Sunday, March 12, 2023

ਸੱਤਿਆਕਾਮ//ਫਿਲਮ ਦੀਆਂ ਯਾਦਾਂ ਬਹਾਨੇ ਜ਼ਿੰਦਗੀ ਦੀ ਗੱਲ//ਤਰਸੇਮ ਬਸ਼ਰ

  Sunday 12th March 2023 at 10:44 AM

ਧਰਮਿੰਦਰ ਦੀਆਂ ਤਿੰਨ ਬੇਹਤਰੀਨ ਫ਼ਿਲਮਾਂ ਵਿੱਚੋਂ ਇੱਕ ਸੀ "ਸੱਤਿਆਕਾਮ" 


ਮੋਹਾਲੀ: 12 ਮਾਰਚ 2023: (ਤਰਸੇਮ ਬਸ਼ਰ//ਪੰਜਾਬ ਸਕਰੀਨ):: 

ਕੁਝ ਫ਼ਿਲਮਾਂ ਕਦੋਂ ਆਉਂਦੀਆਂ ਅਤੇ ਕਦੋਂ ਫਲਾਪ ਹੋ ਕੇ ਅਲੋਪ ਹੋ ਜਾਂਦੀਆਂ ਹਨ ਇਸਦਾ ਪਤਾ ਵੀ ਨਹੀਂ ਲੱਗਦਾ ਪਰ ਕੁਝ ਜ਼ਹਿਨ ਵਿਚ ਉਤਰ ਜਾਂਦੀਆਂ ਹਨ ਅਤੇ ਸਮੇਂ ਨੂੰ ਪ੍ਰਭਾਵਿਤ ਕਰਦੀਆਂ ਹਨ। ਅਜਿਹੀਆਂ ਫ਼ਿਲਮਾਂ ਵਿੱਚੋਂ ਹੀ ਇੱਕ ਸੀ "ਸੱਤਿਆਕਾਮ"। ਫਿਲਮ ਦੀਆਂ ਯਾਦਾਂ ਦੀ ਚਰਚਾ ਕਰ ਰਹੇ ਹਨ ਉਘੇ ਸ਼ਾਇਰ/ਲੇਖਕ ਤਰਸੇਮ ਬਸ਼ਰ।  

ਲੇਖਕ ਤਰਸੇਮ ਬਸ਼ਰ 
"ਮੁਸੀਬਤਾਂ ਤੋਂ ਬਾਅਦ ਦੀ ਗੱਲ ਹੈ,ਸੱਚ ਕਹਿਣ ਵਾਸਤੇ ਵੀ ਬੜੇ ਵੱਡੇ ਦਿਲ ਦੀ ਲੋੜ ਪੈਂਦੀ ਹੈ ,ਵੱਡੇ ਜਿਗਰ ਦੀ। ਰਿਸ਼ੀਕੇਸ਼ ਮੁਕਰਜੀ ਹੁਰਾਂ ਦੀ  ਰਾਸ਼ਟਰਪਤੀ ਐਵਾਰਡ ਜੇਤੂ ਫਿਲਮ "ਸੱਤਿਆਕਾਮ"ਵਿੱਚ ਰਾਜਿੰਦਰ ਸਿੰਘ ਬੇਦੀ ਹੋਰਾਂ ਵੱਲੋਂ ਲਿਖੇ ਗਏ ਇਨ੍ਹਾਂ ਸੰਵਾਦਾਂ ਨੂੰ ਉਸ ਸਾਲ ਦਾ ਫਿਲਮ ਫੇਅਰ ਐਵਾਰਡ ਮਿਲਿਆ ਸੀ।   

ਸੱਚ ਨੂੰ ਕਸ਼ਟ ਨਹੀਂ ਮਿਲਦੇ ਬਲਕਿ ਹਰ ਤਰ੍ਹਾਂ ਦੇ ਕਸ਼ਟ ਮਿਲਦੇ ਹਨ...ਫਿਰ ਵੀ ਲੋਕ ਇਸ ਰਾਹ ਤੇ ਚਲਦੇ ਹਨ...ਚਲਦੇ ਰਹਿਣਗੇ  ....ਬੰਗਲਾ ਲੇਖਕ "ਨਾਰਾਇਨ ਸਾਨਿਆਲ "ਦੇ ਲਿਖੇ ਨਾਵਲ ਤੇ ਆਧਾਰਤ ਬਣੀ ਫਿਲਮ ਸਤਿਆਕਾਮ ਤੁਹਾਨੂੰ ਇਹੀ ਦੱਸਦੀ   ਹੈ  l  ਸੱਚ ਬੋਲਣ ਦਾ ਸਬੰਧ ਆਤਮਾ ਨਾਲ ਹੈ ...ਆਤਮਕ ਜ਼ਰੂਰਤ   ..ਜਿਸ ਅੱਗੇ   ਦੁਨੀਆਂ ਦੇ ਕਸ਼ਟ ਜਾਂ ਨਿਆਮਤਾਂ  ਬਹੁਤ ਛੋਟੀਆਂ ਹੁੰਦੀਆਂ ਹਨ  l  

ਜੇ ਤੁਸੀਂ ਧਰਮਿੰਦਰ ਦੀਆਂ ਤਿੰਨ ਬਿਹਤਰੀਨ ਫ਼ਿਲਮਾਂ ਦੀ ਗੱਲ ਕਰੋਗੇ ਤਾਂ ਸੱਤਿਆਕਾਮ  ਉਸ ਵਿੱਚ ਸ਼ਾਮਲ ਹੋਵੇਗੀ। ਇਸ ਫ਼ਿਲਮ ਦੇ ਮੁੱਖ ਕਿਰਦਾਰ "ਸੱਤਿਆਪਰਿਯ"ਦਾ ਕਿਰਦਾਰ ਧਰਮਿੰਦਰ ਦੇ ਹਿੱਸੇ ਆਇਆ ਹੈ। ਇਕ ਐਸਾ ਚਰਿੱਤਰ ਜਿਸ ਦੇ ਪੈਦਾ ਹੁੰਦਿਆਂ ਹੀ ਉਸ ਦੀ ਮਾਂ ਮੁੱਕ ਜਾਂਦੀ ਹੈ ਫਿਰ ਉਸ ਦੀ ਪਰਵਰਿਸ਼ ਉਸ ਦੇ ਦਾਦਾ ਜੀ (ਅਸ਼ੋਕ ਕੁਮਾਰ)ਕੋਲ ਹੁੰਦੀ ਹੈ। ਦਾਦਾ ਜੀ ਆਸ਼ਰਮ ਦੇ ਸਵਾਮੀ ਹਨ ਅਤੇ ਨਾਲ ਹੀ ਦੇਸ਼ ਭਗਤ ਵੀ। ਇਸਦੇ ਨਾਲ ਹੀ ਉਹ ਹਰ ਮਾਮਲੇ ਵਿੱਚ ਸੱਚ ਬੋਲਣ ਵਾਲੇ  ਮਹਾਤਮਾ ਵੀ ਹਨ। 

ਸੱਤਿਆ   ਦੀ ਪਰਵਰਿਸ਼ ਸੁੱਚਮ ਦੇ ਮਾਹੌਲ ਚ ਹੋਈ ਹੈ। ਉਸ ਦੀ ਪਰਵਰਿਸ਼ ਵਿੱਚ ਈਮਾਨਦਾਰੀ ਅਤੇ ਸੱਚ ਸ਼ਾਮਲ ਹਨ। ਉਸ ਦਾ ਦੋਸਤ ਹੈ ਨਰਿੰਦਰ ਸ਼ਰਮਾ  (ਸੰਜੀਵ ਕੁਮਾਰ) ਜਿਸਨੇ ਕਮਾਲ ਦੀ ਭੂਮਿਕਾ ਨਿਭਾਈ। ਉਹ ਸੱਤਿਆ ਦੇ ਸੱਤਿਆਵਾਦੀ ਤੇ ਇਮਾਨਦਾਰ ਹੋਣ ਤੇ ਬਹੁਤਾ ਖੁਸ਼ ਨਹੀਂ ਹੈ। ਉਸ ਅਨੁਸਾਰ ਸਭ ਨੂੰ ਆਪਣੇ ਭਲੇ ਦੀ ਸੋਚਣੀ ਚਾਹੀਦੀ ਹੈ। ਉਸ ਦੀ ਸੋਚ ਮੁਤਾਬਿਕ ਦੁਨੀਆਂ ਦਾ ਭਲਾ ਕਰਨ ਵਾਸਤੇ ਤਾਂ ਰੱਬ ਵੀ ਮੌਜੂਦ ਹੈ। 

ਸੱਤਿਆ  ਆਪਣੇ ਕਿਰਦਾਰ ਤੇ ਅਡਿੱਗ ਹੈ। ਵਿਚਾਰਾਂ ਦੇ ਇਸ ਵਖਰੇਵੇਂ ਨਾਲ ਵੀ ਦੋਹਾਂ ਦੀ ਦੋਸਤੀ ਵਿੱਚ ਕੋਈ ਫਰਕ ਨਹੀਂ ਆਉਂਦਾ।  ਸੱਤਿਆ ਨੂੰ ਨੌਕਰੀ ਮਿਲਦੀ ਹੈ ਪਰ ਉਸ ਦੀ ਇਮਾਨਦਾਰੀ ਕਾਰਨ ਉਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਵਿੱਚ ਕੁਝ ਕਰਨ ਦੀ ਇੱਛਾ ਦੇ ਚਲਦਿਆਂ ਹੀ ਉਹ ਰੰਜਨਾ ਨਾਂ ਦੀ ਇੱਕ ਤਵਾਇਫ਼ ਨਾਲ ਵਿਆਹ ਕਰ ਲੈਂਦਾ ਹੈ ਜਿਸ ਦੇ ਬੱਚਾ ਹੋਣ ਵਾਲਾ ਹੁੰਦਾ ਹੈ। ਸਮਾਜ ਦੇ ਖਿਲਾਫ ਇਹ ਇੱਕ ਸੀ ਇਕ ਅਜਿਹਾ ਕਾਰਜ ਜੋ ਹਰ ਕੋਈ ਨਹੀਂ ਸੀ ਕਰ ਸਕਦਾ। 

ਇਹ ਬੱਚਾ ਉਸ ਨਾਲ ਹੋਏ ਬਲਾਤਕਾਰ  ਤੋਂ ਬਾਅਦ ਹੋਣ ਵਾਲਾ ਹੁੰਦਾ ਹੈ।    

ਸੱਤਿਆ ਦੀਆਂ ਮੁਸੀਬਤਾਂ ਦਾ ਕੋਈ ਅੰਤ ਨਹੀਂ। ਗਰੀਬੀ ,ਤੰਗੀ ਤੁਰਸ਼ੀ ,ਸਾਜ਼ਿਸ਼ਾਂ  ..ਸਿਤਮਜ਼ਰੀਫੀ ਇਹ ਕਿ ਉਸ ਨੂੰ ਕੈਂਸਰ ਵੀ ਹੋ ਜਾਂਦਾ ਹੈ।   

ਫਿਲਮ ਦੀ ਅਗਲੀ ਕਹਾਣੀ ਦੱਸਣ ਤੋਂ ਪਹਿਲਾਂ ਇੱਕ ਵਿਚਾਰ ਸਾਂਝਾ ਕਰ ਦਿਆਂ  ....ਰਿਸ਼ੀਕੇਸ਼ ਮੁਖਰਜੀ ਦੀਆਂ ਫ਼ਿਲਮਾਂ ਵਿਚ ਆਮ ਤੌਰ ਤੇ ਖਲਨਾਇਕ ਨਹੀਂ ਹੁੰਦਾ। ਇਸ ਫ਼ਿਲਮ ਵਿੱਚ ਵੀ ਨਹੀਂ ਸੀ। ਇਸ ਫ਼ਿਲਮ ਵਿੱਚ ਸਮੂਹਿਕ ਚਰਿੱਤਰ ਦੇ ਤੌਰ ਤੇ ਖਲਨਾਇਕ ਹਰ ਜਗ੍ਹਾ ਤੇ ਦਿਖਾਈ ਦਿੰਦਾ ਹੈ। ਤੇ ਇਸ ਫ਼ਿਲਮ ਵਿੱਚ ਤੁਹਾਨੂੰ ਨਾਇਕ ਵੀ ਨ੍ਹਹੀ ਲੱਭਣਾ ਧਰਮਿੰਦਰ ਸੱਤਿਆ ਦੇ ਰੂਪ ਵਿੱਚ ਮੁੱਖ ਕਿਰਦਾਰ ਹੈ। ਨਾਇਕ ਨਹੀਂ। ਨਾ ਹੀ ਇਸ ਫਿਲਮ ਵਿਚ ਨਾਇਕ ਜਿੱਤਦਾ ਹੈ ਤੇ ਨਾ ਹੀ ਸੱਚ। ਇਹੀ ਕਾਰਨ ਹੈ ਕਿ ਰਿਸ਼ੀਕੇਸ਼ ਮੁਕਰਜੀ ਦੂਜੇ ਨਿਰਦੇਸ਼ਕਾਂ ਤੋਂ ਅੱਡ ਖੜ੍ਹੇ ਨਜ਼ਰ ਆਉਂਦੇ ਹਨ। ਉਹ ਆਪਣੀਆਂ ਫ਼ਿਲਮਾਂ ਵਿਚ ਬਹੁਤ ਕੁਝ ਨਾ ਕਹਿ ਕੇ ਅਸਲੀ ਗੱਲ  ਸਮਝਣ ਲਈ ਦਰਸ਼ਕਾਂ ਤੇ ਛੱਡ ਦਿੰਦੇ ਸਨ। ਸੱਤਿਆਕਾਮ  ਚ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਹੈ। 

ਸੱਤਿਆ ਨੂੰ ਕੈਂਸਰ ਹੋ ਜਾਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਮੌਤ ਦੇ ਨਜ਼ਦੀਕ ਹੈ। ਉਸ ਨੂੰ ਆਪਣੇ ਬੀਵੀ ਰੰਜਨਾ ਅਤੇ ਬੱਚੇ ਦਾ ਫ਼ਿਕਰ ਹੈ। ਨਿਰਦੇਸ਼ਕ ਫਿਲਮ ਦੇ ਇਸ ਮੋੜ ਉੱਪਰ ਤੁਹਾਨੂੰ ਇੱਕ ਯਥਾਰਥ ਦੇ ਨੇੜੇ ਲੈ ਜਾਂਦਾ ਹੈ। ਈਮਾਨਦਾਰੀ ਤੇ ਸੱਚ ਨਾਲ ਤੁਰਦਿਆਂ ਸੱਤਿਆ ਨੇ ਅਨੇਕਾਂ ਮੁਸੀਬਤਾਂ ਸਹੀਆਂ ਸਨ ਪਰ ਹੁਣ ਉਸ ਨੂੰ ਅਫ਼ਸੋਸ ਹੈ ਕਿ ਉਸ ਨੇ ਰੰਜਨਾ ਅਤੇ ਉਸ ਦੇ ਬੱਚੇ ਵਾਸਤੇ ਵੀ ਕੁਝ ਨਹੀਂ ਬਚਾਇਆ।

ਪੂਰੀ ਜ਼ਿੰਦਗੀ ਦ੍ਰਿੜ੍ਹਤਾ ਨਾਲ ਸਚਾਈ ਤੇ ਚੱਲਣ ਵਾਲਾ ਸੱਤਿਆ ਪਛਤਾਵੇ ਦੀ ਭਾਵਨਾ ਵਿੱਚ ਘਿਰਿਆ ਹੋਇਆ ਹੈ  ਭਾਵੇਂ ਕਿ ਮੌਤ ਉਸ ਦੇ ਸਾਹਮਣੇ ਖੜ੍ਹੀ ਹੈ।  ਉਸ ਨੂੰ ਸਮਾਜ ਨਾਲ ਗਿਲਾ ਹੈ ਕਿ ਕਿਸੇ ਨੇ ਸੱਚ ਦੀ ਕਦਰ ਨਹੀਂ ਕੀਤੀ ਕੀਮਤ ਨਹੀਂ ਪਾਈ...ਕੀ ਖੱਟਿਆ ਹੈ ਉਸ ਨੇ ਸੱਚ ਤੇ ਚੱਲ ਕੇ। ਮੇਰੇ ਤੋਂ ਬਾਅਦ ਬੀਵੀ ਅਤੇ ਬੱਚੇ ਵੀ ਤੰਗੀਆਂ ਤੁਰਸ਼ੀਆਂ ਦੇ ਸਾਹਮਣੇ ਹੋਣਗੇ  ....ਈਮਾਨਦਾਰੀ ਤੇ ਚੱਲਣ ਕਾਰਨ ਮਿਲੇ ਕਸ਼ਟ ਉਸ ਤਕ ਹੀ ਸੀਮਤ ਨਹੀਂ ਰਹਿਣਗੇ ..ਬਲਕਿ.....। 

ਕਿਉਂਕਿ ਉਹ ਕਾਗਜ਼ ਦੀ ਮਿੱਲ ਵਿੱਚ ਕੰਮ ਕਰਦਾ ਹੈ ਤਾਂ ਉਸਦੇ ਕੋਲ ਇੱਕ ਫਾਈਲ ਆਉਂਦੀ ਹੈ ਜਿਸ ਨਾਲ ਠੇਕੇਦਾਰ ਨੂੰ  ਕਾਫ਼ੀ ਵੱਡਾ ਮੁਨਾਫ਼ਾ ਹੋਣਾ ਹੁੰਦਾ ਹੈ। ਠੇਕੇਦਾਰ, ਸੱਤਿਆ ਨੂੰ ਕਹਿੰਦਾ ਹੈ ਕਿ ਜੇਕਰ ਉਹ ਫਾਈਲ ਪਾਸ ਕਰ ਦੇਵੇ ਤਾਂ ਉਹ ਉਸ ਦੇ ਬੀਵੀ ਬੱਚਿਆਂ ਵਾਸਤੇ ਕਾਫੀ ਰਾਸ਼ੀ ਉਸ ਨੂੰ ਦੇ ਸਕਦਾ ਹੈ। 

ਇਸ ਮੋੜ ਤੇ ਆ ਕੇ ਸੱਤਿਆ ਦੀ ਇਮਾਨਦਾਰੀ ਜਵਾਬ ਦੇ ਜਾਂਦੀ ਹੈ। ਉਹ ਹਾਮੀ ਭਰ ਦਿੰਦਾ ਹੈ ਅਤੇ ਫਾਈਲ ਉਪਰ ਸਾਈਨ ਕਰ ਦਿੰਦਾ ਹੈ।  ਪਰ ਉਸ ਦੀ ਬੀਵੀ ਰੰਜਨਾ ਨੂੰ ਇਹ ਪਸੰਦ ਨਹੀਂ ਆਉਂਦਾ। ਉਹ ਪੈਸੇ ਨੂੰ ਵੀ ਠੋਕਰ ਮਾਰ ਦਿੰਦੀ ਹੈ ਅਤੇ ਸਾਈਨ ਕੀਤੇ ਹੋਏ ਕਾਗਜ਼ ਵੀ ਪਾੜ ਦਿੰਦੀ ਹੈ।  ਓਹ ਨਹੀਂ ਦੇਖ ਸਕਦੀ ਕਿ ਇਸ ਮਰਹਲੇ ਤੇ ਆ ਕੇ ਸੱਤਿਆ ਆਪਣੇ ਸਿਧਾਂਤ ਤੋਂ ਪਾਸੇ ਹੋਵੇ ....ਤੇ ਉਹ ਇਹ ਵੀ ਨਹੀਂ ਚਾਹੁੰਦੀ ਕਿ ਸੱਤਿਆ ਉਨ੍ਹਾਂ ਵਾਸਤੇ ਇਹ ਸਭ ਕੁਝ ਕਰੇ।   

ਰੰਜਨਾ ਦੇ ਇਸ ਵਿਵਹਾਰ ਕਾਰਨ ਸੱਤਿਆ ਨੂੰ ਵੀ ਖ਼ੁਸ਼ੀ ਹੁੰਦੀ ਹੈ। ਉਹ ਮੁਸਕਰਾਉਂਦਾ ਹੈ। ਇਹ ਮੁਸਕੁਰਾਹਟ ਬਾਖ਼ੂਬੀ ਦੱਸ ਦਿੰਦੀ ਹੈ ਕਿ ਰੰਜਨਾ ਨੇ ਉਸ ਨੂੰ ਸਿਧਾਂਤ ਤੋਂ ਭਟਕਣ ਤੋਂ ਬਚਾ ਲਿਆ ਹੈ  ਇਸ ਕਾਰਨ ਉਹ ਆਤਮਕਥਾ ਤੇ ਖੁਸ਼ ਹੈ। 

ਸੱਤਿਆ ਮੌਤ ਦੇ ਨੇੜੇ ਹੈ ..ਦਾਦਾ ਜੀ ਵੀ ਆਸ਼ਰਮ ਤੋਂ ਉਸ ਕੋਲ ਆ ਜਾਂਦੇ ਹਨ ਭਾਵੇਂ ਕਿ ਉਹ ਬਹੁਤ ਖਫ਼ਾ ਹਨ ਕਿ ਉਨ੍ਹਾਂ ਦੇ ਪੋਤੇ ਨੇ ਇਕ ਤਵਾਇਫ਼ ਨਾਲ ਵਿਆਹ ਕੀਤਾ ਹੈ....ਉਸ ਨੇ ਸਮਾਜ ਦੇ ਰਸਮੋਂ ਰਿਵਾਜ ਤਿਆਗ ਦਿੱਤੇ ਹਨ ਅਤੇ  ਉਸ ਨੇ ਸਮਾਜਕ ਰਸਮਾਂ ਤਿਆਗ ਦਿੱਤੀਆਂ ਹਨ ਅਤੇ ਇੱਕ ਨੈਤਿਕ ਅਪਰਾਧ ਕੀਤਾ ਹੈ। ਫਿਰ ਵੀ ਰਿਸ਼ਤੇ ਨਾਤੇ ਸੰਬੰਧ ਏਨੀ ਆਸਾਨੀ ਨਾਲ ਵੀ ਨਹੀਂ ਟੁੱਟਦੇ।   

ਆਖਿਰ ਸੱਤਿਆ ਦੀ ਮੌਤ ਹੋ ਜਾਂਦੀ ਹੈ। 

ਉਦਾਸੀ ਦਾ ਆਲਮ ਹੈ ਪਰ ਅੰਤਮ ਸਸਕਾਰ ਦੀਆਂ ਰਸਮਾਂ ਲਈ ਦਾਦਾ ਜੀ ਨਹੀਂ ਚਾਹੁੰਦੇ ਕਿ  ਤਵਾਇਫ਼ ਦਾ ਬੇਟਾ ਇਹ ਕਾਰਜ ਨਿਭਾਵੇ  ....ਇਸ ਛੋਟੇ ਬੱਚੇ ਦੀ ਭੂਮਿਕਾ ਅਭਿਨੇਤਰੀ ਸਾਰਿਕਾ ਨੇ ਨਿਭਾਈ ਹੈ। 

ਬੱਚਾ ਸ਼ਰ੍ਹੇਆਮ ਸਾਰਿਆਂ ਦੇ ਵਿਚਕਾਰ  ਮਹਾਤਮਾ ਨੂੰ ਕਹਿ ਦਿੰਦਾ ਹੈ ਕਿ ਉਹ  ਸੱਤਿਆ ਦਾ ਪੁੱਤਰ ਨਹੀਂ ਹੈ ਇਸ ਕਰਕੇ ਇਨ੍ਹਾਂ ਰਸਮਾਂ ਤੇ ਉਸ ਦਾ ਕੋਈ ਹੱਕ ਨਹੀਂ ਹੈ l

ਮਹਾਤਮਾ ,ਬੱਚੇ ਦੇ ਮੂੰਹੋਂ ਇੰਨਾ ਕਠੋਰ ਸੱਚ ਸੁਣ ਕੇ ਪ੍ਰਭਾਵਿਤ ਹੁੰਦੇ ਹਨ ਉਹ ਪੁੱਛਦੇ ਹਨ ਕਿ ਇਨ੍ਹਾਂ ਸੱਚ ਬੋਲਣਾ ਤੈਨੂੰ ਕਿਸ ਨੇ ਸਿਖਾਇਆ ਹੈ  

"ਮਾਂ ਨੇ"

 ਦਾਦਾ ਜੀ ਸਮਝਦੇ ਹਨ  ਇਹ ਸੱਚ ਬੋਲਣਾ ਕਿਸੇ ਕਮਜ਼ੋਰ ਕਿਰਦਾਰ ਦੇ ਵੱਸ ਵਿੱਚ ਨਹੀਂ  ...ਸੱਤਿਆ ਦੇ ਦਾਦਾ ਜੀ ਰੰਜਨਾ ਤੇ ਉਸਦੇ ਬੱਚੇ ਨੂੰ ਅਪਣਾ ਲੈਂਦੇ ਹਨ। 

ਫਿਲਮ ਵਿਚ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਸੱਚਾਈ ਜਿੱਤ ਜਾਂਦੀ ਹੈ  ਈਮਾਨਦਾਰੀ ਨੂੰ ਬਲ ਮਿਲਦਾ ਹੈ ਤਾਂ ਨਿਰਦੇਸ਼ਕ ਨੇ ਅਜਿਹਾ ਕੁਝ ਨਹੀਂ ਦਿਖਾਇਆ.....ਪਰ ਲੇਖਕ ਤੁਹਾਨੂੰ ਕਹਾਣੀ ਰਾਹੀਂ ਇਹ ਜ਼ਰੂਰ ਦੱਸ ਦਿੰਦਾ ਹੈ  ਕਿ ਸੱਚ ਬੋਲਣਾ ਸੌਖਾ ਨਹੀਂ ਅਤੇ  ਕਮਜ਼ੋਰ ਕਿਰਦਾਰ ਸੱਚ ਨਹੀਂ ਬੋਲ ਸਕਦਾ ਇਸ ਵਾਸਤੇ  ਵੱਡੇ ਕਿਰਦਾਰ ਦੀ ਲੋੜ ਹੁੰਦੀ ਹੈ, ਵੱਡੀ ਹਸਤੀ ਦੀ।   

ਜਾਵੇਦ ਅਖ਼ਤਰ ਅਨੁਸਾਰ ਸੱਚ ਦੀ ਕੀਮਤਜਾਣਨੀ ਚਾਹੁੰਦੇ ਹੋ ਤਾਂ ਸੱਤਿਅਕਾਮ ਸਾਨੂੰ ਫਿਰ ਤੋਂ ਦੁਬਾਰਾ ਦੇਖਣੀ ਚਾਹੀਦੀ ਹੈ। ਇੱਕ ਵਿਅਕਤੀ ਨੂੰ ਸੱਚ ਬੋਲਣ ਕਾਰਨ ਦੁੱਖਾਂ ਤੋਂ ਇਲਾਵਾ ਕੁਝ ਨਹੀਂ ਮਿਲਦਾ ਉੱਤੋਂ ਉਸ ਨੂੰ ਭਿਆਨਕ ਬਿਮਾਰੀ ਹੋ ਜਾਂਦੀ ਹੈ  ..ਪਰ ਲੇਖਕ ਤੇ ਨਿਰਦੇਸ਼ਕ ਦੀ ਕਲਾਤਮਕ ਸੂਝ ਬੂਝ ਹੈ ਕਿ ਤੁਸੀਂ ਨਿਰਾਸ਼ ਨਹੀਂ ਹੁੰਦੇ। ਤੁਸੀਂ  ਸੱਚ ਨੂੰ ਨਿਰਥਰਕ  ਨਹੀਂ ਸਮਝਦੇ।  ਫਿਲਮ ਮੁੱਕ ਜਾਂਦੀ ਹੈ ਅਤੇ ਦਰਸ਼ਕ ਸਿਨੇਮਾ ਹਾਲ ਤੋਂ ਬਾਹਰ ਵੀ ਆ ਜਾਂਦੇ ਹਨ ਪਰ ਫਿਰ ਵੀ ਕੁਝ ਸਮੇਂ ਲਈ ਸੱਤਾਿਆ  ਦਾ ਕਿਰਦਾਰ ਪ੍ਰੇਰਣਾ ਦੇ ਰੂਪ ਵਿੱਚ ਤੁਹਾਡੇ ਆਸ ਪਾਸ ਮੰਡਰਾਉਂਦਾ ਰਹਿੰਦਾ ਹੈ। 

ਫਿਲਮ ਨੂੰ ਇਸ ਸਾਲ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ......ਰਾਜਿੰਦਰ ਸਿੰਘ ਬੇਦੀ ਨੂੰ ਸੰਵਾਦਾਂ ਲਈ ਉਸ ਸਾਲ ਦਾ ਫ਼ਿਲਮਫੇਅਰ ਐਵਾਰਡ  l   ਫਿਲਮ ਦੇ ਗੀਤ ਕੈਫ਼ੀ ਆਜ਼ਮੀ ਸਾਹਿਬ ਨੇ ਲਿਖੇ ਸਨ ਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ ਹੈ। 

ਸੰਜੀਵ ਕੁਮਾਰ ਦੀ ਭੂਮਿਕਾ ਛੋਟੀ ਹੈ ਪਰ ਪ੍ਰਭਾਵਸ਼ਾਲੀ ਹੈ। ਰੰਜਨਾ ਦੇ ਰੂਪ ਵਿੱਚ ਸ਼ਰਮੀਲਾ ਟੈਗੋਰ ਦਾ ਕਿਰਦਾਰ ਵੀ ਜ਼ਿਆਦਾ ਵੱਡਾ ਨਹੀਂ ਹੈ ਪਰ ਜਿੰਨਾ ਹੈ ਉਹ ਸੱਚਮੁੱਚ ਹੀ ਕਮਾਲ ਦਾ ਹੈ। ਇਹ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਹੀਮੈਨ ਦੀ ਇਮੇਜ ਤੋਂ ਪਹਿਲਾਂ  (1975 ਤੋਂ ਪਹਿਲਾਂ) ਦੇ ਕਿਰਦਾਰਾਂ ਵਿੱਚ ਧਰਮਿੰਦਰ ਦੀ ਐਕਟਿੰਗ ਲਾਜਵਾਬ ਸੀ। 

ਤੇ ਹੁਣ ਵੀ ਸੱਤਿਆ ਕਾਮ ਉਨ੍ਹਾਂ ਦੀਆਂ ਬਿਹਤਰੀਨ ਫ਼ਿਲਮਾਂ ਵਿੱਚੋਂ ਇੱਕ ਹੈ। 

ਅਸਲੀਅਤ ਇਹ ਹੈ ਕਿ ਸੱਤਿਆਕਾਮ ਵਰਗੀਆਂ ਫ਼ਿਲਮਾਂ ਅਤੇ ਉਹਨਾਂ ਦੇ ਰੀਮੇਕ ਦੀ ਲੋੜ ਜਿੰਨੀ ਅੱਜ ਹੈ ਓਨੀ ਸ਼ਾਇਦ ਪਹਿਲਾਂ ਕਦੇ ਨਹੀਂ ਸੀ। ਕੌਣ ਬਣੇਗਾ ਧਰਮਿੰਦਰ ਅਤੇ ਕਿੱਥੋਂ ਲਿਆਵਾਂਗੇ ਰਿਸ਼ੀਕੇਸ਼ ਮੁਖਰਜੀ?

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: