ਛੇਤੀ ਸ਼ੁਰੂ ਹੋ ਸਕਦੀ ਹੈ ਡੇਰਿਆਂ ਅਤੇ ਸ਼ਰਾਬ ਦੇ ਠੇਕਿਆਂ ਵਿਰੁੱਧ ਮੁਹਿੰਮ
ਲੁਧਿਆਣਾ: 27 ਫਰਵਰੀ 2023: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਕਾਰਤਿਕਾ ਸਿੰਘ)::
ਤਰਕਸ਼ੀਲ ਸੁਸਾਇਟੀ ਪੰਜਾਬ ( ਇਕਾਈ ਲੁਧਿਆਣਾ ) ਵੱਲੋਂ ‘ਭਾਰਤੀ ਰਾਜ ਪ੍ਰਬੰਧ ਬਨਾਮ ਮਾਨਸਿਕ / ਸਰੀਰਕ ਰੋਗ’ ਵਿਸ਼ੇ ਤੇ ਕਰਵਾਈ ਵਿਚਾਰ ਚਰਚਾ ਦੌਰਾਨ ਕਈ ਅਹਿਮ ਖੁਲਾਸੇ ਹੋਏ। ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਹੋਈ ਇਸ ਚਰਚਾ ਦੀ ਪ੍ਰਧਾਨਗੀ ਤਰਕਸ਼ੀਲ ਰੈਸਨਲਿਸਟ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਅਵਤਾਰ ਸਿੰਘ ਬਾਈ, ਉੱਪ ਪ੍ਰਧਾਨ ਅਤੇ ਵਿਦੇਸ਼ੀ ਮਸਲਿਆਂ ਦੇ ਮੁਖੀ ਬਲਵਿੰਦਰ ਬਰਨਾਲਾ ਅਤੇ ਤਰਕਸ਼ੀਲ ਸੁਸਾਇਟੀ ਦੀ ਲੁਧਿਆਣਾ ਇਕਾਈ ਦੇ ਮੁਖੀ ਬਲਵਿੰਦਰ ਲਾਲ ਬਾਗ ਨੇ ਕੀਤੀ।
ਚਰਚਾ ਦੇ ਮੁੱਖ ਬੁਲਾਰੇ ਉਪਰੋਕਤ ਉੁੱਘੇ ਤਰਕਸ਼ੀਲ ਆਗੂ ਅਤੇ ਮਾਨਸਿਕ ਰੋਗਾਂ ਦੇ ਮਾਹਰ ਬਲਵਿੰਦਰ ਬਰਨਾਲਾ ਨੇ ਭਾਰਤੀ ਰਾਜ ਪ੍ਰਬੰਧ ਨੂੰ ਲੋਕਾਂ ਦੇ ਬਹੁਤੇ ਮਾਨਸਿਕ ਅਤੇ ਸਰੀਰਕ ਰੋਗਾਂ ਲਈ ਜ਼ਿੰਮੇਵਾਰ ਠਹਿਰਾਇਆ ।ਉਹਨਾਂ ਦੇਸ਼ ਦੇ ਸਰਮਾਏਦਾਰਾ ਰਾਜ ਪ੍ਰਬੰਧ ਨੂੰ ਲੋਕਾਂ ਦੀ ਲੁੱਟ ਕਰਕੇ ਸਿਰਫ ਪੈਸਾ ਕਮਾਉਣ ਵਾਲਾ ਪ੍ਰਬੰਧ ਗਰਦਾਨਿਆ। ਉਹਨਾਂ ਕਿਹਾ ਕਿ ਭਾਵੇਂ ਵਿਕਸਤ ਮੁਲਕਾਂ ਵਿੱਚ ਵੀ ਸਰਮਾਏਦਾਰੀ ਪ੍ਰਬੰਧ ਚੱਲ ਰਹੇ ਹਨ, ਪਰ ਉੱਥੇ ਗਲਤ ਖਿਲਾਫ ਲੋਕ ਆਪਣਾ ਰੋਸ ਵੀ ਛੇਤੀ ਹੀ ਜ਼ਾਹਰ ਕਰ ਦਿੰਦੇ ਹਨ । ਭਾਰਤੀ ਸਰਕਾਰਾਂ ਜੋ ਇਸ ਗੱਲ ਨੂੰ ਜਾਣਦੀਆਂ ਹਨ ਕਿ ਜੇਕਰ ਕਾਬਲੀਅਤ ਵਾਲੀ ਨੌਂਜੁਆਨੀ ਬਾਹਰ ਜਾ ਰਹੀ ਹੈ ਤਾਂ ਕੋਈ ਚਿੰਤਾ ਨਹੀਂ , ਕਿਉਂਕਿ ਕਾਬਲ ਲੋਕ ਸਰਕਾਰਾਂ ਖਿਲਾਫ ਛੇਤੀ ਹੀ ਆਪਣੇ ਗ਼ੁੱਸੇ ਦਾ ਪ੍ਰਗਟਾਵਾ ਕਰ ਦਿੰਦੇ ਹਨ, ਜੋ ਕਿ ਸਰਕਾਰਾਂ ਲਈ ਸਿਰਦਰਦੀ ਬਨਣਗੇ। ਇਸੇ ਲਈ ਸਰਕਾਰਾਂ ਕਾਬਲੀਅਤ ਰੱਖਣ ਵਾਲੇ ਨੌਜੁਆਨਾਂ ਨੂੰ ਵਿਦੇਸ਼ੀਂ ਜਾਣ ਤੋਂ ਰੋਕਣ ਦੀ ਬਜਾਏ ਉਹਨਾਂ ਨੂੰ ਇੱਥੋਂ ਬਾਹਰ ਜਾਣ ਲਈ ਉਤਸ਼ਾਹਿਤ ਕਰਦੀਆਂ ਹਨ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਹਾਲਾਤ ਅੱਜ ਵੀ 1947 ਵਰਗੇ ਹੀ ਹਨ ਕਿਉਂਕਿ ਅੱਜ ਵੀ ਭਾਰਤ ਨੂੰ ਧਰਮਾਂ ਦੇ ਅਧਾਰ ਤੇ ਹੋਰ ਵੰਡਣ ਦੀਆਂ ਸਾਜਸ਼ਾਂ ਚੱਲ ਰਹੀਆਂ ਹਨ, ਜੋ ਕਿ ਮਨੁੱਖਤਾ ਲਈ ਉੱਨੀਆਂ ਹੀ ਖ਼ਤਰਨਾਕ ਹਨ। ਉਹਨਾਂ ਸਾਡੀ ਵਿੱਦਿਅਕ ਪ੍ਰਣਾਲੀ ਉੱਪਰ ਵੀ ਸਵਾਲ ਉਠਾਏ ਜੋ ਵਿਦਿਆਰਥੀਆਂ ਦੀ ਵਿਚਾਰਧਾਰਾ ਵਿਗਿਆਨਿਕ ਬਣਾਉਣ ਦੀ ਬਜਾਏ ਉਹਨਾਂ ਨੂੰ ਅੰਧਵਿਸ਼ਵਾਸੀ ਅਤੇ ਕਿਸਮਤਵਾਦੀ ਬਣਾਉਣ ਵੱਲ ਵਧ ਰਹੀ ਹੈ। ਉਹਨਾਂ ਮਨੁੱਖੀ ਸਮੱਸਿਆਵਾਂ ਨੂੰ ਵਿਗਿਆਨਿਕ ਢੰਗ ਨਾਲ ਨਾ ਸਮਝਣ ਨੂੰ ਕਈ ਮਾਨਸਿਕ ਰੋਗਾਂ ਦੇ ਪੈਦਾ ਹੋਣ ਲਈ ਜ਼ਿੰਮੇਵਾਰ ਠਹਿਰਾਇਆ । ਉਦਾਹਰਣ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਕੋਈ ਮਜ਼ਦੂਰ ਕੰਮ ਦੀ ਭਾਲ ਲਈ ਘਰੋਂ ਨਿਕਲਦਾ ਹੈ , ਤਾਂ ਜਦੋਂ ਉਸ ਨੂੰ ਕੰਮ ਨਾ ਮਿਲਣ ਕਾਰਣ ਸ਼ਾਮ ਨੂੰ ਖਾਲੀ ਵਾਪਸ ਘਰ ਮੁੜਨਾ ਪੈਂਦਾ ਹੈ ਤਾਂ ਉਸ ਦੇ ਮਨ ਉੱਪਰ ਕੀ ਬੀਤਦੀ ਹੈ, ਉਹੀ ਜਾਣਦਾ ਹੈ। ਜੇ ਸਾਡਾ ਰਾਜ ਪ੍ਰਬੰਧ ਹਰ ਇੱਕ ਨੂੰ ਰੋਜ਼ਗਾਰ ਦਿੰਦਾ ਹੋਵੇ ਤਾਂ ਮਾਨਸਿਕ ਰੋਗਾਂ ਵਿੱਚ ਵੱਡੀ ਪੱਧਰ ਤੇ ਖ਼ਾਤਮਾ ਹੋ ਜਾਵੇਗਾ। ਇਸੇ ਤਰ੍ਹਾਂ ਸਾਡੇ ਵਾਤਾਵਰਣ ਨੂੰ ਗੰਧਲਾ ਕਰਨ ਵਿੱਚ ਵੀ ਰਾਜ ਪ੍ਰਬੰਧ ਵੱਡਾ ਜ਼ਿੰਮੇਵਾਰ ਹੈ , ਜੋ ਭ੍ਰਿਸ਼ਟਾਚਾਰ ਰਾਹੀਂ ਵੱਡੇ ਪੂੰਜੀਪਤੀਆਂ ਵੱਲੋਂ ਪੈਸੇ ਦੇ ਜ਼ੋਰ ਇਸ ਪ੍ਰਬੰਧ ਦੀਆਂ ਅੱਖਾਂ ਬੰਦ ਕਰ ਦਿੰਦਾ ਹੈ। ਅਵਤਾਰ ਸਿੰਘ ਬਾਈ ਨੇ ਕੈਨੇਡਾ ਵਿੱਚ ਤਰਕਸ਼ੀਲ ਰੈਸ਼ਨਲਿਸਟ ਸੁਸਾਇਟੀ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਤਰਕਸ਼ੀਲਾਂ ਨੂੰ ਹੋਰ ਵੱਧ ਦ੍ਰਿੜ੍ਹਤਾ ਨਾਲ ਸਮਾਜਿਕ ਮਸਲੇ ਹੱਥ ਵਿੱਚ ਲੈ ਕੇ ਅੱਗੇ ਵਧਣ ਦਾ ਸੰਦੇਸ ਦਿੱਤਾ। ਸਵਾਲਾਂ ਦੇ ਦੌਰ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ, ਡਾ ਮੋਹਨ ਸਿੰਘ, ਕਾ ਸੁਰਿੰਦਰ ਸਿੰਘ, ਰਾਜਿੰਦਰ ਜੰਡਿਆਲੀ, ਰਾਕੇਸ਼ ਆਜ਼ਾਦ, ਨੇ ਭਾਗ ਲਿਆ ਜਿਹਨਾਂ ਦੇ ਜਵਾਬ ਦੇ ਕੇ ਬਲਵਿੰਦਰ ਬਰਨਾਲਾ ਨੇ ਸੰਤੁਸ਼ਟੀ ਕਰਵਾਈ।ਸਮੁੱਚਾ ਸਟੇਜ ਸੰਚਾਲਨ ਸੁਸਾਇਟੀ ਦੇ ਜ਼ੋਨ ਮੁੱਖੀ ਜਸਵੰਤ ਜੀਰਖ ਨੇ ਨਿਭਾਇਆ ਅਤੇ ਇਕਾਈ ਮੁੱਖੀ ਬਲਵਿੰਦਰ ਸਿੰਘ ਲਾਲ ਬਾਗ ਨੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਸਮੇਂ 4 ਮਤੇ ਵੀ ਪਾਸ ਕੀਤੇ ਗਏ ਜਿਹਨਾਂ ਵਿੱਚ ਤਿੱਖੇ ਅੰਦਾਜ਼ ਨਾਲ ਅਹਿਮ ਮੁੱਦੇ ਉਠਾਏ ਗਏ ਹਨ। ਇਹਨਾਂ ਮਤੀਆਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ:
1. ਸ਼ਰਾਬ ਦੇ ਸਾਰੇ ਠੇਕੇ ਮਦਰਾਸ ਆਦਿ ਵਾਂਗ ਪ੍ਰਾਈਵੇਟ ਦੀ ਬਜਾਏ ਸਰਕਾਰੀ ਕੀਤੇ ਜਾਣ:
*ਸ਼ਰਾਬ ਦੇ ਇਹਨਾਂ ਠੇਕਿਆਂ 'ਤੇ ਜਿੱਥੇ ਸਰਕਾਰੀ ਮੁਲਾਜ਼ਮ ਹੀ ਭਰਤੀ ਕੀਤੇ ਜਾਣ।
2. ਧਰਮ ਦੇ ਅਧਾਰ ਤੇ ਅੰਧਵਿਸ਼ਵਾਸ ਫੈਲਾ ਰਹੇ ਸਾਰੇ ਡੇਰੇ ਬੰਦ ਕੀਤੇ ਜਾਣ।
*ਧਾਰਮਿਕ ਥਾਂਵਾਂ ਦੀ ਕਮਾਈ ਆਡਿਟ ਅਧੀਨ ਲਿਆਂਦੀ ਜਾਵੇ।
3. ਵਿਦਿਅਕ ਸਿਲੇਬਸਾਂ ਵਿੱਚੋਂ ਅੰਧਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਵਾਲੇ ਚੈਪਟਰ ਖਤਮ ਕੀਤੇ ਜਾਣ
*ਸਿਲੇਬਸ ਵਿੱਚ ਵਿਗਿਆਨਿਕ ਵਿਚਾਰਧਾਰਾ ਵਿਕਸਤ ਕਰਨ ਲਈ ਯਤਨ ਜੁਟਾਏ ਜਾਣ।
ਅੰਧਵਿਸਵਾਸ ਫੈਲਾਕੇ ਲੋਕਾਂ ਦੀ ਲੁੱਟ ਕਰਨ ਵਾਲਿਆਂ ਖਿਲਾਫ ਜ਼ੋਰਦਾਰ ਆਵਾਜ਼ ਉਠਾਕੇ ਸਰਕਾਰਾਂ ਨੂੰ ਇਹਨਾਂ ਖਿਲਾਫ ਸੰਵਿਧਾਨਿਕ ਉਲ਼ੰਘਣਾ ਕਰਨ ਸੰਬੰਧੀ ਕਾਰਵਾਈ ਕਰਨ ਲਈ ਜ਼ਿੰਮੇਵਾਰ ਬਣਾਇਆ ਜਾਵੇ।
No comments:
Post a Comment