23rd October 2022 at 5:59 PM
ਠਾਕੁਰ ਦਲੀਪ ਸਿੰਘ ਜੀ ਨੇ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਢਾਲਣ ਦੀ ਦਿੱਤੀ ਸਿੱਖਿਆ
ਆਪਣੇ ਆਪ ਵਿਚ ਨਿਮਰਤਾ ਲਿਆ ਕੇ ਘਰ ਪਰਿਵਾਰ ਵਿਚ ਝਗੜੇ ਮੁਕਾਉਣ ਦੀ ਕੋਸ਼ਿਸ ਕਰੋ, ਦੂਜੇ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਨ ਕਰੋ : ਠਾਕੁਰ ਦਲੀਪ ਸਿੰਘ ਜੀ
ਨਾਮਧਾਰੀ ਪੰਥ ਦੇ ਵਰਤਮਾਨ ਗੁਰੂ: 'ਠਾਕੁਰ ਦਲੀਪ ਸਿੰਘ ਜੀ' ਦੀ ਅਗਵਾਈ ਵਿਚ 'ਅੱਸੂ ਦਾ ਮੇਲਾ' ਪੰਥ, ਸਮਾਜ ਅਤੇ ਦੇਸ਼ ਨੂੰ ਮਹਾਨ ਸੰਦੇਸ਼ ਦਿੰਦਾਂ ਸੰਪੰਨ ਹੋਇਆ। ਸਤਿਗੁਰੂ ਰਾਮ ਸਿੰਘ ਜੀ ਨੇ ਸੰਗਤ ਨੂੰ ਨਾਮ-ਬਾਣੀ ਨਾਲ ਜੋੜ ਕੇ ਉਹਨਾਂ ਦਾ ਉੱਧਾਰ ਕੀਤਾ। ਸਤਿਗੁਰੂ ਰਾਮ ਸਿੰਘ ਜੀ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ ਅਤੇ ਗੁਰਬਾਣੀ ਆਸ਼ੇ ਅਨੁਸਾਰ ਨਾਮਧਾਰੀ ਸੰਗਤ ਵਿਚ ਹਰ ਸਾਲ (ਭਾਦਰੋਂ- ਅੱਸੂ ਦੇ ਮਹੀਨੇ) 40 ਦਿਨਾਂ ਦਾ ਜੱਪ-ਪ੍ਰਯੋਗ ਰੱਖਿਆ ਜਾਂਦਾ, ਉਪਰੰਤ ਅਖੀਰ ਦੋ ਦਿਨ ਅੱਸੂ ਦਾ ਮੇਲਾ ਮਨਾਇਆ ਜਾਂਦਾ ਹੈ। ਇਹ ਸਮਾਗਮ ਪਿੰਡ ਚੌਗਾਵਾਂ (ਜਿਲਾ ਅੰਮ੍ਰਿਤਸਰ ), ਉਹ ਪਾਵਨ ਸਥਾਨ ਹੈ ; ਜਿਸਨੂੰ ਸਤਿਗੁਰੂ ਰਾਮ ਸਿੰਘ ਜੀ ਦੀਆਂ ਇਤਿਹਾਸਿਕ ਯਾਤਰਾਵਾਂ ਦੌਰਾਨ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੋਈ, ਉਸ ਪਾਵਨ ਸਥਾਨ ਉੱਤੇ ਅੱਜ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਅਤੇ ਨਿਰਦੇਸ਼ਨ ਅਨੁਸਾਰ ਨਾਮਧਾਰੀ ਸੰਗਤ ਵਲੋਂ ਅਧਿਆਤਮਿਕਤਾ ਦੇ ਰੰਗਾਂ ਨਾਲ ਰੰਗਿਆ ਅੱਸੂ ਦੇ ਮੇਲੇ ਦਾ ਆਯੋਜਨ ਕੀਤਾ ਗਿਆ।
ਅੱਜ ਦੇ ਪ੍ਰੋਗਰਾਮ ਵਿਚ ਹਰ ਰੋਜ ਦੀ ਤਰ੍ਹਾਂ ਸਵੇਰੇ ਆਸਾ ਦੀ ਵਾਰ ਤੋਂ ਸ਼ੁਰੂ ਹੋ ਕੇ ਸਾਰਾ ਦਿਨ ਇਲਾਹੀ ਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਚੱਲਿਆ।
ਸਤਿਗੁਰੂ ਦਲੀਪ ਸਿੰਘ ਜੀ ਨੇ ਵਿਦੇਸ਼ ਤੋਂ ਲਾਈਵ ਦਰਸ਼ਨ ਦੇ ਕੇ ਅੰਮ੍ਰਿਤ ਬਚਨਾਂ ਨਾਲ ਨਿਹਾਲ ਕੀਤਾ। ਆਪ ਜੀ ਨੇ ਜਿੱਥੇ ਘਰ ਪਰਿਵਾਰ ਨੂੰ ਸੁਖੀ ਕਰਨ ਦੇ ਨੁਕਤੇ ਦੱਸਦੇ ਹੋਏ, ਉੱਥੇ ਹੀ ਗੁਰਬਾਣੀ ਨੂੰ ਥੋੜਾ ਥੋੜਾ ਮੰਨਦੇ ਹੋਏ, ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਢਾਲਣ ਦੀ ਜਾਚ ਦੱਸੀ। ਆਪ ਜੀ ਨੇ ਕੌੜਾ-ਫਿੱਕਾ ਬੋਲਣ ਅਤੇ ਚਿੜਨ ਦੀ ਥਾਂ ਆਪਸ ਵਿਚ ਮਿੱਠਾ ਬੋਲਣਾ, ਖਿਮਾ ਕਰਨੀ ਅਤੇ ਧੀਰਜ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਇਹ ਵੀ ਕਿਹਾ ਆਪਣੇ ਆਪ ਵਿਚ ਨਿਮਰਤਾ ਲਿਆ ਕੇ ਘਰ ਪਰਿਵਾਰ ਵਿਚ ਝਗੜੇ ਮੁਕਾਉਣ ਦੀ ਕੋਸ਼ਿਸ ਕਰੋ, ਦੂਜੇ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਨ ਕਰੋ ਅਤੇ ਆਪਸ ਵਿਚ ਸਹਿਮਤ ਹੋਣ ਦੀ ਜਾਚ ਸਿੱਖੋ। ਆਪ ਜੀ ਨੇ ਸੰਗਤ ਨੂੰ ਗਿਆਨ ਦਾ ਚਾਨਣ ਵਿਖਾ ਇਹ ਵੀ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਮੰਤਰ ਦੇ ਕੇ ਵਹਿਮਾਂ ਭਰਮਾਂ ਵਿਚੋਂ ਕੱਢਿਆ। ਇਸ ਲਈ ਸਾਨੂੰ ਵਹਿਮਾਂ-ਭਰਮਾਂ, ਜਾਦੂ ਟੂਣਿਆਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਕਰਦੇ ਹੋਏ ਗੁਰਮੰਤਰ ਦਾ ਜਾਪ ਕਰੋ, ਕੋਈ ਚੀਜ ਤੁਹਾਡੇ ਨੇੜੇ ਨਹੀਂ ਆ ਸਕਦੀ ਭਾਵ ਜਾਦੂ ਟੂਣੇ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਆਪਣੇ ਪੰਥ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਰੂਪ ਵਿਚ ਇਹ ਵੀ ਦੱਸਿਆ ਕਿ ਹਰ ਪਿੰਡ ਦੇ ਗੁਰਦੁਆਰੇ, ਮੰਦਿਰਾਂ ਵਿਚ ਲੋੜਵੰਦਾਂ ਲਈ ਫ੍ਰੀ ਡਿਸਪੈਂਸਰੀ, ਸਿਲਾਈ ਜਾਂ ਵਿਦਿਆ ਦਾਨ ਦੇ ਕੇਂਦਰ ਖੋਲ੍ਹਣ ਦੀ ਲੋੜ ਹੈ, ਇਸ ਨਾਲ ਧਰਮ ਪਰਿਵਰਤਨ ਨੂੰ ਵੀ ਠੱਲ੍ਹ ਪਵੇਗੀ। ਇਸ ਦੇ ਨਾਲ ਹੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਇਸਤਰੀ ਜਾਤੀ ਉੱਤੇ ਕੀਤੇ ਉਪਕਾਰ ਬਾਰੇ ਚੇਤੇ ਕਰਵਾਇਆ ਅਤੇ ਇਸਤਰੀ ਜਾਤੀ ਦਾ ਸਨਮਾਨ ਕਰਨ ਦੀ ਵੀ ਗੱਲ ਉੱਤੇ ਪ੍ਰਣ ਕਰਨ, ਸਿਹਤ ਦਾ ਧਿਆਨ ਰੱਖਣ ਅਤੇ ਇਸਨੂੰ ਤੰਦਰੁਸਤ ਰੱਖਣ ਲਈ ਕਿਹਾ। ਇਸ ਤਰ੍ਹਾਂ ਅਨੇਕ ਮਹਾਨ ਸੰਦੇਸ਼ ਅਤੇ ਅੰਮ੍ਰਿਤਮਈ ਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਆਪ ਜੀ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਅਵਗੁਣਾਂ ਨੂੰ ਤਿਆਗ ਗੁਣ ਧਾਰਨ ਕਰ, ਮਨ ਦੀ ਸਫਾਈ ਕਰਨ ਲਈ ਵੀ ਨਿਰਦੇਸ਼ਨ ਦਿੱਤੇ। ਹਜਾਰਾਂ ਦੀ ਸੰਗਤ ਇਸ ਮਹਾਨ ਸਮਾਗਮ ਵਿਚ ਪਹੁੰਚ ਕੇ ਆਪਣੇ ਆਪ ਨੂੰ ਵੱਡਭਾਗਾ ਸਮਝ ਰਹੀ ਸੀ। ਗੁਰੂ ਜੀ ਦੇ ਆਦੇਸ਼ ਅਨੁਸਾਰ ਲੰਗਰ ਵਿਚ ਵੀ ਪੋਸ਼ਟਿਕਤਾ ਭਰਪੂਰ ਭੋਜਨ ਵਰਤਾਇਆ ਗਿਆ।
ਇਸ ਮੌਕੇ ਖਾਸ ਪਤਵੰਤਿਆਂ ਤੋਂ ਇਲਾਵਾ, ਮੁੱਖ ਪ੍ਰਬੰਧਕ ਮਾਸਟਰ ਸੁਖਵਿੰਦਰ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਸਰਪੰਚ ਗੁਰਬਖਸ਼ ਸਿੰਘ, ਮਾਸਟਰ ਇਕਬਾਲ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਸੰਤ ਲਖਵਿੰਦਰ ਸਿੰਘ ਕਿੜੀ ਅਫਗਾਨਾ, ਸੰਤ ਸਵਿੰਦਰ ਸਿੰਘ, ਅਮਰੀਕ ਸਿੰਘ ਚੁਗਾਵਾਂ, ਨਰਿੰਦਰ ਸਿੰਘ ਗੱਗੜਭਾਣਾ, ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਸੂਬਾ ਭਗਤ ਸਿੰਘ ਯੂ.ਪੀ, ਸ਼ੇਰ ਸਿੰਘ ਬਰੀਲਾ, ਪ੍ਰਿੰਸੀਪਲ ਹਰਮਨਪ੍ਰੀਤ ਸਿੰਘ, ਸੂਬਾ ਭਗਤ ਸਿੰਘ ਮਹੱਦੀਪੁਰ ਆਦਿ ਅਤੇ ਵਿਸ਼ਾਲ ਸੰਗਤ ਹਾਜਿਰ ਸੀ।
No comments:
Post a Comment