15 ਅਗਸਤ ਨੂੰ ਕਾਲੇ ਅਤੇ ਕੇਸਰੀ ਝੰਡਿਆਂ ਨਾਲ ਕੀਤਾ ਜਾਵੇਗਾ ਰੋਸ ਮਾਰਚ
*ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਲਿਖੀ ਚਿੱਠੀ
*ਸਮੂਹ ਪੰਜਾਬ ਵਾਸੀਆਂ ਅਤੇ ਪੰਥਕ ਦਰਦੀਆਂ ਨੂੰ ਮੋਰਚੇ ਨਾਲ ਖੜਨ ਦੀ ਕੀਤੀ ਅਪੀਲ
*ਬਾਪੂ ਗੁਰਚਰਨ ਸਿੰਘ ਨੇ ਮਣੀਪੁਰ ਹਿੰਸਾ ਦੀ ਵੀ ਕੀਤੀ ਤਿੱਖੀ ਨਿਖੇਧੀ
*ਨਾਲ ਹੀ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਸਮੂਹ ਕਾਰਕੁੰਨਾਂ ਨੂੰ ਵੀ ਰਿਹਾ ਕਰਨ ਦੀ ਮੰਗ
ਮੋਹਾਲੀ: 7 ਅਗਸਤ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਸਿੱਖ ਬੰਦੀਆਂ ਦੀ ਰਿਹਾਈ ਅਤੇ ਹੋਰ ਸਬੰਧਤ ਮੰਗਾਂ ਨੂੰ ਲੈ ਕੇ ਸੱਤ ਜਨਵਰੀ 2023 ਨੂੰ ਸ਼ੁਰੂ ਹੋਇਆ ਕੌਮੀ ਇਨਸਾਫ ਮੋਰਚਾ ਇੱਕ ਵਾਰ ਫੇਰ ਗੰਭੀਰਤਾ ਵਾਲੇ ਮੋੜ 'ਤੇ ਪਹੁੰਚ ਗਿਆ ਹੈ। ਅੱਜ ਮੋਹਾਲੀ ਪ੍ਰੈਸ ਕਲੱਬ ਦੇ ਖਚਾਖਚ ਭਰੇ ਹੋਏ ਹਾਲ ਮੋਰਚੇ ਦੇ ਕਈ ਸੀਨੀਅਰ ਲੀਡਰਾਂ ਨੇ ਮੀਡੀਆ ਨਾਲ ਕਰੀਬ ਡੇੜ ਘੰਟਾ ਤੋਂ ਵੀ ਵਧੇਰੇ ਸਮੇਂ ਤੱਕ ਨਾਲ ਹੀ ਗੱਲ ਕੀਤੀ। ਇਸ ਤੋਂ ਬਾਅਦ ਡੇੜ ਦੋ ਘੰਟੇ ਤੀਕ ਹੋਰਨਾਂ ਮੀਡੀਆ ਅਦਾਰਿਆਂ ਵੀ ਨਾਲ ਗੱਲਬਾਤ ਚੱਲਦੀ ਰਹੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਜਗਤਾਰ ਸਿੰਘ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਅਤੇ ਹੋਰਾਂ ਨੇ ਮੀਡੀਆ ਵੱਲੋਂ ਪੁਛੇ ਗਏ ਸਾਰੇ ਸੁਆਲਾਂ ਦੇ ਜੁਆਬ ਬੜੇ ਹੀ ਠਰੰਮੇ ਨਾਲ ਦਿੱਤੇ।
ਕੌਮੀ ਇਨਸਾਫ਼ ਮੋਰਚਾ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਗੋਲੀ ਕਾਂਡ ਵਿਚ ਸ਼ਾਮਿਲ ਪੁਲਸ ਅਤੇ ਰਾਜਨੀਤਕਾਂ ਨੂੰ ਨਾਮਜ਼ਦ ਕਰਨ, ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਜ਼ਾਵਾਂ ਦੀ ਵਿਵਸਥਾ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਸਬੰਧੀ ਮੰਗਾਂ ਨੂੰ ਲੈ ਕੇ 7 ਜਨਵਰੀ ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਇਸ ਮੋਰਚੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਵੀ ਆਉਂਦੇ ਰਹੇ ਪਰ ਮੋਰਚੇ ਦੀ ਲੀਡਰਸ਼ਿਪ ਅਡੋਲ ਰਹੀ। ਮੌਸਮੀ ਕਰੋਪੀਆਂ ਨੂੰ ਝੱਲਦਿਆਂ ਹਨੇਰੀਆਂ, ਤੂਫ਼ਾਨਾਂ ਅਤੇ ਤੇਜ਼ ਬਰਸਾਤਾਂ ਦਾ ਸਾਹਮਣਾ ਵੀ ਮੋਰਚੇ ਵਿਚਲੀ ਸੰਗਤ ਨੇ ਬੜੇ ਸਿਦਕ ਨਾਲ ਕੀਤਾ। ਹਨ ਮੋਰਚੇ ਦੇ ਆਗੂਆਂ ਨੂੰ ਇਹ ਗਿਲਾ ਜ਼ਰੂਰ ਹੈ ਕਿ ਪ੍ਰਸ਼ਾਸਨ ਵਲੋਂ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਨਾਲ ਸਿੱਖ ਕੌਮ ਦੀਆਂ ਹੱਕੀ ਮੰਗਾਂ ਮੰਨਣ ਲਈ ਕੋਈ ਸੰਪਰਕ ਨਹੀਂ ਕੀਤਾ ਜਾ ਰਿਹਾ ਹੈ। ਜੇਕਰ ਕੋਈ ਗੱਲਬਾਤ ਕੀਤੀ ਵੀ ਜਾਂਦੀ ਰਹੀ ਹੈ ਤਾਂ ਗੱਲਬਾਤ ਕਰਨ ਵਾਲੇ ਮੌਕੇ ਉਤੇ ਕੀਤੇ ਵਾਅਦਿਆਂ ਤੋਂ ਮੁਨਕਰ ਹੁੰਦੇ ਰਹੇ ਹਨ। ਇਸਨਾਲ ਨਿਰਾਸਤਾ ਅਤੇ ਦੰਵੰਡੋਲਤਾ ਵਾਲਾ ਮਾਹੌਲ ਸਿਰਜੇ ਜਾਣ ਦੇ ਅੰਦੇਸ਼ੇ ਵੀ ਸਾਹਮਣੇ ਆਉਂਦੇ ਹਨ ਪਰ ਸੰਗਤਾਂ ਦਿਨ ਰਾਤ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਬਾਣੀ ਦਾ ਕੀਰਤਨ ਕਰਦੀਆਂ ਰਹੀਆਂ। ਹਰ ਔਕੜ ਵੇਲੇ ਸੰਗਤਾਂ ਵਿਚਲਾ ਹਰ ਉਮਰ ਦਾ ਵਰਗ ਹਮੇਸ਼ਾਂ ਚੜ੍ਹਦੀਕਲਾ ਵਿਚ ਨਜ਼ਰ ਆਇਆ।
ਇਸ ਸਬੰਧੀ ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਪੂ ਗੁਰਚਰਨ ਸਿੰਘ ਹਵਾਰਾ, ਐਡਵੋਕੇਟ ਅਮਰ ਸਿੰਘ ਚਹਿਲ, ਕਨਵੀਨਰ ਸ. ਪਾਲ ਸਿੰਘ ਫਰਾਂਸ, ਮੋਰਚੇ ਦੇ ਲੀਗਲ ਐਡਵਾਈਜ਼ਰ ਦਿਲਸ਼ੇਰ ਸਿੰਘ, ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਨੇ ਦਸਿਆ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਵਾਸੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਨਾਲ ਮਿਲ ਕੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਚ ਕਾਲੇ ਅਤੇ ਕੇਸਰੀ ਝੰਡੇ ਲੈ ਕੇ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸਦਾ ਰੂਟ ਪ੍ਰੋਗਰਾਮ ਇੱਕ ਅੱਧ ਦਿਨ ਤੱਕ ਐਲਾਨ ਦਿੱਤਾ ਜਾਏਗਾ ਜਿਸ ਬਾਰੇ ਅੰਤਿਮ ਫੈਸਲਾ ਸਬੰਧਤ ਕਮੇਟੀ ਦੀ ਮੀਟਿੰਗ ਨੇ ਲੈਣਾ ਹੈ। ਅੱਜ ਦੀ ਪ੍ਰੈਸ ਕਾਨਫਰੰਸ ਮੌਕੇ ਵੱਡੀ ਗੱਲ ਇਹ ਸੀ ਕਿ ਸਿੱਖਾਂ ਨਾ ਲੰਮੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਵਧੀਕੀਆਂ ਦਾ ਜ਼ਿਕਰ ਇਕ ਵਾਰ ਫੇਰ ਖੁੱਲ੍ਹ ਕੇ ਕੀਤਾ ਗਿਆ।
ਇਸ ਸਬੰਧੀ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਰੋਸ ਮਾਰਚ ਵਿਚ ਪੰਥਕ ਹਮਦਰਦੀਆਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਵੱਡੇ ਪੱਧਰ ਉਤੇ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਮੌਕੇ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਪੂਰਾ ਸੰਸਾਰ ਜਾਣੂੰ ਹੋ ਸਕੇ। ਉਹਨਾਂ ਕਿਹਾ ਕਿ ਹਿੰਦੁਸਤਾਨ ਦੇ ਨਲਾਇਕ ਆਗੂਆਂ ਕਾਰਨ ਆਜ਼ਾਦੀ ਤੋਂ ਬਾਅਦ ਜਿਹੜਾ ਨੁਕਸਾਨ ਪੰਜਾਬ ਦਾ ਹੋਇਆ ਹੈ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦਸਿਆ ਕਿ ਹਿੰਦੁਸਤਾਨ ਦੀ ਆਜ਼ਾਦੀ ਵੇਲੇ ਦੇਸ਼ ਦੀ ਵੰਡ ਨਹੀਂ ਸੀ ਹੋਈ, ਸਗੋਂ ਪੰਜਾਬ ਹੀ ਵੰਡਿਆ ਗਿਆ ਸੀ। ਉਹਨਾਂ ਦਾ ਇਹ ਕਹਿਣਾ ਸੁਆਲ ਖੜਾ ਕਰਦਾ ਸੀ ਕਿ ਕੀ ਇਹ ਗੱਲ ਵੀ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ?
ਉਹਨਾਂ ਯਾਦ ਕਰਾਇਆ ਕਿ ਵੰਡ ਸਮੇਂ ਜਿਹੜੇ 10 ਲੱਖ ਲੋਕ ਮਰੇ ਸਨ, ਉਹ ਕੇਵਲ ਪੰਜਾਬ ਦੇ ਪੰਜਾਬੀ ਸਨ। ਜਾਨੀ ਨੁਕਸਾਨ ਤੋਂ ਇਲਾਵਾ ਮਾਲੀ ਨੁਕਸਾਨ ਵੀ ਵੱਡੇ ਪੱਧਰ ਉਤੇ ਪੰਜਾਬੀਆਂ ਨੂੰ ਹੀ ਝੱਲਣਾ ਪਿਆ ਹੈ। ਜਿਸ ਦੌਰਾਨ ਉਹਨਾਂ ਨੂੰ ਆਪਣੀਆਂ ਕੀਮਤੀ ਜ਼ਮੀਨਾਂ ਅਤੇ ਅਨੇਕਾਂ ਹੀ ਇਤਿਹਾਸਕ ਗੁਰੂ ਘਰਾਂ ਤੋਂ ਵਾਂਝੇ ਹੋਣਾ ਪਿਆ ਸੀ। ਇਹ ਸਭ ਕੁਝ ਵੇਖਦੇ ਹੋਏ ਪੰਜਾਬ ਦੀ ਖੇਰੂੰ-ਖੇਰੂੰ ਹੋਈ ਪੰਥਕ ਸ਼ਕਤੀ ਨੂੰ ਇਕ ਪਲੇਟਫਾਰਮ ਉਤੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਾਮਲ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਇੱਕਮੁੱਠ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਕ ਮੁੱਠ ਹੋ ਕੇ ਆਉਂਦੀ 15 ਅਗਸਤ ਨੂੰ ਇਕੱਤਰ ਹੋ ਕੇ ਜ਼ੋਰਦਾਰ ਸੰਘਰਸ਼ ਵਿੱਢਣਾ ਚਾਹੀਦਾ ਹੈ ਤਾਂ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾ ਸਕੇ।
ਇਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਨੇ ਇਕ ਚਿੱਠੀ ਭੇਜ ਕੇ ਕੌਮ ਨੂੰ ਸੁਨੇਹਾ ਦਿੱਤਾ ਹੈ ਕਿ ਇਸ ਰੋਸ ਮਾਰਚ ਵਿਚ ਸਮੂਹ ਪੰਜਾਬ ਵਾਸੀਆਂ, ਕਿਸਾਨ ਆਗੂਆਂ, ਪੰਥਕ ਜਥੇਬੰਦੀਆਂ, ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ, ਹਰ ਵਰਗ ਦੇ ਪੰਥਕ ਹਮਦਰਦੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਿਰ ਜੋੜ ਕੇ ਇਸ ਸੰਕਟ ਦੀ ਘੜੀ ਵਿਚ ਕੌਮੀ ਇਨਸਾਫ ਮੋਰਚੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਅੱਜ ਪੰਜਾਬ ਦਾ ਹਰ ਵਰਗ ਸਰਕਾਰਾਂ ਨੇ ਝੰਭ ਸੁੱਟਿਆ ਹੈ ਅਤੇ ਲੋਕਾਂ ਦੀ ਇਕਜੁੱਟਤਾ ਬਗੈਰ ਕੋਈ ਵੀ ਜੰਗ ਜਿੱਤੀ ਨਹੀਂ ਜਾ ਸਕਦੀ।
ਇਸ ਮੌਕੇ ਗੁਰਜੰਟ ਸਿੰਘ, ਦੇਵ ਸਰਾਭਾ, ਐਡਵੋਕੇਟ ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਵਿੰਦਰ ਸਿੰਘ ਰਾਜਪੁਰਾ, ਰਛਪਾਲ ਸਿੰਘ ਚੰਡੀਗੜ੍ਹ, ਬਲਕਾਰ ਸਿੰਘ ਭੁੱਲਰ, ਗੁਰਨਾਮ ਸਿੰਘ ਸਿੱਧੂ, ਆਗੂ ਰੇਸ਼ਮ ਸਿੰਘ ਬਡਾਲੀ, ਰਵਿੰਦਰ ਸਿੰਘ ਵਜੀਦਪੁਰ, ਬਲਜੀਤ ਸਿੰਘ ਭਾਊ ਮੁੱਢ ਤੋਂ ਹੀ ਕੌਮੀ ਇਨਸਾਫ਼ ਮੋਰਚੇ ਨਾਲ ਜੁੜੇ ਹੋਏ ਹਨ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment