬਾਅਦ ਪਲੈਨਰੀ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ। ਜਿਨ੍ਹਾਂ ਦਾ ਵਿਸ਼ਾ 'ਅੰਮ੍ਰਿਤਸਰ ਐਜ਼ ਏ ਵੈਡਿੰਗ ਡੈਸਟੀਨੇਸ਼ਨ', 'ਹੈਰੀਟੇਜ ਟੂਰਿਜ਼ਮ', 'ਈਕੋ ਐਂਡ ਫ਼ਾਰਮ ਟੂਰਿਜ਼ਮ', 'ਅੰਮ੍ਰਿਤਸਰ 'ਜ ਹਿੰਟਰਲੈਂਡ ਐਂਡ ਕਲੂਨਰੀ ਟੂਰਿਜ਼ਮ', 'ਵੈਲਨੈਸ ਟੂਰਿਜ਼ਮ ਅਤੇ ਮੀਡੀਆ ਤੇ ਐਂਟਰਟੇਨਮੈਂਟ ਟੂਰਿਜ਼ਮ, ਸ਼ਾਮਲ ਹਨ।

ਸੈਰ ਸਪਾਟਾ ਮੰਤਰੀ ਵਲੋਂ ਸਮਾਗਮ ਦੀਆਂ ਸਮੁੱਚੀਆਂ ਤਿਆਰੀਆਂ ਦਾ ਵੀ  ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ ਤੇ ਸੰਤੁਸ਼ਟੀ ਜਾਹਰ ਕੀਤੀ ਗਈ। ਇਸ ਤਰ੍ਹਾਂ ਪੰਜਾਬ ਵਿਚ ਸੈਰ ਸਪਾਟਾ ਇੱਕ ਨਵੀਂ ਸੰਤ ਵੱਜੋਂ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਏਗਾ। ਇਸਦੇ ਨਾਲ ਹੀ ਇਸ ਸਨਅਤ ਨਾਲ ਜੁੜਨ ਵਾਲੇ ਸਭ ਛੋਟੇ ਵੱਡੇ ਲੋਕਾਂ ਨੂੰ ਜਿੱਥੇ ਆਰਥਿਕ  ਫਾਇਦੇ ਪੁੱਜਣਗੇ ਉੱਥੇ ਉਹਨਾਂ ਦੇ ਬੌਧਿਕ ਅਤੇ ਅਧਿਆਤਮਕ ਵਿਕਾਸ ਵਿੱਚ ਵੀ ਤੇਜ਼ੀ ਆਏਗੀ। ਲੋਕਾਂ ਦੇ ਸੱਭਿਆਚਾਰਕ ਵਟਾਂਦਰਿਆਂ ਨਾਲ ਮਨੁੱਖੀ ਅੰਤਰੰਗਤਾ ਅਤੇ ਭਾਈਚਾਰੇ ਵਿੱਚ ਵੀ ਮਜ਼ਬੂਤੀ ਮਿਲੇਗੀ। 

Wednesday, December 07, 2022

ਅਨਮੋਲ ਗਗਨ ਮਾਨ ਵੱਲੋਂ ਨਗਰ ਕੌਂਸਲ ਖਰੜ੍ਹ ਦੀ ਅਚਨਚੇਤ ਚੈਕਿੰਗ

7th December 2022 at 6:33 PM

ਗੈਰ-ਕਾਨੂੰਨੀ ਉਸਾਰੀਆਂ ਦੀ ਪੜਤਾਲ ਕਰਕੇ ਢਾਹੁਣ ਦੇ ਦਿੱਤੇ ਹੁਕਮ

*ਲੋਕਾਂ ਨੂੰ ਬਿਲਡਰਾਂ ਤੋਂ ਖਰੀਦੀ ਜਾਇਜ਼ਾਦ 'ਚ ਰਹਿਦੀਆਂ ਸਹੂਲਤਾਂ ਲਈ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ–ਅਨਮੋਲ ਗਗਨ ਮਾਨ*ਨਜਾਇਜ਼ ਉਸਾਰੀਆਂ ਵਿਰੁੱਧ ਹੁਣ ਸਖਤੀ ਦੀ ਤਿਆਰੀ *ਹਲਕਾ ਖਰੜ੍ਹ ਵਿੱਚ ਪਿਛਲੇ ਪੰਜਾਂ ਸਾਲਾਂ ਦੌਰਾਨ ਬਣੀਆਂ ਨਜਾਇਜ਼ ਉਸਾਰੀ ਵਾਲੀਆਂ ਸਾਰੀਆਂ ਇਮਾਰਤਾਂ ਦਾ ਵੇਰਵਾ ਵੀ  ਨਾਲ ਹੀ ਮੰਗਿਆ  

ਐਸ.ਏ.ਐਸ ਨਗਰ: 7 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਨਗਰ ਕੌਂਸਲ ਖਰੜ੍ਹ ਜਿਲ੍ਹਾ ਐਸ.ਏ.ਐਸ ਨਗਰ ਦੀ ਅਚਨਚੇਤ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਹਲਕਾ ਖਰੜ੍ਹ ਦੇ ਸ਼ਹਿਰ ਵਿੱਚ ਉਸਾਰੀ ਅਧੀਨ ਗੈਰ ਕਾਨੂੰਨੀ ਇਮਾਰਤਾਂ ਨੂੰ ਤੁਰੰਤ ਢਾਹੁਣ ਦੇ ਹੁਕਮ ਦਿੱਤੇ । ਇਸ ਮੌਕੇ ਐਸ.ਡੀ.ਐਮ ਸ੍ਰੀ ਰਵਿੰਦਰ ਸਿੰਘ ਅਤੇ ਨਗਰ ਕੌਂਸਲ ਖਰੜ੍ਹ ਦੇ ਕਾਰਜ਼ ਸਾਧਕ ਅਫ਼ਸਰ ਸ੍ਰੀ ਮਨਵੀਰ ਸਿੰਘ ਗਿੱਲ ਹਾਜ਼ਰ ਸਨ। 

ਵਧੇਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਅੱਜ ਨਗਰ ਕੌਸ਼ਲ ਖਰੜ੍ਹ ਦੀ ਚੈਕਿੰਗ ਕੀਤੀ ਗਈ ਹੈ ਅਤੇ ਇਥੋਂ ਦੇ ਰਿਕਾਰਡ ਨੂੰ ਚੈੱਕ ਕਰਨ ਤੇ ਪਾਇਆ ਗਿਆ ਕਿ ਹਲਕਾ ਖਰੜ੍ਹ ਸ਼ਹਿਰ ਵਿੱਚ ਕੁੱਝ ਨਾਜਾਇਜ਼ ਉਸਾਰੀਆਂ ਲਈ ਵੀ ਕਮੇਟੀ ਵੱਲੋਂ ਨਕਸ਼ੇ ਪਾਸ ਕੀਤੇ ਗਏ ਸਨ, ਇਸ ਸਬੰਧੀ ਪੂਰੀ ਰਿਪਰੋਟ ਮੰਗੀ ਗਈ ਹੈ । ਉਨ੍ਹਾਂ ਐਸ.ਡੀ.ਐਮ ਖਰੜ੍ਹ ਨੂੰ ਹਦਾਇਤ ਕੀਤੀ ਕਿ ਬਿਲਡਰਾਂ ਵੱਲੋਂ ਲੋਕਾਂ ਨੂੰ ਜ਼ਮੀਨ-ਜਾਈਜਾਦ ਵੇਚਣ ਸਮੇਂ ਨਕਸ਼ੇ ਵਿੱਚ ਦਰਸਾਈਆਂ ਸਹੂਲਤਾਂ ਨੂੰ ਅਮਲ ਵਿੱਚ ਲਿਆਇਆ ਜਾਵੇ ਅਤੇ ਕਮੇਟੀ ਗਠਿਤ ਕਰਕੇ ਕਾਰਵਾਈ ਕੀਤੀ ਜਾਵੇ। 

ਇਸ ਤੋਂ ਇਲਾਵਾ ਉਨ੍ਹਾਂ ਖਰੜ੍ਹ ਸ਼ਹਿਰ ਵਿੱਚ ਉਸਾਰੀ ਅਧੀਨ ਗੈਰ ਕਾਨੂੰਨੀ ਇਮਾਰਤਾਂ ਨੂੰ ਤੁਰੰਤ ਢਾਹੁਣ ਲਈ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਇਮਾਰਤਾਂ ਦੇ ਨਿਰਮਾਣ ਲਈ ਕਮੇਟੀ ਵੱਲੋਂ ਪਾਸ ਕੀਤੇ ਨਕਸ਼ਿਆ ਦੀ ਪੜਤਾਲ ਕੀਤੀ ਜਾਵੇਗੀ ਅਤੇ ਪੜਤਾਲ ਦੌਰਾਨ ਸਾਹਮਣੇ ਆਈਆਂ ਨਜਾਇਜ਼ ਉਸਾਰੀਆਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾਂ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆ ਕਿਹਾ ਕਿ ਕੋਈ ਵੀ ਨਕਸ਼ਾ ਕਾਨੂੰਨੀ ਗਾਇਡ ਲਾਇਨਜ਼ ਤੋਂ ਬਿਨਾਂ ਪਾਸ ਨਹੀਂ ਹੋਣਾ ਚਾਹੀਦਾ । ਉਨ੍ਹਾਂ ਕਿਹਾ ਖਰੜ੍ਹ ਸ਼ਹਿਰ ਵਿੱਚ ਜਿਨ੍ਹਾਂ ਵੀ ਅਧਿਕਾਰੀਆਂ ਵੱਲੋਂ ਪ੍ਰਾਇਵੇਟ ਬਿਲਡਰਾਂ ਨਾਲ ਮਿਲ ਕੇ ਗੈਰ ਕਾਨੂੰਨੀ ਅਤੇ ਸਰਕਾਰ ਦੀਆਂ ਹਦਾਇਤਾ ਦੀ ਉਲੰਘਣਾ ਕਰਕੇ ਬਣਾਈਆਂ ਨਜ਼ਾਇਜ ਉਸਾਰੀਆਂ ਲਈ ਜਿੰਮੇਵਾਰ ਹੋਣਗੇ ਉਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਪੱਧਰ ਤੇ ਵੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਉਥੇ ਮੌਜੂਦ ਖਰੜ੍ਹ ਦੇ ਨਾਗਰਿਕਾਂ ਵੱਲੋਂ ਨਿੱਤ ਆਉਦੀਆਂ ਮੁਸ਼ਕਲਾਂ ਬਾਰੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਅਤੇ ਕੈਬਨਿਟ ਮੰਤਰੀ ਵੱਲੋਂ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।