Sunday, February 05, 2023

ਦਹਾਕਿਆਂ ਤੋਂ ਕਿਓਂ ਲਟਕਦਾ ਆ ਰਿਹੈ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ?

Sunday 5th February 2023 at 5:38 PM

ਹੁਣ ਜਮਹੂਰੀ ਅਧਿਕਾਰ ਸਭਾ ਵੱਲੋਂ ਅਸਲੀ ਤੱਥ ਭਾਲਣ ਦੀ ਜਾਂਚ ਮੁਹਿੰਮ  


ਲੁਧਿਆਣਾ: 5 ਫ਼ਰਵਰੀ 2023: (ਪ੍ਰਦੀਪ ਸ਼ਰਮਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਵਿੱਚ ਵਗਦੇ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ ਲਗਾਤਾਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਹ ਉਹੀ ਦਰਿਆ ਹੈ ਜਿੱਥੇ ਕਦੇ ਸਤਿਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਤੇ ਇਸ ਦੇ ਜ਼ੋਰਸ਼ੋਰ ਤੋਂ ਇਸ ਇਲਾਕੇ ਦੇ ਲੋਕਾਂ ਨੂੰ ਬਚਾਉਣ ਲਈ ਇਸ ਦਰਿਆ ਨੂੰ ਇਥੋਂ ਬੁੱਢਾ ਹੋ ਕੇ ਲੰਘਣ  ਲਈ ਕਿਹਾ ਸੀ। ਇਸ ਤਰ੍ਹਾਂ ਗੁਰੂਨਾਨਕ ਦੇਵ ਜੀ ਦੀ ਦੀ ਚਰਨ ਛੂਹ ਪ੍ਰਾਪਤ ਇਸ ਧਰਤੀ ਦੀ ਲੰਮੇ ਸਮੇਂ ਤੀਕ ਮਾਨਤਾ ਵੀ ਬਣੀ ਰਹੀ। ਇਸੀ ਥਾਂ 'ਤੇ ਇਤਿਹਾਸਿਕ ਗੁਰੂਦੁਆਰਾ ਗਊ ਘਾਟ ਪਾਤਸ਼ਾਹੀ ਪਹਿਲੀ ਵੀ ਮੌਜੂਦ ਹੈ ਜਿੱਥੇ ਅਕਸਰ ਰੌਣਕਾਂ ਲੱਗਦੀਆਂ ਹਨ -ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਬਹੁਤ ਪ੍ਰਾਚੀਨ ਮੰਦਰ ਵੀ ਹੈ। ਬੁੱਢਾ ਦਰਿਆ ਦਾ ਸਾਫ ਸਵੱਛ ਪਾਣੀ ਇਥੋਂ ਹੋ ਕੇ ਲੰਘਿਆ ਕਰਦਾ ਸੀ ਜਿਸ ਵਿਛਕ ਲੋਕ ਇਸ਼ਨਾਨ ਵੀ ਕਰਦੇ ਸਨ ਅਤੇ ਇਸਦਾ ਜਲ ਪੀਣਾ ਵੀ ਚੰਗਾ ਸਮਝਦੇ ਸਨ। ਇਸ ਧਾਰਮਿਕ ਆਸਥਾ ਦੇ ਨਾਲ ਨਾਲ ਆਲੇ ਦੁਆਲੇ ਵੱਸਦੇ ਕਾਰੋਬਾਰੀਆਂ ਦੀਆਂ ਫੈਕਟਰੀਆਂ ਵਿੱਚੋਂ ਨਿਕਲਦਾ ਤੇਜ਼ਾਬੀ ਅਤੇ ਪ੍ਰਦੂਸ਼ਿਤ ਪਾਣੀ ਵੀ ਇਸ ਦਰਿਆ ਵਿੱਚ ਆ ਕੇ ਡਿੱਗਿਆ ਕਰਦਾ। ਇਸ ਤਰ੍ਹਾਂ ਇਹ ਸਾਫ ਸਵੱਛ ਪਾਣੀ ਹਰ ਪਲ ਗੰਧਲਾ ਹੁੰਦਾ ਚਲਾ ਗਿਆ। ਹੁਣ ਇਸ ਨੂੰ ਬੁੱਢਾ ਦਰਿਆ ਨਹੀਂ ਬਲਕਿ ਬੁੱਢਾ ਨਾਲਾ ਆਖਿਆ ਜਾਂਦਾ ਹੈ।  ਇਸਦਾ ਪਾਣੀ ਪ੍ਰਦੜੋਹਸਨ ਕਾਰਨ ਕਾਲੇ ਰੰਗ ਦਾ ਹੋ ਚੁੱਕਿਆ ਹੈ ਅਤੇ ਬਦਬੂ ਵੀ ਮਾਰਦਾ ਹੈ। ਬਰਸਾਤਾਂ ਵਿੱਚ ਇਹ ਪਾਣੀ ਕੁਝ ਵਗਣ ਵੀ ਲੱਗਦਾ ਹੈ। ਸ਼ਹਿਰ ਦੇ ਸੀਵਰੇਜ ਅਤੇ ਡੇਅਰੀਆਂ ਦਾ ਪਾਣੀ ਵੀ ਇਥੇ ਹੀ ਪੈਂਦਾ ਹੈ। ਕੁਝ ਹੋਰ ਸਰੋਤ ਵੀ ਹਨ ਜਿਹਨਾਂ ਦਾ ਪਾਣੀ ਅਤੇ ਹੋਰ ਗੰਧਲਾ ਮਵਾਦ ਇਥੇ ਆ ਕੇ ਡਿੱਗਦਾ ਹੈ। ਜਦੋਂ ਵੀ ਕਦੇ ਜਾਂਚ ਪੜਤਾਲ ਹੁੰਦੀ ਹੈ ਤਾਂ ਇੱਕ ਧਿਰ ਵੱਲੋਂ ਦੂਜੀ ਧਿਰ 'ਤੇ ਸਾਰਾ ਭਰ ਸੁੱਟ ਕੇ ਗੱਲ ਖੂਹ ਖਾਤੇ ਪੈ ਜਾਂਦੀ ਹੈ। ਕਈ ਸੰਸਥਾਵਾਂ ਇਸ ਬਾਰੇ ਸਰਗਰਮੀ ਨਾਲ ਅੱਗੇ ਵੀ ਆਈਆਂ ਪਰ ਪ੍ਰਦੂਸ਼ਣ ਦੂਰ ਹੋਣ ਵਾਲੇ ਪਾਸੇ ਕੋਈ ਠੋਸ ਗੱਲ ਨਾ ਬਣੀ। 

ਰਿਟਾਇਰਡ ਕਰਨਲ ਸੀ ਐਮ ਲਖਨਪਾਲ ਅਤੇ ਉਹਨਾਂ ਦੀ ਟੀਮ ਦੇ ਸਾਥੀਆਂ ਨੇ ਬੁੱਢਾ ਦਰਿਆ ਨੂੰ ਬਚਾਉਣ
ਲਈ ਚੇਤਨਾ ਜਗਾਉਣ ਦੇ ਮਕਸਦ ਨਾਲ ਬਾਕਾਇਦਾ ਕਈ ਪੜਾਵਾਂ ਵਿੱਚ ਪਦਯਾਤਰਾ ਵੀ ਆਰੰਭੀ ਹੋਈ ਹੈ।
ਇਹ ਤਸਵੀਰਾਂ ਉਸ ਵੇਲੇ ਦੀਆਂ ਹੀ ਹਨ।  ਇਸੇ ਤਰ੍ਹਾਂ ਕਈ ਹੋਰ ਉਪਰਾਲੇ ਵੀ ਹੁੰਦੇ ਰਹੇ ਹਨ 
ਹੁਣ ਬੁੱਢਾ ਦਰਿਆ ਦਾ ਪ੍ਰਦੂਸ਼ਣ ਦੂਰ ਕਰਨ ਦੇ ਦਾਅਵਿਆਂ ਅਤੇ ਉਪਰਾਲਿਆਂ ਦੀ ਪੜਤਾਲ ਦਾ ਕੰਮ ਜਮਹੂਰੀ ਅਧਿਕਾਰ ਸਭਾ ਵੀ ਆਪਣੇ ਹੱਥ ਵਿੱਚ ਲੈ ਰਹੀ ਹੈ। ਸੁਆਲ ਹੁਣ ਵੀ ਉਹੀ ਹੈ ਕਿ ਇਹਨਾਂ ਦਾਅਵਿਆਂ ਦੇ ਬਾਵਜੂਦ ਹੁਣ ਤੱਕ ਕਿਓਂ ਲਟਕਦਾ ਆ ਰਿਹੈ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ? ਜਮਹੂਰੀ ਅਧਿਕਾਰ ਸਭਾ ਇਸਦਾ ਪਤਾ ਲਗਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਜਮਹੂਰੀ ਅਧਿਕਾਰ ਸਭਾ ਵੱਲੋਂ ਲੋਕਾਂ ਦੀ ਸਿਹਤ ਉੱਤੇ ਪੈ ਰਹੇ ਪ੍ਰਭਾਵਾਂ ਅਤੇ ਇਸ ਸਮੱਸਿਆ ਦੇ ਹੱਲ ਸੰਬੰਧੀ ਉਪਰਾਲਿਆਂ ਬਾਰੇ ਬਾਕਾਇਦਾ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। 

ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ( ਜਿਲ੍ਹਾ ਲੁਧਿਆਣਾ ) ਦੀ ਮੀਟਿੰਗ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਮੀਟਿੰਗ ਹਾਲ ਵਿੱਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਭਾ ਦੇ ਸੀਨੀਅਰ ਆਗੂ ਡਾ ਹਰਬੰਸ ਸਿੰਘ ਗਰੇਵਾਲ ਦੀ ਧਰਮ ਪਤਨੀ ਸਵਰਨ ਕੌਰ ਅਤੇ ਮੈਂਬਰ ਰਹੇ ਸਤਨਾਮ ਸਿੰਘ ਦੁੱਗਰੀ ਦੇ ਪਿਤਾ ਦੇ ਸਦੀਵੀ ਵਿਛੋੜੇ ਲਈ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਮੀਟਿੰਗ ਦੌਰਾਨ ਸਭਾ ਦੀ ਸੂਬਾ ਕਮੇਟੀ ਵੱਲੋਂ ਜ਼ੀਰਾ ਸ਼ਰਾਬ ਫ਼ੈਕਟਰੀ ਵੱਲੋਂ ਫੈਲਾਏ ਜਾਂਦੇ ਵਾਤਾਵਰਣ ਪ੍ਰਦੂਸ਼ਨ ਰਾਹੀਂ ਲੋਕਾਂ ਦੀ ਸਿਹਤ , ਪਸ਼ੂਆਂ, ਬਨਸਪਤੀ ਅਤੇ ਫਸਲਾਂ ਉੱਪਰ ਪੈ ਰਹੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਰੀ ਕੀਤੀ ਤੱਥਾਂ ਤੇ ਅਧਾਰਤ ਰਿਪੋਰਟ ਸੰਬੰਧੀ ਚਰਚਾ ਕੀਤੀ ਗਈ।

ਅਗਲੇ ਕੰਮਾਂ ਦੀ ਵਿਉਂਤਬੰਦੀ ਕਰਦਿਆਂ ਲੁਧਿਆਣਾ ਵਿੱਚੋਂ ਵਗਦੇ ਬੁੱਢਾ ਦਰਿਆ ਦੇ ਪ੍ਰਦੂਸ਼ਤ ਪਾਣੀ ਦਾ, ਲੋਕਾਂ ਦੀ ਸਿਹਤ 'ਤੇ ਪੈ ਰਹੇ ਗਲਤ ਪ੍ਰਭਾਵਾਂ ਬਾਰੇ ਇੱਕ ਤੱਥ ਖੋਜ ਰਿਪੋਰਟ ਜਾਰੀ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਇਸ ਸੰਬੰਧੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ 11 ਫ਼ਰਵਰੀ ਤੋਂ ਆਪਣਾ ਕੰਮ ਹੈਬੋਵਾਲ ਇਲਾਕੇ ‘ਚੋਂ ਤੱਥ ਇਕੱਠੇ ਕਰਨਾ ਸ਼ੁਰੂ ਕਰੇਗੀ। ਇਹ ਕਮੇਟੀ ਇਸ ਬੁੱਢਾ ਦਰਿਆ ਉਰਫ ਬੁੱਢਾ ਨਾਲੇ  ਦੇ ਦੋਵੇਂ ਪਾਸੇ ਵੱਸਦੇ ਲੋਕਾਂ ਨੂੰ ਮਿਲਕੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਹੱਲ ਬਾਰੇ ਇੱਕ ਰਿਪੋਰਟ ਜਾਰੀ ਕਰੇਗੀ ਅਤੇ ਲੋਕ ਚੇਤਨਾ ਪੈਦਾ ਕਰਨ ਹਿੱਤ ਵੱਡੀ ਪੱਧਰ ਤੇ ਮੁਹਿੰਮ ਚਲਾਕੇ ਲੋਕਾਂ ਦੇ ਸਹਿਯੋਗ ਨਾਲ ਅਗਲਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ। ਲੁਧਿਆਣਾ ਵਿੱਖੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਹੋ ਰਹੀ ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਮੀਟਿੰਗ ਵਿੱਚ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ , ਸੂਬਾ ਮੀਤ ਪ੍ਰਧਾਨ ਪ੍ਰੋ ਏ ਕੇ ਮਲੇਰੀ ਸਮੇਤ ਵਿੱਤ ਸਕੱਤਰ ਪ੍ਰਮਜੀਤ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਜੀਰਖ, ਬਲਵਿੰਦਰ ਸਿੰਘ,   ਮਾਸਟਰ ਪ੍ਰਮਜੀਤ ਸਿੰਘ ਪਨੇਸਰ, ਮਾ ਜਰਨੈਲ ਸਿੰਘ, ਮਾਸਟਰ  ਸੁਰਜੀਤ ਸਿੰਘ, ਅਰੁਣ ਕੁਮਾਰ, ਰਾਕੇਸ਼ ਆਜ਼ਾਦ, ਪ੍ਰਿੰਸੀਪਲ ਅਜਮੇਰ ਦਾਖਾ ਅਤੇ ਕਰਤਾਰ ਸਿੰਘ ਸ਼ਾਮਲ ਸਨ। ਹੁਣ ਦੇਖਣਾ ਹੈ ਕਿ ਜਮਹੂਰੀ ਅਧਿਕਾਰ ਸਭਾ ਦੀ ਇਹ ਜਾਂਚ ਕਮੇਟੀ ਸਾਰੀਆਂ ਪਰਤਾਂ ਫਰੋਲ ਕੇ ਕਿਹੜੇ ਕਿਹੜੇ ਗੁੱਝੇ ਭੇਦ ਬਾਹਰ ਲੈ ਕੇ ਆਉਂਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: