Friday 9th September 2022 at 5:21 PM | |
ਨਾਮਧਾਰੀਆਂ ਨੇ ਰਚਿਆ ਸੀ ਬ੍ਰਿਟਿਸ਼ ਜ਼ੁਲਮ ਦੇ ਖਿਲਾਫ ਇਤਿਹਾਸ
ਜਲੰਧਰ//ਅੰਮ੍ਰਿਤਸਰ: 9 ਸਤੰਬਰ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::
ਆਜ਼ਾਦੀ ਸੰਗਰਾਮ ਵਿੱਚ ਕੁਰਬਾਨ ਹੋਣ ਵਾਲਿਆਂ ਦੀ ਸਹੀ ਗਿਣਤੀ ਕਦੇ ਪਤਾ ਲੱਗ ਹੀ ਨਹੀਂ ਸਕਦੀ। ਇਹ ਗਿਣਤੀ ਹੀ ਅਣਗਿਣਤ ਹੈ। ਗੁਮਨਾਮ ਸ਼ਹੀਦਾਂ ਦੀ ਲੜੀ ਵੀ ਬਹੁਤ ਲੰਮੀ ਹੈ। ਇਸ ਦੇ ਬਾਵਜੂਦ ਜਿਹਨਾਂ ਸ਼ਹੀਦਾਂ ਦਾ ਪਤਾ ਲਾਇਆ ਜਾ ਸਕਿਆ ਉਹਨਾਂ ਵਿੱਚ ਨਾਮਧਾਰੀ ਸ਼ਹੀਦਾਂ ਦਾ ਨਾਮ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ। ਅਸਲ ਵਿੱਚ ਅੰਗਰੇਜ਼ਾਂ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਦਿਆਂ ਵੱਖ-ਵੱਖ ਥਾਈਂ ਬੁੱਚੜਖਾਨੇ ਖੋਲ੍ਹਣੇ ਸ਼ੁਰੂ ਕੀਤੇ।
ਇੱਕ ਬੁੱਚੜਖਾਨਾ ਦਰਬਾਰ ਸਾਹਿਬ ਦੇ ਨੇੜੇ ਵੀ ਸੀ। ਇਥੋਂ ਖੂਨ ਮਾਸ ਦੇ ਲੋਥੜੇ ਅਤੇ ਹੱਡੀਆਂ ਇੱਲਾਂ ਅਤੇ ਕਾਂਵਾਂ ਵਰਗੇ ਪਨੱਚੀ ਚੁੱਕ ਲਿਜਾਂਦੇ ਅਤੇ ਸਰੋਵਰ ਦੇ ਨੇੜੇ ਤੇੜੇ ਆਲੇ ਦੁਆਲੇ ਲੱਗੇ ਦਰਖਤਾਂ ਤੇ ਬੈਠ ਕੇ ਖਾਂਦੇ। ਇਹਨਾਂ ਪਂਛਹਿਆਂ ਕੋਲੋਂ ਏਧਰ ਓਧਰ ਜਾਂਦਿਆਂ ਮਾਸ ਦੇ ਇਹ ਖੂਨ ਨਾਲ ਲਿੱਬੜੇ ਟੁਕੜੇ ਅਤੇ ਹੱਡੀਆਂ ਸ੍ਰੀ ਹਰਿ ਮੰਦਿਰ ਸਾਹਿਬ ਦੀ ਪਰਿਕ੍ਰਮਾ ਵਿੱਚ ਵੀ ਡਿੱਗਦੇ ਅਤੇ ਸਰੋਵਰ ਵਿੱਚ ਵੀ। ਕਿਸੇ ਨਾਮਧਾਰੀ ਸਿੰਘ ਨੇ ਜਦੋਂ ਅੰਦਰ ਦਾ ਇਹ ਹਾਲ ਦੇਖਿਆ ਤਾਂ ਉਸਨੇ ਉਸ ਵੇਲੇ ਦੇ ਪ੍ਰਬੰਧਕਾਂ ਨੂੰ ਇਹ ਸਭ ਦਿਖਾਉਣ ਲਈ ਸ਼ਿਕਾਇਤ ਕੀਤੇ। ਉਹਨਾਂ ਨੇ ਉਸ ਸ਼ਿਕਾਇਤ ਕਰਤਾ ਨਾਮਧਾਰੀ ਸਿੰਘ ਨੂੰ ਹੀ ਪੁਲਿਸ ਕੋਲ ਫੜਾ ਦਿੱਤਾ ਜਿਥੇ ਉਸਨੂੰ ਅਦਾਲਤ ਸਾਢੇ ਤਿੰਨ ਸਾਲ ਦੀ ਕੈਦ ਵਾਲੀ ਸਜ਼ਾ ਵੀ ਹੋਈ।
ਇਤਿਹਾਸ ਅਨੁਸਾਰ ਇਹ ਪਹਿਲਾ ਬੁੱਚੜਖਾਨਾ ਅੰਮ੍ਰਿਤਸਰ ਵਿਖੇ ਖੋਲ੍ਹਿਆ ਗਿਆ। ਮਤਲਬ ਸੀ ਕਿ ਰੋਹ ਵਿਚ ਆਏ ਹਿੰਦੂ ਅਤੇ ਸਿੱਖ ਗਊਆਂ ਵੱਢਣ ਵਾਲੇ ਮੁਸਲਮਾਨਾਂ ਦੇ ਗੱਲ ਪੈਣਗੇ। ਗਲੀਂ ਬਾਜ਼ਾਰਾਂ ਵਿਚ ਇਸ ਮੀਟ ਦੀਆਂ ਰੇਹੜੀਆਂ ਵੀ ਖੜੋਣ ਲੱਗ ਪਈਆਂ। ਸੰਗਤਾਂ ਖੂਨ ਦੇ ਹੰਝੂ ਰੋਂਦਿਆਂ ਸਨ ਪਰ ਕੌਣ ਕਿਸਨੂੰ ਆਖੇ? ਆਮ ਲੋਕਾਂ ਨੂੰ ਉਮੀਦ ਸੀ ਸ਼ਾਇਦ ਕੋਈ ਕ੍ਰਿਸ਼ਮਾ ਹੋਵੇ। ਸ਼ਾਇਦ ਕੋਈ ਭਾਣਾ ਵਾਪਰੇ। ਉਸ ਵੇਲੇ ਚੰਡੀ ਦੀ ਲਿਸ਼ਕ ਹੀ ਚਮਤਕਾਰ ਬਣ ਕੇ ਸਾਹਮਣੇ ਆਈ।
ਰੋਹ ’ਚ ਆਏ ਨਾਮਧਾਰੀ ਸਿੰਘਾਂ ਨੇ 14 ਜੂਨ ਦੀ ਰਾਤ ਨੂੰ ਬੁੱਚੜਖਾਨੇ ’ਤੇ ਹਮਲਾ ਕਰ ਕੇ 4 ਬੁੱਚੜ ਮਾਰ ਦਿੱਤੇ ਤੇ 3 ਬੁੱਚੜ ਇਸ ਹਮਲੇ ’ਚ ਜ਼ਖ਼ਮੀ ਹੋ ਗਏ। ਇਸ ਦੇ ਬਦਲੇ ’ਚ ਅੰਗਰੇਜ਼ ਹਕੂਮਤ ਨੇ ਨਾਮਧਾਰੀ ਸਿੰਘ ਭਾਈ ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿੰਘ ਭਾਟੜਾ ਨੂੰ 15 ਸਤੰਬਰ 1871 ਨੂੰ ਫਾਂਸੀ ਦੀ ਸਜ਼ਾ ਦਿੱਤੀ ਤੇ ਕੁਝ ਨਾਮਧਾਰੀ ਸਿੰਘਾਂ ਨੂੰ ਕਾਲੇ ਪਾਣੀ ਦੀ ਸਖ਼ਤ ਸਜ਼ਾ ਦਿੱਤੀ ਗਈ। ਇਸ ਘਟਨਾ ਤੋਂ ਮਗਰੋਂ ਅੰਗਰੇਜ਼ ਹਕੂਮਤ ਬੜੀ ਬੁਰੀ ਤਰ੍ਹਾਂ ਘਬਰਾ ਗਈ।ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਖੋਹਲੇ ਗਏ ਬੁੱਚੜਖਾਨਿਆਂ ਤੋਂ ਸਭ ਤੋਂ ਪਹਿਲਾਂ ਨਾਮਧਾਰੀ ਰੋਹ ਵਿਚ ਆਏ। ਹਾਲਾਤ ਨਾਜ਼ੁਕ ਸਨ ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਸਰਕਾਰੀ ਹੱਥਾਂ ਵਿੱਚ ਸੀ। ਇਸ ਲਈ ਸਮੇਂ ਦੀ ਨਜ਼ਾਕਤ ਮੁਤਾਬਿਕ ਨਾਮਧਾਰੀਆਂ ਨੇ ਆਪ ਹੀ ਫੈਸਲਾ ਕਰਨਾ ਸੀ। ਸੋ ਬੁੱਚੜਾਂ ਨੂੰ ਸੋਧਣ ਦਾ ਫੈਸਲਾ ਹੀ ਲਿਆ ਗਿਆ। ਦਰਬਾਰ ਸਾਹਿਬ ਨੇੜੇ ਬੁੱਚੜਖਾਨਾ ਚਲਾਉਣ ਵਾਲਿਆਂ ਨੂੰ ਅਚਾਨਕ ਹਮਲਾ ਕਰ ਕੇ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਗਊਆਂ ਨੂੰ ਰੱਸੇ ਖੋਹਲ ਕੇ ਖੁਲ੍ਹ ਛੱਡ ਦਿੱਤਾ ਗਿਆ। ਉਹ ਧਰਮ ਨੂੰ ਪਿਆਰ ਕਾਰਨ ਵਾਲੇ ਨਾਮਧਾਰੀ ਸਨ।
ਦੇਸ਼ ਦੀ ਆਜ਼ਾਦੀ ਅਤੇ ਸ੍ਰੀ ਹਰਮੰਦਿਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਨਾਮਧਾਰੀ ਸਿੰਘਾਂ ਨੇ ਬੇਮਿਸਾਲ ਸਹਾਦਤਾਂ ਦਿੱਤੀਆਂ। ਚਾਰ ਸਿੰਘਾਂ : ਸੰਤ ਲਹਿਣਾ ਸਿੰਘ ਜੀ, ਸੰਤ ਬੀਹਲਾ ਸਿੰਘ ਜੀ, ਸੰਤ ਫ਼ਤਹਿ ਸਿੰਘ ਜੀ ਅਤੇ ਸੰਤ ਹਾਕਿਮ ਸਿੰਘ ਜੀ ਨੂੰ 15 ਸਤੰਬਰ 1871 ਈ. ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਉੱਤੇ ਸ੍ਰੀ ਹਰਮੰਦਿਰ ਸਾਹਿਬ ਕੋਲ ਰਾਮ ਬਾਗ ਦੀ ਬੋਹੜ ਦੇ ਨਾਲ ਅੰਗਰੇਜ਼ਾਂ ਨੇ ਫਾਂਸੀ ਦੀ ਸਜ਼ਾ ਦੇਣਾ ਨਿਯਤ ਕੀਤਾ। ਜਿੱਥੇ ਇਹ ਸਿੰਘ ਆਪ ਆਪਣੇ ਗਲੇ ਵਿਚ ਫਾਂਸੀ ਦੇ ਫੰਦੇ ਪਾ ਕੇ ਦੇਸ਼ ਧਰਮ ਦੀ ਖਾਤਿਰ ਹਸਦੇ ਹਸਦੇ ਸ਼ਹੀਦ ਹੋ ਗਏ ਸੀ। ਉਹਨਾਂ ਦੀ ਯਾਦ ਵਿਚ ਮਹਾਨ ਸਮਾਗਮ ਪਿੰਡ ਜੱਜੇ ਮੋੜੇ ਕਲਾਂ (ਜ਼ਿਲ੍ਹਾ ਅੰਮ੍ਰਿਤਸਰ) ਜਿੱਥੇ ਉਹਨਾਂ ਦਾ ਸਸਕਾਰ ਹੋਇਆ ਸੀ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ।
ਇਸ ਮੇਲੇ ਦੇ ਮੁੱਖ ਪ੍ਰਬੰਧਕਾਂ ਪ੍ਰਿਤਪਾਲ ਸਿੰਘ, ਲਾਲ ਸਿੰਘ ਅਤੇ ਗੁਰਦੀਪ ਸਿੰਘ ਰਿੰਕੂ ਨੇ ਦੱਸਿਆ ਕਿ ਇਹ ਸਮਾਗਮ ਨਾਮਧਾਰੀ ਗੁਰੂ, ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਅਗਵਾਈ ਵਿਚ ਹੋਵੇਗਾ। ਸ਼ਹੀਦਾਂ ਦੀ ਯਾਦ ਵਿਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦੀਵਾਨ ਸਜਣਗੇ, ਪੰਥ ਦੇ ਪ੍ਰਮੁੱਖ ਕੀਰਤਨੀ ਜਥੇ, ਕਥਾਵਾਚਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ ਅਤੇ ਉਹਨਾਂ ਸਾਰੀ ਸੰਗਤ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ ਹੈ।
ਸੋ 15 ਸਤੰਬਰ 1871 ਅੰਮ੍ਰਿਤਸਰ ਦੇ ਨਾਮਧਾਰੀ ਸ਼ਹੀਦਾਂ ਨੂੰ ਇਸ ਵਾਰ ਵੀ ਉਹਨਾਂ ਸਭਨਾਂ ਨੇ ਯਾਦ ਕਰਨਾ ਹੈ ਜਿਹਨਾਂ ਦੇ ਦਿਲਾਂ ਅੰਦਰ ਧਰਮ ਕਰਮ ਵਾਲੀ ਸ਼ਮਾ ਜਲ ਰਹੀ ਹੈ। ਇਸ ਵਾਰ ਵੀ ਮੇਲੇ ਲੱਗਣੇ ਹਨ। ਇਸ ਵਾਰ ਵੀ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਣੇ ਹਨ। ਤੁਸੀਂ ਵੀ ਸਾਰੇ ਆਇਓ। ਰਲ ਮਿਲ ਕੇ ਆਇਓ। ਉਹਨਾਂ ਸਾਡੀਆਂ ਆਜ਼ਾਦੀਆਂ ਲਈ ਜਾਂ ਵਾਰੀ ਸੀ ਉਹਨਾਂ ਨੂੰ ਯਾਦ ਕਰਨਾ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ।
ਨਿਰੰਤਰ ਸਮਾਜਿਕ ਚੇਤਨਾ ਅਤੇ ਜਨਹਿੱਤ ਨੂੰ ਸਮਰਪਿਤ ਬਲਾੱਗ ਮੀਡੀਆ ਨੂੰ ਚੱਲਦੇ ਰੱਖਣਾ ਤੁਹਾਡਾ ਸਭਨਾਂ ਦਾ ਵੀ ਫਰਜ਼ ਹੈ। ਇਸ ਲਈ ਇਸ ਨੂੰ ਸਹਿਯੋਗ ਅਤੇ ਸਹਾਇਤਾ ਦਾ ਨੇਮ ਹਰ ਰੋਜ਼ ਨਹੀਂ ਤਾਂ ਹਰ ਹਫਤੇ ਬਣਾਓ, ਹਰ ਹਫਤੇ ਨਹੀਂ ਤਾਂ ਪੰਦਰਾਂ ਦਿਨਾਂ ਬਾਅਦ ਬਣਾਓ ਜਾਂ ਫਿਰ ਮਹੀਨੇ ਮਗਰੋਂ। ਤੁਸੀਂ ਸਾਲ ਲਈ ਜਾਂ ਪੰਜਾਂ ਸਾਲਾਂ ਲਈ ਵੀ ਆਪਣਾ ਸਹਿਯੋਗ ਦੇ ਸਕਦੇ ਹੋ। ਹੇਠਾਂ ਦਿੱਤੇ ਗਏ ਬਟਨ ਨੂੰ ਦਬਾ ਕੇ ਤੁਸੀਂ ਆਸਾਨੀ ਨਾਲ ਇਹ ਸਹਿਯੋਗ ਸਹਾਇਤਾ ਸਾਡੇ ਤੱਕ ਪਹੁੰਚਾ ਸਕਦੇ ਹੋ।
No comments:
Post a Comment