Saturday, September 16, 2023

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕੀਤਾ ਪੰਥ ਨੂੰ ਸੁਚੇਤ

"ਸੱਪ ਦੇ ਨਿਕਲਣ ਤੋਂ ਬਾਅਦ ਲਕੀਰ ਨਾ ਕੁੱਟਦੇ ਰਹਿ ਜਾਇਓ"


ਲੁਧਿਆਣਾ
: 15 ਸਤੰਬਰ 2023: (ਪੰਜਾਬ ਸਕਰੀਨ ਡੈਸਕ)::

ਜਿਸ ਪੰਥ ਕੋਲ ਅਥਾਹ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਅਤੇ ਲੋਕ ਉਸਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਆਖਦੇ ਹੋਣ ਉਸਦੇ ਹੁੰਦਿਆਂ ਸਿੱਖ ਜਗਤ ਦਾ ਬੁਰਾ ਹਾਲ ਸਚਮੁਚ ਬੜੇ ਸੁਆਲ ਖੜੇ ਕਰਦਾ ਹੈ!ਅਜਿਹੇ ਸੁਆਲ ਬੜੀਆਂ ਧਿਰਾਂ ਨੇ ਬੜੀ ਵਾਰ ਕੀਤੇ ਹਨ ਪਰ ਆਵਾਜ਼ਾਂ ਉਸ ਬੁਲੰਦੀ ਤੱਕ ਨਹੀਂ ਪਹੁੰਚਦੀਆਂ ਜਿਸ ਤੇ ਪਹੁੰਚ ਕੇ ਕ੍ਰਾਂਤੀ ਦੀ ਸੰਭਾਵਨਾ ਬਣ ਸਕਦੀ ਹੁੰਦੀ ਹੈ। 

ਇਹ ਗੱਲ ਅੱਜ ਵੀ ਕੌੜੀ ਹਕੀਕਤ ਹੈ ਕਿ ਪੰਥ ਦਾ ਬੁੱਧੀਜੀਵੀ ਤਬਕਾ ਚਿਰਾਂ ਤੋਂ ਆਪਣੇ ਜ਼ਰੂਰੀ ਖਰਚਿਆਂ ਨੂੰ ਵੀ ਪੂਰਾ ਨਹੀਂ ਕਰ ਪਾ ਰਿਹਾ। ਅਜਿਹੀ ਹਾਲਤ ਵਿਚ ਕੋਈ ਮੀਡੀਆ ਵੀ ਸੰਚਾਲਿਤ ਕਰਨਾ ਘਰ ਵਿਚ ਸਫੇਦ ਹਾਥੀ ਬੰਨਣ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਜਥੇਦਾਰ ਗੁਰਚਰਨ ਸਿੰਘ ਟੋਹੜਾ ਹੁੰਦੇ ਸਨ ਉਹ ਕਿਸੇ ਨਾ ਕਿਸੇ ਤਰ੍ਹਾਂ ਕੋਈਔਹੜ ਪੋਹੜ ਕਰ ਕੇ ਇਸ ਬੁੱਧੀਜੀਵੀ ਵਰਗ ਦਾ ਧਿਆਨ ਦੇਬੀ ਹੀ ਸਲੀਕੇ ਅਤੇ ਖਾਮੋਸ਼ੀ ਨਾਲ ਰੱਖਦੇ ਸਨ। 

ਕੁਝ ਮਾਮਲਿਆਂ ਵਿਚ ਸਰਨਾ ਭਰਾਵਾਂ ਨੇ ਵੀ ਇਸ ਪਾਸੇ ਧਿਆਨ ਦਿੱਤਾ ਪਰ ਅੱਜ ਵੀ ਮਸਲਾ ਤਾਂ ਵੱਡਾ ਹੈ। ਅਜਿਹੀਆਂ ਚੁਣੌਤੀਆਂ ਦੇ ਬਾਵਜੂਦ ਬੁੱਧੀਜੀਵੀ ਵਰਗ ਨੇ ਪੰਥ ਵਿੱਚ ਪੈਦਾ ਹੋਈ ਅਜਾਰੇਦਾਰੀ ਵਾਲੀ ਸੋਚ ਦੇ ਖਿਲਾਫ ਆਵਾਜ਼ ਉਠਾਉਣੀ ਬੰਦ ਨਹੀਂ ਕੀਤੀ। ਅਜਿਹੇ ਵਰਗ ਵਿੱਚੋਂ ਹੀ ਇੱਕ ਸ਼ਖ਼ਸੀਅਤ ਹੈ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ  ਦੀ। ਇਹਨਾਂ ਨੇ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਖੜੀ ਕੀਤੀ ਅਤੇ ਅਥਾਹ ਔਕੜਾਂ ਦੇ ਬਾਵਜੂਦ ਇਸਨੂੰ ਜਾਰੀ ਵੀ ਰੱਖਿਆ। ਅੱਜ ਵੀ ਜਾਰੀ ਹੈ। 

ਫਿਰ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ  ਨੂੰ ਹਾਰਟ ਅਟੈਕ ਹੋਇਆ ਤਾਂ ਉਦੋਂ ਵੀ ਚਿੰਤਾ ਇਹੀ ਰਹੀ। ਇਸ ਅਟੈਕ ਨੇ ਸਰੀਰ ਬਹੁਤ ਕਮਜ਼ੋਰ ਕਰ ਦਿੱਤਾ ਪਰ ਉਹਨਾਂ ਪੰਥਕ ਪ੍ਰਬੰਧਾਂ ਵਿਚ ਬਦਲਾਓ ਦੀ ਸੋਚ ਵਿਚ ਕਮਜ਼ੋਰੀ ਕਦੇ ਵੀ ਨਾ ਆਉਣ ਦਿੱਤੀ।

ਕੁਝ ਦਿਨ ਪਹਿਲਾਂ ਵੀ ਉਹਨਾਂ ਇੱਕ ਪ੍ਰੈਸ ਬਿਆਨ ਭੇਜਦਿਆਂ ਸੰਗਤਾਂ ਨੂੰ ਸੱਦਾ ਦਿੱਤਾ ਕਿ ਅੱਜ  ਸਿੱਖ ਕੌਮ ਵਿਚ ਨਾਮੋਸ਼ੀ ਦਾ ਆਲਮ ਹੈ ਹੁਣ ਨਿਰਸਵਾਰਥ  ਆਗੂਆ ਨੂੰ ਅੱਗੇ ਆਉਣਾ ਚਾਹੀਦਾ। ਪਰ ਅੱਗੇ ਕੌਣ ਆਵੇ? ਇਹ ਸੁਆਲ ਕਰਨਾ ਤਾਂ ਸੌਖਾ ਲੱਗਦਾ ਹੈ ਪਰ ਇਸਦਾ ਜੁਆਬ ਬੜਾ ਮੁਸ਼ਕਲ ਹੈ। ਇਸਦਾ ਅੰਦਾਜ਼ਾ ਵੀ ਸਰਦਾਰ ਖਾਲਸਾ ਨੂੰ ਕਾਫੀ ਹੈ, ਉਹ ਖੁਦ ਹੀ ਆਖਦੇ ਹਨ ਪਰ ਅੱਜ ਆਗੂ ਮਤਲਬ ਪ੍ਰਸਤੀ ਦੇ ਬੋਝ ਹੇਠ ,ਸਿੱਖ ਦੁਸ਼ਮਣ ਪਾਰਟੀਆਂ ਦੀਆਂ ਜੁੱਤੀਆਂ ਝਾੜਨ (ਖੁਸ਼ਾਮਦੀ ਕਰਨ) ਲਗੇ ਹੋਏ ਹਨ।  ਖਰਾਬ ਸਿਹਤ ਅਤੇ ਕਮਜ਼ੋਰ ਆਰਥਿਕਤਾ ਦੇ ਬਾਵਜੂਦ ਉਹਨਾਂ ਸਪਸ਼ਟ ਐਲਾਨ ਕੀਤਾ ਕਿ ,,,,ਗੁਰਦੁਆਰਾ ਸੁਧਾਰ ਲਹਿਰ ਦੂਜੀ ਦਾ ਅਗਾਜ,ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਨਾ ਤੇ ਹੋਵੇਗਾ! 

ਉਹਨਾਂ ਦੁਹਰਾ ਕੇ ਸਪਸ਼ਟ ਕੀਤਾ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਾਂਗੂੰ  ਦੂਜੀ ਸੁਧਾਰ ਲਹਿਰ ਦਾ ਨਾ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ  ਹੋਵੇਗਾ। 

ਅੱਜ ਜਿੰਨੀ ਤੇਜੀ ਨਾਲ ਕਾਂਗਰਸ, ਭਾਜਪਾ ਤੇ ਆਮ ਪਾਰਟੀ ਚ ਸਿੱਖ ਆਗੂਆ ਦੀ ਸ਼ਮੂਲੀਅਤ ਹੋ ਰਹੀ ਹੈ। ਉਹਨਾਂ ਦੇ ਸ਼ੁਭ ਚਿੰਤਕ ਫੁੱਲਾਂ  ਦੀ ਵਰਖਾ  ਕਰਕੇ ਉਹਨਾਂ ਨੂੰ ਗੈਰ ਸਿੱਖ ਪਾਰਟੀਆਂ ਵੱਲ ਤੌਰ ਕੇ ਉਹਨਾਂ ਦਾ ਸਨਮਾਨ ਕਰ ਰਹੇ ਹਨ।  ਦੂਜੇ ਪਾਸੇ ਸਿੱਖ ਨੌਜਵਾਨੀ  ਬਾਹਰਲੇ ਦੇਸ਼ਾਂ ਵਿੱਚ ਪਲਾਇਨ ਕਰ ਰਹੀ ਹੈ। ਇਹ ਸਭ  ਵਰਤਾਰਾ ਸਿੱਖ ਕੌਮ  ਨੂੰ ਨਮੋਸ਼ੀ ਦੇ ਵੱਡੇ ਨਤੀਜਿਆਂ ਵੱਲ ਹੀ ਲਿਜਾ ਰਿਹਾ ਹੈ। ਇਹਨਾਂ ਨਾਜ਼ੁਕ ਹਾਲਤਾਂ ਨੂੰ ਬੜੀ ਡੂੰਘਾਈ ਨਾਲ ਸਮਝਣ ਦੀ ਲੋੜ ਹੈ। 

ਸਿੱਖ ਕੌਮ ਆਪਣੀਆਂ  ਸਿੰਘ ਸਭਾਵਾਂ ਗੁਰਦੁਆਰਿਆ ,ਤਖ਼ਤਾ ਤੇ ਵੱਡੀਆ ਪ੍ਰਬੰਧਕ ਕਮੇਟੀਆਂ ਤੇ ਵਿਦਿਅਕ ਅਦਾਰਿਆਂ ਨੂੰ ਇਕ ਇਕ ਕਰ ਕੇ ਗੈਰਾਂ ਦੇ ਹਵਾਲੇ ਕਰ ਰਹੀ ਹੈ। ਇਸ ਸਿਲਸਿਲੇ ਨੂੰ ਰੋਕਣ ਲਈ ਵੱਡੇ ਯਤਨ ਸ਼ੁਰੂ ਹੋਣੇ ਜਰੂਰੀ ਹਨ।  ਡੇਰਾਵਾਦ ਵਾਲੀ ਵਿਚਾਰਧਾਰਾਂ ਨੂੰ ਵੀ ਨਕੇਲ ਪਾਉਣ ਦੀ ਲੋੜ ਲੰਮੇ ਅਰਸੇ ਤੋਂ ਮਹਿਸੂਸ ਕੀਤੀ ਜਾ ਰਹੀ ਹੈ। 

ਇਹਨਾਂ ਵਿਚਾਰਾਂ  ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਕੌਮ ਦੀ ਤ੍ਰਾਸਦੀ ਨੂੰ ਨੇੜੇ ਤੋਂ ਵੇਖਣ ਲਈ ਸਾਨੂੰ ਮੁੱਖ ਰੂਪ ਵਿਚ ਤਿੰਨ ਪੱਖ ਸਮਝਣੇ ਪੈਣੇ ਹਨ: ਪਹਿਲਾ  ਸਿੱਖ ਸੰਗਤਾਂ//ਦੂਸਰਾ ਪ੍ਰਬੰਧਕ ਅਤੇ ਤੀਸਰਾ ਪ੍ਰਚਾਰਿਕ

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਦੀ ਮੰਗ ਹੈ ਕਿ ਸਿੱਖ ਸੰਗਤਾਂ  ਚ ਠੀਕ ਸਿਲੇਬਸ ਗੁਰਮਤਿ ਅਨੁਸਾਰੀ ਨੀਯਤ ਕੀਤਾ ਹੋਇਆ ਹੋਵੇ ਅਤੇ ਪੰਥ ਪ੍ਰਵਾਣਿਤ, ਗੁਰਬਾਣੀ ਦੇ ਅਧਾਰਤ  ਗਿਆਨ ਪ੍ਰਚਾਰਿਕ  ਸਿੱਖ ਸੰਗਤਾਂ ਅੰਦਰ ਵੰਡੇ, ਅਨਮਤੀਆਂ ਦੀਆਂ ਕਥਾ ਕਹਾਣੀਆਂ, ਅਤੇ ਮਨ ਮਰਜੀ ਦਾ ਗਿਆਨ ਵੰਡਣ ਦੀ ਪ੍ਰਕ੍ਰਿਆ ਬੰਦ ਹੋਵੇ। ਗੁਰਦੁਆਰੇ ਦੇ ਕਾਇਦੇ ਕਾਨੂੰਨਾਂ ਦੀ ਪਾਲਣਾ ਗੁਰਮੁਖਤਾਈ  ਅਤੇ ਨਿਮਰਤਾ ਨਾਲ ਕੀਤੀ ਜਾਵੇ। ਠੀਕ ਤੇ ਉਸਾਰੂ ਪ੍ਰਚਾਰ ਹੀ ਸਿੱਖ ਕੌਮ  ਅਥਵਾ ਸਿੱਖ ਸੰਗਤ ਅੰਦਰ ਜਾਗਰੂਕਤਾ ਲਿਆ ਸਕਦਾ ਹੈ।

ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਪ੍ਰਬੰਧਕ ਸੂਝਵਾਨ ਤੇ ਦੂਰ ਅੰਦੇਸ਼ ਹੋਵੇ, ਪ੍ਰਬੰਧਕਾ ਦੇ ਦਿੱਤੇ ਦਸਵੰਧ ਨਾਲ ਰਾਗੀ ਸਿੰਘਾਂ, ਕਥਾ ਵਾਚਕਾ,ਪਾਠ ਕਰਨ ਵਾਲੇ ਸਿੰਘਾਂ ਦੀਆ ਜ਼ਰੂਰਤਾਂ ਪੂਰੀਆਂ ਹੋਣ। ਗੁਰੂ ਘਰਾਂ ਅੰਦਰ ਰਹਿੰਦੇ ਪ੍ਰਚਾਰਕਾਂ ਨੂੰ ਇਕ ਗਜ਼ਟਿਡ  ਅਫਸਰ ਜਾ ਇੰਸਪੈਕਟਰ ਜਿਨੀ ਤਨਖਾਹ, ਫ੍ਰੀ ਮੈਡੀਕਲ, ਫ੍ਰੀ ਰਿਹਾਇਸ਼, ਉਹਨਾਂ ਦੇ ਬੱਚਿਆਂ ਦੀ ਉੱਚ ਵਿੱਦਿਆ ਤਕ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਹੋਵੇ। ਪ੍ਰਚਾਰਿਕ ਰਾਗੀ ਡੰਗ ਟਪਾਊ ਸੋਚ ਵਰਗਾ ਨਹੀ ਹੋਣਾ ਚਾਹੀਦਾ। ਪ੍ਰਬੰਧਕ ਲਾਲਚੀ ਤੇ ਅਫ਼ਸਰਸ਼ਾਹੀ ਝਾੜਨ ਵਾਲਾ ਨਾ ਹੋਵੇ। ਉਹ ਨਿਮਰਤਾ, ਸਲੀਕੇ ਵਾਲਾ ਗੁਣੀ ਗਿਆਨੀ ਹੋਵੇ। ਉਸ ਦਾ ਜੀਵਨ ਮਿਸਾਲੀ ਹੋਵੇ।

ਤੀਸਰਾ ਪ੍ਰਚਾਰਿਕ ਪੂਰਾ ਗਿਆਨ ਵੰਡਣ ਵਾਲਾ ਕਿਸੇ ਅੱਛੇ ਧਾਰਮਿਕ  ਵਿਦਿਅਕ ਅਦਾਰੇ ਵਿਚੋ ਪੜ ਕੇ ਆਇਆ ਹੋਵੇ। ਗੁਣਿਆ ਹੋਇਆ ਹੋਵੇ, ਪੂਰਨ ਤੌਰ ਤੇ ਸਿੱਖ ਰਹਿਤ ਮਰਿਯਾਦਾ ਦਾ ਧਾਰਨੀ ਤੇ ਜਾਣ ਕਾਰ ਹੋਵੇ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਸਿੱਖ ਕੌਮ ਨੂੰ  ਗੁਰਦੁਆਰੇ ਬਣਾਉਣ, ਵੱਡੀਆ ਬਿਲਡਿਗਾਂ ਉਸਾਰਨ ਤੇ ਸੋਨਾ  ਲਵਾਉਣ ਦੀ  ਥਾਂ ਸਿੱਖ ਵਿਦਿਅਕ ਅਦਾਰੇ ਧਾਰਮਿਕ ਵਿਦਿਆਲੇ ਤੇ ਨਸ਼ਾ ਮੁਕਤ ਕੇਂਦਰ ਖੋਹਲਣ ਵੱਲ ਧਿਆਨ ਦੇਣ ਦੀ ਲੋੜ ਹੈ ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਹੁਣ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਵੱਲੋਂ ਪ੍ਰਬੰਧ ਸੁਧਾਰ ਲਹਿਰ ਲਿਆਉਣ ਲਈ,  ਉਪਰਾਲੇ ਵਜੋਂ ਬਦਲਾਅ ਖੜਾ  ਕਰਨ ਹਿਤ , ਰਲੀਜ ਕੀਤਾ ,ਚੋਣ ਮਨੋਰਥ ਪੱਤਰ,ਏਜੰਡਾ ਪੰਥਕ ਏਕਤਾ ਵੱਲ ਧਿਆਨ ਦੇਵੇ ,ਐਵੇਂ ਹਵਾ ਵਿਚ ਸੋਟੀਆਂ ਮਾਰਨ ਦੀ ਆਦਤ ਬੰਦ ਹੋਵੇ। ਹਾਕਮ ਧਿਰ ਨੇ ਸਿੱਖ ਕੌਮ ਨੂੰ ਕੰਟਰੋਲ ਕਰਨ ਲਈ ਸਾਰੇ ਹੀਲੇ ਵਸੀਲੇ ਲਾ ਦਿੱਤੇ ਹਨ।

ਅਜ ਭਾਰਤੀ ਸਟੇਟ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ  ਹਥਿਆਉਣ ਦਾ ਪ੍ਰਬੰਧ ਕਰ ਲਿਆ ਹੈ। ਗੁਰਦੁਆਰੇ ਸਿੱਖ ਕੌਮ ਦੇ ਹੋਣਗੇ ਪਰ ਉਹਨਾਂ ਦੇ ਹਾਕਮ ਵਿਕਾਊ ਸਿਆਸੀ ਜਮਾਤ  ਭਾਵ ਸਿੱਖ ਲੀਡਰ ਹੋਣ ਗੇ। ਜਿਨਾ ਨੂੰ ਭਾਰਤੀ ਹਕੂਮਤ ਦਿਸ਼ਾ ਤੈਅ ਕਰਕੇ ਦੇਣਗੇ। ਉਹ ਪਰਬੰਧਕ ਤਖ਼ਤਾ ਜਾ ਗੁਰਦੁਆਰਿਆ ਚ ਜਥੇਦਾਰ,ਤੇ ਹੋਰ,ਮਨੇਜਰ,ਪਰਬੰਧਕ ਪਾਠੀ ,ਗ੍ਰੰਥੀ ,ਕਰਮਚਾਰੀ ਉਹੀ ਲਾਉਣ ਗੇ ਜਿਨਾ ਨੂੰ ਭਾਰਤੀ ਹਕੂਮਤ ਦੀ ਪ੍ਰਵਾਨਗੀ ਹੋਵੇਗੀ। ਮਤਲਬ ਧਾਰਮਿਕ ਫਲਸਫੇ ਨੂੰ ਹਿੰਦੂ  ਠਾਕੁਰ ਦੁਆਰੈ ਬਣਾਉਣ ਲਈ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।

ਇਸ ਸਾਰੇ ਮੰਦ ਭਾਗੇ ਵਰਤਾਰੇ ਨੂੰ ਰੋਕਣ ਲਈ, ਸ੍ਰੋਮਣੀ ਗੁਰਮਤਿ ਚੇਤਨਾ ਲਹਿਰ, ਹਰੇਕ ਜ਼ਿਲ੍ਹੇ ਅੰਦਰ ਵੀਚਾਰ ਗੋਸ਼ਟੀਆਂ,ਪ੍ਰੈਸ ਕਾਨਫਰੰਸ ਅਤੇ ਸਿੱਖ ਬਚਿਆ ਦੇ ਸ਼ਖਸੀਅਤ ਉਸਾਰੀ ਗੁਰਮਤਿ ਕੈਂਪ ਲਾਉਣ ਲਈ ਸਰਗਰਮ ਹੋ ਰਹੀ ਹੈ। ਸਿੱਖ ਬਚਿਆ ਨੂੰ ਚੰਗੇ ਢੰਗ ਨਾਲ ਪ੍ਰਬੰਧ ਚਲਾਉਣ, ਗੁਰਮਤਿ ਅਨੁਸਾਰੀ ਜੀਵਨ ਜਾਂਚ ਸਿਖਾਉਣ ਲਈ, ਤਿਆਰ ਕੀਤਾ ਜਾਵੇਗਾ, ਨਸ਼ਾ ਮੁਕਤ ਕੈਂਪਾਂ ਦਾ ਆਯੋਜਨ ਹੋਵੇਗਾ।

ਸਿੱਖ ਹਿਤੈਸ਼ੀ ਸਿਆਣੇ ਨਿਰ ਸੁਆਰਥ ਆਗੂ  ਕਾਹਲੇਪਨ ਦੀ ਥਾਂ,ਚੋਣ ਮਨੋਰਥ ਪੱਤਰ ਮੰਗਵਾਉਣ ਤੇ ਸਮਝਣ ਦੀ ਕੋਸ਼ਸ਼ ਕਰਨ ਇਹੀ ਏਜੇਂਡਾ ਨਿਰਧਾਰਤ ਕੀਤਾ ਗਿਆ ਹੈ।

ਸ਼੍ਰੋਮਣੀ ਗੁਰਮਤਿ ਚੇਤਨਾ ਮੈਗਜ਼ੀਨ ਨੂੰ ਨਵੇਂ ਸਿਰਿਉਂ  ਤਿਆਰ ਕਰਕੇ ਹਰ ਮਹੀਨੇ ਘਰ ਘਰ ਪੁੱਜਦਾ ਕੀਤਾ ਜਾਣਾ ਹੈ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਅੱਜ ਭਾਰਤੀ ਹਕੂਮਤ ਦੀ ਹਰਿਆਣਾ  ਗੁਰਦੁਆਰਾ ਕਮੇਟੀ ਤੇ ਸ੍ਰੋਮਣੀ ਕਮੇਟੀ ਉਪਰ ਮੁਕੰਮਲ ਕੰਟਰੋਲ  ਕਰਨ ਦੀ ਸਾਜਸ਼ ਨੂੰ ਨਕੇਲ ਪਾਉਣ ਦੀ ਲੋੜ ਹੈ।

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਾਂਗੂੰ ਦੂਜੀ ਸੁਧਾਰ ਲਹਿਰ ਕਾਮਯਾਬ ਕਰਨ ਹਿਤ ਸਹਯੋਗੀ ਬਣੀਏ। ਅੱਜ ਦੇ ਹਾਲਤ ਇੰਝ ਹਨ ਕੀ ਸਿੱਖ ਬਾਦਲਕਿਆਂ , ਭਾਜਪਾਈਆਂ,ਕਾਂਗਰਸੀਆਂ,ਆਮ ਪਾਰਟੀਆਂ ਦੇ ਤੇ  ਇਹ ਸਾਰੇ ਭਾਰਤੀ ਹਾਕਮਾਂ ਦੀ ਖ਼ਿਦਮਤ ਵਿਚ ਜੁਤੀਆਂ ਝਾੜ ਰਹੇ ਹਨ। ਇਹ ਲੋਕ ਨਕਲ਼ੀ ਪੰਥ ਪ੍ਰਸਤ ਬਣ ਕੇ ਕੌਮ ਨੂੰ ਦੁਰਗਤੀ ਵਲ ਧਕੇਲ ਰਹੇ ਹਨ।

ਸ਼ਾਹ ਮੁਹੰਮਦਾ ਇੱਕ ਸਰਕਾਰ  ਬਾਝੋਂ.....ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ....!

ਉਹਨਾਂ ਇਹ ਸੁਆਲ ਵੀ ਦੁਹਰਾ ਕੇ ਪੁੱਛਿਆ ਕਿ ਆਖਿਰ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਹਕੂਮਤ ਕਦੋ ਕਰਾਏਗੀ??,,

ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਨਾਂਹ ਰਹਿਣ ਕਾਰਨ ਸ਼ਾਹ ਮਹੁੰਮਦ ਦੇ ਆਹ ਬੋਲ ਯਾਦ ਕੀਤੇ ਜਾਂਦੇ ਹਨ। ਦਰਅਸਲ ਮਹਾਰਾਜਾ ਦੀ ਮੌਤ ਤੋਂ ਕੁਝ ਦੇਰ ਬਾਦ ਅੰਗਰੇਜ ਨੇ ਲਾਹੌਰ ਦੀ ਰਾਜਧਾਨੀ ਵਾਲੇ ਦੇਸ਼ ਪੰਜਾਬ  ਉਪਰ  ਕਬਜ਼ਾ ਕਰ ਲਿਆ ਸੀ। 

ਪਰ ਅੰਗਰੇਜ਼ ਜਦੋਂ ਜਾਣ ਲੱਗੇ ਤਾਂ ਦੇਸ਼ ਪੰਜਾਬ ਨੂੰ ਰੌਲੇ ਗੋਲੇ ਤੇ ਕਤਲਗਾਹ ਬਣਾ ਕੇ  ਦੇਸ਼ ਪੰਜਾਬ ਨੂੰ ਉਜਾੜ ਕੇ ਵਾਪਸ ਬਰਤਾਨੀਆ ਚਲੇ ਗਏ ਸਨ।

ਛੇਤੀ ਹੀ ਹਾਲਾਤ ਬਦਲਦੇ ਨਜ਼ਰ ਆਉਣ ਲੱਗੇ ਅਤੇ ਸਿੱਖ ਆਗੂ ਹਿੰਦੂਤਵ ਦਾ ਪਾਣੀ ਭਰਨ ਲੱਗ ਪਏ ਸਨ। ਜਿਸ ਕਾਰਨ ਆਪਣੇ  ਖੁੱਸੇ ਹੋਏ ਰਾਜ ਭਾਗ ਨੂੰ ਮੁੜ  ਪ੍ਰਾਪਤ ਨਾ ਕਰ ਸਕੇ। ਕਿਉਕੀ ਇਹਨਾ ਨੂੰ ਰਾਜ ਭਾਗ ਦੀ ਬਜਾਏ ਵਕਤੀ ਵਜੀਰੀਆਂ ਤੇ ਅਹੁਦੇ,ਲਾਲਚ,ਜ਼ਮੀਨ ਜਾਇਦਾਦ ਦੀ ਲੋੜ ਸੀ।

ਠੀਕ ਇਵੇ ਦੇ ਹਾਲਾਤ ਮੁੜ ਸਥਾਪਤ ਹੋਏ ਪਏ ਹਨ। ਹਿੰਦੂਤਵ ਅੰਖਡ ਭਾਰਤ ਟੋਟੋ ਟੋਟੋ ਹੋਣ ਦੇ  ਕਿਨਾਰੇ ਲੱਗਣ ਵਾਲਾ ਹੈ। ਅੱਜ ਗਵਾਚੀ ਹੋਈ ਵਿਰਾਸਤ ਵਾਲੇ ਸਿੱਖ ਹਿੰਦੂਤਵ ਦੇ ਅਧੀਨ ਆਪਣੀ ਹੋਂਦ ਦੀ ਸਲਾਮਤੀ ਦੀ ਬੀਨ ਵਜਾ ਰਿਹਾ ਹੈ।

ਸਿੱਖ ਕੌਮ ਕੋਲ ਗੁਰਦੁਆਰਾ ਸੰਸਥਾ ਇਕ ਅਜਿਹੀ  ਪਵਿੱਤਰ  ਅਦਭੁਤ ਸ਼ਕਤੀ  ਜਾ ਸੋਮਾ ਹੈ। ਜਿਸ ਦੇ ਤਾਬਿਆ ਦੁਨੀਆ ਵਿਚ ਰਾਜ ਮਾਨਣ ਦੀ ਸਮਰੱਥਾ ਸਿੱਖ ਕੋਲ ਹੈ। ਪਰ ਹੌਲੀ ਹੌਲੀ ਇਹ ਗੁਰਦੁਆਰਾ ਸ਼ਕਤੀ  ਹਿੰਦੂਤਵ ਦੀ ਕੁਟਲਨੀਤੀ ਕਾਰਨ ਸਿੱਖ ਪੰਥ ਪਾਸੋਂ ਖੁਸਦੀ ਚਲੀ ਆ ਰਹੀ ਹੈ ਜਿਸ ਸਦਕਾ ਸਿੱਖ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੋ ਰਿਹਾ ਹੈ। 

ਸਿੱਖ ਪੰਥ ਨੂੰ ਤਪੋ ਰਾਜ ਤੇ ਰਾਜੋ ਨਰਕ ਵੱਲ ਧਕੇਲਿਆ ਜਾ ਰਿਹਾ ਹੈ। ਇਸ ਹੋਣੀ ਬਾਰੇ ਸੋਚਣਾ ਅਤੇ ਸੁਆਲ ਪੁੱਛਣਾ ਬਹੁਤ ਜ਼ਰੂਰੀ ਹੈ ਪਰ ਸਿੱਖ ਪੰਥ ਖਾਮੋਸ਼ ਹੈ। ਪੰਥ ਦਾ ਮੌਜੂਦਾ ਰੂਪ ਇਸ ਹੋਣੀ ਨੂੰ ਬਰਦਾਸ਼ਤ ਕਰਕੇ ਗੁਲਾਮੀਅਤ ਦੀ ਡੂੰਗੀ ਖਡ ਵਿਚ ਧੱਸਦਾ ਜਾ ਰਿਹਾ ਹੈ।

ਸੰਨ 1947 ਵਿਚ ਸਿੱਖ ਗੁਰਦੁਆਰਿਆਂ ਦਾ ਵੱਡਾ ਹਿੱਸਾ ਵੰਡ  ਵੱਕਤ ਪਾਕ ਵਿਚ ਰਹਿ ਗਿਆ, ਸਿੱਖ ਸਿਰਫ  ਵਿੱਛੜੇ ਹੋਏ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ, ਸੇਵਾ  ਸੰਭਾਲ ਦੀ ਅਰਦਾਸ ਤਕ ਸੀਮਤ ਰਹਿ ਗਿਆ ਸੀ। ਉਹ ਅਰਦਾਸ ਅਜ ਵੀ ਹੋ ਰਹੀ ਹੈ।

ਕੀ ਅੱਜ ਸਿੱਖ ਭਾਰਤ ਅੰਦਰ ਜਾਂ ਦੇਸ਼ ਪੰਜਾਬ ਦੇ ਗੁਰਦੁਆਰਿਆਂ ਦੀ ਦਸ਼ਾ ਵੀ ਅਰਦਾਸ ਵਿੱਚ ਸ਼ਾਮਲ ਕਰਨਾ ਲੋਚਦੇ ਹਨ । ਧੜੇ ਤੇ ਧਿਰਾਂ ਵਿਚ ਵੰਡੇ ਹੋਏ ਵੱਡੇ ਬਣੇ ਪੰਥਕ,

ਜਿਸ ਤਰੀਕੇ ਨਾਲ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਗੁਰਦੁਆਰੇ ਤੇਜੀ ਨਾਲ ਹਿੰਦੂਤਵ ਦੀ ਗੁਲਾਮੀਅਤ ਪ੍ਰਵਾਨ ਕਰ ਚੁੱਕੇ ਪੱਗੜੀ ਧਾਰੀ ਮੋਨੀ ਵੀਚਾਰਧਾਰਾ ਵਾਲੇ  ਨਲਾਇਕ ਸਿੱਖ ਹਕੂਮਤ ਦੇ ਹੱਥਠੋਕੇ ਤੇ ਪੰਥਕ ਹਿਤਾਂ ਨੂੰ ਵਿਸਾਰ ਕੇ  ਗੁਰੂਦੁਆਰਿਆ ਅਥਵਾ ਸਿੱਖ ਸੰਸਥਾਵਾਂ ਦੇ ਪਰਬੰਧਕ ਬਣਨ ਦੀ ਦੌੜ ਵਿਚ ਹਨ। ਉਸ ਹਿਸਾਬ ਨਾਲ ਖਾਲਸੇ ਦੇ ਬੋਲ ਬਾਲੇ ਦੀ ਵਿਚਾਰਧਾਰਾ ਮੁਕਦੀ ਜਾ ਰਹੀ ਹੈ।

ਸਾਰੀ ਗਲ ਤੋ ਬਾਅਦ ਇਕ  ਸਵਾਲ ਪੈਦਾ ਹੁੰਦਾ ਹੈ। ਅਸੀ ਕੀ ਕਰੀਏ ਤੇ ਕੌਣ ਕਰੇ,,,ਭਾਵ ਸਿੱਖ ਕਿਧਰ ਨੂੰ ਜਾਣ, ਕੀ ਗੁਰਦੁਆਰਿਆ ਦਾ ਪ੍ਰਬੰਧ ਪੰਥ ਕੋਲ ਰਹੇ। ਸਿੱਖਾ ਅਜ ਅਲਗ ਅਲਗ  ਧੜੇ, ਧਿਰਾਂ ਚ ਵੰਡਿਆ ਪਿਆ ਹੈ। ਪੰਥਕ ਏਕਤਾ ਦੂਰ ਤਕ ਨਜਰ ਨਹੀ ਆਉਂਦੀ, ਡੇਰੇਦਾਰਾਂ ਦੀ ਧਿਰ ਕਾਹਲੀ ਕਾਹਲੀ ਕਬਜਾ ਕਰਨ ਲਈ ਪੰਥਕ ਮਖੌਟਾ ਪਾਈ ਤੁਰੀ ਆਉਂਦੀ ਹੈ। ਦੂਸਰਾ ਸਿਆਸੀ ਕਿਸਮ  ਦੇ ਲੋਕ ਹਕੂਮਤ ਦੀ ਮਰਜੀ ਨਾਲ ਗੁਰਦੁਆਰਿਆ ਉਪਰ ਪ੍ਰਬੰਧ ਕਰਨ ਦੀ ਤਿਆਰੀ ਕਰ ਰਹੀ ਹੈ।

ਆਪਸੀ ਪਾਟੋਧਾੜ ਦੀ ਹਾਲਤ ਵਿੱਚ ਸ੍ਰੋਮਣੀ ਕਮੇਟੀ ਦੀਆਂ ਪਿਛਲੇ 13 ਸਾਲ ਤੋ ਚੋਣਾਂ ਦਾ ਅਮਲ ਨਹੀ ਹੋਇਆ। ਇਸ ਦਰਮਿਆਨ ਹਰਿਆਣਾ ਕਮੇਟੀ ਦਾ ਗਠਨ ਹੋਇਆ ਹੈ।  ਜਿੱਥੇ ਪਹਿਲਾ ਸ੍ਰੋਮਣੀ ਕਮੇਟੀ ਦੇ 12 ਮੈਬਰ ਚੁਣ ਕੇ ਆਉਂਦੇ ਸਨ। ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖਰਾ ਵਿਧਾਨ ਬਣਨ ਨਾਲ ਵੱਖਰੀ ਕਮੇਟੀ ਦੇ ਮੈਬਰਾਂ ਦੀ ਗਿਣਤੀ ਵੀ 40 ਬਣ ਗਈ ਹੈ। ਹਰਿਆਣਾ ਦੇ 52 ਗੁਰਦੁਆਰੇ ਵੱਖਰੇ ਪ੍ਰਬੰਧ ਚ ਆ ਚੁੱਕੇ ਹਨ। ਮਤਲਬ ਸ੍ਰੋਮਣੀ ਕਮੇਟੀ ਦਾ ਬੋਲ ਬਾਲਾ ਹਰਿਆਣਾ ਵਿੱਚੋ ਜ਼ੀਰੋ ਫੀਸਦੀ ਰਹਿ ਗਿਆ ਹੈ।

ਕੀ  ਹਿੰਦੂਤਵ ਵੱਲੋਂ ਏਸੇ ਤਰਜ਼ 'ਤੇ ਸ੍ਰੋਮਣੀ ਕਮੇਟੀ ਵੀ ਸਰਕਾਰੀ ਤੰਤਰ ਦੇ ਅਧੀਨ ਲਿਆਉਣ ਦੇ ਮਨਸੂਬੇ ਤਿਆਰ ਕੀਤੇ ਜਾ ਰਹੇ ਹਨ।  ਕੀ  ਭਾਰਤੀ ਜਨਤਾ ਪਾਰਟੀ ਦੇ ਕੌਮੀ ਸੱਕਤਰ ਮਨਜਿੰਦਰ ਸਿੰਘ ਸਿਰਸੇ ਦਾ ਰੋਲ ਸੁਖਬੀਰ ਬਾਦਲ ਨਿਭਾਏਗਾ? ਇਹ ਗਲ ਅਜੇ ਗੁਪਤ ਹੈ। ਕੀ  ਉਦੋ ਹੀ ਸਰਕਾਰ ਸ੍ਰੋਮਣੀ ਕਮੇਟੀ ਚੋਣਾਂ ਕਰਵਗੀ। ਸ਼੍ਰੋਮਣੀ ਕਮੇਟੀ ਨੂੰ ਵੀ ਸਰਕਾਰੀ ਤੰਤਰ ਦੇ  ਹਰਿਆਣਾ ਵਾਂਗੂੰ  ਲਿਆਉਣ ਲਈ ਹੁਕੂਮਤ ਕਾਹਲੀ ਹੈ। ਇਸ ਲਈ ਕੁਝ ਵੀ ਹੋ  ਸਕਦਾ ਹੈ ।

ਦਿੱਲੀ ਚੋਣਾਂ ਵਾਂਗੂੰ ਫਿਰ ਭਾਈ ਰਣਜੀਤ ਸਿੰਘ ਸਾਬਕਾ  ਜਥੇਦਾਰ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੋਵੇਂ ਧੜੇ ਸਮੇਤ ਦਲ ਖਾਲਸਾ ਦਾ ਪੰਥ ਸੇਵਕ ਦਲ  ਆਪਣੀ ਆਪਣੀ ਜੋਰ ਅਜਮਾਇਸ਼ ਕਰਨਗੇ ਅਤੇ  ਵੋਟਾ ਦੀ ਵੰਡ ਸਦਕਾ ਸਰਕਾਰੀ ਤੰਤਰ ਸ੍ਰੋਮਣੀ ਕਮੇਟੀ ਉਪਰ ਕਬਜ਼ਾ ਕਰ ਲਵੇਗਾ।   ਇਹ  ਧੜੇ ਪੰਥ ਨੂੰ ਰਸਾਤਲ ਵੱਲ ਤੋਰ ਕੇ ਚੂਪ ਕਰ ਕੇ ਬੈਠ ਜਾਣਗੇ।

ਪ੍ਰਿੰਸੀਪਲ ਖਾਲਸਾ ਸੁਚੇਤ ਕਰਦੇ ਹਨ ਕਿ ਹੁਣ ਹਾਲਾਤ ਬੇਹੱਦ ਨਾਜ਼ੁਕ ਮੋੜਤ ਖੜੇ ਹਨ। ਬਾਦਲ ਦਲ ਵੀ ਵੋਟਾਂ ਦਾ ਕੁਝ ਹਿੱਸਾ ਲੈਕੇ ਜਾਵੇਗਾ। ਅਖੀਰ ਸਰਕਾਰੀ ਧਿਰ ਨੂੰ  ਥਾਲ ਵਿਚ  ਸ਼੍ਰੋਮਣੀ ਕਮੇਟੀ ਪਰੋਸ ਕੇ ਇਹ ਆਪਣੇ ਆਪ ਨੂੰ ਕਹਿੰਦੀਆਂ ਪੰਥਕ ਧਿਰਾਂ  ਗੋਡੇ ਟੇਕ ਕੇ  ਚੁੱਪ ਵੱਟ ਲੈਣਗੀਆਂ। ਇਹੀ ਹਾਲਾਤ ਬਣ ਜਾਣ ਉਪਰੰਤ ਭਾਰਤੀ ਹਕੂਮਤ ਸ੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦਾ ਐਲਾਨ ਕਰੇਗੀ। ਸਾਡਾ ਇਹ ਕਹਿਣਾ ਹੈ। 

ਇਸ ਘਟਨਾ ਕ੍ਰਮ ਤੋ ਬਚਣ ਲਈ ਸ੍ਰੋਮਣੀ  ਗੁਰਮਤਿ ਚੇਤਨਾ ਲਹਿਰ ਨੇ ਇਕ ,ਗੁਰਦੁਆਰਾ ਚੋਣ ਮਨੋਰਥ ਪਤਰ ਛਪਵਾ ਕੇ ਤਿਆਰ ਕੀਤਾ ਹੈ; ਤਾ ਕੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਾਂਝੇ ਰੂਪ ਵਿਚ ਸੀਟਾਂ ਦੀ ਵੰਡ ਨਾਲ ਮਿਲ ਕੇ ਲੜੀਆਂ ਜਾਣ। ਪਰ ਸਾਬਕਾ ਜਥੇਦਾਰ ਤੇ ਅੰਮ੍ਰਿਤਸਰ ਅਕਾਲੀ ਦਲ ਦੇ ਦੋਵੇਂ ਧੜੇ ਸਮੇਤ ਵਡਾਲਾ ਅਤੇ ਦਲ ਖਾਲਸਾ ਦੇ ਪੰਥ ਸੇਵਕ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀਆਂ ਵਰਦੀਆਂ ਸਵਾ ਕੇ ਕੁਰਸੀ ਤੇ ਬੈਠਣ ਲਈ ਕਾਹਲੇ ਹਨ। ਕੌਮ ਨੂੰ ਨਿਰਾਸ਼ਤਾ ਚ ਸੁੱਟਣ ਲਈ? ਅਜਿਹੇ ਕਿ ਸੁਆਲ ਸੰਗਤਾਂ ਦੇ ਮਨਾਂ ਵਿਚ ਹਨ। 

ਇਸਦੇ ਨਾਲ ਹੀ ਉਹ ਭਵਿੱਖਬਾਣੀ ਵੀ ਕਰਦੇ ਹਨ। ਉਹ ਸਾਫ ਸ਼ਬਦਾਂ ਵਿਚ ਆਖ ਰਹੇ ਹਨ ਕਿ ਹਰਿਆਣਾ  ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗੂੰ ਸ੍ਰੋਮਣੀ ਕਮੇਟੀ ਵੀ ਸਰਕਾਰੀ ਕਬਜ਼ੇ 'ਚ ਦੇਣ ਲਈ ਕੁਝ ਸਿੱਖ ਆਗੂ ਤਿਆਰ ਜਾਪਦੇ ਹਨ। 

ਕਿਹਾ ਜਾਂਦਾ ਹੈ ਕੀ ਸੱਪ ਲੰਘ ਜਾਵੇ ਤਾਂ ਮਗਰੋਂ ਲਕੀਰ ਪਿੱਟਣ ਦਾ ਕੀ ਲਾਭ? ਪਰ ਸਿੱਖ ਸੱਪ ਲੰਘ ਜਾਣ ਦੀ ਉਡੀਕ ਕਰ ਰਹੇ ਹਨ। ਫਿਰ ਧਰਨੇ ਮੋਰਚੇ ਲਗਾਉਣ ਗੇ। ਕਿ ਸਰਕਾਰ ਨੇ ਧਕਾ ਕਰ ਲਿਆ ਚਲੋ ਸਿੱਖੋ ਪੰਥ ਖਤਰੇ ਵਿਚ ਹੈ।

ਸਰਕਾਰਾਂ ਦਾ ਮਿਸ਼ਨ ਹੈ ਕਿ ਘਟ ਗਿਣਤੀਆਂ  ਅਥਵਾ ਸਿੱਖ ਕੌਂਮ।ਨੂੰ ਇੰਡੀਆ ਵਿਚ ਦਬਾਉਣਾ ਹੈ। ਇਹਨਾ ਨੂੰ ਸਿਰ ਨਹੀ ਚੁੱਕਣ ਦੇਣਾ ਇਸ ਲਈ ਦੋ ਚਾਰ ਲੱਖ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਇਹਨਾ ਦੇ ਘਰ ਘਾਟ ਉਜਾੜ ਦਿੱਤੇ ਜਾਣ ਇਹਨਾ ਦੇ ਗੁਰਦੁਆਰਿਆ ਅਥਵਾ ਆਸਥਾ ਕੇਂਦਰ ਪੁਲੀਸ ,ਫੌਜ,ਦੀ ਮਦਦ ਨਾਲ ਨੇਸਤੋ ਨਬੂਦ ਕਰ ਦਿੱਤੇ ਜਾਣ। ਉਹ ਇਨਸਾਫ ਲਈ ਭਟਕਦੇ ਰਹਿਣ ਵਗੈਰਾ,,, ਵਗੈਰਾ। 

ਪ੍ਰਿੰਸੀਪਲ ਖਾਲਸਾ ਕਹਿੰਦੇ ਹਨ ਕਿ ਇਹ ਸਭ ਕੁਝ 1947 ਤੋਂ ਲੈ ਕੇ ਹੁਣ ਤੱਕ ਇੰਡੀਆ ਸਟੇਟ ਕਰ ਰਹੀ ਹੈ। ਇਸ ਤੋਂ ਪਹਿਲਾ ਅੰਗਰੇਜ ਤੇ ਮੁਗਲ ਹਾਕਮਾਂ ਨੇ ਇਹੀ ਕੁਝ ਕੀਤਾ। ਅੰਗਰੇਜ ਸਰਕਾਰ  ਖਿਲਾਫ ਮੋਰਚਾ ਲਾਕੇ ਗੁਰਦੁਆਰਾ ਐਕਟ  ,1925 ਬਣਾਉਣ ਦਾ ਉਪਰਾਲਾ ਸਿੱਖਾ ਨੇ ਕੀਤਾ ਸੀ। ਉਦੋ ਮਹੰਤ ਨਰੈਣੂ ਸ੍ਰੇਣੀ ਦੇ ਲੋਕ ਗੁਰਦੁਆਰਿਆ ਚ ਮਨਮਾਨੀਆਂ ਕਰਨ ਲੱਗ ਪਏ ਸਨ।

ਇਸੇ ਤਰ੍ਹਾਂ ਸੰਨ 1984 ਦੇ ਅਪਰੇਸ਼ਨ ਬਲਿਊ ਸਟਾਰ ਅਤੇ ਸਿੱਖ ਕਤਲੇਆਮ ਦਾ ਮਨੋਰਥ ਵੀ ਸਿੱਖੀ ਸ਼ਕਤੀ ਨੂੰ ਦਬਾਉਣਾ ਸੀ। ਅਤੇ ਸਰਕਾਰ ਵਲੋ ਗੁਰਦੁਆਰਿਆ ਉਪਰ ਕੰਟਰੋਲ ਕਰਨਾ ਸੀ। ਲਗਭਗ ਸਿੱਖ ਸੰਸਥਾਵਾਂ ਨੂੰ ਸਿਆਸੀ ਢੰਗ ਤਰੀਕੇ ਨਾਲ 1984 ਤੋ ਬਾਦ ਖਤਮ ਕਰਨ ਦਾ ਦੌਰ ਸੁਰੂ ਕਰ ਦਿੱਤਾ ਗਿਆ ਸੀ। ਸਿੱਖ ਹੱਕਾਂ ਲਈ ਅਵਾਜ ਬੰਦ ਕਰਵਾਉਣ ਲਈ ਸਾਰੇ ਢੰਗ ਤਰੀਕਿਆਂ ਨੂੰ ਇੰਡੀਆ ਸਟੇਟ ਨੇ ਅਪਣਾਇਆ

ਉਦੋ ਮਹੰਤ ਅੰਗਰੇਜ਼ ਸਰਕਾਰ ਦੇ ਹੱਥ ਠੋਕੇ ਸਨ। ਅੱਜ ਦੇ ਹਾਲਾਤ ਚ ਇੰਡੀਆ ਸਟੇਟ ਖੁਦ ਮਹੰਤ ਬਣ ਕੇ ਆਪਣੇ ਹੱਥ ਠੋਕੇ ਪ੍ਰਬੰਧਕ ਨੂਮਾ  ਮਹੰਤ ਬਣਾਉਣ ਲਗੀ ਹੋਈ ਹੈ। 

ਸਿੱਖਾਂ ਨੂੰ ਕੌਣ ਸਮਝਾਏ ਕਿ ਸਿਆਸੀ ਲੋਕਾਂ ਹੱਥੋਂ ਧਰਮ ਪ੍ਰਚਾਰ ਕੇਂਦਰ ਗੁਰਦੁਆਰਿਆ ਦਾ ਪ੍ਰਬੰਧ ਲੇਕੇ ਸਹੀ ਧਾਰਮਿਕ ਜੀਵਨ ਬਤੀਤ ਕਰਨ ਵਾਲਿਆਂ ਸਿੱਖਾ ਨੂੰ ਇਹ ਪ੍ਰਬੰਧ  ਸੇਵਾ ਜਾਣ ਕੇ ਸਭਾਲਣ  ਲਈ ਲੈ ਕੇ ਦੇਣਾ ਹੈ।  ਉਹ ਤਾਂ ਆਪਣੇ ਆਪਣੇ ਧੜੇ ਪਾਲ ਰਹੇ ਹਨ। ਜਿਸ ਬਦਲੇ ਇੰਡੀਆ ਸਟੇਟ ਕੋਲੋ ਦੁਨਿਆਵੀ ਲਾਭ ਲੈਣ ਤੇ ਨਿੱਜੀ ਹਿੱਤ ਪਾਲਣ, ਕੌਮ ਪੰਥ, ਸਿੱਖੀ ਜਾਵੇ ਭਾਵੇਂ ਖੂਹ ਖਾਤੇ,,,,,

ਦਰਅਸਲ ਸਹੀ ਗਲ ਇਹ ਹੈ ਕਿ ਕਿਸੇ ਵੀ ਸਿਆਸੀ ਜਮਾਤ ਦੀ ਗੁਰਦੁਆਰਿਆ ਦੇ ਪ੍ਰਬੰਧ ਵਿਚ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ ਅਨੇਕ ਸਿੱਖ ਤੇ ਗੈਰ ਸਿੱਖ ਸਿਆਸੀ ਪਾਰਟੀਆਂ ਗੁਰਦੁਆਰਿਆ ਦੇ ਪ੍ਰਬੰਧ ਤੇ ਸਿੱਖ ਸੰਸਥਾਵਾਂ ਉਪਰ ਕਬਜਾ ਕਰਨ ਤੇ ਫੰਡ  ਤੇ ਸਾਧਨਾ ਦੀ ਦੁਰਵਰਤੋ ਕਰਨ ਲਈ ਕਾਹਲੀਆਂ ਹਨ।

ਸਿੱਖਾਂ ਦੀਆਂ ਸਿਆਸੀ ਪਾਰਟੀਆਂ ਬਾਦਲ ਦਲ ਤੇ ਹੋਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਚੋਣਾਂ ਚ ਹਿਸਾ ਲੈਣ ਲਈ ਕਾਹਲੀਆਂ ਹਨ। ਕੁਝ ਸਖਸ਼ੀਅਤਾਂ ਵੀ ਆਪੋ ਆਪਣੇ ਗਰੁੱਪ ਬਣਾ ਕੇ ਸ੍ਰੋਮਣੀ ਕਮੇਟੀ  ਚੋਣਾਂ ਲਈ ਕਮਰਕਸੇ ਕਸੀ ਬੈਠੇ ਹਨ। ਦਿੱਲੀ ਤੇ ਹਰਿਆਣਾ ਕਮੇਟੀਆ ਸਮੇਤ ਦੂਜੇ ਹੋਰ ਸੂਬਿਆਂ ਦੀਆਂ ਕਮੇਟੀਆਂ ਵੀ ਸਰਕਾਰ ਨੇ ਆਪਣੇ ਹੱਥਾਂ ਵਿਚ ਰੱਖ ਲਈਆਂ ਹਨ। ਸ਼੍ਰੋਮਣੀ ਕਮੇਟੀ ਦਾ ਵੀ ਕਬਜ਼ਾ ਲਗਭਗ ਸਿੱਖ ਕੌਮ ਇੰਡੀਆ ਸਟੇਟ ਨੂੰ ਦੇਣ ਲਈ ਤਿਆਰ ਹੈ। ਕਿਉਕੀ ਸਾਨੂੰ ਧੜੇ  ਪਿਆਰੇ ਹਨ। ਅਸੀ  ਧੜੇਬਾਜ਼ ਬਣਿਆ ਰਹਿਣਾ ਹੈ।

ਬੱਸ ਸ਼੍ਰੋਮਣੀ ਕਮੇਟੀ ਇੰਡੀਆ ਸਟੇਟ ਨੂੰ ਦੇ ਕੇ ਫਿਰ ਕੁਝ ਰੌਲਾ ਰੱਪਾ ਪਾਂ ਕੇ ਇਹਨਾਂ ਫਿਰ ਮੋਰਚਿਆਂ ਦੇ ਐਲਾਨ ਕਰਨੇ ਹਨ। ਭਾਵੇਂ ਕੋਈ ਵੀ ਮੋਰਚਾ ਸਿਰੇ ਨਾ ਚੜ੍ਹੇ, ਇਸ  ਨਾਲ ਸਿੱਖਾ ਦਾ ਕੋਈ ਮਤਲਬ ਨਹੀਂ।

ਚਾਹੀਦਾ ਤਾਂ ਇਹ ਸੀ ਕਿ ਸਿਆਣੇ ਧਾਰਮਿਕ ਫਲਸਫੇ ਦੇ ਵਾਕਫ਼  ਸਿੱਖ ਇੱਕਠੇ ਹੌਂਕੇ ਆਪਣੇ ਧਰਮ  ਕੇਂਦਰਾ ਗੁਰਦੁਆਰਿਆ ਦਾ ਪ੍ਰਬੰਧ  ਲੈਣ ਸਮੇ ਦੀ ਇਹ ਵੱਡੀ ਲੋੜ ਹੈ।

ਇਹੀ ਕੁਝ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਨੇ ਯਤਨ ਕੀਤਾ ਹੈ। ਤੁਸੀ ਸਹਯੋਗੀ ਬਣ ਕੇ ਚਲਣਾ ਹੈ। 

ਸੱਪ ਲੰਘ ਜਾਣ ਤੋਂ ਬਾਅਦ ਲਕੀਰ ਨੂੰ ਪਿੱਟਣ ਦਾ ਕੋਈ ਲਾਭ ਨਹੀਂ ਹੋਣਾ।  ਇਸ ਲਈ ਅਕਲ ਨੂੰ ਹੱਥ ਮਾਰੀਏ ਤੇ ਇੱਕਤਰ ਹੋਈਏ। ਏਕਤਾ ਬਿਨਾ ਕੁਝ ਨਹੀ ਹੋਣਾ। ਜੇਕਰ ਏਕਤਾ ਨਹੀ ਕਰਨੀ ਤਾਂ ਸਪਸਟ ਹੈ ਕੀ ਸਿੱਖ ਹਰਿਆਣਾ ਕਮੇਟੀ ਵਾਂਗੂੰ ਸ੍ਰੋਮਣੀ ਕਮੇਟੀ ਦਿੱਲ੍ਹੀ ਨੂੰ ਦੇਣ ਲਈ ਤਿਆਰ ਹਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: