Wednesday, August 30, 2023

ਕਿਓਂ ਕੀਤਾ ਗਿਆ ਸੀ SYL ਦੇ ਮੁੱਖ ਦਫਤਰ ਵਿੱਚ ਦੋ ਇੰਜੀਨੀਅਰਾਂ ਦਾ ਕਤਲ?

ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸਿੱਖ ਸੰਘਰਸ਼ ਦਾ ਇਤਿਹਾਸਿਕ ਐਕਸ਼ਨ 


ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ): 29 ਅਗਸਤ 2023: (ਮੀਡੀਆ ਲਿੰਕ-32//ਪੰਜਾਬ ਸਕਰੀਨ ਡੈਸਕ)::

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਪੈਂਦੇ ਵਾਈਪੀਐਸ ਚੌਂਕ ਵਿੱਚ ਚੱਲਦੇ ਕੌਮੀ ਇਨਸਾਫ ਮੋਰਚੇ ਦੀ ਕਵਰੇਜ ਦੌਰਾਨ ਦੋ ਸਤੰਬਰ 2023 ਨੂੰ ਅਤੀਤ ਦੀਆਂ ਗੱਲਾਂ ਯਾਦ ਕਰਦਿਆਂ ਬਹੁਤ ਕੁਝ ਯਾਦ ਆਇਆ। ਇਹ ਵੀ ਸੁਆਲ ਬਾਰ ਬਾਰ ਮਨ ਵਿੱਚ ਆਇਆ ਕਿ ਪੰਥ ਦੀ ਇਹ ਲੜਾਈ ਕੀ ਸੀ ਅਤੇ ਕੀ ਬਣਦੀ ਜਾ ਰਹੀ ਹੈ। ਪੰਥ ਦੀ ਇਸ ਲੜਾਈ ਵਿਚ ਗੈਰ ਪੰਥਕ ਸੰਗਠਨ ਸ਼ਾਮਲ ਕਿਓਂ ਨਹੀਂ ਹੋ ਰਹੇ? ਬੰਦੀ ਸਿੰਘਾਂ ਦੀ ਰਿਹਾਈ ਵਾਲੀ ਮੰਗ ਕਿਵੇਂ ਗਲਤ ਹੈ? ਸਮਾਜ ਦੇ ਸਮੂਹ ਵਰਗਾਂ ਦੇ ਲੋਕਾਂ ਵਿੱਚ ਬੰਦੀ ਸਿੰਘਾਂ ਲਈ ਹਮਦਰਦੀ ਕਿਓਂ ਨਹੀਂ ਜਾਗ ਰਹੀ? ਕੀ ਪੰਜਾਬ ਦੇ ਪਾਣੀਆਂ ਅਤੇ ਹੋਰ ਹੱਕਾਂ ਦੀ ਲੜਾਈ ਸਿਰਫ ਸਿੱਖਾਂ ਲਈ ਤਾ ਨਹੀਂ ਸੀ ਲੜੀ ਗਈ?

ਇਹ ਬੜੀ ਸਪਸ਼ਟ ਗੱਲ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਲੜੀ ਗਈ ਲੜਾਈ ਕਦੇ ਵੀ ਫਿਰਕੂ ਨਹੀਂ ਰਹੀ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅਜਿਹਾ ਸੋਚ ਵੀ ਨਹੀਂ ਸਕਦੀ। ਪੰਜਾਬ ਦੇ ਪੰਥਕ ਲੀਡਰ ਕਈ ਵਾਰ ਮੰਗਾਂ ਵੀ ਕਰਦੇ ਰਹੇ ਕਿ ਬੱਸਾਂ ਵਿੱਚੋਂ ਬੰਦੇ ਕੱਢ ਕੱਢ ਕੇ ਬੰਦੇ ਮਾਰਨ ਦਾ ਕੰਮ ਕਿਸਦਾ ਸੀ? ਇਸ ਦੀ ਜੁਡੀਸ਼ਲ ਜਾਂਚ ਕਰਾਈ ਜਾਣੀ ਚਾਹੀਦੀ ਹੈ ਪਰ ਫਿਰਕੂ ਨਾਅਰਿਆਂ ਦੇ ਸ਼ੋਰ ਸ਼ਰਾਬਿਆਂ ਵਿਚ ਪੰਜਾਬ ਦੇ ਹੱਕਾਂ ਅਤੇ ਆਰਥਿਕ ਮਸਲਿਆਂ ਦੀ ਹਕੀਕਤ ਨੂੰ ਲੋਕਾਂ ਦੀ ਨਜ਼ਰ ਤੋਂ ਜਾਣਬੁਝ ਕੇ ਓਹਲੇ ਕੀਤਾ ਜਾ ਰਿਹਾ ਸੀ। ਰਾਜਧਾਨੀ ਚੰਡੀਗੜ੍ਹ ਦੇ ਨਾਲ ਨਾਲ ਵੱਡਾ ਮਸਲਾ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਵੀ ਸੀ। ਇਸਦੇ ਖਿਲਾਫ ਜਾਗੇ ਰੋਹ ਅਤੇ ਰੋਸ ਨੂੰ ਫਿਰਕੂ ਰੰਗਤ ਦੇ ਕੇ ਸਿੱਖਾਂ ਅਤੇ ਪੰਜਾਬੀਆਂ  ਨੂੰ ਲਗਾਤਾਰ ਬਦਨਾਮ ਕੀਤਾ ਜਾਂਦਾ ਰਿਹਾ ਸੀ। 

ਮੁੱਖ ਇੰਜੀਨੀਅਰ ਐੱਮ.ਐੱਸ.ਸੀਕਰੀ ਅਤੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਨੂੰ ਮਾਰੀ ਗਈ ਗੋਲੀ ਪੰਜਾਬ ਦੇ ਪਾਣੀਆਂ ਦੀ ਲੁੱਟ ਦੇ ਖਿਲਾਫ ਲਿਆ ਗਿਆ ਸਿਆਸੀ ਐਕਸ਼ਨ ਹੀ ਸੀ ਨਾ ਕਿ ਕੋਈ ਫਿਰਕੂ ਨਿਸ਼ਾਨਾ। 

ਪਾਣੀਆਂ ਦੀ ਗੱਲ ਤੁਰੀ ਹੈ ਤਾਂ ਪੰਜਾਬ ਦੇ ਖੋਜੀ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੀ ਇਹ ਵੀਡੀਓ ਰਿਪੋਰਟ ਵੀ ਦੇਖ ਲਓ।  ਫਿਰ ਜ਼ਰਾ ਸੋਚੋ ਆਪਾਂ ਹੁਣ ਕਿਸ ਸਥਿਤੀ ਵਿੱਚ ਹਾਂ। ਕੀ ਅਸੀਂ ਵੀ ਜਲ, ਜੰਗਲ ਅਤੇ ਜ਼ਮੀਨ ਦੀ ਰਾਖੀ ਦਾ ਅੰਦੋਲਨ ਚਲਾ ਸਕਾਂਗੇ?

ਇਸੇ ਸਿਲਸਿਲੇ ਵਿੱਚ ਹੀ ਭਾਈ ਬਲਵਿੰਦਰ ਸਿੰਘ ਜਟਾਣਾ ਬੱਬਰ ਅਤੇ ਭਾਈ ਚਰਨਜੀਤ ਸਿੰਘ ਚੰਨਾ ਬੱਬਰ ਨੂੰ 4 ਸਤੰਬਰ 1991 ਨੂੰ ਪੰਜਾਬ ਪੁਲਿਸ ਵਲੋਂ ਸ਼ਹੀਦ ਕੀਤਾ ਗਿਆ ਸੀ। ਇਹ ਅਸਲ ਵਿਚ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦੇ ਹੀ ਸ਼ਹੀਦ ਹੋਏ ਸਨ। ਪੰਜਾਬ ਨਾਲ ਹੁੰਦੀਆਂ ਆਰਥਿਕ ਵਧੀਕੀਆਂ ਨੂੰ ਨਜ਼ਰ ਅੰਦਾਜ਼ ਕਰਨ ਦੀ ਖਤਰਨਾਕ ਸੋਚ ਜਾਣੇ ਅਣਜਾਣੇ ਵਿਚ ਅਜੇ ਵੀ ਜਾਰੀ ਹੈ। 

ਅੱਜ ਜਿਹੜੇ ਮਸਲੇ ਸਾਹਮਣੇ ਆਉਣ ਲੱਗੇ ਹਨ ਉਹਨਾਂ ਵਿੱਚ ਪਾਣੀਆਂ  ਦਾ ਮਸਲਾ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਇਆ ਹੈ .ਜਦੋਂ ਕੁਝ ਦਹਾਕੇ ਪਹਿਲਾਂ ਪੰਜਾਬ ਦੇ ਹਿਤੈਸ਼ੀਆਂ ਨੇ ਪਾਣੀਆਂ ਬਾਰੇ ਆਪਣੀਆਂ ਚਿੰਤਾਵਾਂ ਅਤੇ ਖਦਸ਼ਿਆਂ ਦਾ ਪ੍ਰਗਟਾਵਾ ਕੀਤਾ ਸੀ ਤਾਂ ਉਦੋਂ ਇਹਨਾਂ ਗੰਭੀਰ ਗੱਲਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਸੀ ਲਿਆ ਗਿਆ। ਹੁਣ ਜਦੋਂ ਪੀਣ ਵਾਲਾ ਸਾਡੇ ਬਾਜ਼ਾਰਾਂ ਵਿਚ ਦਿਨ ਪ੍ਰਤੀ ਦਿਨ ਮਹਿੰਗਾ ਹੋਣ ਲੱਗ ਪਿਆ ਹੈ ਅਤੇ ਨਹਾਉਣ, ਧੋਣ, ਸਫਾਈ ਅਤੇ ਹੋਰ ਸਬੰਧਤ ਲੋੜਾਂ ਪੀ ਪਾਣੀ ਦੇ ਟੈੰਕਰ ਮੂਲ ਵਿਕਣ ਲੱਗ ਪੈ ਹਨ ਤਾਂ ਯਾਦ ਆ ਰਹੀਆਂ ਹਨ ਉਹ ਗੱਲਾਂ ਜਦੋਂ ਪਾਣੀਆਂ ਦੀ ਲੁੱਟ ਸਿਖਰਾਂ ਛੂਹਣ ਲੱਗ ਪਈ ਸੀ ਪਰ ਅਸੀਂ ਪਤਾ ਨਹੀਂ ਕਿਹੜੀ ਘੂਕੀ ਵਿਚ ਸੁੱਤੇ ਪਏ ਸਾਂ। ਅਜੇ  ਜਿਹੜੇ ਬਲਵਿੰਦਰ ਸਿੰਘ ਜਟਾਣਾ ਅਤੇ ਉਸਦੇ ਹੋਰ  ਸਾਥੀਆਂ ਦੀ ਗੱਲ ਕਰਦੇ ਹਨ ਜਾਂ ਦਿਨ ਮਨਾਉਂਦੇ ਹਨ ਤਾਂ ਉਹਨਾਂ ਨੂੰ ਯਾਦ ਕਰਾਉਣਾ ਚਾਹੀਦਾ ਹੈ ਕਿ ਇਹ ਲੜਾਈ ਕਿਸੇ ਵੀ ਤਰ੍ਹਾਂ ਵੱਖਵਾਦ ਦੀ ਲੜਾਈ ਨਹੀਂ ਸੀ ਸਿਰਫ ਪੰਜਾਬ ਦੇ ਹੱਕਾਂ ਦੀ ਲੜਾਈ ਸੀ। 

ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਬੱਬਰ ਖਾਲਸਾ ਖਾਲਸਾ ਨਾਲ ਸਬੰਧਤ ਸੀ ਅਤੇ ਪੰਜਾਬ ਦੇ ਹੱਕਾਂ ਬਾਰੇ ਸੁਚੇਤ ਵੀ ਸੀ। ਉਸਨੇ ਕਦੇ ਕਿਸੇ ਬਿਨਾ ਕਿਸੇ ਕਾਰਨ ਕਿਸੇ ਨੂੰ ਨਿਸ਼ਾਨਾ ਨਹੀਂ ਸੀ ਬਣਾਇਆ। 

ਚੇਤੇ ਰਹੇ ਕਿ ਸੋਸ਼ਲ ਮੀਡੀਆ ਅਤੇ ਹੋਰਨਾਂ ਥਾਂਵਾਂ ਤੇ ਵੀ ਇਸ ਸਾਰੇ ਘਟਨਾਕ੍ਰਮ ਬਾਰੇ ਬਹੁਤ ਕੁਝ ਛਪਿਆ ਸੀ। ਖਾੜਕੂ ਸੰਘਰਸ਼ ਦੌਰਾਨ ਹਜ਼ਾਰਾਂ ਸਿੱਖ ਜੁਝਾਰੂਆਂ ਨੇ ਸ਼ਹੀਦੀਆਂ ਪਾਈਆਂ ਹਨ। ਇਸ ਲੰਮੀ ਸੂਚੀ ਵਿਚੋਂ ਬਹੁਤ ਸਾਰੇ ਜੁਝਾਰੂ ਕਿਸੇ ਅਹਿਮ ਕਾਰਨਾਮੇ ਨੂੰ ਅੰਜ਼ਾਮ ਦੇਣ ਕਾਰਨ ਸਿੱਖ ਮਾਨਸਿਕਤਾ ਨੂੰ ਬਾਰ-ਬਾਰ ਪ੍ਰਭਾਵਿਤ ਕਰਦੇ ਰਹੇ ਹਨ।ਜਦੋਂ ਵੀ ਇਹ ਮੁੱਦਾ ਉੱਠਦਾ ਹੈ ਤਾਂ ਆਪ-ਮੁਹਾਰੇ ਉਸ ਮੁੱਦੇ ਨਾਲ ਸੰਬੰਧਤ ਜੁਝਾਰੂ ਦਾ ਜ਼ਿਕਰ ਵੀ ਆ ਜਾਂਦਾ ਹੈ।ਪੰਜਾਬ ਅੰਦਰ ਇਹਨੀਂ ਦਿਨੀਂ ਦਰਿਆਈ ਪਾਈਆਂ ਦਾ ਮਸਲਾ ਭਖਿਆ ਹੈ।ਇਹ ਸਲਾ ਅਰੰਭ ਤੋਂ ਹੀ ਪੰਜਾਬ ਦੀ ਸਿਆਸਤ ਵਿਚ ਉੱਥਲ-ਪੁੱਥਲ ਮਚਾਉਂਦਾ ਰਿਹਾ ਹੈ।ਜਿਸ ਸਤਲੁਜ-ਜਮਨਾ ਲਿੰਕ ਨਹਿਰ ਦੀ ਨੀਂਹ ਇੰਦਰਾ ਗਾਂਧੀ ਨੇ ਰੱਖੀ aਤੇ ਜਿਸ ਦੀ ਬਰਨਾਲਾ ਸਾਰਕਾਰ ਨੇ ਉਸਾਰੀ ਸ਼ੁਰੂ ਕਰਵਾਈ,ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਜੁਝਾਰੂਆਂ ਨੇ ਨਿਭਾਈ। ਗੱਲ 23 ਜੁਲਾਈ 1990 ਦੀ ਹੈ।ਸਵੇਰ ਦੇ 10:30 ਵਜੇ ਦਾ ਵਕਤ ਸੀ। ਚੰਡੀਗੜ੍ਹ ਦੇ ਸੈਕਟਰ 26 ਵਿਚ ਐੱਸ.ਵਾਈ.ਐੱਲ.ਦੇ ਮੁੱਖ ਦਫ਼ਤਰ ਵਿਚ ਦਫ਼ਤਰੀ ਅਮਲਾ ਕੰਮਾਂ-ਕਾਰਾਂ ਵਿਚ ਰੁੱਝਾ ਹੋਇਆ ਸੀ। ਦੂਜੀ ਮੰਜ਼ਿਲ ਦੇ ਇਕ ਕਮਰੇ ਵਿਚ ਅਫ਼ਸਰਾਂ ਦੀ ਮੀਟਿੰਗ ਚੱਲ ਰਹੀ ਸੀ। ਇਸ ਮੌਕੇ ਚਾਰ ਜੁਝਾਰੂ ਸਿੰਘ ਸਕੂਟਰਾਂ ਉਪਰ ਇਸ ਦਫ਼ਤਰ ਪਹੁੰਚੇ। ਦੂਜੀ ਮੰਜ਼ਿਲ ਤੇ ਪਹੁੰਚ ਕੇ ਜਿਉਂ ਹੀ ਇਹ ਮੀਟਿੰਗ ਵਾਲੇ ਕਮਰੇ ਵੱਲ ਵਧੇ ਤਾਂ ਸੇਵਾਦਾਰ ਭੋਲਾ ਪ੍ਰਸ਼ਾਦ ਨੇ ਇਹਨਾਂ ਜੁਝਾਰੂਆਂ ਨੂੰ ਰੋਕਿਆ। ਸਿੰਘਾਂ ਦੇ ਹੱਥਾਂ ਵਿਚ ਸਾਇਲੈਂਸਰ ਲੱਗੇ ਪਿਸਤੌਲ ਵੇਖ ਕੇ ਸੇਵਾਦਾਰ ਘਬਰਾ ਗਿਆ ਤੇ ਉਸ ਨੇ ਪਿੱਛੇ ਨੂੰ ਭੱਜ ਇਕ ਦਮ ਦੂਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ। ਸਕਿੰਟਾਂ ਵਿਚ ਹੀ ਸਾਰੇ ਸਿੰਘ ਮੀਟਿੰਗ ਵਾਲੇ ਕਮਰੇ ਵਿਚ ਦਾਖਲ ਹੋਏ ਅਤੇ ਐੱਸ.ਵਾਈ.ਐੱਲ.ਦੇ ਮੁੱਖ ਇੰਜੀਨੀਅਰ ਐੱਮ.ਐੱਸ.ਸੀਕਰੀ ਨੂੰ ਗੋਲੀ ਮਾਰ ਦਿੱਤੀ। ਇਸ ਮੌਕੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਵੀ ਮਾਰਿਆ ਗਿਆ। ਸਾਰੇ ਸਿੰਘ ਆਰਾਮ ਨਾਲ ਦਫ਼ਤਰੋਂ ਨਿਕਲੇ ਤੇ ਸਕੂਟਰਾਂ ਉਪਰ ਸਵਾਰ ਹੋ ਕੇ ਫ਼ਰਾਰ ਹੋ ਗਏ।ਪੰਜਾਬ ਦੇ ਪਾਣੀਆਂ ਦੀ ਲੁੱਟ ਦੇ ਖਿਲਾਫ ਇਹ ਹਥਿਆਰਬੰਦ ਐਕਸ਼ਨ ਸੀ। 

ਇਹ ਸਤਲੁਜ ਯਮੁਨਾ ਲਿੰਕ ਨਹਿਰ ਵਾਲੇ ਪ੍ਰੋਜੈਕਟ ਤੇ ਸਿੱਧਾ ਸਪਸ਼ਟ ਹਮਲਾ ਸੀ। ਇਸ ਐਕਸ਼ਨ ਮਗਰੋਂ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਥੈ ਸ਼ਤਲੁਜ-ਯਮੁਨਾ ਲਿੰਕ ਨਹਿਰ ਦਾ ਕੰਮ ਤੁਰੰਤ ਬੰਦ ਹੋ ਗਿਆ।ਨਹਿਰ ਦੀ ਉਸਾਰੀ ਰੋਕਣ ਲਈ ਇਹ ਕਾਰਨਾਮਾ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਉਸ ਦੇ ਸਾਥੀਆਂ ਨੇ ਕੀਤਾ ਸੀ।ਪਤਾ ਲੱਗਿਆ ਹੈ ਕਿ ਭਾਈ ਜਗਤਾਰ ਸਿੰਘ ਪੰਜੋਲਾ,ਭਾਈ ਬਲਬੀਰ ਸਿੰਘ ਫ਼ੌਜੀ ਮਕਰੋੜ ਅਤੇ ਭਾਈ ਹਰਮੀਤ ਸਿੰਘ ਭਾਊਵਾਲ ਨੇ ਇਸ ਕਾਰਵਾਈ ਵਿਚ ਉਸ ਦਾ ਸਾਥ ਦਿੱਤਾ ਸੀ। ਇਸ ਤਰ੍ਹਾਂ ਇਸ ਹਿੰਸਾ ਦੇ ਸਿਆਸੀ ਪਹਿਲੂ ਅਤੇ ਨਿਸ਼ਾਨੇ ਵੀ ਸਾਹਮਣੇ ਆਏ ਸਨ। 

ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡ ਜਟਾਣੇ ਦਾ ਇਹ ਨੌਜਵਾਨ ਐੱਮ.ਏ.ਦੀ ਪੜ੍ਹਾਈ ਵਿਚੇ ਛੱਡ ਕੇ ਸਿੱਖ ਸੰਘਰਸ਼ ਵਿਚ ਕੁੱਦਿਆ ਸੀ।ਉਸ ਦੀ ਦ੍ਰਿਢ੍ਹਤਾ,ਲਗਨ,ਸਪੱਸ਼ਟਤਾ ਅਤੇ ਗੁਰਸਿੱਖੀ ਵਾਲਾ ਜੀਵਨ ਵੇਖ ਕੇ ਬੱਬਰ ਖਾਲਸਾ ਨੇ ਉਸ ਨੂੰ ਮਾਲਵੇ ਦਾ ਮੁਖੀ ਥਾਪਿਆ ਸੀ।ਦਰਮਿਆਨੇ ਕੱਦ ਵਾਲਾ ਭਾਈ ਬਲਵਿੰਦਰ ਸਿੰਘ ਖਾੜਕੂ ਸਫ਼ਾਂ ਵਿਚ ਬਹੁਤ ਹਰਮਨ ਪਿਆਰਾ ਸੀ।ਆਗੂ ਵਾਲੇ ਸਾਰੇ ਗੁਣ ਵਾਹਿਗੁਰੂ ਨੇ ਉਸ ਅੰਦਰ ਖੁੱਲ੍ਹੇ ਦਿਲ ਨਾਲ ਬਖਸ਼ੇ ਸਨ।

ਭਾਈ ਬਲਵਿੰਦਰ ਸਿੰਘ ਦੀ ਲਹਿਰ ਪ੍ਰਤੀ ਦ੍ਰਿੜ੍ਹਤਾ ਕਾਰਨ ਪੁਲਿਸ ਹੱਥ ਧੋ ਕੇ ਉਸ ਦੇ ਮਗਰ ਪੈ ਗਈ ਦਬਾਅ ਪਾਉਣ ਲਈ ਉਸ ਦੇ ਪਰਿਵਾਰ ਨੂੰ ਹਰ ਰੋਜ਼ ਥਾਣਿਆਂ ਵਿਚ ਘੜੀਸਿਆਂ ਜਾਂਦਾ ਰਿਹਾ।ਸਰਕਾਰ ਨੇ ਉਸ ਦੇ ਸਿਰ ਦਾ ਮੁੱਲ ੧੬ ਲੱਖ ਰੁਪਏ ਰੱਖ ਦਿੱਤਾ,ਪਰ ਇਹਨਾਂ ਗੱਲਾਂ ਦੀ ਸੂਰਮੇ ਕੀ ਪ੍ਰਵਾਹ ਕਰਦੇ ਚਨ? ਭਾਈ ਜਟਾਣਾ ਗੁਪਤ ਜੀਵਨ ਦੀਆਂ ਬਾਰੀਕੀਆਂ aਤੇ ਪੈਂਤੜਿਆਂ ਤੋਂ ਜਾਣੂ ਸੀ।ਉਹ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦਾ ਸੀ।

ਇਸੇ ਤਰ੍ਹਾਂ ਭਾਈ ਚਰਨਜੀਤ ਸਿੰਘ ਚੰਨਾ, ਬਾਈ ਹਰਮੀਤ ਸਿੰਘ ਭਾਊਵਾਲ, ਭਾਈ ਜਸਵਿੰਦਰ ਸਿੰਘ ਕਾਲਾ ਭਾਊਵਾਲ, ਭਾਈ ਭਗਤ ਸਿੰਘ ਭਗਤਾ ਰੋਪੜ, ਭਾਈ ਬਿਸ਼ੇਸ਼ਰ ਸਿੰਘ ਫ਼ੌਜੀ ਲੁਹਾਰੀ (ਫ਼ਤਹਿਗੜ੍ਹ ਸਾਹਿਬ), ਭਾਈ ਧਿਆਨ ਸਿੰਘ ਜੰਝੋੜੀ, ਭਾਈ ਬਲਦੇਵ ਸਿੰਘ ਭੱਕੂਮਾਜਰਾ, ਭਾਈ ਦਵਿੰਦਰ ਸਿੰਘ ਖੇੜੀ, ਭਾਈ ਅਮਰਜੀਤ ਸਿੰਘ ਖੇੜੀ, ਭਾਈ ਗੁਰਮੀਤ ਸਿੰਘ ਆਘੀ, ਭਾਈ ਫੁਲਤਾਰ ਸਿੰਘ ਫ਼ਿਰੋਜ਼ਪੁਰ ਤੇ ਭਾਈ ਦਲਜੀਤ ਸਿੰਘ ਦੱਲੀ ਪਥਰੇੜੀ ਵਾਲੇ ਵਰਗੇ ਸਾਥੀਆਂ ਨਾਲ ਮਿਲ ਕੇ ਭਾਈ ਬਲਵਿੰਦਰ ਸਿੰਘ ਨੇ ਮਾਲਵੇ ਵਿਚ ਕਈ ਕਾਰਨਾਮੇ ਕੀਤੇ ਸਨ ਇਸੇ ਲੜੀ ਵਿਚ ਹੀ 29 ਅਗਸਤ 1991 ਨੂੰ ਜੁਝਾਰੂਆਂ ਨੇ ਚੰਡੀਗੜ੍ਹ ਵਿਚ ਐੱਸ.ਐੱਸ.ਪੀ.ਸੁਮੇਧ ਸੈਣੀ ਉਪਰ ਹਮਲਾ ਕੀਤਾ, ਜਿਸ ਵਿਚ ਉਸ ਦਾ ਡਰਾਈਵਰ ਅਤੇ ਬਾਡੀਗਾਰਡ ਮਾਰੇ ਗਏ। ਇਹ ਉਸ ਦੌਰ ਦਾ ਬਹੁਤ ਵੱਡਾ ਐਕਸ਼ਨ ਸੀ। 

ਦੂਜੇ ਪਾਸੇ ਵਾਲੀ ਧਿਰ ਵੀ ਪੂਰੀ ਤਰ੍ਹਾਂ ਸਰਗਰਮ। ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ। ਇਸੇ ਰਾਤ ਨਿਹੰਗਾਂ ਦਾ ਇਕ ਟੋਲਾ ਖੁਮਾਣੋਂ ਕੋਲ ਉੱਚੇ ਜਟਾਣੇ ਪਿੰਡ ਪਹੁੰਚਿਆ। ਇਹ ਟੋਲਾ ਭਾਈ ਬਲਵਿੰਦਰ ਸਿੰਘ ਦਾ ਘਰ ਲੱਭਦਾ ਰਿਹਾ, ਉਹਨਾਂ ਨੂੰ ਪਤਾ ਲੱਗਾ ਕਿ ਭਾਈ ਬਲਵਿੰਦਰ ਸਿੰਘ ਦਾ ਪਿੰਡ ਤਾਂ ਚਮਕੌਰ ਸਾਹਿਬ ਦੇ ਕੋਲ ਹੈ। ਕਾਤਲਾਂ ਦਾ ਇਹ ਟੋਲਾ ਤੜਕੇ ਸਵੇਰ ਦੇ ਵਕਤ ਜਟਾਣੇ ਪਹੁੰਚਿਆ ਤੇ ਭਾਈ ਬਲਵਿੰਦਰ ਸਿੰਘ ਦੇ ਮਕਾਨ ਦਾ ਬੂਹਾ ਖੜਕਾਇਆ। ਅਸਲ ਵਿੱਚ ਨਿਹੰਗਾਂ ਦੇ ਨਾਂਅ ਹੇਠ ਇਹ ਟੋਲਾ ਪੁਲਿਸ ਦੇ ਕਿਸੇ ਹਿੱਟ ਸਕੁਐਡ ਵਾਂਗ ਹੀ ਸੀ ਜਿਸਦੀ ਅਗਵਾਈ ਨਿਹੰਗ ਅਜੀਤ ਸਿੰਘ ਪੂਹਲਾ ਕਰਦਾ ਸੀ। ਪੰਜਾਬ ਵਿਚ ਉਸ ਵੇਲੇ ਚੱਲੀ ਇਸ ਜੰਗ ਦੌਰਾਨ ਬਹੁਤ ਸਾਰੇ ਤਜਰਬੇ ਵੀ ਕਰ ਲਏ ਗਏ ਸਨ। ਇਹ ਨਿਹੰਗ ਟੋਲਾ ਵੀ ਸੱਤਾ ਦੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਸਦੇ ਨਾਲ ਇਹ ਆਪਣੀਆਂ ਮਨਮਰਜ਼ੀਆਂ ਵੀ ਕਰਦਾ। ਲੋਕਾਂ ਦੇ ਫੈਸਲੇ ਕਰਵਾਉਣ ਦੀ ਯਾਦ ਹੇਠ ਵੀ ਬਹੁਤ ਸਾਰੇ ਕਤਲ ਹੁੰਦੇ ਰਹੇ। ਅਜਿਹੇ ਬਹੁਤ ਸਾਰੇ ਟੋਲੇ ਹੋਰ ਵੀ ਸਨ ਜਿਹੜੇ ਵੱਖ ਵੱਖ ਨਾਵਾਂ ਹੇਠ ਇਹੀ ਕੁਝ ਕਰ ਰਹੇ ਸਨ।  

ਇਹ ਨਿਹੰਗ ਟੋਲਾ ਜਦੋਂ ਬਲਵਿੰਦਰ ਸਿੰਘ ਜਟਾਣਾ ਦੇ ਘਰ ਪਹੁੰਚਿਆ ਤਾਂ ਦਰਵਾਜ਼ਾ ਖੜਕਾਇਆ ਗਿਆ। ਜਿਉਂ ਹੀ ਘਰਦਿਆਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਸ ਨਿਹੰਗ ਟੋਲੇ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ।  ਭਾਈ ਬਲਵਿੰਦਰ ਸਿੰਘ ਦੀ ਦਾਦੀ ਦਵਾਰਕੀ ਕੌਰ ਜਿਸਦੀ ਉਮਰ ਉਸ ਵੇਲੇ 80 ਸਾਲ ਸੀ ਉਹ ਪਹਿਲੇ ਹੱਲੇ ਹੀ ਇਹਨਾਂ ਗੋਲੀਆਂ ਦੀ ਵਾਛੜ ਦਾ ਸ਼ਿਕਾਰ ਹੋਈ। ਇਹ ਅੱਤਵਾਦ ਅਤੇ ਵੱਖਵਾਦ ਦੇ ਖਿਲਾਫ ਲੜੀ ਜਾ ਰਹੀ ਲੜਾਈ ਦੀ ਇੱਕ ਝਲਕ ਸੀ। ਇਸੇ ਹਮਲੇ ਵਿੱਚ ਹੀ  ਬਲਵਿੰਦਰ ਸਿੰਘ ਜਟਾਣਾ ਦੀ ਚਾਚੀ/ ਮਾਸੀ ਜਸਮੇਰ ਕੌਰ ਵੀ ਮੌਤ ਦੇ ਘਾਟ ਉਤਾਰ ਦਿੱਤੀ ਗਈ ਜਿਸਦੀ ਉਮਰ ਉਸ ਵੇਲੇ 40 ਸਾਲ ਦੀ ਸੀ। ਜਟਾਣਾ ਦੀ ਹੀ ਭੈਣ ਮਨਪ੍ਰੀਤ ਕੌਰ ਜਿਸਦੀ ਉਮਰ ਸਿਰਫ 13 ਸਾਲ ਦੀ ਸੀ ਅਤੇ ਪੋਲੀਓ ਗ੍ਰਸਤ ਭਾਣਜਾ ਸਿਮਰਨਜੀਤ ਸਿੰਘ ਉਮਰ ਸਿਰਫ ਪੰਜ ਸਾਲ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹਨਾਂ ਨੂੰ ਕਤਲ ਕਰ ਕੇ ਲਾਸ਼ਾਂ ਉੱਪਰ ਕੱਪੜੇ ਸੁੱਟ ਕੇ ਅੱਗ ਲਾ ਦਿੱਤੀ ਗਈ। ਸੜਦਾ-ਬਲਦਾ ਘਰ ਛੱਡ ਕੇ ਤਸੱਲੀ ਨਾਲ ਕਾਤਲ ਟੋਲਾ ਵਹਿਸ਼ੀ ਹਾਸੇ ਹੱਸਦਾ ਉਥੋਂ ਚਲਾ ਗਿਆ। ਤੁਸੀਂ ਇਹ ਕੁਝ ਫਿਲਣਾ ਵਿਚ ਦੇਖਿਆ ਹੋਣਾ ਹੈ ਪਰ ਪੰਜਾਬ ਦੀ ਧਰਤੀ ਤੇ ਇਹ ਸਾਹਿਬ ਕੁਝ ਸੱਚਮੁੱਚ ਵਾਪਰਿਆ ਸੀ। 

ਸਰਕਾਰ ਦੇ ਇਸ ਕਹਿਰ ਨੇ ਭਾਈ ਜਟਾਣੇ ਨੂੰ ਬਹੁਤ ਭਿਆਨਕ ਮਾਨਸਿਕ ਸੰਤਾਪ ਦਿੱਤਾ ਪਰ ਉਸ ਨੇ ਆਪਣੇ ਆਪ ਉਪਰ ਕਾਬੂ ਰੱਖਿਆ। ਉਹ ਡੋਲਿਆ ਨਹੀਂ, ਸਿਦਕ ਤੋਂ ਕੰਮ ਲਿਆ। ਜਬਰ ਦਾ ਮੁਕਬਲਾ ਕਰਦਿਆਂ ਅਡੋਲਤਾ ਅਤੇ ਸਬਰ ਦਾ ਇਹ ਇੱਕ ਮਿਸਾਲੀ ਸਬੂਤ ਸੀ। ਜੇਕਰ ਅੱਜ ਵੀ ਗੀਤਾਂ ਵਿਚ ਜਟਾਣੇ ਦਾ ਨਾਮ ਆਉਂਦਾ ਹੈ ਤਾਂ ਇਸਦੇ ਕਾਰਨ ਵੀ ਹਨ। 

ਖਾੜਕੂ ਧਿਰਾਂ ਦੇ ਖਿਲਾਫ ਵੀ ਇਹ ਐਕਸ਼ਨ ਬਹੁਤ ਭਾਰਾ ਸੀ। ਇਸਦੇ ਬਾਵਜੂਦ ਖੜਕਿਊ ਧਿਰਾਂ ਦਹਿਸ਼ਤਜ਼ਦਾ ਨਹੀਂ ਸਨ ਹੋਈਆਂ। ਇਹਨਾਂ ਨੌਜਵਾਨਾਂ ਦੇ ਹੌਂਸਲੇ ਕਮਜ਼ੋਰ ਨਹੀਂ ਸਨ ਹੋਏ। ਪਰ ਇਮਤਿਹਾਨ ਅਜੇ ਬਾਕੀ ਸਨ। ਪੂਰੇ ਪਰਿਵਾਰ ਨੂੰ ਖਤਮ ਕਰਨ ਮਗਰੋਂ ਵੀ ਅਜੇ ਜਬਰ ਰੂਕੀਆ ਤਾਂ ਨਹੀਂ ਸੀ। ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਕਤਲ ਕਰਨ ਅਤੇ ਘਰ ਫੂਕ ਦੇਣ ਤੋਂ 5-6 ਦਿਨ ਮਗਰੋਂ 04 ਸਤੰਬਰ 1991 ਨੂੰ ਇਕ ਹੋਰ ਭਾਣਾ ਵਾਪਰਿਆ। ਕਿਸੇ ਮੁਖਬਰ ਦੀ ਪੱਕੀ ਸੂਹ ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਾਧੂਗੜ੍ਹ ਕੋਲ ਪੁਲਿਸ ਪਾਰਟੀ ਨਾਕਾ ਲਾਈ ਬੈਠੀ ਸੀ। ਬਾਅਦ ਦੁਪਹਿਰ 2:30 ਵਜੇ ਦੇ ਕਰੀਬ ਚਿੱਟੀ ਜਿਪਸੀ CH .-01 8206 ਅੰਬਾਲਾ ਵੱਲੋਂ ਆਈ। ਪੁਲਿਸ ਨੇ ਜਿਪਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਪਸੀ ਚਲਾ ਰਹੇ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਰੁਕਣ ਦੀ ਥਾਂ ਜਿਪਸੀ ਇਕ ਦਮ ਘੁਮਾ ਕੇ ਸੈਦਪੁਰ ਵੱਲ ਭਜਾਉਣੀ ਚਾਹੀ।ਇਸ ਕੋਸ਼ਿਸ਼ ਵਿੱਚ ਜਿਪਸੀ ਹੀ ਉਲਟ ਗਈ ਤੇ ਬਲਵਿੰਦਰ ਸਿੰਘ ਆਪਣੇ ਸਾਥੀ ਚਰਨਜੀਤ ਸਿੰਘ ਝੱਲੀਆ ਖੁਰਦ ਝੋਨੇ ਦੇ ਖੇਤਾਂ ਵੱਲ ਦੌੜ ਪਿਆ ਪਿੱਛਾ ਕਰਦਿਆਂ ਪੁਲਿਸ ਨੇ ਅੰਨ੍ਹੇਵਾਹ ਫ਼ਾਇਰਿੰਗ ਕੀਤੀ। ਮੁਕਾਬਲਾ ਵੀ ਚੱਲਿਆ ਪਰ ਅਸਲ ਮੁੱਕ ਗਿਆ ਸੀ। ਗੋਲੀ ਸਿੱਕਾ ਵੀ ਮੁੱਕ ਗਿਆ ਸੀ। 

ਦੋਨਾਂ ਸੂਰਮਿਆਂ ਕੋਲ ਬਹੁਤ ਥੋੜ੍ਹਾ ਅਸਲਾ ਸੀ ਜੋ ਛੇਤੀ ਹੀ ਖਤਮ ਹੋ ਗਿਆ ਪੁਲਿਸ ਨੇ ਦੋਨਾਂ ਨੂੰ ਸ਼ਹੀਦ ਕਰ ਦਿੱਤਾ।  ਭਾਈ ਬਲਵਿੰਦਰ ਸਿੰਘ ਜਟਾਣਾ ਦੀ ਸ਼ਹੀਦੀ ਦੀ ਖਬਰ ਜਿਉਂ ਹੀ ਇਲਾਕੇ ਵਿਚ ਫੈਲੀ, ਆਪ-ਮੁਹਾਰੇ ਲੋਕ ਇੱਕਠੇ ਹੋ ਗਏ।ਅਕਾਲੀ ਲੀਡਰ ਗੁਰਚਰਨ ਸਿੰਘ ਟੌਹੜਾ, ਸ਼ੇਰ ਸਿੰਘ ਡੂਮਛੇੜੀ, ਕਰਨੈਲ ਸਿੰਘ ਪੰਜੌਲੀ ਆਦਿ ਦੇ ਯਤਨਾਂ ਸਦਕਾ ਦੋਹਾਂ ਸੂਰਮਿਆਂ ਦੀਆਂ ਲਾਸ਼ਾਂ ਮਿਲ ਗਈਆਂ, ਜਿਹਨਾਂ ਦਾ ਉਹਨਾਂ ਦੇ ਪਿੰਡ ਵਿਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਤਰ੍ਹਾਂ 04 ਸਤੰਬਰ 2004 ਨੂੰ ਬਾਈ ਬਲਵਿੰਦਰ ਸਿੰਘ ਜਟਾਣਾ ਨੂੰ ਸ਼ਹੀਦ ਹੋਇਆ 32 ਸਾਲ ਹੋ ਚੁੱਕੇ ਹਨ।

ਭਾਈ ਜਟਾਣਾ ਅਤੇ ਉਹਨਾਂ ਦੇ ਸਾਥੀਆਂ  ਵੱਲੋਂ ਕੀਤੇ ਗਏ ਐਕਸ਼ਨ ਨਾਲ ਭਾਵੇਂ ਐਸ ਵਾਈ ਐਲ ਵਾਲੇ ਪ੍ਰੋਜੈਕਟ ਉਸ ਵੇਲੇ ਰੁਕ ਗਿਆ ਲੱਗਦਾ ਸੀ ਪਰ ਇਸ ਪ੍ਰੋਜੈਕਟ ਨੂੰ ਕਾਨੂੰਨੀ ਤੌਰ 'ਤੇ ਕਦੇ ਵੀ ਰੋਕਿਆ ਨਹੀਂ ਗਿਆ। ਇਸਦੇ  ਉਲਟ ਬਹੁਤ ਕੁਝ ਹੋਰ ਵੀ ਹੋਣ ਲੱਗ ਪਿਆ ਹੈ। ਤੁਸੀਂ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਰੋਂਦੇ ਹੋ ਉਹਨਾਂ ਨੇ ਬੜੀ ਤੇਜ਼ੀ ਨਾਲ ਪੂਰੇ ਦਾ ਪੂਰਾ ਸਤਲੁੱਜ ਦਰਿਆ ਹੀ ਪੰਜਾਬ ਵਿੱਚੋਂ ਅਗਵਾ ਕਰਨ ਦਾ ਹੀਲਾ ਵਸੀਲਾ ਕਰ ਲਿਆ ਹੈ। ਹਿਮਾਚਲ ਵਿਚ ਖੁਦਾਈ ਦੀਆਂ ਖਬਰਾਂ ਆਈਆਂ ਹਨ। ਇਸ ਖੁਦਾਈ ਦੇ ਰਾਹੀਂ ਸਤਲੁਜ ਨੂੰ ਹਿਮਾਚਲ ਵਿਚੋਂ  ਹਰਿਆਣਾ ਵਿੱਚ ਘੱਗਰ ਦਰਿਆ ਦੇ ਨਾਲ ਨਾਲ ਲਿਜਾ ਕੇ ਗੁਜਰਾਤ ਵਿਚ ਪਹੁੰਚਾਇਆ ਜਾਣਾ ਹੈ। ਇਸ ਲਈ ਨਵੇਂ ਨਾਮਕਰਨ ਵੀ ਘੜ ਲਏ ਗਏ ਹਨ। ਕਾਂਗਰਸ ਅਤੇ ਬੀਜੇਪੀ ਦੀ ਸਹਿਮਤੀ ਵੀ ਹੋ ਗਈ ਲੱਗਦੀ ਹੈ। ਮੋਰਚਿਆਂ, ਧਰਨਿਆਂ ਅਤੇ ਮੁਜ਼ਾਹਰਿਆਂ ਵਿੱਚ ਰੱਖਿਆ ਪੰਜਾਬ ਅਕਹਿਰ ਕਿਵੇਂ ਬਚਾਏਗਾ ਆਪਣੇ ਪਾਣੀਆਂ ਨੂੰ? ਇਹਨਾਂ ਪੰਥਕ ਭਰੇ ਕਿਸਾਨੀ ਇਕੱਤਰਤਾਵਾਂ ਵਿਚ ਇਸ ਮੁਦੇ ਦੀ ਚਰਚਾ ਕਿਓਂ ਨਹੀਂ ਹੋ ਰਹੀ। 

ਸਮਗਰੀ ਸਰੋਤ ਇਹ ਵੀ ਰਿਹਾ-ਹੋਰ ਵੇਰਵਾ ਇਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ 

ਜਾਂਦੇ ਜਾਂਦੇ ਪੰਜਾਬ ਦੇ ਇੱਕ ਖੋਜੀ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੀ ਇੱਕ ਵਿਸ਼ੇਸ਼ ਵੀਡੀਓ ਰਿਪੋਰਟ ਵੀ ਦੇਖ ਲਓ ਸ਼ਾਇਦ ਹਕੀਕਤ ਸਭਨਾਂ ਨੂੰ ਹਕੀਕਤ ਨਜ਼ਰ ਆ ਸਕੇ। 


No comments: