Wednesday, October 26, 2022

ਸਮਾਗਮ ਵਿੱਚੋਂ ਸਾਜ਼ਿਸ਼ੀ ਢੰਗ ਨਾਲ ਕਰਨਲ ਲਖਨਪਾਲ ਨੂੰ ਬਾਹਰ ਕੱਢਿਆ

ਪੁਲਿਸ ਅਤੇ ਸਰਕਾਰ ਦੀ ਕਾਰਵਾਈ ਵਿਰੁੱਧ ਪੀ ਏ ਸੀ ਮੈਂਬਰਾਂ ਵਿੱਚ ਤਿੱਖਾ ਰੋਸ 

ਰੋਸ ਪ੍ਰਦਰਸ਼ਨ ਦੀ ਫੋਟੋ ਫਾਈਲ ਫੋਟੋ ਹੈ 
ਲੁਧਿਆਣਾ: 26 ਅਕਤੂਬਰ 2022: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::
ਲੁਧਿਆਣਾ ਵਿੱਚ ਵਿਸ਼ਵਕਰਮਾ ਦਿਵਸ ਮੌਕੇ ਉਂਝ ਤਾਂ ਕਈ ਚੰਗੇ ਚੰਗੇ ਸਮਾਗਮ ਹੋਏ ਪਰ ਰਾਮਗੜ੍ਹੀਆ ਕਾਲਜ ਵਾਲਾ ਸਮਾਗਮ ਜ਼ਿਆਦਾ ਮਹੱਤਵਪੂਰਨ ਬਣ ਗਿਆ ਕਿਓਂਕਿ ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਉਣਾ ਸੀ। ਉਹ ਆਏ ਵੀ ਅਤੇ ਸਮਾਗਮ ਵੀ ਹੋਇਆ ਪਰ ਉਸ ਵਿਚ ਇੱਕ ਅਜਿਹੀ ਮੰਦਭਾਗੀ ਘਟਨਾ ਵਾਪਰੀ ਜਿਹੜੀ ਸਰਕਾਰ ਅਤੇ ਪੁਲਿਸ ਦੇ ਰਵਈਏ ਵਾਲੀ ਸੋਚ ਉੱਤੇ ਸੁਆਲੀਆ ਨਿਸ਼ਾਨ ਲਗਾਉਂਦੀ ਹੈ।

ਇਸ ਸਮਾਗਮ ਨੂੰ ਕਰਵਾਉਣ ਵਾਲੇ ਰਾਮਗੜ੍ਹੀਆ ਕਾਲਜ ਦੀ ਐਜੂਕੇਸ਼ਨਲ ਸੋਸਾਇਟੀ ਦੇ ਮੁਖੀ ਸਰਦਾਰ ਰਣਜੋਧ ਸਿੰਘ ਇਸ ਪਬਲਿਕ ਐਕਸ਼ਨ ਕਮੇਟੀ ਜਿਹੜੀ ਕਿ ਪੀ ਏ ਸੀ ਦੇ ਨਾਮ ਨਾਲ ਪ੍ਰਸਿੱਧ ਹੈ ਦੇ ਸਰਗਰਮ ਮੈਂਬਰ ਵੀ ਹਨ। ਇਸ ਲਈ ਇਸ ਸਮਾਗਮ ਵਿਚ ਪੀ ਏ ਸੀ ਦੇ ਚੋਣਵੇਂ ਮੈਂਬਰਾਂ ਦਾ ਵਫਦ ਵੀ ਸ਼ਾਮਲ ਹੋਣ ਲਈ ਆਇਆ ਹੋਇਆ ਸੀ। ਇਹ ਸੰਗਠਨ ਸਤਲੁਜ, ਮੱਤੇਵਾੜਾ ਅਤੇ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਾਫੀ ਲੰਮੇ ਸਮੇਂ ਤੋਂ ਸਰਗਰਮ ਹੈ।

ਇਸ ਕਮੇਟੀ ਦੇ ਵਫਦ ਵਿੱਚ ਇਸ ਦੇ ਮੁਖ ਮੈਂਬਰਾਂ ਵਿੱਚੋਂ ਫੌਜ ਦੇ ਇੱਕ ਰਿਟਾਇਰਡ ਕਰਨਲ ਚੰਦਰ ਮੋਹਨ ਲਖਨਪਾਲ ਵੀ ਸਨ। ਪੁਲਿਸ ਅਤੇ ਇੰਟੈਲੀਜੈਂਸ ਦੇ ਮੈਂਬਰਾਂ ਦੀ ਟੀਮ ਨੇ ਸਮਾਗਮ ਵਾਲੇ ਹਾਲ ਵਿਚ ਕਰਨਲ ਦੀ ਖੁਫੀਆ ਢੰਗ ਨਾਲ ਸ਼ਨਾਖਤ ਕੀਤੀ ਅਤੇ ਫਿਰ ਸਾਹਨੇਵਾਲ ਥਾਣੇ ਦੇ ਇੱਕ ਉੱਚ ਅਧਿਕਾਰੀ ਨੇ ਉਹਨਾਂ ਕੋਲੋਂ ਹੀ ਇਸਦੀ ਪੁਸ਼ਟੀ  ਵੀ ਕੀਤੀ ਕਿ ਹਾਂ ਉਹੀ ਚੰਦਰ ਮੋਹਨ ਲਖਨਪਾਲ ਹਨ। 

ਇਸ ਪੁਸ਼ਟੀ ਤੋਂ ਬਾਅਦ ਉਹਨਾਂ ਨੂੰ ਸਮਾਗਮ ਤੋਂ ਇੱਕ ਮਿੰਟ ਲਈ ਬਾਹਰ ਆਉਣ ਵਾਸਤੇ ਕਿਹਾ ਗਿਆ। ਸ਼੍ਰੀ ਲਖਨਪਾਲ ਨੇ ਸੋਚਿਆ ਕਿ ਸ਼ਾਇਦ ਸਪੀਕਰਾਂ ਦੀ ਉੱਚੀ ਆਵਾਜ਼ ਕਰ ਕੇ ਅਜਿਹਾ ਕਿਹਾ ਜਾ ਰਿਹਾ ਹੈ। ਉਹ ਗੱਲ ਮੰਨ ਕੇ ਬਾਹਰ ਆ ਗਏ। ਉਹਨਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਹੇਠਾਂ ਗਰਾਊਂਡ ਫਲੋਰ 'ਤੇ ਲਿਆਂਦਾ ਗਿਆ ਅਤੇ ਉਹਨਾਂ ਨਾਮ ਅਤੇ ਰਿਹਾਇਸ਼ੀ ਥਾਂ ਦੀ ਬੇਲੋੜੀ ਪੁੱਛਗਿੱਛ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ। 

ਇਸ ਤੇ ਕਰਨਲ ਲਖਨਪਾਲ ਨੂੰ ਸ਼ੱਕ ਹੋਇਆ ਤਾਂ ਉਹਨਾਂ ਕਿਹਾ ਕਿ ਮੈਂ ਸਮਾਗਮ ਵਿਚ ਸ਼ਾਮਲ ਹੋਣ ਆਇਆ ਹਾਂ ਇਸ ਲਈ ਮੈਂ ਵਾਪਿਸ ਉਪਰਲੇ ਹਾਲ ਵਿਚ ਜਾਣਾ ਚਾਹੁੰਦਾ ਹਾਂ। ਇਸ ਤੇ ਪੁਲਿਸ ਨੇ ਕਿਹਾ ਕਿ ਤੁਸੀਂ ਸਮਾਗਮ ਵਿਚ ਨਹੀਂ ਜਾ ਸਕਦੇ। ਇਹ ਸਭ ਸੁਣ ਕੇ ਕਰਨਲ ਲਖਨਪਾਲ ਨੇ ਸਮਾਗਮ ਦੇ ਕਰਤਧਰਤਾ ਸਰਦਾਰ ਰਣਜੋਧ ਸਿੰਘ ਨੂੰ ਫੋਨ ਕੀਤਾ -ਉਹਨਾਂ ਕਿਹਾ ਕਿ ਮੈਂ ਹੁਣੇ ਤੁਹਾਨੂੰ ਵਾਪਿਸ ਕਾਲ ਕਰਦਾ ਹਾਂ। 

ਜਦੋਂ ਪੰਜਾਂ ਮਿੰਟਾਂ ਦੀ ਉਡੀਕ ਮਗਰੋਂ ਵੀ ਫੋਨ ਨਾ ਆਇਆ ਤਾਂ ਕਰਨਲ ਲਖਨਪਾਲ ਨੇ ਦੋਬਾਰਾ ਸਰਦਾਰ ਰਣਜੋਧ ਸਿੰਘ ਨੂੰ ਫੋਨ ਕੀਤਾ। ਇਸ ਤੇ ਸਰਦਾਰ ਰਣਜੋਧ ਸਿੰਘ ਨੇ ਕਿਹਾ ਕਿ ਮੈਂ ਏਸੀਪੀ ਨਾਲ ਗੱਲ ਕਰ ਲਈ ਹੈ ਹੁਣੇ ਤੁਹਾਨੂੰ ਕੋਈ ਲੈਣ ਲਈ ਆ ਰਿਹਾ ਹੈ। ਜਦੋਂ ਹੋਰ ਕੁਝ ਮਿੰਟ ਲੰਘ ਗਏ ਤਾਂ ਅਪਮਾਨਿਤ ਮਹਿਸੂਸ ਕਰਦਿਆਂ ਕਰਨਲ ਲਖਨਪਾਲ ਰਾਮਗੜ੍ਹੀਆ ਕਾਲਜ ਤੋਂ ਬਾਹਰ ਆ ਕੇ ਆਪਣੀ ਕਰ ਵਿਚ ਆਪਣੇ ਘਰ ਵੱਲ ਚੱਲ ਪਏ। 

ਇਸ ਬਾਰੇ ਬਹੁਤ ਕੁਝ ਪੀ ਏ ਸੀ ਦੇ ਸਰਗਰਮ ਮੈਂਬਰਾਂ ਜਸਕੀਰਤ ਸਿੰਘ ਇੰਜੀਨੀਅਰ ਅਤੇ ਮਹਿੰਦਰ ਸਿੰਘ ਸੇਖੋਂ ਵਗੈਰਾ  ਨੇ ਕਰੀਬ ਸਾਢੇ ਪੰਜ ਵਜੇ ਸੋਸ਼ਲ ਮੀਡੀਆ 'ਤੇ ਸਭ ਕੁਝ ਜ਼ਾਹਰ ਵੀ ਕਰ ਦਿੱਤਾ ਸੀ। ਉਹਨਾਂ ਨੇ ਹੀ ਮੀਡੀਆ ਨੂੰ ਵੀ ਇਸ ਬਾਰੇ ਵਿਸਥਾਰ ਨਾਲ ਦੱਸਿਆ। 

ਕੀ ਹੁਣ ਸਰਕਾਰ ਅਤੇ ਪ੍ਰਸ਼ਾਸਨ ਸਪਸ਼ਟ ਕਰਨਗੇ ਕਿ ਇੱਕ ਰਿਟਾਇਰਡ ਕਰਨਲ ਅਤੇ ਵਾਤਾਵਰਨ ਪ੍ਰੇਮੀ ਕੋਲੋਂ ਇਸ ਸਮਾਗਮ ਨੂੰ ਜਾਂ ਮੁੱਖ ਮੰਤਰੀ ਨੂੰ ਕੀ ਖਤਰਾ ਸੀ? ਪੁਲਿਸ ਦੀ ਇਸ ਕਾਰਵਾਈ ਨੇ ਪ੍ਰਦੂਸ਼ਣ ਵਿਰੋਧੀ ਮੁਹਿੰਮਾਂ ਬਾਰੇ ਸਰਕਾਰ ਦੀ ਸੋਚ ਅਤੇ ਰਵਈਏ ਬਾਰੇ ਕਈ ਸ਼ੰਕੇ ਖੜੇ ਕਰ ਦਿੱਤੇ ਹਨ। ਪੁਲਿਸ ਦੀ ਇਸ ਕਾਰਵਾਈ ਨਾਲ ਵਾਤਾਵਰਨ ਪ੍ਰੇਮੀਆਂ ਨੂੰ ਬਹੁਤ ਸਦਮਾ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਇਸ ਸੰਗਠਨ ਨਾਲ ਬਹੁਤ ਸਾਰੇ ਲੋਕ ਅਤੇ ਹੋਰ ਸੰਗਠਨ ਜੁੜੇ ਹੋਏ ਹਨ। ਇਹ ਸੰਗਠਨ ਲਗਾਤਾਰ ਸ਼ਾਂਤਮਈ ਢੰਗ ਤਰੀਕੇ ਨਾਲ ਪ੍ਰਦੂਸ਼ਣ ਵਿਰੁੱਧ ਕੋਈ ਨ ਕੋਈ ਮੁਹਿੰਮ ਚਲਾਉਂਦਾ ਰਹਿੰਦਾ ਹੈ। ਮੱਤੇਵਾੜਾ, ਸਤਲੁਜ ਅਤੇ ਬੁੱਢਾ ਦਰਿਆ ਨੂੰ ਬਚਾਉਣ ਲਈ ਵੀ ਇਹ ਕਮੇਟੀ ਲਗਾਤਾਰ ਸਰਗਰਮ ਹੈ। ਜੇ ਅਜਿਹੇ ਸੰਗਠਨਾਂ ਨਾਲ ਵੀ ਪੁਲਿਸ ਦਾ ਇਹ ਰਵਈਆ ਹੈ ਤਾਂ ਪੁਲਿਸ ਰਾਖੀ ਕਿਸਦੀ ਕਰ ਰਹੀ ਹੈ?

ਇਸ ਸੰਬੰਧੀ ਕਰਨਲ ਲਖਨਪਾਲ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨੂੰ ਸੋਹਲ ਮੀਡੀਆ ਤੇ ਵੀ ਇੱਕ ਖੁਲ੍ਹੀ ਚਿਠੀ ਪੋਸਟ ਕੀਤੀ ਹੈ ਜਿਸ ਵਿਚ ਪੁੱਛਿਆ ਗਿਆ ਹੈ ਕਿ ਪੁਲਿਸ ਦੇ ਇਸ ਰਵਈਏ ਦਾ ਆਖਿਰ ਕੀ ਮਕਸਦ ਹੈ? ਇਸਦੇ ਨਾਲ ਹੀ ਕਰਨਲ ਲਖਨਪਾਲ ਨੇ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਫ਼ੰਕਸ਼ਨ ਵਿਚ ਸ਼ਾਮਿਲ ਨਾ ਹੋਣ ਦਾ ਫੈਸਲਾ ਵੀ ਕੀਤਾ ਹੈ।

ਕਰਨਲ ਲਖਨਪਾਲ ਵੱਲੋਂ ਅੰਗਰੇਜ਼ੀ ਵਿੱਚ ਲਿਖੀ ਇਸ ਚਿਠੀ ਦਾ ਪੰਜਾਬੀ ਰੂਪ ਕੁਝ ਇਸ ਤਰ੍ਹਾਂ ਹੈ:

ਸ.ਭਗਵੰਤ ਸਿੰਘ ਮਾਨ,
ਮੁੱਖ ਮੰਤਰੀ ਪੰਜਾਬ,
ਚੰਡੀਗੜ੍ਹ।
ਪਿਆਰੇ ਮੁੱਖ ਮੰਤਰੀ ਸਾਹਿਬ,
1. ਸ਼ੁਭਕਾਮਨਾਵਾਂ ਦੇ ਨਾਲ, ਮੈਂ ਤੁਹਾਨੂੰ ਸੂਚਿਤ ਕਰਨਾ ਚਾਹਾਂਗਾ ਕਿ ਮੈਨੂੰ ਅੱਜ (25 ਅਕਤੂਬਰ 2022) ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਰਾਜ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ।
2. ਮੇਰੇ ਕੋਲ ਇੱਕ ਸੱਦਾ ਪੱਤਰ ਸੀ। ਮੈਨੂੰ ਰਾਮਗੜ੍ਹੀਆ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਸ. ਰਣਜੋਧ ਸਿੰਘ ਜੀ ਨੇ ਇਸ ਸਮਾਗਮ ਲਈ ਸੱਦਾ ਦਿੱਤਾ ਸੀ।
3. ਮੈਨੂੰ ਮੇਰੇ ਦੋਸਤਾਂ ਦੇ ਨਾਲ ਸਾਰੀ ਚੈਕਿੰਗ ਦੇ ਨਾਲ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲ ਦੇ ਅੰਦਰ ਬੈਠੇ ਹੋਏ, ਮੇਰੇ ਕੋਲ ਸੀ.ਆਈ.ਡੀ. ਦੇ ਕਰਮਚਾਰੀ ਅਤੇ ਥਾਣਾ ਸਾਹਨੇਵਾਲ, ਇੰਸਪੈਕਟਰ ਸ. ਕੁਲਵੰਤ ਸਿੰਘ ਜੀ ਨੇ ਦੋ ਵਾਰ ਸੰਪਰਕ ਕੀਤਾ। ਦੂਜੀ ਵਾਰ ਆਉਣ ਤੋਂ ਬਾਅਦ ਇੰਸਪੈਕਟਰ ਕੁਲਵੰਤ ਸਿੰਘ ਜੀ ਨੇ ਮੈਨੂੰ ਆਪਣੇ ਨਾਲ ਬਾਹਰ ਜਾਣ ਲਈ ਬੇਨਤੀ ਕੀਤੀ। ਇਸ ਲਈ ਮੈਂ ਕੀਤਾ. ਬਾਹਰ ਜਾਣ ਤੋਂ ਬਾਅਦ, ਮੈਂ ਉਸ ਦੀ ਅਤੇ ਸਿਵਲ ਡਰੈੱਸ ਵਿਚ ਕੁਝ ਹੋਰ ਪੁਲਿਸ ਕਰਮਚਾਰੀਆਂ ਦੁਆਰਾ ਜਾਂਚ ਕੀਤੀ ਗਈ। ਮੈਨੂੰ ਦੱਸਿਆ ਗਿਆ ਕਿ ਮੈਂ ਉਕਤ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਾਂਗਾ। ਮੈਂ ਸ: ਰਣਜੋਧ ਸਿੰਘ ਜੀ ਅਤੇ ਮੇਰੇ ਦੋਸਤਾਂ ਨੂੰ ਹਾਲ ਦੇ ਅੰਦਰ ਬੈਠੇ ਮੋਬਾਈਲ 'ਤੇ ਸੂਚਨਾ ਦਿੱਤੀ ਅਤੇ ਉੱਥੋਂ ਚਲੇ ਗਏ।
4. ਉਕਤ ਪੁਲਿਸ ਮੁਲਾਜ਼ਮਾਂ ਨੇ ਮੇਰਾ ਰਿਹਾਇਸ਼ੀ ਪਤਾ ਅਤੇ ਸੰਪਰਕ ਨੰਬਰ ਵੀ ਨੋਟ ਕਰ ਲਿਆ ਹੈ। ਵੈਸੇ ਵੀ ਪੁਲਿਸ ਮੁਲਾਜ਼ਮਾਂ ਦਾ ਵਤੀਰਾ ਸਮਝ ਨਹੀਂ ਆ ਰਿਹਾ ਸੀ। ਅਜਿਹੀ ਕਾਰਵਾਈ ਕਿਉਂ ਕੀਤੀ ਗਈ? ਕਿਸ ਦੇ ਇਸ਼ਾਰੇ 'ਤੇ, ਇਹ ਕੀਤਾ ਗਿਆ ਸੀ, ਅਜੇ ਵੀ ਭੰਬਲਭੂਸਾ ਹੈ?
5. ਇਸ ਤੋਂ ਬਾਅਦ, ਮੈਂ ਭਵਿੱਖ ਵਿੱਚ ਕਿਸੇ ਵੀ ਸਟੇਟ ਫੰਕਸ਼ਨ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਅਜਿਹੀ ਕਠੋਰ ਅਤੇ ਅਪਮਾਨਜਨਕ ਪਹੁੰਚ ਤੋਂ ਦੁਖੀ !!! ਤੁਹਾਡਾ ਧੰਨਵਾਦ.
ਸ਼ੁਭਕਾਮਨਾਵਾਂ ਨਾਲ.
ਦਿਲੋਂ ਤੁਹਾਡਾ,
ਕਰਨਲ ਸੀ.ਐਮ ਲਖਨਪਾਲ
ਮੈਂਬਰ ਪੀ.ਏ.ਸੀ
"ਸੰਘਰਸ਼"
ਲੁਧਿਆਣਾ।
94171 38044 ਹੈ।

ਹੁਣ ਦੇਖਣਾ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਕਿਹੜੇ ਕਦਮ ਉਠਾ ਕੇ ਵਾਤਾਵਰਣ ਪ੍ਰੇਮੀਆਂ ਅਤੇ ਕਾਰਕੁੰਨਾਂ ਦੇ ਰੋਸ ਨੂੰ ਦੂਰ ਕਰਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: