ਦੂਰੋਂ ਦੂਰੋਂ ਪਹੁੰਚ ਰਹੀਆਂ ਹਨ ਨਾਮਧਾਰੀ ਸੰਗਤਾਂ ਕੌਮੀ ਇਨਸਾਫ ਮੋਰਚੇ ਵਿੱਚ
ਮੋਹਾਲੀ: 27 ਫਰਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਚੰਡੀਗੜ੍ਹ ਨੇੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਰੁਝਾਣ ਜਾਰੀ ਹੈ। ਹੁਣ ਇਹ ਮੋਰਚਾ ਤੇਜ਼ੀ ਨਾਲ ਵਿਸ਼ਾਲ ਹੋ ਰਿਹਾ ਹੈ। ਇਸਦਾ ਦਾਇਰਾ ਵਧ ਰਿਹਾ ਹੈ। ਮੋਹਾਲੀ ਚੰਡੀਗੜ੍ਹ ਬਾਰਡਰ ਨੇੜੇ ਸਾਥੀ ਵਾਈ ਪੀ ਐਸ ਚੌੰਕ ਤੋਂ ਆਲੇ ਦੁਆਲੇ ਦੀਆਂ ਸੜਕਾਂ ਦੇ ਅਗਲੇ ਅਗਲੇਰੇ ਚੌਂਕ-ਚੁਰਾਹਿਆਂ ਤੱਕ ਵੀ ਇਸ ਮੋਰਚੇ ਦੀ ਮੌਜੂਦਗੀ ਦੂਰੋਂ ਦੂਰੋਂ ਨਜ਼ਰ ਆਉਣ ਲੱਗ ਪੈਂਦੀ ਹੈ। ਨੇੜ ਭਵਿੱਖ ਵਿੱਚ ਇਹ ਹੋਰ ਵੀ ਵਿਸ਼ਾਲ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ-ਮੋਹਾਲੀ ਬਾਰਡਰ ਵਾਲੇ ਪੁਆਇੰਟ 'ਤੇ ਇਹ ਮੋਰਚਾ ਵੀ ਇੱਕ ਇਤਿਹਾਸ ਸਿਰਜ ਰਿਹਾ ਹੈ।
ਇਸ ਇਲਾਕੇ ਦੀਆਂ ਇਹਨਾਂ ਸੜਕਾਂ ਦੇ ਆਲੇ ਦੁਆਲੇ ਨਿਹੰਗਾਂ ਦੇ ਘੋੜੇ ਵੀ ਦੇਖੇ ਜਾ ਸਕਦੇ ਹਨ, ਉਹਨਾਂ ਲਈ ਲਿਆਂਦਾ ਗਿਆ ਘਾਹ ਵੀ ਅਤੇ ਨਿਹੰਗ ਲਾਈਫ਼ ਸਟਾਈਲ ਦਾ ਅਹਿਸਾਸ ਕਰਾਉਂਦੇ ਉਹਨਾਂ ਦੇ ਟੈਂਟ ਵੀ। ਬਹੁਤ ਸਾਰੇ ਜੱਥੇ ਆਪੋ ਆਪਣਾ ਵੱਖਰਾ ਲੰਗਰ ਆਪਣੇ ਵਾਸਤੇ ਵੀ ਤਿਆਰ ਕਰਦੇ ਹਨ ਅਤੇ ਸੰਗਤਾਂ ਨੂੰ ਵੀ ਵਰਤਾਉਂਦੇ ਵੀ ਹਨ। ਇਹਨਾਂ ਵੱਖ ਵੱਖ ਜੱਥਿਆਂ ਅਤੇ ਵਰਗਾਂ ਦੇ ਟੈਂਟਾਂ ਅਤੇ ਟਿਕਾਣਿਆਂ ਵਿੱਚ ਇੱਕ ਅਸਥਾਈ ਟਿਕਾਣਾ ਨਾਮਧਾਰੀਆਂ ਦਾ ਵੀ ਹੈ।
ਠਾਕੁਰ ਦਲੀਪ ਸਿੰਘ ਹੁਰਾਂ ਦੀਆਂ ਤਸਵੀਰਾਂ ਦੇ ਨਾਲ ਇਹਨਾਂ ਨਾਮਧਾਰੀਆਂ ਨੇ ਵੀ ਮੰਗ ਕੀਤੀ ਹੈ ਕਿ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਹਨਾਂ ਦੀ ਰਿਹਾਈ ਤੁਰੰਤ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਇਹ ਨਾਮਧਾਰੀ ਆਪਣੇ ਸਤਿਗੁਰੁ ਠਾਕੁਰ ਦਲੀਪ ਸਿੰਘ ਹੁਰਾਂ ਦਾ ਕਈ ਸਾਲ ਪੁਰਾਣਾ ਸੁਨੇਹਾ ਵੀ ਦੁਹਰਾਉਂਦੇ ਹਨ
ਗੁਰੂ ਨਾਨਕ ਦੇ ਸਿੱਖ ਹਾਂ-ਅਸੀਂ ਸਾਰੇ ਇੱਕ ਹਾਂ।
ਇਸੇ ਨਾਲ ਹੀ ਨਾਮਧਾਰੀ ਸੰਗਤਾਂ ਵੱਲੋਂ ਇਹ ਚੇਤਾਵਨੀ ਨੁਮਾ ਨਾਅਰਾ ਵੀ ਲਾਇਆ ਜਾਂਦਾ ਹੈ ਕਿ
ਪੰਥ ਪਾੜਨਾ ਪਾਪ ਹੈ-ਏਕਤਾ ਵਿੱਚ ਪ੍ਰਤਾਪ ਵਿੱਚ।
ਠਾਕੁਰ ਦਲੀਪ ਸਿੰਘ ਹੁਰਾਂ ਦੀ ਇਹ ਨਾਮਧਾਰੀ ਸੰਗਤ ਲੰਮੇ ਅਰਸੇ ਤੋਂ ਵੱਖ ਵੱਖ ਥਾਂਵਾਂ ਅਤੇ ਇਕੱਤਰਤਾਵਾਂ ਵਿੱਚ ਇਸ ਚਿੰਤਾ ਦਾ ਵੀ ਅਕਸਰ ਪ੍ਰਗਟਾਵਾ ਕਰਦੀ ਆ ਰਹੀ ਹੈ ਕਿ- ਸਿੱਖ ਭਰਾਵੋ ਜੁੜੋਗੇ ਤਾਂ ਵਧੋ ਗੇ, ਲੜੋ ਗੇ ਤਾਂ ਘਟੋ ਗੇ!
ਇਸ ਥਾਂ ਤੇ ਹਾਜ਼ਰੀ ਲਗਵਾਉਣ ਲਈ ਨਾਮਧਾਰੀ ਸੰਗਤ ਦੂਰ ਦੁਰਾਡਿਓਂ ਆਉਂਦੀ ਰਹਿੰਦੀ ਹੈ। ਸਥਾਨਕ ਸੰਗਤ ਵੀ ਆਪਣੇ ਸਮੇਂ ਮੁਤਾਬਿਕ ਇਥੇ ਆ ਕੇ ਆਪਣੀ ਮੌਜੂਦਗੀ ਦਰਜ ਕਰਵਾਉਂਦੀ ਹੈ। ਚਾਹ ਪਾਣੀ ਅਤੇ ਲੰਗਰ ਅਤੇ ਨਾਮਧਾਰੀਆਂ ਵੱਲੋਂ ਵੀ ਇਥੇ ਆਉਂਦੀਆਂ ਸੰਗਤਾਂ ਲਈ ਹਰ ਵੇਲੇ ਤਿਆਰ ਹੀ ਮਿਲਦਾ ਹੈ। ਇਥੇ ਚਾਹ ਦੀ ਥਾਂ 'ਤੇ ਦੁੱਧ ਵੀ ਮਿਲ ਸਕਦਾ ਹੈ ਅਤੇ ਜੇਕਰ ਮਾੜਾ ਮੋਟਾ ਬੁਖਾਰ, ਹੱਡ ਭੰਨ ਜਾਂ ਨਜ਼ਲਾ ਜ਼ੁਕਾਮ ਹੋਵੇ ਤਾਂ ਸੌਂਫ, ਲਾਚੀ, ਲੌਂਗ, ਦਾਲਚੀਨੀ ਅਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੂੰ ਪੀਸ ਕੇ ਬਣਾਏ ਖਾਸ ਕਿਸਮ ਦੇ ਮਸਾਲੇ ਵਾਲਾ ਮਿਕਸਚਰ ਵੀ ਜਿਸ ਨੂੰ ਇਥੇ ਚਾਹਟਾ ਕਿਹਾ ਜਾਂਦਾ ਹੈ। ਅੱਧੀ ਕੁ ਪਿਆਲੀ ਪੀ ਕੇ ਤਬੀਅਤ ਲਾਈਨ 'ਤੇ ਆ ਜਾਂਦੈ ਹੈ। ਸਫਰ ਦੀ ਧੂੜ ਮਿੱਟੀ, ਥਕਾਵਟ, ਸਿਰ ਦਰਦ ਅਤੇ ਹੋਰ ਨਿੱਕੀਆਂ ਮੋਟੀਆਂ ਸਮਸਿਆਵਾਂ ਇਸ ਖਾਸ ਚਾਹ ਨੂੰ ਪੀਂਦਿਆਂ ਸਾਰ ਦੂਰ ਹੋ ਜਾਂਦੀਆਂ ਹਨ। ਇਥੇ ਸ਼ਨੀਵਾਰ ਅਤੇ ਐਤਵਾਰ ਨੂੰ ਆਮ ਤੌਰ 'ਤੇ ਬਹੁਤ ਸੰਗਤ ਜੁੜਦੀ ਹੈ।ਹਰਿਆਣਾ, ਯੂਪੀ, ਦਿੱਲੀ ਅਤੇ ਰਾਜਸਥਾਨ ਦੀ ਸੰਗਤ ਵੀ ਇਥੇ ਆ ਕੇ ਹਾਜ਼ਰੀ ਭਰਦੀ ਰਹੀ ਹੈ। ਇਸ ਵਾਰ ਵੀ ਸੂਬਾ ਅਮਰੀਕ ਸਿੰਘ ਅਤੇ ਉਹਨਾਂ ਦੇ ਸਾਥੀਆਂ ਨਾਲ ਬਹੁਤ ਸਾਰੀ ਸੰਗਤ ਆਈ ਹੋਈ ਸੀ। ਠਾਕੁਰ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਸੂਬਾ ਅਮਰੀਕ ਸਿੰਘ ਜੀ ਦੀ ਅਗਵਾਈ ਵਿਚ ਨਾਮਧਾਰੀ ਸੰਗਤਾਂ ਨੇ 13 ਫਰਵਰੀ ਤੋ ਲੈਕੇ ਇਥੇ ਮੋਰਚੇ ਲਾਏ ਹੋਏ ਹਨ। ਨਾਮਧਾਰੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਸਮਰਥਨ ਦਾ ਇਹ ਸਿਲਸਿਲਾ ਬੰਦੀ ਸਿੰਘਾਂ ਦੀ ਰਿਹਾਈ ਤੱਕ ਜਾਰੀ ਰਹੇਗਾ।
ਇਥੇ ਸੂਬਾ ਰਤਨ ਸਿੰਘ, ਸੂਬਾ ਦਰਸ਼ਨ ਸਿੰਘ, ਸੁਖਚੈਨ ਸਿੰਘ, ਹਜ਼ਾਰਾ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਦਲਜੀਤ ਸਿੰਘ ਮਲਕੀਤ ਸਿੰਘ, ਮੋਰ ਸਿੰਘ ਮੋਰ ਅਤੇ ਹਰਭਜਨ ਸਿੰਘ ਆਪੋ ਅਪੁਨੇ ਸਾਥੀਆਂ ਸਮੇਤ ਅਕਸਰ ਹੀ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ। ਇਥੇ ਬੈਠੇ ਨਾਮਧਾਰੀ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਪੰਥ ਅਤੇ ਪੰਜਾਬ ਦੀ ਮੌਜੂਦਾ ਸਥਿਤੀਆਂ ਬਾਰੇ ਵੀ ਡੂੰਘੇ ਵਿਚਾਰ ਵਟਾਂਦਰੇ ਕਰਦੇ ਰਹਿੰਦੇ ਹਨ। ਨਾਮਧਾਰੀ ਸੰਪਰਦਾ ਦੀਆਂ ਕੁਰਬਾਨੀਆਂ, ਇਤਿਹਾਸ ਅਤੇ ਮੌਜੂਦਾ ਚੁਣੌਤੀਆਂ ਬਾਰੇ ਵੀ ਅਕਸਰ ਉਸਾਰੂ ਬਹਿਸ ਹੁੰਦੀ ਹੈ।
ਸੂਬਾ ਅਮਰੀਕ ਸਿੰਘ ਹੁਰਾਂ ਨਾਲ ਹੋਈਆਂ ਗੱਲਾਂਬਾਤਾਂ ਤੁਸੀਂ ਵੱਖਰੀ ਪੋਸਟ ਵਿਚ ਪੜ੍ਹ ਸਕਦੇ ਹੋ ਇਥੇ ਕਲਿੱਕ ਕਰ ਕੇ
No comments:
Post a Comment