ਬਾਦਲਕੇ ਸਟੈਂਡ ਲੈਂਦੇ ਤਾਂ ਬੰਦੀ ਸਿੰਘ ਜੇਲ੍ਹਾਂ 'ਚ ਨਹੀਂ ਪਰਿਵਾਰਾਂ ਵਿੱਚ ਹੁੰਦੇ
ਮੋਹਾਲੀ: 8 ਅਗਸਤ 2023: (ਦੇਵ ਸਰਾਭਾ//ਪੰਜਾਬ ਸਕਰੀਨ ਡੈਸਕ)::
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਮੁੱਚੀ ਕੌਮ ਵੱਲੋਂ ਚਲ ਰਹੇ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕ ਅਹਿਮ ਮੰਗ ਹੈ। ਇਸਦੇ ਬਾਵਜੂਦ ਆਲੇ ਦੁਆਲੇ ਰਹਿੰਦੇ ਲੋਕਾਂ ਵੱਲੋਂ ਇਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਵੱਜੋਂ ਜਾਣਿਆ ਜਾਂਦਾ ਹੈ। ਜਿਹਨਾਂ ਦੇ ਮਨਾਂ ਵਿੱਚ ਸਿੱਖ ਪੰਥ ਪ੍ਰਤੀ ਪਹਿਲਾਂ ਹੀ ਨਾਂਹ ਵਾਚਕ ਸੋਚ ਭਾਰੂ ਹੈ ਉਹ ਕਦੇ ਇਸ ਮੋਰਚੇ ਨੂੰ ਨਿਹੰਗਾਂ ਦਾ ਮੋਰਚਾ ਆਖਦੇ ਹਨ ਅਤੇ ਕਦੇ ਖਾਲਿਸਤਾਨੀਆਂ ਦਾ ਮੋਰਚਾ। ਇਥੇ ਜ਼ਿਕਰਯੋਗ ਹੈ ਕਿ ਮੋਰਚੇ ਵਾਲੀ ਥਾਂ ਮੋਹਾਲੀ ਦੇ ਵਾਈ ਪੀ ਐਸ ਚੌਂਕ ਵੱਜੋਂ ਪ੍ਰਸਿੱਧ ਹੈ। ਕਈ ਵਾਰ ਇਥੋਂ ਕਈ ਲੋਕਲ ਬੱਸਾਂ ਲੰਘਦੀਆਂ ਹਨ ਅਤੇ ਜੇਕਰ ਹਾਲਾਤ ਖਿਚਾਅ ਵਾਲੇ ਲੱਗਣ ਤਾਂ ਨੇੜੇ ਤੇੜੇ ਦੀ ਕਿਸੇ ਹੋਰ ਸੜਕ ਤੋਂ ਵੀ ਮੁੜ ਜਾਂਦੀਆਂ ਹਨ।
ਇਥੇ ਇਸ ਮੋਰਚੇ ਵਿੱਚ ਲੰਗਰ ਛਕਣ ਲਈ ਬਹੁਤ ਸਾਰੇ ਸਕੂਲਾਂ ਦੇ ਬੱਚੇ ਬੱਚੀਆਂ, ਆਲੇ ਦੁਆਲੇ ਦੇ ਦਫਤਰਾਂ ਵਿਚ ਕੰਮ ਕਰਦਿਆਂ ਮੁਲਾਜ਼ਮ, ਰੇਹੜੀ ਅਤੇ ਰਿਕਸ਼ਾ ਚਲਾਉਣ ਵਰਗੇ ਮਜ਼ਦੂਰ ਅਤੇ ਆਲੇ ਦੁਆਲਿਓਂ ਲੰਘਦੇ ਰਾਹੀ ਵੀ ਚਾਹ, ਪਾਣੀ ਅਤੇ ਲੰਗਰ ਛਕਦੇ ਹਨ। ਸੰਗਤਾਂ ਵਿਚ ਕਮੀ ਆਉਣ ਦੇ ਬਾਵਜੂਦ ਇਥੇ ਦੋ ਕਵਿੰਟਲ ਦੁੱਧ ਸ਼ੱਕਰ ਪਾ ਕੇ ਆਉਂਦੀ ਜਾਂਦੀ ਸੰਗਤ ਨੂੰ ਬੜੇ ਪਿਆਰ ਨਾਲ ਵਾਜਾਂ ਮਾਰ ਕੇ ਛਕਾਇਆ ਜਾਂਦਾ ਹੈ। ਇਹ ਸੰਗਤ ਆਉਂਦੀ ਹੈ, ਲੰਗਰ ਛਕਦੀ ਹੈ ਅਤੇ ਪੰਡਾਲ ਦੇ ਬਾਹਰੋਂ ਹੀ ਮੱਥਾ ਟੇਕ ਕੇ ਆਪੋ ਆਪਣੇ ਕੰਮਾਂ ਨੂੰ ਮੁੜ ਜਾਂਦੀ ਹੈ।
ਮੋਰਚੇ ਵਾਲੀ ਥਾਂ ਵਾਈ ਪੀ ਐਸ ਚੌੰਕ ਦਾ ਮਹੱਤਵ ਕਈ ਪੱਖਾਂ ਤੋਂ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਪੁਰਾਣੇ ਸ਼ਾਹੀ ਰਾਜ ਘਰਾਣੇ ਨਾਲ ਨਜ਼ਦੀਕੀ ਤੌਰ 'ਤੇ ਜੁੜੇ ਹੋਏ, ਯਾਦਵਿੰਦਰਾ ਪਬਲਿਕ ਸਕੂਲ, ਮੋਹਾਲੀ, ਦੀ ਸਥਾਪਨਾ 9 ਅਪ੍ਰੈਲ, 1979 ਨੂੰ ਮਹਾਰਾਜਾ ਅਮਰਿੰਦਰ ਸਿੰਘ ਦੀ ਅਗਵਾਈ ਹੇਠ, ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਦੇ ਸੰਸਥਾਪਕ ਮਹਾਰਾਜਾਧੀਰਾਜ ਯਾਦਵਿੰਦਰਾ ਸਿੰਘ ਨੂੰ ਸ਼ਰਧਾਂਜਲੀ ਵਜੋਂ ਕੀਤੀ ਗਈ ਸੀ।
ਇਹ ਵਾਈ ਪੀ ਐਸ ਚੌਂਕ ਹੀ ਅਸਲ ਵਿੱਚ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸੀਮਾਵਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਇਥੇ ਮੋਰਚਾ ਚਲਾਉਣ ਦਾ ਮਕਸਦ ਇਹ ਦਰਸਾਉਣਾ ਵੀ ਕਿ ਮੋਰਚਾ ਚਲਾਉਣ ਵਾਲਿਆਂ ਦਾ ਵਿਰੋਧ ਕੇਂਦਰੀ ਸ਼ਾਸਤ ਪ੍ਰਦੇਸ਼ ਵਾਲੀ ਕੇਂਦਰੀ ਹਕੂਮਤ ਦੇ ਨਾਲ ਹੈ ਅਤੇ ਪੂਰਾ ਪੰਜਾਬ ਉਹਨਾਂ ਦੀ ਹਮਾਇਤ 'ਤੇ ਹੈ। ਇਸ ਮੋਰਚੇ ਦੇ ਦੂਰਰਸ ਨਤੀਜੇ ਕੀ ਨਿਕਲਦੇ ਹਨ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗਣਾ ਹੈ ਪਾਰ ਫਿਲਹਾਲ ਇਥੇ ਦਿੱਲੀ ਵਾਲੇ ਕਿਸਾਨ ਮੋਰਚੇ ਦਾ ਰੰਗ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਗੁਰਦੁਆਰਿਆਂ ਸ਼ਹੀਦਾਂ ਸੋਹਾਣਾ ਅਤੇ ਗੁਰਦੁਆਰਾ ਅੰਬ ਸਾਹਿਬ ਵੀ ਮੋਰਚੇ ਵਾਲੀ ਥਾਂ ਤੋਂ ਕੋਈ ਬਹੁਤੀ ਦੂਰ ਨਹੀਂ ਹਨ।
ਸੰਗਤਾਂ ਦੀ ਕਮੀ ਅਤੇ ਵਾਧੇ ਬਾਰੇ ਮੋਰਚੇ ਦੇ ਸੰਚਾਲਕਾਂ ਦੀ 32 ਮੈਂਬਰੀ ਕਮੇਟੀ ਲਗਾਤਾਰ ਨਜ਼ਰ ਰੱਖਦੀ ਹੈ। ਇਸ ਸਬੰਧੀ ਆ ਰਹੀਆਂ ਦਿੱਕਤਾਂ ਨੂੰ ਵਿਚਾਰਦਿਆਂ ਇਥੇ ਲੱਗੇ ਹੋਏ ਬਹੁਤ ਸਾਰੇ ਪੰਜਾਬੀ ਵਿਚ ਲਿਖੇ ਬੈਨਰ ਬਹੁਤ ਸਾਰੀ ਗੈਰ ਪੰਜਾਬੀ ਸੰਗਤ ਨੂੰ ਸਮਝ ਵੀ ਨਹੀਂ ਆਉਂਦੇ। ਹਿੰਦੀ ਦੇ ਬੈਨਰ ਬਹੁਤ ਘੱਟ ਹਨ। ਆਉਂਦੀ ਜਾਂਦੀ ਸੰਗਤ ਨੂੰ ਮੋਰਚੇ ਦੇ ਮਿਸ਼ਨ ਸੰਬੰਧੀ ਜਾਣੂੰ ਕਰਵਾਉਣ ਦਾ ਪ੍ਰਬੰਧ ਬਿਲਕੁਲ ਹੀ ਨਹੀਂ ਹੋਈ ਹੈ। ਜਦਕਿ ਇਸ ਕੰਮ ਲਈ ਦੋ ਚਾਰ ਗਾਈਡ ਵੀ ਹਰ ਵੇਲੇ ਇਥੇ ਤਿਆਰ ਵੀ ਮਿਲਣੇ ਚਾਹੀਦੇ ਹਨ। ਇਸ ਨਾਲ ਹੀ ਇਸ ਮੋਰਚੇ ਦਾ ਸੁਨੇਹਾ ਗੈਰ ਪੰਜਾਬੀ ਹਲਕਿਆਂ ਤੱਕ ਪਹੁੰਚ ਸਕੇਗਾ।
ਜਦੋਂ ਇਹ ਸਾਲ 2023 ਸ਼ੁਰੂ ਹੁੰਦਿਆਂ ਹੀ 7 ਜਨਵਰੀ ਨੂੰ ਇਹ ਮੋਰਚਾ ਸ਼ੁਰੂ ਹੋਇਆ ਸੀ ਤਾਂ ਇਸਦਾ ਜਾਹੋ ਜਲਾਲ ਵੇਖਣ ਵਾਲਾ ਸੀ। ਇਥੇ ਆਉਂਦੀਆਂ ਸੰਗਤਾਂ ਨੇ ਹਾਜ਼ਿਰੀ ਵਾਲਾ ਰਿਕਾਰਡ ਵੀ ਤੋੜਿਆ ਸੀ ਅਤੇ ਸ਼ਰਧਾ ਅਤੇ ਆਸਥਾ ਵਾਲਾ ਵੀ। ਫਿਰ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਨਾਂਅ ਹੇਠ ਜਿਹੜਾ ਵਰਤਾਰਾ ਵਰਤਿਆ ਉਸਨੇ ਇੱਕ ਸਹਿਮ ਹਰ ਪਾਸੇ ਪੈਦਾ ਕੀਤਾ। ਮੋਰਚੇ ਵਿਚ ਆਉਂਦੀ ਸੰਗਤ 'ਤੇ ਵੀ ਇਸਦਾ ਅਸਰ ਪਿਆ। ਇਥੇ ਜਿਹਨਾਂ ਨਕਸਲੀ ਧੜਿਆਂ ਨੇ ਮੋਰਚੇ ਵਿਚ ਆਪਣੇ ਸੀਨੀਅਰ ਲੀਡਰਾਂ ਦੇ ਵਫਦ ਭੇਜ ਕੇ ਆਪਣੀ ਜਿਹੜੀ ਮੌਜੂਦਗੀ ਦਰਜ ਕਾਰਵਾਈ ਸੀ ਉਸ ਤਰ੍ਹਾਂ ਦਾ ਰੰਗ ਵੀ ਦੋਬਾਰਾ ਨਹੀਂ ਬਣਿਆ।
ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਅਜੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਆਉਂਦਾ ਨਜ਼ਰ ਨਹੀਂ ਆਉਂਦਾ। ਇਹ ਸੁਆਲ ਅਜੇ ਕਾਇਮ ਹੈ ਕਿ ਹੁਣ ਤੱਕ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਸਿਰਫ ਕੁੱਝ ਦਿਨਾਂ ਦੀ ਛੁੱਟੀ ਗਿਣਤੀ ਦੇ ਸਿੰਘਾਂ ਨੂੰ ਦਿੱਤੀ ਜਾਂਦੀ ਹੈ। ਜਦਕਿ ਸੌਦੇ ਸਾਧ ਵਰਗਿਆਂ ਨੂੰ ਬਾਰ ਬਾਰ ਪੈਰੋਲ ਦੇ ਕੇ ਜੇਲ੍ਹ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਜਿਸ ਨਾਲ ਸੰਗਤਾਂ ਵਿਚਲਾ ਰੋਸ ਵੱਧ ਰਿਹਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਹਵਾਰਾ ਨੇ ਸਮੁੱਚੀ ਕੌਮ ਦੇ ਜੁਝਾਰੂ ਭਾਈ ਸ਼ਮਸ਼ੇਰ ਸਿੰਘ ਨੂੰ ਜੇਲ੍ਹ 'ਚ 42 ਦਿਨਾਂ ਤੇ ਪੈਰੋਲ ਆਉਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਨੇ ਅੱਗੇ ਆਖਿਆ ਕਿ ਆਪਣੀ ਸਜ਼ਾ ਤੋਂ ਵੀ ਦੁੱਗਣੀ ਤਿੱਗਣੀ ਸਜ਼ਾ ਭੁਗਤਣ ਵਾਲੇ ਸਾਡੇ ਜੁਝਾਰੂ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਜੋ ਜ਼ਿਆਦਾ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਸੰਗਰੂਰ ਤੋਂ ਐੱਮ ਪੀ ਹੁੰਦੇ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਤੇ ਬੈਠੇ ਸ਼ਹੀਦ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਿਲ ਕੇ ਵਿਸ਼ਵਾਸ਼ ਦਿਵਾਇਆ ਸੀ ਕਿ ਜਦੋਂ ਸਾਡੀ ਆਪ ਪਾਰਟੀ ਦੀ ਸਰਕਾਰ ਬਣੂ ਤਾਂ ਬੰਦੀ ਸਿੰਘਾਂ ਨੂੰ ਪਹਿਲ ਦੇ ਆਧਾਰ ਤੇ ਰਿਹਾਅ ਕਰਾਂਗੇ। ਪਰ ਅੱਜ ਆਪ ਦੀ ਸਰਕਾਰ ਨੂੰ ਪੰਜਾਬ ਦੀ ਧਰਤੀ ਤੇ ਡੇਢ ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ। ਪਰ ਭਗਵੰਤ ਮਾਨ ਨੇ ਇੱਕ ਵਾਰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਲਣਾ ਮੁਨਾਸਿਬ ਨਹੀਂ ਸਮਝਿਆ। ਜਦ ਕਿ ਇਹਨਾਂ ਦੀ ਆਪ ਪਾਰਟੀ ਦਾ ਸੁਪਰੀਮ ਅਰਵਿੰਦ ਕੇਜਰੀਵਾਲ ਵੱਲੋਂ ਭਾਈ ਪੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਦਸਤਖ਼ਤ ਕਰਨਾ ਵੀ ਨਹੀਂ ਜ਼ਰੂਰੀ ਨਹੀਂ ਸਮਝਦੇ।
ਬਾਪੂ ਗੁਰਚਰਨ ਸਿੰਘ ਹਵਾਰਾ ਨੇ ਇਹ ਵੀ ਕਿਹਾ ਕਿ ਇਹਨਾਂ ਹਕੀਕਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਲਾਇਕ ਪੁੱਤ ਇਹ ਆਖ ਰਿਹਾ ਹੈ ਸਾਡੇ ਰਾਜ ਵਿੱਚ ਬੰਦੀ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਸੀਂ ਪੂਰਾ ਧਿਆਨ ਰੱਖਿਆ। ਜਦਕਿ ਕੌਮ ਦਾ ਜਿੰਨਾ ਘਾਣ ਇਹਨਾਂ ਦੇ ਰਾਜ ਵਿੱਚ ਹੋਇਆ ਸ਼ਾਇਦ ਹੀ ਕਦੇ ਹੋਇਆ ਹੋਵੇ। ਇਹ ਲੋਕ ਤਾਂ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਕਰਦੇ ਰਹੇ ਹਨ। ਇਸ ਮੌਕੇ ਬਾਦਲਾਂ ਦੀ ਕਾਰਕਰਦਗੀ ਅਤੇ ਇਤਿਹਾਸ ਬਾਰੇ ਮੌਕੇ ਤੇ ਮੌਜੂਦ ਹੋਰ ਲੋਕ ਵੀ ਗੱਲਾਂ ਕਰਦੇ ਸੁਣੇ ਗਏ।
ਬਾਪੂ ਹਵਾਰਾ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਬਾਦਲ ਕੇ ਕੌਮ ਦੇ ਹੱਕਾਂ ਲਈ ਗੰਭੀਰਤਾ ਨਾਲ ਖੜ੍ਹੇ ਹੁੰਦੇ ਤਾਂ ਅੱਜ ਬੰਦੀ ਸਿੰਘ ਜੇਲ੍ਹਾਂ 'ਚ ਨਹੀਂ ਪਰਿਵਾਰਾਂ ਵਿੱਚ ਹੁੰਦੇ ਅਤੇ ਸਾਨੂੰ ਮੋਰਚੇ ਲਾ ਕੇ ਸੜਕਾਂ ਤੇ ਨਾ ਬਹਿਣਾ ਪੈਂਦਾ। ਬਾਕੀ ਜਿਨ੍ਹਾਂ ਨੂੰ ਸਾਡਾ ਹੱਕ ਮੰਗਦਾ ਕੌਮੀ ਇਨਸਾਫ਼ ਮੋਰਚਾ ਸੜਕਾਂ ਤੇ ਲੱਗਿਆਂ ਤਕਲੀਫ਼ ਪਹੁੰਚਦੀ ਹੈ ਉਹਨਾਂ ਨੂੰ ਸਾਡੇ ਜੁਝਾਰੂ ਸਿੰਘਾਂ ਨਾਲ ਲਗਾਤਾਰ ਹੁੰਦੀ ਬੇਇਨਸਾਫ਼ੀ ਕਿਓਂ ਨਹੀਂ ਬੁਰੀ ਲੱਗਦੀ? ਉਹਨਾਂ ਦੇ ਦਿਲਾਂ ਨੂੰ ਇਸ ਗੱਲੋਂ ਹਲੂਣਾ ਕਿਓਂ ਨਹੀਂ ਪਹੁੰਚਦਾ ਕਿ ਏਨੇ ਸਿੰਘ ਸਾਰੀ ਸਾਰੀ ਜਵਾਨੀ ਜੇਲ੍ਹਾਂ ਵਿਚ ਰੋਲ ਕੇ ਵੀ ਅਜੇ ਤੀਕ ਜੇਲ੍ਹਾਂ ਦੇ ਅੰਦਰ ਹਨ। ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਸਾਡੇ ਬੰਦੀ ਸਿੰਘਾਂ ਜੇਲ੍ਹਾਂ ਵਿੱਚ ਬੰਦ ਹਨ। ਉਥੇ ਤਕਲੀਫ਼ ਕਿਉ ਨਹੀਂ ਹੁੰਦੀ। ਜਦਕਿ ਭਾਰਤ ਦੇ ਸੰਵਿਧਾਨ ਮੁਤਾਬਕ ਸਜਾ ਪੂਰੀ ਹੋਣ ਤੇ ਵੀ ਰਿਹਾਅ ਨਹੀਂ ਕੀਤੇ ਜਾ ਰਹੇ। ਅਸੀਂ ਤਾਂ ਹਰ ਰੋਜ਼ ਅਰਦਾਸ ਵਿੱਚ ਵੀ ਸਰਬੱਤ ਦਾ ਭਲਾ ਮੰਗਦੇ ਹਾਂ। ਇਸਦੇ ਬਾਵਜੂਦ ਫਿਰਕਪ੍ਰਸ੍ਤ ਆਖਣ ਵਾਲੇ ਹਿੰਦੂ ਰਾਸ਼ਟਰ ਦੇ ਸੁਪਨੇ ਦੇਖਣ ਵਾਲਿਆਂ ਦੇ ਖ਼ਿਲਾਫ਼ ਕਿਉਂ ਨਹੀਂ ਬੋਲਦੇ? ਇਸ ਮੌਕੇ ਭਾਈ ਸ਼ਮਸ਼ੇਰ ਸਿੰਘ ਦੇ ਸਪੁੱਤਰ ਉਕਾਰ ਸਿੰਘ, ਐਡਵੋਕੇਟ ਗੁਰਸ਼ਰਨ ਸਿੰਘ, ਭਾਈ ਬਲਜੀਤ ਸਿੰਘ ਭਾਉ, ਰਣਜੋਧ ਸਿੰਘ, ਗੁਰਜੰਟ ਸਿੰਘ ਕਾਬਲ ਸਿੰਘ, ਪਵਨਦੀਪ ਸਿੰਘ ਵਰਗੇ ਸਰਗਰਮ ਸਿੰਘਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
ਦੂਜੇ ਪਾਸੇ ਕੌਮੀ ਮੋਰਚੇ ਦੀ ਸਫਲਤਾ ਲਈ ਤੁਫਾਨੀ ਤੇਜ਼ੀ ਇੱਕ ਵਾਰ ਫੇਰ ਦੇਖਣ ਵਿੱਚ ਆ ਰਹੀ ਹੈ। ਹੁਣ ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਦਸ ਅਗਸਤ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ੀ ਹੈ ਤਾਂ ਇਸ ਮੋਰਚੇ ਵਾਲੀ ਥਾਂ ਤੇ ਸਰਗਰਮੀਆਂ ਵੱਧ ਗਈਆਂ ਹਨ। ਸਰਕਾਰਾਂ ਦੀ ਅਣਦੇਖੀ ਦਾ ਬੁਰਾ ਮਨਾਉਂਦੇ ਹੋਏ ਐਲਾਨ ਕੀਤਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ਹਿਰਾਂ ਤੇ ਪਿੰਡਾਂ ਵਿੱਚ ਪੰਜਾਬ ਵਾਸੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਤੇ ਇਨਸਾਫ਼ਪਸੰਦ ਲੋਕਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਆਸ਼ੇ ਦੇ ਸੁਨੇਹੇ ਪਿੰਡ ਪਿੰਡ ਭੇਜ ਦਿੱਤੇ ਗਏ ਹਨ। ਚ ਨਦਿਗਢ਼ ਅਤੇ ਮੋਹਾਲੀ ਨਾਲ ਲੱਗਦੇ ਪਿੰਡਾਂ ਵੱਲ ਵਿਸ਼ੇਸ਼ ਧੀਆਂ ਦਿੱਤਾ ਗਿਆ ਹੈ ਤਾਂਕਿ ਇਹ ਲੋਕ ਜਲਦੀ ਅਤੇ ਵੱਡੀ ਗਿਣਤੀ ਵਿਚ ਮੌਕੇ ਤੇ ਪਹੁੰਚ ਸਕਣ। ਇਸ ਵਾਰ 15 ਅਗਸਤ ਨੂੰ ਚੰਦ੍ਗੀਗਢ਼ ਵਿਹ੍ਕ੍ਚ ਖਾਲਸਾ ਪੰਥ ਦੇ ਜੋਸ਼ ਅਤੇ ਰੋਸ ਵਾਲਾ ਰੰਗ ਇੱਕ ਨਵਾਂ ਇਤਿਹਾਸ ਰਚਨ ਦੀ ਤਿਆਰੀ ਵਿਚ ਹੈ।
ਪੰਥਕ ਮੰਗਾਂ ਨਾਲ ਜੁੜੇ ਇਹਨਾਂ ਸਮੂਹ ਮੁੱਦਿਆਂ ਨੂੰ ਹੋਰ ਉਭਾਰਨ ਦੇ ਲਈ ਹੀ ਆਜ਼ਾਦੀ ਦਿਹਾੜੇ ’ਤੇ ਪੱਕੇ ਮੋਰਚੇ ਵਾਲੀ ਥਾਂ ਤੋਂ ਕਾਲੇ ਤੇ ਕੇਸਰੀ ਝੰਡੇ ਲੈ ਕੇ ਰੋਸ ਮਾਰਚ ਕੀਤਾ ਜਾਵੇਗਾ। ਸਿੱਖਾਂ ਦੇ ਇਸ ਐਲਾਨ ਤੋਂ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ ਤੇ ਪੱਕੇ ਮੋਰਚੇ ਦੀਆਂ ਗਤੀਵਿਧੀਆਂ ’ਤੇ ਸੂਬਾ ਤੇ ਕੇਂਦਰ ਸਰਕਾਰ ਦੀਆਂ ਖ਼ੁਫ਼ੀਆ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਇਹਨਾਂ ਦੇ ਬਾਵਜੂਦ ਸਿੱਖ ਸੰਗਠਨ ਆਪਣੀਆਂ ਤਿਆਰੀਆਂ ਵਿੱਚ ਹਨ। ਸਰਕਾਰਾਂ ਦੀ ਅਣਦੇਖੀ ਦਾ ਬੁਰਾ ਮਨਾਉਂਦੇ ਹੋਏ ਹੀ ਐਲਾਨ ਕੀਤਾ ਗਿਆ ਸੀ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ਹਿਰਾਂ ਤੇ ਪਿੰਡਾਂ ਵਿੱਚ ਪੰਜਾਬ ਵਾਸੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਤੇ ਇਨਸਾਫ਼ਪਸੰਦ ਲੋਕਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ।
No comments:
Post a Comment