Thursday, September 08, 2022

ਸਮਾਜ ਨੂੰ ਬਦਲਣ ਲਈ ਫਿਰ ਨਿੱਤਰੀ ਸ਼ਬਦੀਸ਼ ਜੋੜੀ

Friday 8th September 2022 at 07:26 PM

ਨੂੰ ਹਥਿਆਰ ਬਣਾ ਕੇ ਲੜੀ ਜਾ ਰਹੀ ਹੈ ਇਤਿਹਾਸਿਕ ਸ਼ਾਂਤਮਈ  ਜੰਗ 

*ਅਦਾਕਾਰੀ ਸਿੱਖ ਰਹੇ ਕਲਾਕਾਰਾਂਹੀ ਕਰਦੇ ਨੇ ਨੁੱਕੜ ਨਾਟਕ ਦੇ ਸ਼ੋਅ 

*ਪ੍ਰਿੰਸੀਪਲ ਜਸਮੀਤ ਕੌਰ ਤੇ ਕੌਂਸਲਰ ਬਲਜੀਤ ਕੌਰ ਨੇ ਵੀ ਦਿੱਤੀ ਟੀਮ ਨੂੰ ਹੱਲਾਸ਼ੇਰੀ 

*ਚੁਣੇ ਹੋਏ ਦਰਸ਼ਕ ਆ ਕੇ ਦੇਖਦੇ ਹਨ ਨਾਟਕ 

*ਰਚਿਆ ਜਾ ਰਿਹਾ ਹੈ ਸਿਹਤਮੰਦ ਬਦਲਾਓ ਦਾ ਇੱਕ ਇਤਿਹਾਸ 

ਮੋਹਾਲੀ: 8 ਸਤੰਬਰ 2022: (ਗੁਰਜੀਤ ਬਿੱਲਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜਦੋਂ ਸਮਾਜ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ। ਸਮਾਜਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਵਿਆਹ ਲਈ ਕੁੜੀ ਮੁੰਡਾ ਦੇਖਣ ਵੇਲੇ ਇਹ ਪੁੱਛਿਆ ਜਾਂਦਾ ਹੈ ਕਿ ਉੱਪਰੋਂ ਕਿੰਨੀ ਕਮਾਈ ਹੁੰਦੀ ਹੈ ਤਾਂ ਅੰਦਾਜ਼ਾ ਲਾਉਣਾ ਔਖਾ ਕੋਈ ਨਹੀਂ ਕਿ ਸਮਾਜ ਕਿੰਨਾ ਗਰਕ ਚੁੱਕਿਆ ਹੈ।ਇਸ ਗਰਕ ਚੁੱਕੇ ਸਮਾਜ ਵਿੱਚ ਚੋਰੀਆਂ, ਡਾਕੇ, ਲੁੱਟਾਂਖੋਹਾਂ, ਹੇਰਾਫੇਰੀਆਂ, ਰੇਪ ਅਤੇ ਸਕੈਂਡਲ ਹੀ ਸਾਹਮਣੇ ਆਉਂਦੇ ਹਨ। ਇਸ ਗਰਕ ਚੁੱਕੇ ਸਮਾਜ ਸਾਹਮਣੇ ਜਦੋਂ ਸਰਕਾਰਾਂ ਅਤੇ ਧਾਰਮਿਕ/ਸਮਾਜਿਕ ਸੰਥਾਵਾਂ ਵੀ ਨਾਕਾਮ ਸਾਬਿਤ ਹੋ ਚੁੱਕੀਆਂ ਹਨ ਉਦੋਂ ਸ਼ਬਦੀਸ਼ ਅਤੇ ਅਨੀਤਾ ਸ਼ਬਦੀਸ਼ ਦੀ ਰੰਗਮੰਚ ਵਾਲੀ ਜੋੜੀ ਆਪਣੇ ਸੀਮਿਤ ਜਹੇ
ਸਾਧਨਾਂ ਨਾਲ ਕ੍ਰਾਂਤੀ ਦੀ ਇੱਕ ਮਸ਼ਾਲ ਲੈ ਕੇ ਮੈਦਾਨ ਵਿਚ ਹੈ। ਇਹ ਕ੍ਰਾਂਤੀ ਕੋਈ ਸਿਆਸੀ ਕ੍ਰਾਂਤੀ ਨਹੀਂ, ਕਿਸੇ ਝੰਡੇ ਵਿਸ਼ੇਸ਼ ਦੀ ਕ੍ਰਾਂਤੀ ਨਹੀਂ ਬਲਕਿ ਦਿਲਾਂ ਅਤੇ ਦਿਮਾਗਾਂ ਵਿਚ ਪਰਿਵਰਤਨ ਲਿਆਉਣ ਵਾਲੀ ਕ੍ਰਾਂਤੀ ਹੈ। ਇਸ ਕ੍ਰਾਂਤੀ ਦੇ ਸਿਪਾਹੀਆਂ ਵਿੱਚ ਅਦਾਕਾਰੀ ਸਿੱਖਣ ਵਾਲੇ ਮੁੰਡੇ ਕੁੜੀਆਂ, ਨਵਾਂ ਨਵਾਂ ਲਿਖਣ ਵਾਲੇ ਕਲਮਕਾਰ ਅਤੇ ਸੰਗੀਤ ਨਾਲ ਜੁੜੇ ਕੁਝ ਲੋਕ ਅਤੇ ਇਹਨਾਂ ਦੀ ਮੁਖੀ ਹੈ ਸ਼ਬਦੀਸ਼ ਜੋੜੀ। 

ਅਨੀਤਾ ਸ਼ਬਦੀਸ਼ ਦੇ ਨਿਰਦੇਸ਼ਨ ਹੇਠ ਅਦਾਕਾਰੀ ਦੇ ਗੁਰ ਸਿੱਖ ਰਹੇ ਕਲਾਕਾਰਾਂ ਨੇ ਅੱਜ ਪੈਰਾਗੌਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਅਤੇ ਫੇਜ਼-5 ਦੇ ਰਿਹਾਇਸ਼ੀ ਖੇਤਰ ਦੇ ਰਾਮ ਲੀਲਾ ਪਾਰਕ ਵਿੱਚ ‘ਝੱਲੀ ਕਿੱਥੇ ਜਾਵੇ’ ਨੁੱਕੜ ਨਾਟਕ ਦੇ ਸ਼ੋਅ ਕੀਤੇ। ਇਹ ਨਾਟਕ ਪਾਕਿਸਤਾਨੀ ਪੰਜਾਬ ਦੇ ਨਾਟਕਕਾਰ ਸ਼ਾਹਿਦ ਨਦੀਮ ਦੀ ਰਚਨਾ ਹੈ, ਜਿਹੜੀ ਭਾਰਤੀ ਪੰਜਾਬ ਦੀਆਂ ਤਲਖ ਹਕੀਕਤਾਂ ਨਾਲ ਜੁੜਦਾ ਹੈ।  

ਇਹ ਨਾਟਕ ਸੁਚੇਤਕ ਸਕੂਲ ਆਫ਼ ਐਕਟਿੰਗ ਵਿੱਚ ਅਦਾਕਾਰੀ ਸਿੱਖ ਰਹੇ ਭਵਿੱਖ ਦੇ ਕਲਾਕਾਰਾਂ ਵੱਲੋਂ ਕੀਤਾ ਗਿਆ। ਇਸ ਨਾਟਕ ਦੀ ਕਹਾਣੀ ਇੱਕ ਐਸੇ ਪਰਿਵਾਰ ਨਾਲ ਸਬੰਧਤ ਹੈ, ਜਿਸਦਾ ਨੌਜਵਾਨ ਪਤੀ ਸੁਹਾਗ ਰਾਤ ਤੋਂ ਅਗਲੇ ਦਿਨ ਹੀ ਰੋਟੀ-ਰੋਜ਼ੀ ਦੀਆਂ ਲੋੜਾਂ ਲਈ ਦੁਬੱਈ ਚਲਾ ਜਾਂਦਾ ਹੈ ਅਤੇ ਉਸਦੀ ਨਵ-ਵਿਆਹੀ ਪਤਨੀ ਸਾਲਾਂ ਤੱਕ ਇੰਤਜ਼ਾਰ ਕਰਦੀ ਹੋਈ ਆਪਣਾ ਮਾਨਸਕ ਤਵਾਜ਼ਨ ਗਵਾ ਬੈਠਦੀ ਹੈ। 

ਇਹ ਇਸ ਨਾਟਕ ਦਾ ਦਿਲਚਸਪ ਪੱਖ ਹੈ ਕਿ ਘਰ ਦੇ ਸਾਰੇ ਜੀਅ ਬਾਹਰੋਂ ਆਏ ਤੋਹਫ਼ੇ ਤਾਂ ਗਲੀਆਂ-ਬਾਜ਼ਾਰਾਂ ਵਿੱਚ ਜਾ ਕੇ ਵਿਖਾ ਰਹੇ ਹਨ, ਪਰ ਘਰ ’ਚ ਕੋਈ ਵੀ ਨਹੀਂ ਹੈ, ਜੋ ਪਤਨੀ ਨੂੰ ਪਤੀ ਦਾ ਭੇਜਿਆ ਖ਼ਤ ਵੀ ਸੁਣਾ ਦੇਵੇ, ਹਾਲਾਂਕਿ ਉਹਦਾ ਦਿਉਰ ਕਾਲਜ ਪੜ੍ਹਦਾ ਹੈ ਤੇ ਨਣਾਨ ਵੀ ਪੜ੍ਹੀ-ਲਿਖੀ ਹੈ। ਉਹਦਾ ਸੱਸ-ਸਹੁਰਾ ਵੀ ਪਿੰਡ ਵਿੱਚ ਟੌਹਰ ਬਣਾਉਂਦੀਆਂ ਚੀਜ਼ਾਂ ਹੀ ਮੰਗਵਾ ਰਹੇ ਹਨ। ਇੱਕ ਵਾਰ ਪੁੱਤਰ ਘਰ ਆ ਜਾਂਦਾ ਹੈ ਤਾਂ ਸਾਰਾ ਟੱਬਰ ਉਹਨੂੰ ਵਾਪਸ ਭੇਜ ਕੇ ਹੀ ਦਮ ਲੈਂਦਾ ਹੈ। ਉਹਦੇ ਜਾਣ ਬਾਅਦ ਗਰਭਵਤੀ ਪਤਨੀ ਦੇ ਪੇਟ ਵਿਚਲੀ ਧੀ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ। ਪਤੀ ਦੇ ਵਿਯੋਗ ਵਿੱਚ ਪਰੇਸ਼ਾਨ ਮੁਟਿਆਰ ਧੀ ਦੇ ਕਤਲ ਬਾਅਦ ਝੱਲ-ਵਲੱਲੀਆਂ ਮਾਰਨ ਲਗਦੀ ਹੈ। ਉਸਦੇ ਮਾਨਸਕ ਰੋਗ ਦਾ ਇਲਾਜ਼ ਕਰਵਾਏ ਜਾਣ ਦੀ ਥਾਂ ਪੀਰਾਂ-ਬਾਬਿਆਂ ਕੋਲ ਲਿਜਾਇਆ ਜਾਂਦਾ ਹੈ, ਜਿਨ੍ਹਾਂ ਦੀ ਅੰਨ੍ਹੀ ਲਾਲਸਾ ਉਸਨੂੰ ਸੱਚ-ਮੁੱਚ ਝੱਲੀ ਬਣਾ ਦਿੰਦੀ ਹੈ। ਇਨ੍ਹਾਂ ਹਾਲਾਤ ਵਿੱਚ ਵੀ ਸਹੀ ਇਲਾਜ਼ ਦੀ ਥਾਂ ’ਤੇ ਪਾਗਲਖਾਨੇ ਭੇਜ ਦਿੱਤਾ ਜਾਂਦਾ ਹੈ। 

ਇਹ ਨਾਟਕ ਸਾਡੇ ਸਮਾਜ ਦੀਆਂ ਲਾਲਸਾਵਾਂ ਤੇ ਵਹਿਮਾਂ-ਭਰਮਾਂ ਦਾ ਪਰਦਾਫਾਸ਼ ਕਰਦਾ ਹੈ। ਇਸ ਵਿੱਚ ਸਾਗਰ ਸ਼ਰਮਾ, ਭਰਤ ਸ਼ਰਮਾ, ਅਮ੍ਰਿਤਾ ਸੇਠੀ, ਹਰਜਾਪ, ਆਂਸ਼ੁਲ, ਚਹਿਕ ਤੇ ਗੁਰਦੀਪ ਸਿੰਘ ਕਲਾਕਾਰਾਂ ਨੇ ਅਦਾਕਾਰੀ ਕੀਤੀ। ਉਨ੍ਹਾਂ ਨੇ ਇਸ ਤਰ੍ਹਾਂ ਆਮ ਦਰਸ਼ਕ ਤੱਕ ਲਿਜਾਣ ਲਈ ਅਨੀਤਾ ਸ਼ਬਦੀਸ਼ ਦਾ ਧੰਨਵਾਦ ਵੀ ਕੀਤਾ।

ਇਸਦਾ ਸ਼ੋਅ ਹੋਣ ਵੇਲ਼ੇ ਪੈਰਾਗੌਨ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜਸਮੀਤ ਕੌਰ ਆਪਣੇ ਪੂਰੇ ਸਟਾਫ਼ ਨਾਲ ਹਾਜ਼ਰ ਸਨ। ਉਨ੍ਹਾਂ ਨੇ ਇਹ ਨਾਟਕ ਵਿਖਾਏ ਜਾਣ ਲਈ ਅਨੀਤਾ ਸ਼ਬਦੀਸ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦਾ ਸੰਦੇਸ਼ ਦੇਣ ਵਾਲੇ ਨਾਟਕ ਹੀ ਸੋਸ਼ਲ ਮੀਡੀਆ ਦੇ ਸ਼ਿਕਾਰ ਬੱਚਿਆਂ ਨੂੰ ਸਹੀ ਸੇਧ ਦੇ ਸਕਦੇ ਹਨ। ਇਸੇ ਤਰ੍ਹਾਂ ਫੇਜ਼-5 ਦੇ ਸ਼ੋਅ ਦੌਰਾਨ ਕੌਂਸਲਰ ਸ਼੍ਰੀਮਤੀ ਬਲਜੀਤ ਕੌਰ ਨੇ ਕਿਹਾ ਕਿ ਨੁੱਕੜ ਨਾਟਕ ਤਾਂ ਹਰ ਸ਼ਹਿਰ ਤੇ ਪਿੰਡ ਦੇ ਲੋਕਾਂ ਤੱਕ ਜਾਣਾ ਚਾਹੀਦਾ ਹੈ।  

ਤੁਸੀਂ ਵੀ ਇਸ  ਮੁਹਿੰਮ ਨਾਲ ਜਾਂਕ੍ਰਾਂਤੀ ਦਾ ਮਿਸ਼ਨ ਲੈ ਕੇ ਤੁਰੀ ਹੋਈ ਇਸ ਸ਼ਬਦੀਸ਼ ਜੋੜੀ ਨਾਲ ਜੁੜਨਾ ਚਾਹੋ ਤਾਂ ਸੰਪਰਕ ਕਰ ਸਕਦੇ ਹੋ ਸ਼ਬਦੀਸ਼ ਜੀ ਨਾਲ ਉਹਨਾਂ ਦੇ ਮੋਬਾਈਲ ਨੰਬਰ +91 98148 03773 ਨੂੰ ਡਾਇਲ ਕਰਕੇ ਜਾਂ ਵਟਸਪ ਵਾਲਾ ਸੁਨੇਹਾ ਭੇਜ ਕੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: