Thursday 29th June 2023 at 10:42 AM
ਲੁਧਿਆਣਾ ਜਾਮਾ ਮਸਜਿਦ ਵਿਖੇ ਈਦ-ਉਲ-ਜ਼ੁਹਾ ਦੇ ਮੌਕੇ ਭਾਰੀ ਇਕੱਠ
*ਮੌਲਾਨਾ ਉਸਮਾਨ ਰਹਿਮਾਨੀ ਨੇ ਨਫਰਤਾਂ ਦੇ ਵਣਜਾਰਿਆਂ ਨੂੰ ਲੰਮੇ ਹੱਥੀਂ ਲਿਆ
*ਸ਼ਾਹੀ ਇਮਾਮ ਨੇ ਯਾਦ ਦੁਆਇਆ ਕਿ ਅਸੀਂ ਵੀ ਆਪਣੇ ਅੰਦਰ ਕੁਰਬਾਨੀ ਦਾ ਜਜ਼ਬਾ ਰੱਖੀਏ
ਲੁਧਿਆਣਾ: 29 ਜੂਨ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਅੱਜ ਇਥੇ ਇਤਿਹਾਸਿਕ ਜਾਮਾ ਮਸਜਿਦ ਵਿਖੇ ਈਦ-ਉਲ-ਜੁਹਾ ਬਕਰੀਦ ਦੀ ਨਮਾਜ਼ ਇਸਲਾਮੀ ਰੀਤੀ-ਰਿਵਾਜਾਂ ਮੁਤਾਬਿਕ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਅਦਾ ਕਰਵਾਈ। ਇਸ ਮੌਕੇ ਜਾਮਾ ਮਸਜਿਦ 'ਚ ਵੱਖ-ਵੱਖ ਧਰਮਾਂ ਅਤੇ ਸਿਆਸੀ ਜਮਾਤਾਂ ਦੇ ਨੁਮਾਇੰਦੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਪੁੱਜੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਅੱਜ ਦਾ ਦਿਨ ਅਸੀਂ ਅੱਲ੍ਹਾਹ ਤਾਆਲਾ ਦੇ ਨਬੀ ਹਜ਼ਰਤ ਇਬ੍ਰਾਹੀਮ ਅਲੇਹਿਸੱਲਾਮ ਦੀ ਯਾਦ 'ਚ ਮਨਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਰੱਬ ਦੀ ਰਜ਼ਾ ਲਈ ਆਪਣਾ ਪੁੱਤਰ ਕੁਰਬਾਨ ਕਰਨ ਲਈ ਦੇਰ ਨਹੀਂ ਲਾਈ।
ਸ਼ਾਹੀ ਇਮਾਮ ਨੇ ਕਿਹਾ ਕਿ ਈਦ ਦਾ ਦਿਨ ਸਾਨੂੰ ਸਬਕ ਦਿੰਦਾ ਹੈ ਕਿ ਅਸੀਂ ਵੀ ਆਪਣੇ ਅੰਦਰ ਕੁਰਬਾਨੀ ਦਾ ਜਜ਼ਬਾ ਉਸੇ ਸ਼ਿੱਦਤ ਨਾਲ ਰੱਖੀਏ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਕੱਲ ਦੇਸ਼ 'ਚ ਫਿਰਕੂ ਤਾਕਤਾਂ ਧਰਮ ਦੇ ਨਾਮ 'ਤੇ ਲੋਕਾਂ 'ਚ ਪਾੜ ਪਾਉਣ 'ਚ ਲੱਗੀਆਂ ਹੋਈਆਂ ਹਨ ਇਸ ਲਈ ਸਮੂਹ ਭਾਰਤੀਆਂ ਨੂੰ ਤੇ ਆਪਣੇ ਮੁਸਲਮਾਨ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਆਪਾਂ ਸਾਰਿਆਂ ਨੂੰ ਇਨ੍ਹਾਂ ਫਿਰਕਾਪ੍ਰਸਤਾਂ ਨੂੰ ਨਾਕਾਮ ਕਰਨ ਲਈ ਕੁਰਬਾਨੀ ਦੇਣ ਦੀ ਲੋੜ ਪਈ ਤਾਂ ਆਪਾਂ ਕਦਾਚਿਤ ਵੀ ਇਸ ਫਰਜ਼ ਤੋਂ ਪਿੱਛੇ ਨਹੀਂ ਹੱਟਾਗੇਂ।
ਉਹਨਾਂ ਗਰਜਵੇਂ ਸ਼ਬਦਾਂ ਵਿੱਚ ਸਪਸ਼ਟ ਕਿਹਾ ਕਿ ਪੰਜਾਬ ਦੀਆਂ ਰਵਾਇਤਾਂ 'ਚ ਨਫਰਤ ਦੇ ਲਈ ਕੋਈ ਥਾਂ ਨਹੀਂ ਹੈ, ਜਿਹੜੇ ਵੀ ਲੋਕ ਪੰਜਾਬ 'ਚ ਧਰਮ ਦੇ ਨਾਮ 'ਤੇ ਨਫਰਤ ਫੈਲਾ ਕੇ ਅਪਣੀ ਸਿਆਸਤ ਚਮਕਾਉਣਾ ਚਾਹੁੰਦੇ ਹਨ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਚੌਧਰੀ ਮਦਨ ਲਾਲ ਬੱਗਾ, ਕੁਲਵੰਤ ਸਿੱਧੂ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਉਹਨਾਂ ਕਿਹਾ ਕਿ ਭਾਰਤ ਦੁਨੀਆ ਦਾ ਇੱਕੋ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ 'ਚ ਮਿਲ-ਜੁਲ ਕੇ ਮਨਾਉਂਦੇ ਹਨ।
ਉਹਨਾਂ ਇਹ ਵੀ ਯਾਦ ਦੁਆਇਆ ਕਿ ਕਿਹਾ ਕਿ ਜਾਮਾ ਮਸਜਿਦ ਤੋਂ ਹਮੇਸ਼ਾ ਹੀ ਪੰਜਾਬ 'ਚ ਅਮਨ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਭਨਾਂ ਲਈ ਬੜੀ ਹੀ ਖੁਸ਼ੀ ਦਾ ਦਿਨ ਹੈ ਅਤੇ ਲੁਧਿਆਣਾ ਸ਼ਹਿਰ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ, ਇਸ ਦੇ ਸਾਰੇ ਫੁੱਲ ਅਪਣੀ ਖੁਸ਼ਬੂ ਦੇ ਨਾਲ ਮਾਹੋਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਨ। ਉਹਨਾਂ ਕਿਹਾ ਕਿ ਲੁਧਿਆਣਾ ਦੀ ਇਹ ਇਤਿਹਾਸਿਕ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਉਥੇ ਹੀ ਸਾਰੇ ਧਰਮਾਂ ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ।
ਇਸਦੇ ਨਾਲ ਹੀ ਉਹਨਾਂ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਦੇ ਲਈ ਹੀ ਨਹੀਂ ਬਲਕਿ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਝ ਹੀ ਚੱਲਦੀ ਰਹੇ | ਉਹਨਾਂ ਕਿਹਾ ਕਿ ਇਸ ਦੇਸ਼ 'ਚ ਈਦ ਉਲ ਜੁਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ | ਇਸ ਮੌਕੇ 'ਤੇ ਅਸੀਂ ਪੰਜਾਬ ਸਰਕਾਰ ਵੱਲੋਂ ਅਪਣੇ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਾਂ।
ਇਸ ਮੌਕੇ ਸਾਬਕਾ ਕਾਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਬੜੀ ਹੀ ਬਰਕਤਾਂ ਵਾਲਾ ਦਿਨ ਹੈ। ਅੱਜ ਦੇ ਦਿਨ ਮੁਸਲਮਾਨ ਆਪਣੇ ਖੁਦਾ ਨੂੰ ਰਾਜ਼ੀ ਕਰਨ ਲਈ ਅੱਲ੍ਹਾ ਦੇ ਨਾਂਅ 'ਤੇ ਕੁਰਬਾਨੀ ਦਿੰਦੇ ਹਨ ਅਤੇ ਈਦ ਦਾ ਪਵਿੱਤਰ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਜਾਗਰੂਕ ਕਰਦਾ ਹੈ।
ਈਦ ਦੇ ਪਵਿੱਤਰ ਤਿਓਹਾਰ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਇਸ ਧਰਤੀ 'ਤੇ ਅੱਜ ਲੱਖਾਂ ਮੁਸਲਮਾਨ ਖੁਦਾ ਦੇ ਅੱਗੇ ਸਿਜਦਾ ਕਰ ਰਹੇ ਹਨ ਇਹ ਸਾਡੇ ਲਈ ਮਾਣ ਦੀ ਗੱਲ ਹੈ। ਪੰਜਾਬ ਦੀ ਧਰਤੀ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਆਪਸ 'ਚ ਮਿਲਜੁਲ ਕੇ ਰਹਿੰਦੇ ਹਨ ਅਤੇ ਇੱਕ-ਦੂਜੇ ਦਾ ਤਿਉਹਾਰ ਆਪਸੀ ਭਾਈਚਾਰੇ ਦੇ ਰੂਪ 'ਚ ਮਨਾਉਂਦੇ ਹਨ।
ਇਸ ਰਾਜ ਪੱਧਰੀ ਸਮਾਗਮ 'ਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ ਦੇ ਸਪੁੱਤਰ ਗੁਰਪ੍ਰੀਤ ਸਿੰਘ ਵਿੰਕਲ, ਵਿਧਾਇਕ ਪੁੱਤਰ ਵਿਕਾਸ ਪਰਾਸ਼ਰ, ਕਾਂਗਰਸੀ ਨੇਤਾ ਪਰਮਿੰਦਰ ਮੇਹਤਾ, ਕੋਂਸਲਰ ਪੁੱਤਰ ਅਮਨੀਸ਼ ਪਰਾਸ਼ਰ, ਗੁਲਾਮ ਹਸਨ ਕੈਸਰ, ਬਲਜੀਤ ਸਿੰਘ ਬਿੰਦਰਾ, ਅਸ਼ੋਕ ਗੁਪਤਾ, ਸ਼ਿੰਗਾਰਾ ਸਿੰਘ ਦਾਦ ਅਤੇ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਈਦ ਉਲ ਜੁਹਾ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰੇ ਅਤੇ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਜਾਗਰੂਕ ਕਰਦਾ ਹੈ।
ਇਥੇ ਵਰਣਨਯੋਗ ਹੈ ਕਿ ਅੱਜ ਈਦ ਉਲ ਜੁਹਾ ਦੇ ਮੌਕੇ 'ਤੇ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ 'ਚ ਈਦ ਦੀ ਨਮਾਜ ਅਦਾ ਕੀਤੀ ਗਈ ਅਤੇ ਭਾਰੀ ਗਿਣਤੀ 'ਚ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ, ਬੱਚਿਆਂ 'ਚ ਈਦ ਨੰੂ ਲੈ ਕੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ। ਇਸ ਮੌਕੇ 'ਤੇ ਸ਼ਾਹੀ ਇਮਾਮ ਪੰਜਾਬ ਨੇ ਲੁਧਿਆਣਾ ਪੁਲਿਸ ਅਤੇ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ।
No comments:
Post a Comment