Friday, January 27, 2023

ਸ਼ਰਾਬ ਫੈਕਟਰੀ ਦੇ ਖਿਲਾਫ ਲੋਕ ਪੱਖੀ ਲੇਖਕ ਡਟੇ ਜਮਹੂਰੀ ਅਧਿਕਾਰ ਸਭਾ ਦੇ ਨਾਲ

Friday 27th January 2023 at 02:01 PM Whatsapp 

ਮਾਲਬਰੋਜ਼ ਸ਼ਰਾਬ ਫੈਕਟਰੀ ਖਿਲਾਫ AFDR ਵੱਲੋਂ ਪ੍ਰੈਸ ਕਾਨਫਰੰਸ 

*ਕਿਹਾ-ਇਹ ਪ੍ਦੂਸ਼ਣ ਜ਼ਮੀਨ,ਪਾਣੀ,ਹਵਾ ਅਤੇ ਵਾਤਾਵਰਣ ਦਾ ਕਰ ਰਿਹੈ ਅਥਾਹ ਨੁਕਸਾਨ

*ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂ-ਪੰਛੀਆਂ ਲਈ ਵੀ ਖਤਰਨਾਕ ਖਤਰਾ ਬਣਿਆ ਇਹ ਪ੍ਰਦੂਸ਼ਣ 


ਫਿਰੋਜ਼ਪੁਰ
//ਲੁਧਿਆਣਾ: 27 ਜਨਵਰੀ 2023: (ਪੰਜਾਬ ਸਕਰੀਨ ਬਿਊਰੋ)::

ਉਂਝ ਤਾਂ ਕਲਮਾਂ ਵਾਲੇ ਪ੍ਰਗਤੀਵਾਦੀ ਲੇਖਕ ਮੁੱਢ ਤੋਂ ਹੀ ਲੋਕ ਸੰਘਰਸ਼ਾਂ ਤੋਂ ਪ੍ਰਭਾਵਿਤ ਹੁੰਦੇ ਵੀ ਆਏ ਹਨ ਅਤੇ ਪ੍ਰਭਾਵਿਤ ਕਰਦੇ ਵੀ ਆਏ ਹਨ। ਅਜਿਹੇ ਲੇਖਕ ਇਹਨਾਂ ਸੰਘਰਸ਼ਾਂ ਵਿਚ ਸਰਗਰਮ ਵੀ ਅਕਸਰ ਪਾਉਂਦੇ ਰਹੇ ਹਨ ਪਰ ਹੁਣ ਇੱਕ ਵਕਫ਼ੇ ਮਗਰੋਂ ਇੱਕ ਵਾਰ ਫੇਰ ਲੋਕ ਪੱਖੀ ਲੇਖਕ ਖੁੱਲ੍ਹ ਕੇ ਸੰਘਰਸ਼ਾਂ ਵਿਚ ਆ ਖਲੋਏ ਹਨ। ਫਿਰੋਜ਼ਪੁਰ ਦੇ ਲੇਖਕਾਂ ਹਰਮੀਤ ਵਿਦਿਆਰਥੀ, ਪ੍ਰੋ ਗੁਰਤੇਜ ਕੋਹਾਰਵਾਲਾ ਅਤੇ ਮੇਘਰਾਜ ਰੱਲਾ ਨੇ ਖੁੱਲ੍ਹ ਕੇ ਪ੍ਰੋਫੈਸਰ ਜਗਮੋਹਨ ਹੁਰਾਂ ਦੀ ਟੀਮ ਨਾਲ ਸਾਥ ਦੇਣ ਦਾ ਐਲਾਨ ਕੀਤਾ ਹੈ। ਇਹ ਲੇਖਕ ਵੀ ਸ਼ਰਾਬ ਫੈਕਟਰੀ ਵਾਲੇ ਮੁੱਦੇ 'ਤੇ ਲੋਕਾਂ ਨਾਲ ਆ ਖੜੋਤੇ ਹਨ। ਲੋਕਾਂ ਦੀ ਸਿਹਤ ਅਤੇ ਆਰਥਿਕਤਾ ਆਰਥਿਕਤਾ ਉੱਤੇ ਡਾਕਾ ਮਾਰਨ ਵਾਲੇ ਹਰ ਰੁਝਾਣ ਅਤੇ ਸਿਸਟਮ ਦੇ ਖਿਲਾਫ ਲੇਖਕਾਂ ਦੀ ਕਲਮ ਜਾਗ੍ਰਤੀ ਪੈਦਾ ਕਰਦੀ ਹੀ ਰਹੀ ਹੈ। 
 
(ਫਿਰੋਜ਼ਪੁਰ) ਜ਼ੀਰਾ ਇਲਾਕੇ ਦੀ ਮਲਬਰੋਜ਼ ਇੰਟਰਨੈਸ਼ਨਲ ਸ਼ਰਾਬ ਤੇ ਕੈਮੀਕਲ ਫੈਕਟਰੀ ਕਰੀਬ 50 ਪਿੰਡਾਂ ਦੇ ਜਲ,ਪਾਣੀ,ਜ਼ਮੀਨ,ਹਵਾ,ਪਸ਼ੂ ਪੰਛੀਆਂ,ਮਨੁੱਖੀ ਹੋਂਦ ਤੇ ਵਾਤਾਵਰਣ ਨੂੰ ਬੇਹੱਦ ਮਾੜੇ ਰੁੱਖ ਪ੍ਭਾਵਿਤ ਕਰ ਰਹੀ ਹੈ। ਜਿਸ ਕਰਕੇ ਬੰਦ ਕੀਤੀ ਗਈ ਇਸ ਫੈਕਟਰੀ ਦੇ ਮਾਲਕਾਂ ਦੇ ਸਮੁੱਚੇ ਕਾਰੋਬਾਰ ਦੀ ਬਰੀਕੀ ਤੇ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਫੈਕਟਰੀ ਵਲੋਂ ਹੁਣ ਤੱਕ ਇਲਾਕੇ ਦੀ ਆਬੋ-ਹਵਾ, ਪਾਣੀ,ਮਨੁੱਖਾਂ,ਪਸ਼ੂਆਂ ਤੇ ਫਸਲਾਂ ਦੇ ਕੀਤੇ ਨੁਕਸਾਨ ਦੀ ਭਰਵੀਂ ਪੜਤਾਲ ਕਿਸੇ ਸੇਵਾ ਮੁਕਤ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕੀਤੀ ਜਾਵੇ ਅਤੇ ਇਸ ਨੁਕਸਾਨ ਦੀ ਭਰਪਾਈ ਫੈਕਟਰੀ ਮਾਲਕਾਂ ਤੋਂ ਕੀਤੀ ਜਾਵੇ।
 
ਇਹ ਵਿਚਾਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਧਾਨ ਪੋ੍ ਜਗਮੋਹਨ ਸਿੰਘ ਤੇ ਜਨਰਲ ਸਕੱਤਰ ਪਿ੍ਤਪਾਲ ਸਿੰਘ ਨੇ ਅੱਜ ਇੱਥੇ ਫ਼ਿਰੋਜ਼ਪੁਰ ਦੇ ਪ੍ਰਬੁੱਧ ਲੇਖਕਾਂ ਪ੍ਰੋ.ਗੁਰਤੇਜ ਕੋਹਾਰਵਾਲਾ, ਮੇਘ ਰਾਜ ਰੱਲਾ ਅਤੇ ਹਰਮੀਤ ਵਿਦਿਆਰਥੀ ਦੀ ਹਾਜ਼ਰੀ ਵਿੱਚ ਕੀਤੀ ਇੱਕ ਪੈ੍ਸ ਕਾਨਫਰੰਸ ਵਿੱਚ ਸਭਾ ਦੀ 14 ਮੈਂਬਰੀ ਤੱਥ-ਖੋਜ ਟੀਮ ਵਲੋ ਤਿਆਰ ਕੀਤੀ ਰਿਪੋਰਟ ਰਲੀਜ਼ ਕਰਦਿਆਂ ਪ੍ਰਗਟ ਕੀਤੇ  ਅਤੇ ਪੰਜਾਬ ਭਰ ਵਿੱਚ ਸਨਅਤਾਂ ਵਲੋਂ ਫੈਲਾਏ ਜਾਂਦੇ ਪ੍ਦੂਸ਼ਣ ਦਾ ਪਤਾ ਲਾ ਕੇ ਪ੍ਦੂਸ਼ਣ ਦੇ ਜਿੰਮੇਵਾਰ ਸਨਅਤਕਾਰਾਂ ਤੋਂ ਨਾ ਸਿਰਫ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਬਲਕਿ ਇਹਨਾਂ ਸਨਅਤਾਂ ਨੂੰ ਬੰਦ ਕਰਕੇ ਪ੍ਦੂਸ਼ਣ ਕੰਟਰੋਲ ਚ ਅਣਗਹਿਲੀ ਤੇ ਮਿਲੀਭੁਗਤ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। 

ਇਸ ਤਰ੍ਹਾਂ ਬੇਰੁਜ਼ਗਾਰ ਹੋਣ ਵਾਲਿਆਂ ਲਈ ਢੁਕਵੇਂ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਕਮੇਟੀ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ,ਪ੍ਦੂਸ਼ਣ ਖਿਲਾਫ ਸੰਘਰਸ਼ਸ਼ੀਲ ਸਾਝਾਂ ਮੋਰਚਾ ਦੇ ਆਗੂਆਂ,ਵੱਖ ਵੱਖ ਬੀਮਾਰੀਆਂ ਦੇ ਮਰੀਜਾਂ ਦੇ ਵਿਚਾਰ ਸੁਣੇ ਤੇ ਫੈਕਟਰੀ ਦੇ ਆਲੇ ਦੁਆਲੇ ਦੇ ਖੇਤਾਂ,ਪਾਣੀ ਦੇ ਬੋਰਾਂ,ਬੰਦ ਪਈ ਸਹਿਕਾਰੀ ਖੰਡ ਮਿੱਲ ਦਾ ਜਾਇਜਾ ਲਿਆ,ਪ੍ਦੂਸ਼ਣ ਬਾਰੇ ਮਿਲੀਆਂ ਵੱਖ ਵੱਖ ਰਿਪੋਰਟਾਂ ਤੇ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ ਤੇ ਮਾਹਰਾਂ ਦੇ ਇਸ ਵਿਸ਼ੇ ਬਾਰੇ ਬਿਆਨ ਪੜ੍ਹੇ। 

ਕਮੇਟੀ ਨੇ ਜਿਥੇ ਜੁਲਾਈ ਮਹੀਨੇ ਤੋਂ ਪ੍ਦੂਸ਼ਣ ਖਿਲਾਫ ਸੰਘਰਸ਼ ਕਰ ਰਹੇ 50 ਪਿੰਡਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ,ਉਥੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੰਦੋਲਨ ਨੂੰ ਜਬਰੀ ਦਬਾਉਣ ਦੀ ਪਹੁੰਚ ਤਿਆਗ ਕੇ ਲੋਕਾਂ ਦੇ ਸੁਆਲਾਂ ਤੇ ਸਮਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਸਭਾ ਦੀ ਕਮੇਟੀ ਨੇ ਬੰਦੀ ਕੀਤੀ ਗਈ ਫੈਕਟਰੀ ਦੇ ਹੁਣ ਤੱਕ ਅਰਸੇ ਦੌਰਾਨ ਫੈਕਟਰੀ ਦੇ ਬੇਰੋਕ ਟੋਕ ਚਲਣ ਨਾਲ ਹੋਏ ਵਾਤਾਵਰਣ ਦੇ ਨੁਕਸਾਨ ਨੂੰ ਅੰਗਣ ਲਈ ਉਚ ਪੱਧਰੀ ਜਾਂਚ ਵਿਗਿਆਨਕ ਤਰੀਕੇ ਨਾਲ ਕਰਵਾਈ ਜਾਵੇ। 

ਨਾਲ ਹੀ ਇਹ ਮੰਗ ਵੀ ਕੀਤੀ ਗਈ ਕਿ ਪਿੰਡਾਂ ਦੇ ਲੋਕਾਂ ਤੇ ਪਸ਼ੂਆਂ ਨੂੰ ਪ੍ਦੂਸ਼ਣ ਕਾਰਨ ਲੱਗੀਆਂ ਬੀਮਾਰੀਆਂ ਦੀ ਜਾਂਚ ਤੇ ਇਲਾਜ ਲਈ ਪੀਜੀਆਈ,ਏਮਜ਼ ਤੇ ਪੀਏਯੂ ਦੇ ਮਾਹਰ ਡਾਕਟਰਾਂ ਵਾਲਾ ਹੈਲਥ ਸੈਂਟਰ ਫੌਰਨ ਸਥਾਪਤ ਕੀਤਾ ਜਾਵੇ,ਮਨੁੱਖੀ ਸ਼ਰੀਰਾਂ ਅੰਦਰ ਘਾਤਕ ਰਸਾਇਣਾਂ ਦੇ ਅੰਸ਼ਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ,ਜਿਹੜੇ ਜਾਨਲੇਵਾ ਬੀਮਾਰੀਆਂ ਲਈ ਜਿੰਮੇਵਾਰ ਹਨ। ਮਲਬਰੋਜ਼ ਫੈਕਟਰੀ ਕੁੱਝ ਜ਼ਹਿਰੀਲੇ ਰਸਾਇਣਾਂ ਦੀ ਵਿਕਰੀ ਦੇ ਜੋ ਇਸ਼ਤਿਹਾਰ ਦਿੰਦੀ ਰਹੀ, ਜਿਸ ਦਾ ਸਰਕਾਰੀ ਲਾਇਸੰਸ ਵੀ ਉਹਨਾਂ ਕੋਈ ਨਹੀਂ ਲਿਆ।ਉਸ ਦੀ ਜਾਂਚ ਉਚ ਤਕਨੀਕੀ ਜਾਂਚ ਏਜੰਸੀ ਨੂੰ ਸੌਂਪੀ ਜਾਵੇ। 

ਫੈਕਟਰੀ ਦੇ ਤੇਜ਼ਾਬੀ ਪਾਣੀ ਨਾਲ ਜਿਹਨਾਂ ਖੇਤਾਂ ਦੀਆਂ ਫਸਲਾਂ ਤਬਾਹ ਹੋਈਆਂ ਹਨ,ਉਹਨਾਂ ਖੇਤਾਂ ਦੀ ਮਿੱਟੀ ਦੀ ਨਿਰਪੱਖ ਜਾਂਚ ਮਿਆਰੀ ਲਬਾਟਰੀ ਤੋਂ ਕਰਵਾਈ ਜਾਵੇ। ਫੈਕਟਰੀ ਮਾਲਕਾਂ ਨੇ ਜਿਹਨਾਂ ਕਿਸਾਨਾਂ ਦੀ ਸਾਜਸ਼ੀ ਢੰਗਾਂ ਨਾਲ ਜਮੀਨਾਂ ਹਥਿਆਈਆਂ ਹਨ,ਉਸ ਬਦਲੇ ਫੈਕਟਰੀ ਮਾਲਕ ਤੇ ਕੇਸ ਦਰਜ ਕੀਤੇ ਜਾਣ। ਫੈਕਟਰੀ ਦੇ ਜ਼ਹਿਰੀਲੇ ਪਾਣੀ ਤੇ ਰਾਖ ਨਾਲ ਪੀੜਤ ਪੀ੍ਵਾਰਾਂ ਤੇ ਉਹਨਾਂ ਦੇ ਪਸ਼ੂਆਂ ਦੇ ਇਲਾਜ ਤੇ ਹਰਜਾਨੇ ਦਾ ਸਾਰਾ ਖਰਚਾ ਫੈਕਟਰੀ ਮਾਲਕ ਤੋਂ ਲਿਆ ਜਾਵੇ। 

ਫੈਕਟਰੀ ਕੋਲ ਲਾਇਸੰਸ ਈਥਨੋਲ ਬਣਾਉਣ ਦਾ ਹੈ,ਪਰ ਇਸ ਦੇ ਕਾਰੋਬਾਰ ਚ ਕਈ ਹੋਰ ਖਤਰਨਾਕ ਕੈਮੀਕਲਾਂ ਦੀ ਵਿਕਰੀ ਵੀ ਹੁੰਦੀ ਹੈ ਜਿਸ ਵਿੱਚ ਪੋਟਾਸ਼ੀਅਮ ਸਾਈਨਾਈਡ ਆਦਿ ਸ਼ਾਮਲ ਹਨ। ਇਸ ਸਬੰਧੀ ਜਾਂਚ ਬਰੀਕੀ ਨਾਲ ਕੀਤੀ ਜਾਵੇ। ਫੈਕਟਰੀ ਚ ਕੰਮ ਕਰਦੇ ਰਹੇ ਮਜ਼ਦੂਰਾਂ ਲਈ ਸਿਹਤ ਸਹੂਲਤਾਂ ਦਾ ਲੋੜੀਂਦਾ ਪ੍ਬੰਦ ਨਹੀਂ ਹੈ। ਕਮੇਟੀ ਦਾ ਮੰਨਣਾ ਹੈ ਕਿ ਜੀਰੇ ਇਲਾਕੇ ਦੇ 50 ਪਿੰਡਾਂ ਦਾ ਸੰਘਰਸ਼ ਹੱਕੀ ਹੈ,ਉਹਨਾਂ ਦੇ ਇੱਕ ਇੱਕ ਸ਼ਬਦਾਂ ਤੇ ਗੌਰ ਕਰਨੀ ਬਣਦੀ ਹੈ। 

ਫੈਕਟਰੀ ਦੇ ਪ੍ਦੂਸ਼ਿਤ ਪਾਣੀ ਤੇ ਰਾਖ ਨੇ ਲੋਕਾਂ ਦੇ ਸਿਹਤਮੰਦ ਜੀਵਨ ਜਿਉਣ ਦੇ ਅਧਿਕਾਰ ਦੀ ਘੋਰ ਉਲੰਘਣਾ ਕੀਤੀ ਹੈ। ਲੋਕਾਂ ਦੇ ਜੀਵਨ ਦਾ ਵਿਨਾਸ਼ ਕਰਕੇ ਮਲਬਰੋਜ਼ ਫੈਕਟਰੀ ਨੇ ਉਹ ਭੂਮਿਕਾ ਨਿਭਾਈ ਹੈ,ਜੋ ਭੂਪਾਲ ਤਰਾਸਦੀ(1984) ਨੇ ਤਬਾਹੀ ਕਰਕੇ ਨਿਭਾਈ ਸੀ। 

ਮਲਬਰੋਜ਼ ਫੈਕਟਰੀ ਦਾ ਮਾਲਕ ਦਾ ਸ਼ਰਾਬ ਦਾ ਕਾਰੋਬਾਰ ਪੰਜਾਬ,ਹਰਿਆਣਾ,ਰਾਜਸਥਾਨ,ਯੂਪੀ ਤੇ ਦਿੱਲੀ ਰਾਜਾਂ ਤੱਕ ਫੈਲਿਆ ਹੋਇਆ ਹੈ। ਉਸ ਨੇ ਤਰ੍ਹਾਂ ਤਰ੍ਹਾਂ ਦੇ ਤੱਥ-ਕੰਡੇ ਵਰਤ ਕੇ ਫੈਕਟਰੀ ਸਥਾਪਤ ਕੀਤੀ ਤੇ ਫੈਕਟਰੀ ਕਾਰਨ ਹੋਏ ਨੁਕਸਾਨ ਨੂੰ ਰਾਜਕੀ ਤੇ ਮਾਲੀ ਤਾਕਤ ਵਰਤ ਕੇ ਲੋਕਾਂ ਸਾਹਮਣੇ ਨਹੀਂ ਆਉਣ ਦਿੱਤਾ। ਹੋਰ ਤਾਂ ਹੋਰ ਪੰਜਾਬ ਤੇ ਹਰਿਆਣੇ ਹਾਈ ਕੋਰਟ ਨੇ ਵੀ ਲੋਕਾਂ ਦੀ ਆਵਾਜ਼ ਨੂੰ ਪਹਿਲ ਦੇਣ ਦੀ ਥਾਂ ਇਸ ਪੂੰਜੀਪਤੀ ਦੇ ਮੁਨਾਫੇ ਨੂੰ ਪਹਿਲ ਦਿੱਤੀ। 

ਸੰਘਰਸ਼ ਦੌਰਾਨ ਕਿਸਾਨ ਆਗੂਆਂ,ਹੋਰ ਬੁੱਧੀਜੀਵੀਆਂ ਤੇ ਮੋਰਚਾ ਹਮਾਇਤੀਆਂ ਖਿਲਾਫ ਦਰਜ ਕੇਸ ਫੌਰਨ ਰੱਦ ਕੀਤੇ ਜਾਣ,ਉਹਨਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਵਾਪਸ ਕੀਤਾ ਜਾਵੇ ਤੇ ਹੋਰ ਸਭ ਹੱਕੀ ਮੰਗਾਂ ਮੰਨੀਆਂ ਜਾਣ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: