Saturday, October 08, 2022

ਸੁਨੇਤ ਵਿਖੇ ਕਰਵਾਇਆ ਗਿਆ ਨਾਟਕ ਮੇਲਾ

 Saturday 8th October 2022 at 3:48 PM

ਨਾਟਕ ਖੇਡੇ ਗਏ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ 


ਲੁਧਿਆਣਾ: 08 ਅਕਤੂਬਰ 2022: (ਪੰਜਾਬ ਸਕਰੀਨ ਬਿਊਰੋ)::
ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ, ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਵੱਖ-ਵੱਖ ਜਥੇਬੰਦੀਆਂ ਮਹਾਂ ਸਭਾ ਲੁਧਿਆਣਾ, ਨੌਜਵਾਨ ਸਭਾ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ, ਇਨਕਲਾਬੀ ਕੇਂਦਰ ਪੰਜਾਬ, ਤਰਕਸ਼ੀਲ ਸੁਸਾਇਟੀ ਇਕਾਈ ਲੁਧਿਆਣਾ, ਜਮਹੂਰੀ ਅਧਿਕਾਰ ਸਭਾ ਇਕਾਈ ਲੁਧਿਆਣਾ ਵੱਲੋਂ ਨਾਟਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਸ਼ਹੀਦ ਭਗਤ ਸਿੰਘ ਦੇ ਫਾਂਸੀ ਦੇ ਅਖੀਰਲੇ ਦਿਨਾਂ ਤੇ ਆਧਾਰਿਤ ਨਾਟਕ ‘ਛਿਪਣ ਤੋਂ ਪਹਿਲਾਂ’ ਤਰਲੋਚਨ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ਟੀਮ ‘ਰੰਗ ਮੰਚ-ਰੰਗ ਨਗਰੀ’ ਨੇ ਖੇਡਿਆ, ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਸ ਪ੍ਰੋਗਰਾਮ ਵਿੱਚ ਨਾਟਕ ਤੋਂ ਪਹਿਲਾਂ ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਕਾਮਰੇਡ ਸੁਰਿੰਦਰ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ। ਉਹਨਾਂ ਸੰਬੋਧਨ ਕਰਦਿਆਂ ਦੇਸ਼ ਦੇ ਮੌਜੂਦਾ ਆਰਥਿਕ ਹਾਲਾਤਾਂ ਅਤੇ ਦੇਸ਼ ਵਿੱਚ ਵੱਧ ਰਹੇ ਫਿਰਕੂ ਫਾਸ਼ੀ ਹਮਲਿਆਂ ਤੇ ਚਿੰਤਾ ਜਤਾਈ। ਮੌਜੂਦਾ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਦੀ ਹੀ ਦੇਸ਼ ਵਿੱਚ ਵਧ ਰਹੀ ਫਿਰਕਾਪਰਸਤੀ ਅਤੇ ਦਲਿਤਾਂ ਤੇ ਲਗਾਤਾਰ ਵਧ ਰਹੇ ਹਮਲਿਆਂ ਖਿਲਾਫ ਰਾਹ ਦਰਸਾਵਾ ਸਾਬਤ ਹੋ ਸਕਦੀਆਂ ਹਨ। ਲੋਕਾਂ ਨੂੰ ਸਰਕਾਰਾਂ ਦੀਆਂ ਚਾਲਾਂ ਨੂੰ ਸਮਝਣ ਅਤੇ ਆਪਣੇ ਏਕੇ ਨੂੰ ਮਜਬੂਤ ਕਰਨ ਲਈ ਵੀ ਭਗਤ ਸਿੰਘ ਨੂੰ ਪੜ੍ਹਨਾ ਚਾਹੀਦਾ ਹੈ।ਉਹਨਾਂ ਦੇਸ਼ ਵਿੱਚ ਧਰਮ ਅਧਾਰਤ ਕੀਤੀ ਜਾ ਰਹੀ ਰਾਜਨੀਤੀ ਤੋਂ ਸੁਚੇਤ ਕਰਦਿਆਂ ਆਪਣੇ ਅਸਲ ਮੁੱਦਿਆਂ ਬੇਰੋਜਗਾਰੀ, ਮਹਿੰਗਾਈ, ਮਿਆਰੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ  ਆਦਿ ਲਈ ਇਕੱਠੇ ਹੋ ਕੇ ਆਵਾਜ ਉਠਾਉਣ ਦਾ ਸੱਦਾ ਦਿੱਤਾ ।  ਇਸ  ਮੌਕੇ ਪਲਸ ਮੰਚ ਵੱਲੋਂ ਸਾਥੀ ਕਸਤੂਰੀ ਲਾਲ ਸਮੇਤ ਹਰਚਰਨ ਚੌਧਰੀ, ਰਵਿਤਾ, ਮੀਨੂੰ ਸ਼ਰਮਾਂ, ਰਾਜੂ, ਮਨੀ ਨੇ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਹਰਪ੍ਰੀਤ ਜ਼ੀਰਖ ਵੱਲੋਂ ਨਿਭਾਈ ਗਈ ਅਤੇ ਨੌਜਵਾਨ ਸਭਾ ਦੇ ਪ੍ਰਧਾਨ ਰਾਕੇਸ਼ ਆਜ਼ਾਦ ਨੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਬਲਵਿੰਦਰ ਸਿੰਘ ਲਾਲ ਬਾਗ, ਜਗਜੀਤ ਸਿੰਘ, ਪਰਮਜੀਤ ਸਿੰਘ, ਕਰਤਾਰ ਸਿੰਘ ਪੀਏਯੂ, ਮੈਡਮ ਮਧੂ, ਸੁਰਿੰਦਰ ਕੌਰ, ਰਜਿੰਦਰ ਸਿੰਘ, ਪ੍ਰਤਾਪ ਸਿੰਘ, ਮਾਨ ਸਿੰਘ ਆਦਿ ਹਾਜ਼ਰ ਸਨ।ਮੌਕੇ ਦੇ ਦ੍ਰਿਸ਼ ਇਸ ਖਬਰ ਨਾਲ ਦਿੱਤੀਆਂ ਤਸਵੀਰਾਂ ਵਿੱਚ ਦੇਖੇ ਜਾ ਸਕਦੇ ਹਨ। 

No comments: