Monday, July 03, 2023

ਫ਼ੂਡ ਪ੍ਰੋਸੈਸਿੰਗ ਵਿੱਚ ਪੰਜਾਬ ਫਿਰ ਵੱਡੀ ਛਲਾਂਗ ਲਈ ਤਿਆਰ

Monday 3rd July 2023 at 1:22 PM

ਪੀ ਏ ਯੂ ਦੀਆਂ ਤਿੰਨ ਮਹਿਲਾ ਵਿਗਿਆਨੀਆਂ ਨੂੰ ਮਿਲਿਆ ਵਿਸ਼ੇਸ਼ ਪ੍ਰੋਜੈਕਟ 

ਲੁਧਿਆਣਾ: 3 ਜੁਲਾਈ, 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਫੂਡ ਪ੍ਰੋਸੈਸਿੰਗ ਇੱਕ ਤੇਜ਼ੀ ਨਾਲ ਵੱਧ ਰਿਹਾ ਕਾਰੋਬਾਰੀ ਰੁਝਾਨ ਹੈ ਜਿਸ ਅਧੀਨ ਸਾਫ਼ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਭੋਜਨ ਤਿਆਰ ਕੀਤਾ ਜਾਂਦਾ ਹੈ। ਇਸਨੂੰ ਰਸਾਇਣਕ ਪਲਾਂਟ ਵਿੱਚ ਜਾਂ ਇਸਦੇ ਬਿਲਕੁਲ ਹੀ ਨੇੜੇ ਭੋਜਨ ਬਣਾਉਣ ਦੀ ਪ੍ਰਕਿਰਿਆ ਅਧੀਨ ਵਿਕਸਿਤ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ, ਖਾਣ ਪੀਣ ਦੀਆਂ ਵਸਤੂਆਂ ਨੂੰ ਸਾਫ਼ ਵੀ ਕੀਤਾ ਜਾਂਦਾ ਹੈ ਅਤੇ ਕੱਟ ਕੇ ਪ੍ਰੋਸੈਸ ਵੀ ਕੀਤਾ ਜਾਂਦਾ ਹੈ। ਇਸਤੋਂ ਬਾਅਦ ਇਸਦੀ ਪੀਂਘ ਅਤੇ ਪਕਾਉਣ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਨਾਲ ਭੋਜਨ  ਦੀ ਕੁਆਲਿਟੀ ਬਹੁਤ ਹੀ ਉੱਚ ਗੁਣਵੱਤਾ ਤੱਕ ਵੱਧ ਜਾਂਦੀ ਹੈ ਅਤੇ ਇਸਨੂੰ ਲੰਬੇ ਸਮੇਂ ਲਈ ਸੰਭਾਲਿਆ ਜਾ ਸਕਦਾ ਹੈ। 

ਫੂਡ ਪ੍ਰੋਸੈਸਿੰਗ ਦੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਹਨ: ਗੁਣਵੱਤਾ ਅਤੇ ਅਨੁਕੂਲਤਾ ਦੀ ਪਾਲਣਾ ਜੋ ਕਿ ਸਥਾਨਕ ਅਤੇ ਦੂਰ ਦੁਰਾਡੇ ਦੀਆਂ ਥਾਂਵਾਂ ਦੀਆਂ ਭੂਗੋਲਿਕ ਲੋੜਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪ੍ਰੋਸੈਸ ਕੀਤਾ ਗਿਆ ਭੋਜਨ ਜਿਥੇ ਮੁਕੰਮਲ ਤੌਰ 'ਤੇ ਸਾਫ ਸੁਥਰਾ ਬਣ ਜਾਂਦਾ ਹੈ ਉੱਥੇ ਇਸਦੀ ਸ਼ੈਲਫ-ਲਾਈਫ ਵੀ ਵੱਧ ਜਾਂਦੀ ਹੈ। ਇਹ ਸਾਰਾ ਪ੍ਰੋਸੈਸ ਭੋਜਨ ਦੇ ਨੁਕਸਾਨ ਨੂੰ ਵੀ  ਘੱਟ ਕਰਦਾ ਹੈ ਅਤੇ ਸ਼ੈਲਫ ਲਾਈਫ ਵੀ ਹੈਰਾਨਕੁੰਨ ਹੱਦ ਤੱਕ ਵਧਾਉਂਦਾ ਹੈ। 

ਇਸ ਸਾਰੀ ਪ੍ਰਕ੍ਰਿਆ ਅਧੀਨ ਭੋਜਨ ਦਾ ਰਸਾਇਣਕ, ਭੌਤਿਕ ਅਤੇ ਗੁਣਾਤਮਕ ਵਿਸ਼ਲੇਸ਼ਣ ਵੀ ਕੀਤਾ ਜਾਂਦਾ ਹੈ। ਇਸਦੀ ਸਹੀ ਵਰਤੋਂ, ਸੰਭਾਲ, ਪ੍ਰੋਸੈਸਿੰਗ, ਪੈਕੇਜਿੰਗ ਅਤੇ ਧੋ ਢੁਆਈ ਦਾ ਪ੍ਰਬੰਧ ਪੂਰੀ ਤਰ੍ਹਾਂ ਵਿਚਾਰਿਆ ਜਾਂਦਾ ਹੈ।  ਫੂਡ ਪ੍ਰੋਸੈਸਿੰਗ ਪ੍ਰਕਿਰਿਆਵਾਂ ਦੀਆਂ ਕੁਝ ਉਦਾਹਰਣਾਂ ਵਿੱਚ ਹੋਰ ਵੀ ਕਈ ਗੱਲਾਂ ਸ਼ਾਮਲ ਹੁੰਦੀਆਂ ਹਨ। 

ਭੋਜਨ ਦੇ ਮਸਾਲਿਆਂ ਨੂੰ ਪੀਸਣਾ ਅਤੇ ਮਿਲਾਉਣਾ ਵੀ ਮੁੱਖ ਹੁੰਦਾ ਹੈ। ਇਸਦੇ ਨਾਲ ਹੀ ਫਲਾਂ ਅਤੇ ਸਬਜ਼ੀਆਂ ਦੀ ਤਾਜ਼ਗੀ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦੀ ਕਟਾਈ ਕਰਨਾ ਵੀ ਬੜੀ ਬਾਰੀਕੀ ਦਾ ਕੰਮ ਹੁੰਦਾ ਹੈ। ਇਸੇ ਤਰ੍ਹਾਂ ਦੁੱਧ ਨੂੰ ਪੇਸਚਰਾਈਜ਼ ਕਰਨਾ ਜਾਂ ਉਬਾਲਣਾ ਅਤੇ ਦੁੱਧ ਦੇ ਵੱਖ ਵੱਖ ਉਤਪਾਦ ਬਣਾਉਣਾ। ਅਨਾਜ ਅਤੇ ਹੋਰ ਅਨਾਜ ਮਿਲਾਉਣਾ, ਪੀਸਣਾ, ਜਾਂ ਦਾਣੇ ਬਣਾਉਣਾ। ਮੀਟ ਉਤਪਾਦਾਂ ਨੂੰ ਪ੍ਰੋਸੈਸ ਕਰਨਾ, ਪੀਸਣਾ, ਜਾਂ ਸਮੋਕ ਕਰਨਾ ਵਗੈਰਾ। ਸਮੋਕ ਵਾਲੀ ਪ੍ਰਕ੍ਰਿਆ ਵਿੱਚੋਂ ਗੁਜ਼ਰਨ ਤੋਂ ਬਾਅਦ ਇਸਦੀ ਕੁਆਲਿਟੀ ਹੋਰ ਵੀ ਵਿਕਸਿਤ ਹੋ ਜਾਂਦੀ ਹੈ। 


ਇਸ ਨਾਲ ਭੋਜਨ ਵਪਾਰਕ ਪੱਖੋਂ ਉੱਚੇ ਬ੍ਰਾਂਡਾਂ ਵਿਚ ਵੀ ਸ਼ਾਮਲ ਹੋ ਜਾਂਦਾ ਹੈ।
ਇਸੇ ਤਰ੍ਹਾਂ ਬਿਸਕੁਟ ਪਕਾਉਣਾ ਜਾਂ ਸੁਕਾਉਣਾ, ਸਨੈਕਸ, ਚਿਪਸ, ਨੂਡਲਜ਼, ਅਤੇ ਹੋਰ ਭੋਜਨ ਸਮੱਗਰੀ ਵੀ ਬਣਾਈ ਜਾਂਦੀ ਹੈ। ਭੋਜਨ ਦੀ ਸਹੀ ਪੈਕਿੰਗ, ਜਿਵੇਂ ਕਿ ਡੱਬੇ, ਪਲਾਸਟਿਕ ਦੇ ਪੈਕੇਟ ਫੂਡ ਪ੍ਰੋਸੈਸਿੰਗ ਉਦਾਹਰਣਾਂ ਦੀ ਵਰਤੋਂ ਤਾਜ਼ੇ ਅਨਾਜ ਉਤਪਾਦਾਂ ਤੋਂ ਲੈ ਕੇ ਸੁਪਰ ਮਾਰਕੀਟਾਂ ਵਿੱਚ ਪਾਏ ਜਾਣ ਵਾਲੇ ਭੋਜਨ ਤੱਕ ਵੀ ਕੀਤੀ ਜਾਂਦੀ ਹੈ। ਫੂਡ ਪ੍ਰੋਸੈਸਿੰਗ ਪ੍ਰਕਿਰਿਆਵਾਂ ਦਾ ਉਦੇਸ਼ ਸਮੱਗਰੀ ਨੂੰ ਸੁਰੱਖਿਅਤ ਰੱਖਣਾ ਅਤੇ ਭੋਜਨ ਦੀ ਉਪਯੋਗਤਾ, ਸੁਆਦ, ਸੁਰੱਖਿਆ ਅਤੇ ਸੁਆਦ ਨੂੰ ਵਧਾਉਣਾ ਹੈ। ਇਸ ਨੂੰ ਵਪਾਰਕ ਪੱਖੋਂ ਅਪਨਾਉਣ ਦਾ ਰੁਝਾਨ ਲਗਾਤਾਰ ਦੁਨੀਆ ਭਰ ਵਿਚ ਵੱਧ ਰਿਹਾ ਹੈ। ਪੀ ਏ ਯੂ ਨੇ ਸੈਲਫ ਹੈਲਪ ਗਰੁੱਪਾਂ ਅਧੀਨ ਬਹੁਤ ਸਾਰੇ ਪਰਿਵਾਰਾਂ ਦੀਆਂ ਔਰਤਾਂ ਨੂੰ ਇਸੇ ਤਰ੍ਹਾਂ ਦੀ ਸਿਖਲਾਈ ਦੇ ਕੇ ਆਪਣੇ ਪੈਰਾਂ 'ਤੇ ਖੜੇ ਕੀਤਾ ਹੈ। ਅੰਬ ਦੀ ਚਟਨੀ ਤੋਂ ਲੈ ਕੇ ਅਚਾਰ ਤੱਕ ਬਾਜ਼ਾਰ ਵਿਚ ਪਹੁੰਚਦਾ ਹੈ ਜਿਹੜਾ ਛੇਤੀ ਕੀਤਿਆਂ ਖਰਾਬ ਨਹੀਂ  ਹੁੰਦਾ। ਇਹ ਬਹੁਤ ਸਾਰੀਆਂ ਆਈਟਮਾਂ ਪੰਜਾਬ ਦੇ ਛੋਟੇ ਛੋਟੇ ਪਿੰਡਾਂ ਵਿੱਚੋਂ ਨਿਕਲ ਕੇ ਚੰਡੀਗੜ੍ਹ ਅਤੇ ਦਿੱਲੀ ਦੇ ਬਾਜ਼ਾਰਾਂ ਵਿਚ ਵੀ ਪਹੁੰਚਦਿਆਂ ਹਨ ਅਤੇ ਮੇਲਿਆਂ ਵਿੱਚ ਵੀ। 

ਹੁਣ ਇਸ ਖੇਤਰ ਵਿਚ ਹੋਰ ਵੀ ਲੰਬੀ ਛਲਾਂਗ ਲੱਗਣ ਵਾਲੀ ਹੈ ਪੰਜਾਬ ਵਿੱਚੋਂ। ਪੀ.ਏ.ਯੂ. ਦੇ ਭੋਜਨ ਪ੍ਰੋਸੈਸਿੰਗ ਮਾਹਿਰਾਂ ਨੂੰ ਸਬਜ਼ੀਆਂ ਅਤੇ ਫ਼ਲਾਂ ਲਈ ਇਸ ਦਿਸ਼ਾ ਵਿੱਚ ਹੀ ਇੱਕ ਵਿਸ਼ੇਸ਼ ਪ੍ਰੋਜੈਕਟ ਹਾਸਲ ਹੋਇਆ ਹੈ। 

ਪੀ.ਏ.ਯੂ. ਦੇ ਕਾਲਜ ਆਫ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਸਥਿਤ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮਾਹਿਰਾਂ ਡਾ. ਸੰਧਿਆ, ਡਾ. ਮਨਿੰਦਰ ਕੌਰ ਅਤੇ ਡਾ. ਗੁਰਵੀਰ ਕੌਰ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਵਿਸ਼ੇਸ਼ ਖੋਜ ਪ੍ਰੋਜੈਕਟ ਨਾਲ ਨਿਵਾਜਿਆ ਹੈ। ਇਹ ਪ੍ਰੋਜੈਕਟ ਫਲਾਂ ਅਤੇ ਸਬਜੀਆਂ ਵਿੱਚ ਮਾਈਕ੍ਰੋਬਾਇਲ ਸੁਰੱਖਿਆ ਅਤੇ ਗੁਣਵੱਤਾ ਵਧਾਉਣ ਲਈ ਪਲਾਜਮਾ ਪ੍ਰਣਾਲੀ ਵਿਕਸਿਤ ਕਰਨ ਲਈ ਕਾਰਜ ਕਰੇਗਾ। 

ਇਸ ਪ੍ਰੋਜੈਕਟ ਵਿੱਚ ਕੁੱਲ 39.5 ਲੱਖ ਰੁਪਏ ਦੀ ਇਮਦਾਦ ਖੋਜ ਲਈ ਹਾਸਲ ਹੋਵੇਗੀ। ਬੀਤੇ ਦਿਨੀਂ ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਪ੍ਰੋਗਰਾਮ ਸਲਾਹਕਾਰ ਕਮੇਟੀ ਵੱਲੋਂ ਬਾਕਾਇਦਾ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਪ੍ਰੋਜੈਕਟ ਰਾਹੀਂ ਫਲਾਂ ਅਤੇ ਸਬਜ਼ੀਆਂ ਦੀ ਸ਼ੈਲਫ ਲਾਈਫ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਹੋਰ ਵਿਕਸਿਤ ਖੋਜ ਕੀਤੀ ਜਾਵੇਗੀ।  

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਟੀ ਸੀ ਮਿੱਤਲ ਨੇ ਇਹਨਾਂ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: