Wednesday 9th November 2022 at 05:12 PM
ਆਈ ਜੀ ਲੁਧਿਆਣਾ ਰੇਂਜ ਨਾਲ ਮੁਲਾਕਾਤ ਮਗਰੋਂ ਗੋਰੀਆ ਵੱਲੋਂ ਪ੍ਰੈਸ ਬਿਆਨ ਜਾਰੀ
ਕਿਰਤੀ ਅਤੇ ਦਲਿਤ ਵਰਗ ਨਾਲ ਜੁੜੇ ਗਰੀਬ ਅਤੇ ਮੱਧ ਵਰਗੀ ਅੱਜ ਵੀ ਉਹਨਾਂ ਵਧੀਕੀਆਂ ਦਾ ਸ਼ਿਕਾਰ ਹਨ ਜਿਹੜੀਆਂ ਪੁਲਿਸ ਅਤੇ ਅਫਸਰਸ਼ਾਹੀ ਦੇ ਰੁਟੀਨ ਦਾ ਹਿੱਸਾ ਬਣ ਚੁੱਕੀਆਂ ਹਨ। ਇਹਨਾਂ ਵਧੀਕੀਆਂ ਵਿਰੁੱਧ ਇੱਕ ਵਾਰ ਫੇਰ ਸਰਗਮ ਹੋਏ ਹਨ ਕਾਮਰੇਡ ਗੁਲਜ਼ਾਰ ਗੋਰੀਆ, ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜਸਵੀਰ ਦੀਪ। ਇਹਨਾਂ ਨੇ ਅਜਿਹੀਆਂ ਵਧੀਕੀਆਂ ਦੇ ਸਾਰੇ ਮਾਮਲੇ ਇਕੱਤਰ ਕਰ ਕੇ ਇਹਨਾਂ ਵਧੀਕੀਆਂ ਨੂੰ ਹਟਵਾਉਣ ਲਈ ਸੰਘਰਸ਼ ਅਰੰਭਿਆ ਹੈ। ਇਸ ਮਕਸਦ ਲਈ ਸਾਰੇ ਜਮਹੂਰੀ ਰਸਤੇ ਅਖਤਿਆਰ ਕੀਤੇ ਜਾ ਰਹੇ ਹਨ।
ਇਸ ਕਿਸਮ ਦੇ ਕੁਝ ਨਵੇਂ ਪੁਰਾਣੇ ਮਾਮਲੇ ਲੈ ਕੇ ਅੱਜ ਇਹਨਾਂ ਸਰਗਰਮ ਆਗੂਆਂ ਦੀ ਟੀਮ ਨੇ ਲੈ ਕੇ ਆਈ ਜੀ ਲੁਧਿਆਣਾ ਰੇਂਜ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਮਗਰੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿਚ ਉਹਨਾਂ ਦੱਸਿਆ ਕਿ ਮੁਲਾਕਾਤ ਸਫਲ ਰਹੀ ਅਤੇ ਪੁਲਿਸ ਨੇ ਮਜ਼ਦੂਰਾਂ ਵਿਰੁੱਧ ਦਰਜ ਕੇਸ ਵਾਪਿਸ ਲੈਣ ਦਾ ਯਕੀਨ ਦੁਆਇਆ ਹੈ।
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਗੁਲਜ਼ਾਰ ਗੌਰੀਆਂ ਅਤੇ ਮਜ਼ਦੂਰ ਆਗੂ ਜਸਵੀਰ ਦੀਪ ਨੇ ਆਈ.ਜੀ. ਲੁਧਿਆਣਾ ਰੇਂਜ ਨਾਲ ਅੱਜ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਆਪ ਦੇ ਅਧੀਨ ਪੈਂਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸ਼ਾਸਨ ਵਲੋਂ ਜਾਣਬੁੱਝ ਮਜ਼ਦੂਰਾਂ-ਕਿਸਾਨਾਂ ਵਿਰੁੱਧ ਦਰਜ 18 ਦੇ 18 ਕੇਸ ਵਾਪਿਸ ਨਹੀਂ ਲਏ ਜਾ ਰਹੇ ਸਗੋਂ ਉਹਨਾਂ ਨੂੰ ਅਦਾਲਤਾਂ ਵਿੱਚ ਰੋਲਿਆ ਜਾ ਰਿਹਾ।
ਉਨ੍ਹਾਂ ਕਿਹਾ ਕਿ
ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਰਜ ਕੇਸ ਵਾਪਸ ਲੈਣ ਦੀ ਬਜਾਏ ਸਿਆਸੀ ਇਸ਼ਾਰੇ 'ਤੇ ਮਜ਼ਦੂਰਾਂ ਕਿਸਾਨਾਂ ਨੂੰ ਆਗੂ ਰਹਿਤ ਕਰਨ ਖਾਤਿਰ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਰਜ ਕੇਸਾਂ ਦੇ ਚਲਾਨ ਅਦਾਲਤਾਂ ਵਿੱਚ ਦਿਵਾਏ ਗਏ ਹਨ ਅਤੇ ਬੀਬੇ ਰਾਣੇ ਬਣਨ ਚੰਡੀਗੜ੍ਹ ਵਿਖੇ ਪੱਤਰ ਵਿਹਾਰ ਕਰੀ ਜਾ ਰਹੇ ਹਨ। ਪੁਲਿਸ ਅਧਿਕਾਰੀ ਨੇ ਦਰਜ ਕੇਸ ਰੱਦ ਕਰਨ ਅਤੇ ਜਗਰਾਉਂ ਦਲਿਤ ਅੱਤਿਆਚਾਰ ਉਪਰੰਤ ਮੌਤ ਦੇ ਮੂੰਹ ਵਿੱਚ ਗਈ ਕੁਲਵੰਤ ਕੌਰ ਦੇ ਮਸਲੇ ਵਿੱਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।
ਮਜ਼ਦੂਰ ਆਗੂਆਂ ਗੁਲਜ਼ਾਰ ਗੌਰੀਆਂ ਅਤੇ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਇੱਕ ਪਾਸੇ ਸੰਘਰਸ਼ਾਂ ਦੌਰਾਨ ਦਰਜ ਕੇਸ ਰੱਦ ਨਹੀਂ ਕੀਤੇ ਜਾ ਰਹੇ ਦੂਜੇ ਪਾਸੇ ਪਹਿਲੀਆਂ ਸਰਕਾਰਾਂ ਵਾਂਗ ਹੀ ਦਲਿਤ ਅੱਤਿਆਚਾਰ ਦੇ ਸ਼ਿਕਾਰ ਲੋਕਾਂ ਨੂੰ ਬਦਲਾਅ ਦਾ ਨਾਹਰਾ ਦੇ ਕੇ ਸੱਤਾ ਵਿੱਚ ਆਈ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਰਾਜ ਵਿੱਚ ਵੀ ਇਨਸਾਫ਼ ਨਹੀਂ ਮਿਲ ਰਿਹਾ।
ਉਨ੍ਹਾਂ ਇਸ ਕਿਸਮ ਦੇ ਨਵੇਂ ਮਾਮਲੇ ਦੀ ਦੇਂਦਿਆਂ ਦੱਸਿਆ ਕਿ 14 ਜੁਲਾਈ 2005 ਨੂੰ ਉਸ ਵੇਲੇ ਦੇ ਥਾਣਾ ਸਿਟੀ ਜਗਰਾਉਂ ਦੇ ਇੰਚਾਰਜ ਗੁਰਿੰਦਰ ਸਿੰਘ ਬੱਲ ਵਲੋਂ ਪਿੰਡ ਰਸੂਲਪੁਰ ਦੀ ਵਸਨੀਕ ਦਲਿਤ ਲੜਕੀ ਕੁਲਵੰਤ ਕੌਰ ਅਤੇ ਉਸਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ ਨੂੰ ਉਸਦੇ ਘਰੋਂ ਰਾਤ ਨੂੰ ਚੁੱਕ ਥਾਣੇ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਸ਼ਰਾਬੀ ਹਾਲਤ ਵਿੱਚ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਕਰੰਟ ਵੀ ਲਗਾਇਆ।
ਇਸ ਸਾਰੇ ਘਟਨਾਕ੍ਰਮ ਦੇ ਸਿੱਟੇ ਵੱਜੋਂ ਕੁਲਵੰਤ ਕੌਰ ਮੰਜੇ ਉੱਤੇ ਨਕਾਰਾ ਹਾਲਤ ਵਿੱਚ ਪਈ ਰਹਿਣ ਤੋਂ ਬਾਅਦ 10 ਦਸੰਬਰ 2021 ਨੂੰ ਮੌਤ ਦੇ ਮੂੰਹ ਵਿੱਚ ਚਲੀ ਗਈ। ਕੁਲਵੰਤ ਕੌਰ ਤੇ ਉਸਦੀ ਮਾਤਾ ਨੂੰ ਨਜਾਇਜ਼ ਹਿਰਾਸਤ ਚੋਂ ਪਿੰਡ ਦੀ ਪੰਚਾਇਤ 15 ਜੁਲਾਈ 2005 ਨੂੰ ਪਿੰਡ ਲੈ ਕੇ ਗਈ। ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਨੂੰ ਕਤਲ ਕੇਸ ਦੇ ਮੁਕੱਦਮਾ ਨੰਬਰ 240/2004 ਵਿੱਚ 21 ਜੁਲਾਈ 2005 ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਉਪਰੰਤ ਗਿਰਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ।
ਇਸ ਕੇਸ ਚੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਕੁਰਨੇਸ਼ ਕੁਮਾਰ ਵਲੋਂ ਮਿਤੀ 28.03.2014 ਨੂੰ ਬਾਇੱਜ਼ਤ ਬਰੀ ਕਰ ਦਿੱਤਾ।ਲੰਬੀ ਚਾਰੀਜੋਈ ਕਰਨ ਉਪਰੰਤ ਇਕਬਾਲ ਸਿੰਘ ਦੇ ਬਿਆਨ ਉੱਪਰ ਕਾਰਵਾਈ ਕਰਦੇ ਹੋਏ ਉਸ ਵੇਲੇ ਐੱਸ ਐੱਚ ਓ ਥਾਣੇਦਾਰ ਗੁਰਿੰਦਰ ਸਿੰਘ ਬੱਲ ਅਤੇ ਹੋਰਨਾਂ ਖਿਲਾਫ਼ ਮੁਕੱਦਮਾ ਨੰਬਰ 274 ਮਿਤੀ 11 ਦਸੰਬਰ 2021 ਜੇਰੇ ਧਾਰਾ 304,342,34 ਫੌਜਦਾਰੀ ਅਤੇ ਐੱਸ ਸੀ,ਐੱਸ ਟੀ ਐਕਟ ਤਹਿਤ ਦਰਜ ਕਰ ਲਿਆ। ਲੰਬੇ ਸਮੇਂ ਤੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਹੋਰ ਜਥੇਬੰਦੀਆਂ ਸੰਘਰਸ਼ ਕਰ ਰਹੀਆਂ।
ਗੁਰਿੰਦਰ ਸਿੰਘ ਬੱਲ ਹੁਣ ਡੀ ਐੱਸ ਪੀ ਦੇ ਅਹੁਦੇ ਉੱਤੇ ਤਾਇਨਾਤ ਹਨ, ਉਸਨੂੰ ਅਤੇ ਮੁਕੱਦਮਾ ਵਿੱਚ ਸ਼ਾਮਲ ਹੋਰਨਾਂ ਨੂੰ ਗਿਰਫ਼ਤਾਰ ਕਰਨ ਤੋਂ ਕੰਨੀ ਕਤਰਾਈ ਜਾ ਰਹੀ ਹੈ।ਜਿਸ ਤੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ ਕੇਂਦਰ ਸਰਕਾਰ ਚ ਰਾਜ ਕਰਨ ਵਾਲੀ ਪਾਰਟੀ ਦੀ ਵਿਚਾਰਧਾਰਾ ਵਿੱਚ ਆਪਸੀ ਸਾਂਝ ਨੂੰ ਸਾਹਮਣੇ ਆਉਂਦੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੀ ਦਲਿਤਾਂ ਨੂੰ ਨੀਵਾਂ ਵਿਖਾਉਣ ਖਾਤਰ ਦਲਿਤਾਂ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕਰ ਰਹੀ ਹੈ ਅਤੇ ਭਗਵੰਤ ਸਿੰਘ ਮਾਨ ਸਰਕਾਰ ਵੀ ਉਸ ਰਾਹ ਉੱਪਰ ਹੀ ਚੱਲ ਰਹੀ ਹੈ। ਉਨ੍ਹਾਂ ਅੱਤਿਆਚਾਰ ਕਰਨ ਵਾਲਿਆਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਪੀੜਤਾਂ ਨੂੰ ਇਨਸਾਫ਼ ਨੂੰ ਦਿਵਾਉਣ ਦੀ ਮੰਗ ਕੀਤੀ।
ਆਗੂਆਂ ਨੇ ਦੱਸਿਆ ਕਿ ਜੇਕਰ ਮਜ਼ਦੂਰਾਂ ਖਿਲਾਫ਼ ਦਰਜ ਹੋਏ ਕੇਸ ਰੱਦ ਨਾ ਹੋਵੇ,ਦਲਿਤ ਅੱਤਿਆਚਾਰ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ਼ ਨਾ ਮਿਲਿਆ, ਅੱਤਿਆਚਾਰ ਕਰਨ ਵਾਲਿਆਂ ਨੂੰ ਗਿਰਫ਼ਤਾਰ ਕਰਕੇ ਸਜ਼ਾ ਨਾ ਦਿੱਤੀ ਗਈ ਤਾਂ ਇਹਨਾਂ ਮਸਲਿਆਂ ਦੇ ਨਿਪਟਾਰੇ ਦੇ ਨਾਲ ਨਾਲ ਹੋਰ ਮਜ਼ਦੂਰ ਮੰਗਾਂ ਦੇ ਠੋਸ ਹੱਲ ਲਈ 30 ਨਵੰਬਰ ਨੂੰ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਕੋਠੀ ਦਾ ਹਰ ਹਾਲ ਕੁੰਡਾਂ ਖੜਕਾਇਆ ਜਾਵੇਗਾ।
No comments:
Post a Comment