Monday, October 03, 2022

ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਜੀ ਨੂੰ ਸਮਰਪਿਤ ਸਿਮ੍ਰਤੀ ਸਮਾਰੋਹ

Monday 3rd October 2022 at 06:43 PM

ਪ੍ਰੋ. ਤਾਰਾ ਸਿੰਘ ਜੀ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਆਯੋਜਨ 

ਪਟਿਆਲਾ: 3 ਅਕਤੂਬਰ 2022: (ਸੁਰ ਸਕਰੀਨ//ਪੰਜਾਬ ਸਕਰੀਨ)::

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਕਲਾ ਭਵਨ ਵਿਖੇ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਿਮ੍ਰਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਆਰੰਭ ਵਿੱਚ ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਆਏ ਵਿਦਵਾਨਾਂ ਅਤੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਪ੍ਰੋ. ਤਾਰਾ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਬਾਰੇ ਦੱਸਿਆ। ਉਪਰੰਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰੋ. ਤਾਰਾ ਸਿੰਘ ਜੀ ਦੁਆਰਾ ਸੁਰਲਿਪੀਬੱਧ ਪੜਤਾਲ ਸ਼ਬਦ ਦਾ ਸੁੰਦਰ ਗਾਇਨ ਕੀਤਾ। ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਨਿਵੇਦਿਤਾ ਸਿੰਘ ਨੇ ਪ੍ਰੋ. ਸਾਹਿਬ ਦੁਆਰਾ ਰਚਿਤ ਖ਼ਿਆਲ ਦੀਆਂ ਬੰਦਿਸ਼ਾਂ ਦਾ ਰਾਗ ਦੇਸੀ, ਆਭੋਗੀ ਕਾਨ੍ਹੜਾ ਅਤੇ ਜੋਗਕੌਂਸ ਵਿਚ ਰਸਭਿੰਨਾ ਗਾਇਨ ਕੀਤਾ ਅਤੇ ਇਕ ਪੰਜਾਬੀ ਭਾਸ਼ਾਈ ਚਤੁਰੰਗ ਨਾਲ ਸਮਾਪਤੀ ਕੀਤੀ।  ਸੰਗਤ ਕਲਾਕਾਰਾਂ ਵਿਚ ਸ੍ਰੀ ਜੈਦੇਵ, ਸ੍ਰੀ ਅਲੀ ਅਕਬਰ ਅਤੇ ਸ. ਰਣਜੀਤ ਸਿੰਘ ਸ਼ਾਮਲ ਸਨ। 

ਉਪਰੰਤ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ, ਲੁਧਿਆਣਾ ਦੇ ਨਿਰਦੇਸ਼ਕ ਡਾ. ਚਰਨ ਕਮਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਘਰੁ ਦਾ ਵਿਧਾਨ ਵਿਸ਼ੇ ’ਤੇ ਆਪਣਾ ਖੋਜ ਭਰਪੂਰ ਸਿਮ੍ਰਤੀ ਵਿਖਿਆਨ ਦਿੰਦਿਆਂ ਘਰੁ ਦਾ ਸਬੰਧ ਗੁਰਬਾਣੀ ਦੇ ਪਾਠ ਅਤੇ ਡੂੰਘੇ
ਅਰਥਾਂ ਨਾਲ ਜੋੜਦਿਆਂ ਵਿਸਥਾਰ ਪੂਰਵਕ ਸਮਝਾਇਆ। ਪ੍ਰੋ. ਤਾਰਾ ਸਿੰਘ ਜੀ ਦੇ ਸ਼ਗਿਰਦ ਡਾ. ਜਬਰਜੰਗ ਸਿੰਘ ਨੇ ਉਹਨਾਂ ਨਾਲ ਬਿਤਾਏ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰੋ. ਤਾਰਾ ਸਿੰਘ ਵਰਗੇ ਪੁਰਾਤਨ ਸੰਗੀਤਕਾਰਾਂ ਦੀਆਂ ਲਿਖਤਾਂ ਨੂੰ ਖੋਜਣ, ਸੰਭਾਲਣ ਅਤੇ ਇਹਨਾਂ ਦਾ ਗਾਇਨ ਕਰਨ ਲਈ ਕਿਹਾ। ਵਿਸ਼ੇਸ਼ ਮਹਿਮਾਨ ਵਜੋਂ ਮਿਸਿਜ਼ ਵਾਈਸ-ਚਾਂਸਲਰ ਪ੍ਰੋ. ਕਵਿਤਾ ਜੀ ਨੇ ਸ਼ਿਰਕਤ ਕੀਤੀ।

ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ, ਖੋਜਾਰਥੀ, ਫ਼ੈਕਲਟੀ ਮੈਂਬਰਾਂ ਤੋਂ ਇਲਾਵਾ ਪ੍ਰੋ. ਤਾਰਾ ਸਿੰਘ ਜੀ ਦੇ ਪਰਿਵਾਰ ਵਿਚੋਂ ਸਪੁੱਤਰੀ ਕਮਲਨੈਨ ਸੋਹਲ, ਸ. ਗੁਰਜਿੰਦਰ ਸਿੰਘ, ਹੋਰ ਸ਼ਿਸ਼ ਅਤੇ ਸੰਗੀਤ ਦੇ ਰਸੀਏ ਸ਼ਾਮਲ ਹੋਏ ਜਿਹਨਾਂ ਵਿਚ ਡਾ. ਰਜਿੰਦਰ ਸਿੰਘ ਗਿੱਲ, ਡਾ. ਮਲਕਿੰਦਰ ਕੌਰ, ਪ੍ਰੋ. ਯੋਗੇਸ਼ ਗੰਭੀਰ, ਡਾ. ਪਰਮੀਤ ਕੌਰ, ਡਾ. ਸੁਖਵਿੰਦਰ ਕੌਰ, ਸ. ਜਸਪਾਲ ਸਿੰਘ, ਸ. ਦਲੀਪ ਸਿੰਘ ਉੱਪਲ, ਡਾ. ਸੁਰਜੀਤ ਸਿੰਘ ਭੱਟੀ, ਸ੍ਰੀਮਤੀ ਵਨਿਤਾ, ਡਾ. ਹਰਮਿੰਦਰ ਕੌਰ, ਸ. ਜਸਬੀਰ ਸਿੰਘ ਜਵੱਦੀ ਆਦਿ ਸ਼ਾਮਲ ਰਹੇ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: