Friday, March 17, 2023

IJU ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ 18 ਅਤੇ 19 ਮਾਰਚ 2023 ਨੂੰ

 Friday 17th March 2023 at 09:39 AM 

ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਸਪੀਕਰ, ਕੁਲਤਾਰ ਸਿੰਘ ਸੰਧਵਾਂ ਵੀ ਪੁੱਜਣਗੇ 


ਮੋਹਾਲੀ16 ਮਾਰਚ 2023: (ਕਾਰਤਿਕਾ ਸਿੰਘ//ਮੀਡੀਆ ਸਕਰੀਨ)::

ਪਿਛਲੇ ਕੁਝ ਦਹਾਕਿਆਂ ਦੌਰਾਨ ਮੀਡੀਆ ਦੀ ਦੁਨੀਆ ਵਿੱਚ ਅਣਗਿਣਤ ਇਨਕਲਾਬੀ ਤਬਦੀਲੀਆਂ ਆਈਆਂ ਹਨ। ਇਹ ਗੱਲ ਵੱਖਰੀ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਤਬਦੀਲੀਆਂ ਤਕਨੀਕੀ ਪੱਖੋਂ ਆਈਆਂ ਹਨ। ਹੁਣ ਪੂਰੀ ਦੀ ਪੂਰੀ ਅਖਬਾਰ ਰੰਗੀਨ ਸਫ਼ਿਆਂ ਸਮੇਤ ਸਿਰਫ ਛਪ ਕੇ ਹੀ ਨਹੀਂ ਪੂਰੀ ਤਰ੍ਹਾਂ ਗਿਣਤੀ ਮਗਰੋਂ ਬਾਹਰ ਨਿਕਲਦੀ ਹੈ। ਰੰਗ, ਰੂਪ, ਦਿੱਖ ਅਤੇ ਇਸਦੀ ਰੇਜਨ ਵਿਚ ਅਥਾਹ ਵਾਧਾ ਹੋਇਆ ਹੈ। ਮੀਡੀਆ ਦੇ ਵੱਡੇ ਹਿੱਸਿਆਂ ਨਾਲ ਜੁੜੇ ਪੱਤਰਕਾਰਾਂ ਦੀਆਂ ਉਜਰਤਾਂ ਵੀ ਵਧੀਆਂ ਹਨ ਅਤੇ ਫ੍ਰੀ ਲਾਂਸ ਵਾਲਿਆਂ ਦੀ ਆਮਦਨੀ ਵੀ ਵਧੀ ਹੈ। ਸੋਸ਼ਲ ਮੀਡੀਆ ਨੇ ਮੈਂ ਸਟਰੀਮ ਦੇ ਏਕਾਧਿਕਾਰ ਨੂੰ ਵੀ ਚੁਣੌਤੀ ਦਿੱਤੀ ਨਹੀ ਪਰ ਇਸ ਹਕੀਕਤ ਦੇ ਬਾਵਜੂਦ ਗੋਦੀ ਮੀਡੀਆ ਵਾਲਾ ਰੁਝਾਨ ਵੀ ਵਧਿਆ ਹੈ ਅਤੇ ਸਰਕਾਰਾਂ ਨਾਲ ਅਖਬਾਰਾਂ/ਚੈਨਲਾਂ ਦੀ ਨੇੜਤਾ ਵੀ ਪਹਿਲਾਂ ਨਾਲੋਂ ਜ਼ਿਆਦਾ ਵਧੀ ਹੈ। ਹੁਣ 18 ਅਤੇ 19 ਮਾਰਚ 2023 ਨੂੰ ਚੰਡੀਗੜ੍ਹ ਵਿੱਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਦੋ ਦਿਨਾਂ ਕੌਮੀ ਅਜਲਾਸ ਵਿੱਚ ਮੀਡੀਆ ਸੰਬੰਧੀ ਅਹਿਮ ਵਿਚਾਰਾਂ ਹੋਣਗੀਆਂ।  ਮੀਡੀਆ ਨੂੰ ਮੌਜੂਦਾ ਦੌਰ ਦੀਆਂ ਚੁਣੌਤੀਆਂ ਬਾਰੇ ਜਿਥੇ ਅਹਿਮ ਵਿਚਾਰਾਂ ਬੜੀ ਗੰਭੀਰਤਾ ਨਾਲ ਹੋਣਗੀਆਂ ਉੱਥੇ  ਮੌਜੂਦਾ ਦੌਰ ਦੀ ਨਜ਼ਾਕਤ ਨੂੰ ਦੇਖਦਿਆਂ ਪੱਤਰਕਾਰ ਏਕਤਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣ ਬਾਰੇ ਸਰ ਜੋੜ ਕੇ ਸਲਾਹ ਮਸ਼ਵਰੇ ਕੀਤੇ ਜਾਣਗੇ। 

ਮੀਡੀਆ ਦੇ ਅਦਾਰਿਆਂ ਨਾਲ ਜੁੜੇ ਬਹੁਤ ਸਾਰੇ ਪੱਤਰਕਾਰ ਅਤੇ ਗੈਰ ਪੱਤਰਕਾਰ ਕਾਮੇ ਜਥੇਬੰਦ ਵੀ ਹੋਏ ਹਨ ਪਰ ਇਸਦੇ ਬਾਵਜੂਦ ਕਲਮ ਅਤੇ ਕੈਮਰੇ ਦੇ ਇਹਨਾਂ ਕਿਰਤੀਆਂ ਦਾ ਬਹੁਤ ਵੱਡਾ ਹਿੱਸਾ ਅਜਿਹਾ ਹੈ ਜਿਸਨੂੰ ਨਾ ਸਰਕਾਰ ਪੱਤਰਕਾਰ ਮੰਨਦੀ ਹੈ ਅਤੇ ਨਾ ਹੀ ਪੱਤਰਕਾਰ ਸੰਗਠਨ ਹਾਲਾਂਕਿ ਇਹਨਾਂ ਗੈਰ ਪ੍ਰਵਾਨਿਤ ਪੱਤਰਕਾਰਾਂ ਦੀਆਂ ਲਿਖਤਾਂ ਅਤੇ ਰਿਪੋਰਟਾਂ ਵਿੱਚ ਦਮ ਹੁੰਦਾ ਹੈ। ਅੱਜ ਵੀ ਪੱਤਰਕਾਰ ਦੀ ਕਲਮ ਜਾਂ ਕੈਮਰਾ ਨਹੀਂ ਬਲਕਿ ਅਦਾਰੇ ਦਾ ਸ਼ਨਾਖਤੀ ਕਾਰਡ ਅਤੇ ਅਥਾਰਿਟੀ ਲੈਟਰ ਵੀ ਉਸਦੇ ਪੱਤਰਕਾਰੀ ਕਿੱਤੇ ਦੇ ਮੁੱਖ ਅਧਾਰ ਵੱਜੋਂ ਗਿਣਿਆ ਜਾਂਦਾ ਹੈ। ਇਹ ਦਸਤਾਵੇਜ਼ ਬਹੁਤ ਸਾਰੇ ਲੋਕ ਆਪੋ ਆਪਣੇ ਢੰਗ ਤਰੀਕਿਆਂ ਨਾਲ ਵੀ ਹਾਸਲ ਕਰ ਹੀ ਲੈਂਦੇ ਹਨ।  ਸਪਲੀਮੈਂਟਾਂ ਵਾਲੇ ਦੌਰ ਨੇ ਇਸ "ਪ੍ਰਾਪਤੀ" ਨੂੰ ਕੁਝ ਲੋਕਾਂ ਲਈ ਤਾਂ ਬਹੁਤ ਆਸਾਨ ਕਰ ਦਿੱਤਾ ਹੈ ਅਤੇ ਕੁਝ ਲੋਕਾਂ ਲਈ ਨਾਮੁਮਕਿਨ ਵਰਗਾ ਮੁਸ਼ਕਿਲ ਕੰਮ। 

ਕੋਈ ਜ਼ਮਾਨਾ ਹੋਇਆ ਕਰਦਾ ਸੀ ਜਦੋਂ ਚੰਗੀ ਸਾਖ ਵਾਲੇ ਅਖਬਾਰ ਅਤੇ ਚੈਨਲ ਆਪਣੇ ਪੱਤਰਕਾਰਾਂ ਨੂੰ ਸਿਰਫ ਖਬਰਾਂ ਵਾਲਾ ਅਧਿਕਾਰ ਪੱਤਰ ਦੀਆ ਕਰਦੇ ਸਨ,ਉਹਨਾਂ ਨੂੰ ਬਿਜ਼ਨਸ ਇਕੱਠਾ ਕਰਨ ਦੀ ਇਜ਼ਾਜ਼ਤ ਨਹੀਂ ਸੀ ਹੁੰਦੀ ਪਰ ਹੋਲੀ ਹੋਲੀ ਬਿਜ਼ਨਸ ਹੀ ਅਸਲੀ ਅਤੇ ਇੱਕੋ ਇੱਕ ਯੋਗਤਾ ਬਣਦੀ ਚਲੀ ਗਈ। ਬਿਜ਼ਨਸ ਦੀਆਂ ਖਬਰਾਂ ਦੀ ਕਵਰੇਜ ਅਤੇ ਇਸ਼ਤਿਹਾਰੀ ਪਾਰਟੀਆਂ ਨੂੰ ਖੁਸ਼ ਕਰਨ ਲਈ ਬਿਜ਼ਨਸ ਰਿਪੋਰਟਰਾਂ ਅਤੇ ਬਿਜ਼ਨਸ ਐਡੀਟਰਾਂ ਦੀਆਂ ਨਿਯੁਕਤੀਆਂ ਦਾ ਰੁਝਾਣ ਵੀ ਵਧਿਆ। ਇਸ ਸਾਰੇ ਵਰਤਾਰੇ ਦੌਰਾਨ ਅਸਲੀ ਪੱਤਰਕਾਰਿਤਾ ਦਾ ਬਹੁਤ ਵੱਡਾ ਹਿੱਸਾ ਦਮ ਤੋੜਦਾ ਚਲਾ ਗਿਆ। ਕਿਸੇ ਯੂਨੀਅਨ ਨੇ ਇਸ ਬਾਰੇ ਉਚੇਚ ਨਾਲ ਕਦਮ ਨਹੀਂ ਪੁੱਟੇ ਕਿ ਕਿੰਨੇ ਪੱਤਰਕਾਰਾਂ ਨੂੰ ਜਾਨੋਂ ਮਾਰ ਦਿੱਤਾ ਗਿਆ ਅਤੇ ਕਿੰਨਿਆਂ ਨੇ ਆਰਥਿਕ ਅਤੇ ਹੋਰ ਮਜਬੂਰੀਆਂ ਕਾਰਨ ਖ਼ੁਦਕੁਸ਼ੀ ਕਰ ਲਈ। ਇਹਨਾਂ ਔਕੜਾਂ ਅਤੇ ਮੁਸ਼ਕਲਾਂ ਨੇ ਸੋਸ਼ਲ ਮੀਡੀਆ ਜਾਂ ਰਵਾਇਤੀ ਢੰਗ ਤਰੀਕਿਆਂ ਨਾਲ ਸਵੈ ਨਿਰਭਰ ਹੋਏ ਪੱਤਰਕਾਰਾਂ ਨੂੰ ਨਵੀਆਂ ਰਸਤਿਆਂ 'ਤੇ ਤੁਰਨ ਲਈ ਪ੍ਰੇਰਿਆ ਵੀ ਅਤੇ ਕਈ ਮਾਮਲਿਆਂ ਵਿੱਚ ਮਜਬੂਰ ਵੀ ਕੀਤਾ। "ਤਹਿਲਕਾ" ਅਤੇ "ਕੋਬਰਾ ਪੋਸਟ" ਵਰਗੇ ਅਦਾਰਿਆਂ ਨੇ ਨਵੇਂ ਰਸਤੇ ਵੀ ਬਣਾਏ। ਰਾਣਾ ਅਯੂਬ ਨੇ ਤਾਂ ਪੁਸਤਕ ਵਾਲੇ ਰਵਾਇਤੀ ਅੰਦਾਜ਼ ਨੂੰ ਵੀ ਬਿਨਾ ਕਿਸੇ ਪ੍ਰਵਾਨਗੀ, ਬਿਨਾ ਕਿਸੇ ਸ਼ਨਾਖਤੀ ਕਾਰਡ ਅਤੇ ਬਿਨਾ ਕਿਸੇ ਅਧਿਕਾਰ ਪੱਤਰ ਦੇ ਨਵੇਂ ਮੀਲ ਪੱਥਰ ਵੱਜੋਂ ਸਾਹਮਣੇ ਲਿਆਂਦਾ। ਅਜਿਹੀ ਪੱਤਰਕਾਰੀ ਸੁਰਜੀਤ ਹੋਈ ਜਿਸਨੂੰ ਕਿਸੇ ਦੇ ਪ੍ਰਮਾਣ ਪੱਤਰ ਦੀ ਲੋੜ ਨਹੀਂ ਪਈ। ਹੁਣ ਵੀ ਸੋਸ਼ਲ ਮੀਡੀਆ 'ਤੇ ਚਲਦੇ ਬਹੁਤ ਸਾਰੇ ਚੈਨਲ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਇਹਨਾਂ ਵਿੱਚੋਂ ਕੁਝ ਕੁ ਮਾੜੇ ਵੀ ਹੋਣਗੇ ਪਰ ਚੰਗੇ ਅਤੇ ਮਿਹਨਤੀ ਚੈਨਲ ਵੀ ਕਾਫੀ ਹਨ।  ਇਹਨਾਂ ਨੂੰ ਜੱਥੇਬੰਦ ਕਰਨ ਅਤੇ ਇਹਨਾਂ ਦੇ ਮੁਢਲੇ ਅਧਿਕਾਰਾਂ ਦੀ ਰਾਖੀ ਲਈ ਪੱਤਰਕਾਰਾਂ ਦੀਆਂ ਸਥਾਪਤ ਯੂਨੀਅਨਾਂ ਅਤੇ ਅਤੇ ਹੋਰ ਮੀਡੀਆ ਅਦਾਰਿਆਂ ਨੇ ਕੀ ਕੀ ਕੀਤਾ ਇਸ ਬਾਰੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਹੁਣ ਜਦੋਂ ਕਿ ਚੰਡੀਗੜ੍ਹ ਵਿੱਚ ਦੋ ਦਿਨਾਂ ਲਈ ਦੇਸ਼ ਭਰ ਦੇ ਚੋਣਵੇਂ ਪ੍ਰਤੀਨਿਧੀ ਜੁੜ ਰਹੇ ਹਨ ਤਾਂ ਇਸ ਮੰਚ ਤੋਂ ਇਹ ਆਵਾਜ਼ ਬੁਲੰਦ ਹੋ ਕੇ ਉੱਠਣੀ ਚਾਹੀਦੀ ਹੈ। 

ਅਖਬਾਰਾਂ ਦੇ ਦਮਨ ਅਤੇ ਇਸਦਾ ਰੀਮੋਟ ਕੰਟਰੋਲ ਆਪਣੇ ਹੱਥ ਵਿਚ ਰੱਖਣ ਲਈ ਇਸ਼ਤਿਹਾਰ ਬੰਦ ਕਰਨ ਵਰਗੇ ਕਦਮ ਕਿੱਥੋਂ ਤੱਕ ਸਹੀ ਹਨ ਇਸ ਬਾਰੇ ਸਾਡੇ ਸੰਗਠਨਾਂ ਦਾ ਰਵਈਆ ਵੀ ਸਪਸ਼ਟ ਹੋਣਾ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਇੰਡੀਅਨ ਜਰਨਲਿਸਟ ਯੂਨੀਅਨ (IJU) ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ 18 ਅਤੇ 19 ਮਾਰਚ 2023 ਨੂੰ ਕਿਸਾਨ ਭਵਨ, ਸੈਕਟਰ -35 ਚੰਡੀਗੜ੍ਹ ਵਿਖੇ ਹੋ ਰਹੀ ਹੈ। ਮੀਟਿੰਗ ਦੀ ਮੇਜ਼ਬਾਨੀ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਕਰ ਰਹੀ ਹੈ। ਮੀਡੀਆ ਨੂੰ ਭੇਜੇ ਗਏ ਸੱਦਾ ਪੱਤਰ ਮੁਤਾਬਿਕ ਇਸ ਮੀਟਿੰਗ ਵਿੱਚ ਵੱਖ-ਵੱਖ ਸੂਬਿਆਂ ਵਿੱਚੋਂ 100 ਤੋਂ ਵੱਧ ਪੱਤਰਕਾਰ ਪਹੁੰਚ ਰਹੇ ਹਨ।

ਇਸ ਮੌਕੇ ਪਹੁੰਚ ਰਹੀਆਂ ਉੱਘੀਆਂ ਸ਼ਖਸੀਅਤਾਂ ਵਿੱਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਹੋਣਗੇ ਅਤੇ ਪੰਜਾਬ ਵਿਧਾਨ ਸਭਾ-ਸਪੀਕਰ, ਕੁਲਤਾਰ ਸਿੰਘ ਸੰਧਵਾਂ ਵੀ। ਇਸਦੇ ਨਾਲ ਹੀ ਵਿੱਤ ਮੰਤਰੀ ਪੰਜਾਬ-ਹਰਪਾਲ ਸਿੰਘ ਚੀਮਾ ਪੱਤਰਕਾਰਾਂ ਦੇ ਰੂਬਰੂ ਹੋਣਗੇ। ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ੍ਰੀ ਨਿਵਾਸ ਰੈਡੀ ਸਣੇ ਸੂਚੀ ਕੌਮੀ ਲੀਡਰਸ਼ਿਪ ਵੀ ਇਸ ਮੌਕੇ ਪਹੁੰਚ ਰਹੀ ਹੈ।

ਮੀਡੀਆ ਨੂੰ ਇਸ  ਸਮਾਗਮ ਵਿੱਚ ਸ਼ਾਮਲ ਹੋਣ ਦਾ ਵੀ ਨਿੱਘਾ ਸੱਦਾ ਦਿੱਤਾ ਗਿਆ ਹੈ ਅਤੇ ਸਮਾਗਮ ਦੀ ਕਵਰੇਜ ਦਾ ਵੀ। ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਪੱਤਰਕਾਰ ਅਤੇ ਕੈਮਰਾਮੈਨ ਇਸਦੀ ਕਵਰੇਜ ਕਰ ਸਕਣਗੇ। 

ਸਾਰੇ ਸਮਾਗਮ ਦੇ ਪ੍ਰਬੰਧਕਾਂ ਵਿੱਚ ਹੋਰਨਾਂ ਦੇ ਨਾਲ ਨਾਲ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਜੰਡੂ ਵੀ ਹੋਣਗੇ ਅਤੇ ਨਾਲ ਹੀ ਪ੍ਰੈਸ ਕਨਵੀਨਰ ਪੱਤਰਕਾਰ ਬਿੰਦੂ ਸਿੰਘ ਵੀ ਆਉਣ ਵਾਲੇ ਮਹਿਮਾਨਾਂ ਅਤੇ ਮੈਂਬਰਾਂ ਨੂੰ ਇਸ  ਸਮਾਗਮ ਮੌਕੇ ਮਿਲ ਸਕਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: