Friday, August 05, 2022

ਇੱਕ ਮਹਾਨ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ; ਸ੍ਰੀ ਠਾਕੁਰ ਦਲੀਪ ਸਿੰਘ ਜੀ

5th August 2022 at 4:06 PM

   ਰਾਜਪਾਲ ਕੌਰ ਜਲੰਧਰ ਵੱਲੋਂ ਨਾਮਧਾਰੀ ਸਤਿਗੁਰੂ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼  


ਜਲੰਧਰ
: 5 ਅਗਸਤ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::
ਲੇਖਿਕਾ ਰਾਜਪਾਲ ਕੌਰ 
ਨਾਮਧਾਰੀ ਪੰਥ ਦੇ ਵਰਤਮਾਨ ਮੁਖੀ
ਅਤੇ ਰਹਿਬਰ ਸ੍ਰੀ ਠਾਕੁਰ ਦਲੀਪ ਸਿੰਘ ਜੀ ਇੱਕ ਮਹਾਨ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ। ਆਪ ਜੀ ਦੀ ਸੁੰਦਰ ਸਲੋਨੀ ਛਵੀ, ਲੰਬੀ-ਉੱਚੀ, ਚੁਸਤ-ਦਰੁਸਤ ਕਾਇਆ, ਨਿਰਾਲੀ ਚਾਲ ਸਹਿਜੇ ਹੀ ਸਭ ਦਾ ਮਨ ਮੋਹ ਲੈਂਦੀ ਹੈ। ਆਪ ਜੀ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਵਾਲੇ, ਤੱਪ-ਤਿਆਗ, ਸੇਵਾ, ਸਾਦਗੀ ਅਤੇ ਨਿਮਰਤਾ ਦੇ ਪੁੰਜ, ਸਾਂਝੀਵਾਲਤਾ ਅਤੇ ਏਕਤਾ ਦੇ ਬਾਨੀ, ਧਰਮ, ਗਿਆਨ ਅਤੇ ਮਾਨਵਤਾ ਦੇ ਰੋਸ਼ਨ ਰੂਪ ਹਨ।  
ਆਪ ਜੀ ਦਾ ਜਨਮ 6 ਅਗਸਤ 1953 ਈ. ਨੂੰ ਮਹਾਰਾਜ ਬੀਰ ਸਿੰਘ ਜੀ ਅਤੇ ਬੇਬੇ ਦਲੀਪ ਕੌਰ ਜੀ ਦੇ ਗ੍ਰਿਹ ਵਿਖੇ ਹੋਇਆ। ਆਪ ਜੀ ਮਹਾਰਾਜ ਬੀਰ ਸਿੰਘ ਜੀ ਦੇ ਵੱਡੇ ਸਪੁੱਤਰ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੱਡੇ ਭਤੀਜੇ ਹਨ। ਮਹਾਰਾਜ ਬੀਰ ਸਿੰਘ ਜੀ ਨੇ ਛੋਟੀ ਉਮਰ ਵਿਚ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹੁਕਮ ਅਨੁਸਾਰ ਆਪ ਜੀ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿਚ ਸੌਂਪ ਦਿੱਤਾ ਸੀ। ਆਪ ਜੀ ਨੇ, ਆਪਣੇ ਦਾਦਾ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਗੁਰੂ ਪਿਤਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਵਿਚ ਸਹਿਜੇ ਹੀ ਸੰਪੂਰਨ ਗੁਰਬਾਣੀ ਦੇ ਨਾਲ-ਨਾਲ  ਭਾਰਤੀ ਦਰਸ਼ਨ ਸ਼ਾਸ਼ਤਰ, ਸ਼ਾਸ਼ਤਰੀ ਸੰਗੀਤ, ਫੋਟੋਗ੍ਰਾਫੀ ਦੀਆਂ ਬਾਰੀਕੀਆਂ ਅਤੇ ਹੋਰ ਵਿੱਦਿਆ ਵੀ ਸਿੱਖ ਲਈਆਂ। ਆਪ ਜੀ ਬਚਪਨ ਤੋਂ ਹੀ ਵਿਲੱਖਣ ਪ੍ਰਤੀਭਾ ਅਤੇ ਦਿਬ ਦ੍ਰਿਸ਼ਟੀ ਦੇ ਮਾਲਕ ਰਹੇ ਹਨ। ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਅਤੇ ਆਗਿਆ ਅਨੁਸਾਰ, ਵਰਤਮਾਨ ਸਮੇਂ ਆਪ ਜੀ ਨਾਮਧਾਰੀ ਪੰਥ ਦੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੇ ਹਨ। 
ਆਪ ਜੀ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਸੰਬਰ 2012 ਨੂੰ ਬ੍ਰਹਮਲੀਨ ਹੋਣ ਤੋਂ ਬਾਅਦ ਪੰਥਕ ਜਿੰਮੇਵਾਰੀਆਂ ਦਾ ਬੀੜਾ ਚੁੱਕਿਆ ਅਤੇ ਹੁਣ ਤੱਕ ਲਗਾਤਾਰ ਜਤਨਸ਼ੀਲ ਹਨ। ਆਪ ਜੀ ਸੰਗਤ ਨੂੰ ਆਪਣੇ ਜੀਵਨ ਵਿਚ ਗੁਰੂ ਧਾਰਨ ਕਰਕੇ ਅਤੇ ਗੁਰਬਾਣੀ ਅਨੁਸਾਰ ਜੀਵਨ ਜਿਉਂਦਿਆਂ ਲੋਕ-ਪਰਲੋਕ ਸੁਖੀ ਕਰਨ ਦੀ ਪ੍ਰੇਰਣਾ ਦਿੰਦੇ ਹਨਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ਅਜਿਹੀ ਮਹਾਨ ਸ਼ਖ਼ਸੀਅਤ ਨੇ ਗੁਰਬਾਣੀ ਦਰਸ਼ਨ ਪੁਸਤਕ ਲਿਖ ਕੇ ਸਮਾਜ ਨੂੰ ਵੱਡੀ ਦੇਣ ਦਿੱਤੀ ਹੈ ਅਤੇ ਫੋਟੋਗ੍ਰਾਫੀ ਵਿਚ ਅੰਤਰਰਾਸ਼ਟਰੀ ਪੱਧਰ ਤੇ 150 ਤੋਂ ਵੱਧ ਮਾਨ-ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਆਪ ਜੀ ਦੀਆਂ ਗਿਆਨ ਵਰਧਕ ਰਚਨਾਵਾਂ: "ਨਾਨਕ ਸ਼ਾਇਰ ਏਵ ਕਹਿਤ ਹੈ", "ਰਸਾਂ ਭਰੀ ਬਾਣੀ ਨਾਨਕ ਦੀ" ਅਤੇ "ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਰਵੋਤਮ ਕਾਵਿ ਰਚਨਾ:ਰਾਮ ਅਵਤਾਰ", "ਸਿੱਖ ਪੰਥ ਨੂੰ ਪ੍ਰਫੁੱਲਿਤ ਕਰਨ ਦੇ ਉਪਾਅ", "ਸਿੱਖ ਕੌਣ? ਕਿਹਨਾਂ ਸ਼ਰਧਾਲੂਆਂ ਨੂੰ ਮਿਲਾ ਕੇ ਸਿੱਖ ਪੰਥ ਬਣਦਾ ਹੈ","ਭਾਰਤ ਵਿਚ ਧਰਮ ਪਰਿਵਰਤਨ ਕਿਵੇਂ ਰੋਕਿਆ ਜਾਵੇ" ਆਦਿ ਇਤਿਹਾਸ ਦੇ ਨਵੇਂ ਪੰਨੇ ਸਿਰਜਦੀਆਂ ਹਨ।  
ਆਪ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ, ਇਕਜੁੱਟਤਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਸਾਰੇ ਸੰਸਾਰ ਵਿਚ ਪਹੁੰਚਾਉਣ ਦੀ ਮਹਾਨ ਸੋਚ ਰੱਖਦੇ ਹਨ ਅਤੇ ਸਮੁਚੇ ਸਿੱਖ ਪੰਥ ਨੂੰ ਆਪਣੀ ਸੰਕੀਰਣ ਸੋਚ ਬਦਲ ਕੇ ਗੁਰਬਾਣੀ ਅਨੁਸਾਰ ਆਪਣੀ ਸੋਚ ਵਿਚ ਵਿਸ਼ਾਲਤਾ ਲਿਆ ਕੇ, ਇਕਜੁੱਟ ਹੋ ਕੇ ਆਪਣੇ ਪੰਥ ਨੂੰ ਪ੍ਰਫੁਲਿਤ ਕਰਨ ਲਈ ਪ੍ਰੇਰਣਾ ਦੇ ਰਹੇ ਹਨ। ਕਥਨੀ ਅਤੇ ਕਰਨੀ ਦੇ ਬਲੀ ਸ੍ਰੀ ਠਾਕੁਰ ਦਲੀਪ ਸਿੰਘ ਜੀ, ਇਸ ਮਹਾਨ ਕਾਰਜ ਨੂੰ ਅਮਲੀ ਰੂਪ ਦੇਣ ਲਈ ਅਤੇ ਗੁਰਬਾਣੀ ਦੇ ਆਸ਼ੇ "ਹੋਇ ਇਕਤ੍ਰ ਮਿਲਹੁ ਮੇਰੇ ਭਾਈ" ਦਾ ਅਨੁਸਰਨ ਕਰਦੇ ਹੋਏ, ਆਪ ਜੀ ਨੇ 21 ਅਪ੍ਰੈਲ 2014 ਈ. ਨੂੰ ਦਿੱਲੀ ਵਿਖੇ "ਗੁਰੂ ਨਾਨਕ ਨਾਮ ਲੇਵਾ" ਕਾਨਫਰੰਸ ਕਾਰਵਾਈ। ਜਿਕਰਯੋਗ ਹੈ ਕਿ 'ਗੁਰੂ ਨਾਨਕ ਨਾਮ ਲੇਵਾ' ਸ਼ਬਦ ਦੀ ਵਰਤੋਂ ਸਭ ਤੋਂ ਪਹਿਲੇ ਆਪ ਜੀ ਵਲੋਂ ਕੀਤੀ ਗਈ। ਜਿਸ ਦਾ ਮੁੱਖ ਉਦੇਸ਼ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਵਾਲੀਆਂ ਸਾਰੀਆਂ ਸੰਪ੍ਰਦਾਵਾਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਕਰਨਾ ਸੀ। ਇਸ ਤਰ੍ਹਾਂ ਹੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ, 16 ਅਗਸਤ 2015 ਨੂੰ ਚੰਡੀਗੜ੍ਹ ਵਿਖੇ "ਹਿੰਦੂ ਸਿੱਖ ਏਕਤਾ ਸੰਮੇਲਨ" ਕਰਵਾਇਆ।
ਆਪ ਜੀ ਨੇ ਆਪਣੀ ਅਗੰਮੀ ਸੋਚ ਅਤੇ ਦਿਬ ਦ੍ਰਿਸ਼ਟੀ ਅਨੁਸਾਰ 18 ਅਕਤੂਬਰ, 2015 ਨੂੰ ਸ੍ਰੀ ਜੀਵਨ ਨਗਰ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ, ਨਾਮਧਾਰੀਆਂ ਵਿਚੋਂ ਲੁਪਤ ਹੋਈਆਂ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਅਤੇ ਇਹ ਵੀ ਆਖਿਆ:
 "ਅਸੀਂ ਨਾਮਧਾਰੀ ਸੰਗਤ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦਿਆਂ ਹੋਇਆਂ, ਸਾਰੇ ਸਿੱਖ ਪੰਥ ਨੂੰ ਇਕੱਠਿਆਂ ਕਰਨ ਲਈ ਨਾਮਧਾਰੀ ਪੰਥ ਵਿਚ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਹੈ। ਅਸੀਂ ਨਾਮਧਾਰੀ ਪੂਰਨ ਤੌਰ ਤੇ ਖਾਲਸਾਈ ਰਾਜ ਦੇ ਮੋਢੀ ਅਤੇ ਹਮੈਤੀ ਹਾਂ। ਨਾਮਧਾਰੀ ਸੰਗਤ ਬਿਨਾਂ ਕਿਸੇ ਨੂੰ ਕਸ਼ਟ ਦਿੱਤੇ ,ਲੋਕਾਂ ਦਾ ਮਨ ਜਿੱਤਕੇ ,ਉਹਨਾਂ ਦੇ ਮਨਾਂ ਉੱਤੇ ਖਾਲਸਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ।" 
ਆਪ ਜੀ ਵਲੋਂ ਬਹੁਤ ਸਾਰੇ ਕਾਰਜਾਂ ਦੀ ਪਹਿਲ ਕਰਕੇ, ਪੰਥ ਦੀ ਚੜ੍ਹਦੀ ਕਲਾ ਲਈ, ਅਨੇਕ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ। ਜਿਵੇਂ: "ਗੁਰੂ ਨਾਨਕ ਨਾਮ ਲੇਵਾ" ਅਤੇ "ਹਿੰਦੂ ਸਿੱਖ ਏਕਤਾ" ਸੰਮੇਲਨਾਂ ਤੋਂ ਇਲਾਵਾ, ਭਾਰਤ ਦੇ ਚਾਰਾਂ ਧਰਮਾਂ ਨੂੰ ਇਕੱਠਿਆਂ ਕਰਕੇ ਪਹਿਲਾ "ਭਾਰਤੀ ਧਰਮ ਏਕਤਾ ਸੰਮੇਲਨ" ਕਰਵਾਉਣਾ, "ਧਰਮ ਪਰਿਵਰਤਨ ਨੂੰ ਰੋਕਣ ਲਈ" ਮੁਹਿੰਮ ਸ਼ੁਰੂ ਕੀਤੀ ਗਈ ਅਤੇ ਆਪ ਜੀ ਦੀ ਪ੍ਰੇਰਣਾ ਨਾਲ ਨਾਮਧਾਰੀ ਸੰਗਤ ਨੇ ਹਜ਼ਾਰਾਂ ਲੋਕਾਂ ਦੀ ਘਰ ਵਾਪਸੀ ਕਰਵਾਈ ਹੈ। ਸਮਾਜ ਵਿਚੋਂ ਗਰੀਬੀ ਅਤੇ ਅਨਪੜ੍ਹਤਾ ਦੂਰ ਕਰਨ ਲਈ "ਵਿਦਿਆ ਦਾਨ ਦੇਣ ਦੇ ਉਪਰਾਲੇ", "ਪਹਿਲੇ ਸਿੱਖ ਸ਼ਹੀਦ ਕੀਰਤਿ ਭੱਟ ਜੀ ਦੀ ਯਾਦ ਵਿਚ ਪਹਿਲਾ ਸ਼ਹੀਦੀ ਸਮਾਗਮ" ਕਰਵਾਉਣਾ, ਪੱਛਮੀ ਸਭਿਅਤਾ ਨੂੰ ਛੱਡ ਕੇ ਆਪਣੀ ਸੱਭਿਅਤਾ-ਸੰਸਕ੍ਰਿਤੀ ਉੱਤੇ ਸਵੈਮਾਣ ਕਰਨ ਅਤੇ ਅਪਨਾਉਣ ਲਈ ਪ੍ਰੇਰਿਤ ਕਰਨਾ, ਆਪਣਾਂ ਨਵਾਂ ਸਾਲ ਵਿਸਾਖੀ ਦੇ ਪਾਵਨ ਦਿਹਾੜੇ ਉੱਤੇ ਮਨਾਉਣ ਦੀ ਪ੍ਰੇਰਣਾ ਦੇਣਾ, ਇਸਤਰੀਆਂ ਨੂੰ ਅੰਮ੍ਰਿਤ ਛਕਣ ਦੇ ਨਾਲ ਛਕਾਉਣ ਦੀ ਆਗਿਆ, ਅਖੰਡ ਪਾਠ ਕਰਨ ਦੀ ਆਗਿਆ ਜਾਂ ਵੱਡੇ ਵੱਡੇ ਸਮਾਗਮਾਂ ਦੇ ਪ੍ਰਬੰਧਨ ਦੀ ਆਗਿਆ ਦੇ ਕੇ ਉਹਨਾਂ ਨੂੰ ਸਮਾਜਿਕ ਅਤੇ ਧਾਰਮਿਕ ਭਾਗੀਦਾਰੀ ਵਿਚ ਸ਼ਿਖਰਾਂ 'ਤੇ ਪਹੁੰਚਾਉਣਾ, ਨਾਮਧਾਰੀ ਸੰਗਤ ਨੂੰ ਗੁਰੂਧਾਮਾਂ ਵਿਚ ਜਾ ਕੇ ਹੱਥੀਂ ਸੇਵਾ ਕਰਨ ਦੇ ਮਹਾਤਮ ਦੇ ਨਾਲ ਪਬਲਿਕ ਸਥਾਨਾਂ ਦੀ ਸੇਵਾ ਕਰਕੇ 'ਬਨ ਤਿਨਿ ਪਰਬਤਿ ਹੈ ਪਾਰਬ੍ਰਹਮੁ' ਦਾ ਮਹਾਤਮ ਦੱਸਿਆ ਅਤੇ ਸੰਗਤ ਨੂੰ ਸੇਵਾ ਕਰਨ ਲਾਇਆ। ਪੁਲਿਸ ਕਰਮੀਆਂ ਦੀ ਸਖ਼ਤ ਡਿਊਟੀ ਨੂੰ ਵੇਖਦੇ ਹੋਏ, ਸੰਗਤ ਨੂੰ ਉਹਨਾਂ ਦਾ ਸਤਿਕਾਰ ਕਰਨ ਅਤੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਆਦਿ।       
ਠਾਕੁਰ ਦਲੀਪ ਸਿੰਘ ਜੀ ਦੀ ਆਪਣੇ ਦੇਸ਼ ਅਤੇ ਪੰਥ ਪ੍ਰਤੀ ਵਿਸ਼ਾਲ ਸੋਚ ਰੱਖਦੇ ਹਨ। ਆਪ ਜੀ ਅਨੁਸਾਰ: "ਅਸੀਂ ਭਾਰਤੀ ਹਾਂ ਅਤੇ ਭਾਰਤ ਸਾਡਾ ਹੈ। ਜਿਸ ਭਾਰਤ ਦੇਸ਼ ਲਈ ਸਾਡੇ ਵੱਡਿਆਂ ਨੇ ਸਭ ਤੋਂ ਵੱਧ ਬਲੀਦਾਨ ਦਿੱਤੇ। ਉਸ ਸਮੁੱਚੇ ਭਾਰਤ ਦੇਸ਼ ਵਿੱਚ ਖਾਲਸਾ ਰਾਜ ਸਥਾਪਿਤ ਹੋਣਾ ਚਾਹੀਦਾ ਹੈ। ਇਸ ਕਰਕੇ ਅਸੀਂ, ਸਾਰੇ ਭਾਰਤਵਾਸੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣਾਉਣਾ ਹੈ।" 
 ਪੰਥ ਨੂੰ ਜੋੜਨ ਲਈ ਆਪ ਜੀ ਨੇ ਨਾਅਰੇ ਦਿੱਤੇ, ਜਿਵੇਂ: *"ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇੱਕ ਹਾਂ।" 
"ਪੰਥ ਪਾੜਨਾ ਪਾਪ ਹੈ, ਏਕਤਾ ਵਿਚ ਪ੍ਰਤਾਪ ਹੈ।"

"ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਵਾਲਾ ਅਤੇ ਉਹਨਾਂ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ ਸਿੱਖ ਹੈ"
 "ਸਿੱਖ ਵੀਰੋ ! ਜੁੜੋਗੇ ਤਾਂ ਵਧੋਗੇ, ਲੜੋਗੇ ਤਾਂ ਘਟੋਗੇ" ਆਦਿ। 
 
ਆਪ ਜੀ ਦੀ ਇਸ ਮਹਾਨ ਸੋਚ ਅਤੇ ਦਿਬ ਦ੍ਰਿਸ਼ਟੀ ਨੂੰ ਕੋਟਿ-ਕੋਟਿ ਪ੍ਰਣਾਮ ! ਸਾਨੂੰ ਇਹਨਾਂ ਦੁਆਰਾ ਦਰਸ਼ਾਏ ਮਾਰਗ ਉੱਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ। 
 ਰਾਜਪਾਲ ਕੌਰ - 9023150008

ਪੰਜਾਬ ਸਕਰੀਨ ਲੰਮੇ ਸਮੇਂ ਤੋਂ ਤੁਹਾਡੇ ਲਈ ਲੋਕ ਪੱਖੀ ਕਵਰੇਜ ਵਾਲੀਆਂ ਵੀਡੀਓ ਬਣਾਉਂਦਾ ਅਤੇ ਰਿਲੀਜ਼ ਕਰਦਾ ਆ ਰਿਹਾ ਹੈ। ਦੁਨੀਆ ਵਿੱਚ ਕਈ ਲੋਕ ਇਸ ਨਾਲ ਮਿਲਦੇ ਜੁਲਦੇ ਨਾਮ ਰੱਖ ਕੇ ਆਪਣੇ ਆਪ ਨੂੰ ਪੰਜਾਬ ਸਕਰੀਨ ਦੱਸ ਕੇ ਵਿਚਰ ਰਹੇ ਹਨ। ਇਹਨਾਂ ਦੇ ਖਿਲਾਫ਼ ਕਾਨੂਨੀ ਕਾਰਵਾਈ ਵੀ ਸ਼ੁਰੂ ਹੈ। ਇਸ ਦੌਰਾਨ ਤੁਸੀਂ ਜਾਅਲਸਾਜ਼ੀ  ਵਾਲੀਆਂ ਵੀਡੀਓ ਅਤੇ ਸਮਗਰੀ ਤੋਂ ਬਚਨ ਲਈ ਆਪਣੇ ਇਸ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਲਈ ਹੇਠਲੇ ਲਿੰਕ ਨੂੰ ਕਲਿੱਕ ਕਰੋ। 

No comments: