5th July 2022 at 04:46 PM
ਅਨੁਰਾਧਾ ਭਾਰਗਵ ਨੂੰ ਮਿਲੀ ਪੱਕੀ ਜ਼ਮਾਨਤ
ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਕਰ ਰਹੇ ਹਨ ਮਾਮਲੇ ਦੀ ਅਦਾਲਤ ਚ ਪੈਰਵਾਈ
ਨਵੀਂ ਦਿੱਲੀ: 5 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਜਨਵਰੀ 2021 ਵਿੱਚ ਦਿੱਲੀ ਚ ਔਰੰਗਜ਼ੇਬ ਲੇਨ ਨਾਮ ਦੀ ਸੜਕ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਰੱਖਣ ਦੀ ਮੁਹਿੰਮ ਨੂੰ ਲੈ ਕੇ ਪੁਲਿਸ ਨੇ ਅਨੁਰਾਧਾ ਭਾਰਗਵ ਅਤੇ ਉਸਦੇ ਸਾਥੀਆਂ ਤੇ ਪਰਚਾ ਕੀਤਾ ਸੀ। ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਉਹਨਾਂ ਦੀ ਪੱਕੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਕਰਨਾਲ ਦੀ ਵਕੀਲ ਬੀਬੀ ਅਨੁਰਾਧਾ ਭਾਰਗਵ ਤੇ ਉਹਨਾਂ ਦੇ ਸਾਥੀਆਂ ਨੇ ਉਸ ਵੇਲੇ ਦਿੱਲੀ ਦੀ ਔਰੰਗਜ਼ੇਬ ਲੇਨ ਸੜਕ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਨਾਮ ਤੇ ਰੱਖਣ ਨੂੰ ਲੈ ਕੇ ਮੁਹਿੰਮ ਛੇੜੀ ਸੀ। ਮਾਮਲਾ ਨਾਜ਼ੁਕ ਸੀ ਅਤੇ ਸੁਰਖੀਆਂ ਵਿਚ ਵੀ ਆਉਂਦਾ ਰਿਹਾ।
ਆਪਣੀ ਇਸ ਮੁਹਿੰਮ ਅਧੀਨ ਹੀ 9 ਜਨਵਰੀ 2021 ਨੂੰ ਤੜਕੇ 5 ਵਜੇ ਇਹਨਾਂ ਨੇ ਔਰੰਗਜ਼ੇਬ ਨਾਮ ਲਿਖੇ ਬੋਰਡ ਨੂੰ ਸਿੱਧਾ ਅੱਗ ਦੇ ਹਵਾਲੇ ਕਰ ਦਿੱਤਾ ਸੀ ਅਤੇ ਇਸ ਦੀ ਥਾਂ 'ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਬੈਨਰ ਲੱਗਾ ਦਿੱਤਾ ਸੀ। ਇਸ ਮਗਰੋਂ ਪੁਲਿਸ ਨੇ ਅਨੁਰਾਧਾ ਭਾਰਗਵ ਤੇ ਇਹਨਾਂ ਦੇ ਸਾਥੀਆਂ ਤੇ ਪਰਚਾ ਕਰ ਦਿੱਤਾ ਸੀ।
ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਅਤੇ ਐਡਵੋਕੇਟ ਕਪਿਲ ਦੀ ਟੀਮ ਨੇ ਅੱਜ ਇਹਨਾਂ ਦੀ ਅਦਾਲਤ ਅੰਦਰ ਪੈਰਵਾਈ ਕੀਤੀ ਤੇ ਜ਼ਮਾਨਤਾਂ ਮਨਜ਼ੂਰ ਕਰਵਾਈਆਂ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਬੜੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਇਸ ਮੰਗ ਨੂੰ ਅੱਗੇ ਰੱਖਣ ਵਾਲੇ ਲੋਕਾਂ ਉੱਤੇ ਹੀ ਸਰਕਾਰ ਨੇ ਪਰਚਾ ਕਰ ਦਿੱਤਾ ਹੈ ਜਿਸਦੀ ਅਗਲੀ ਸੁਣਵਾਈ 17 ਅਕਤੂਬਰ ਪਈ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਕਰਨਾਲ ਦੀ ਪ੍ਰਧਾਨ ਐਡਵੋਕੇਟ ਅਨੁਰਾਧਾ ਭਾਰਗਵ ਨੇ ਅਗਸਤ 2021 ਵਿੱਚ ਵੀ ਸਿੱਖ ਸਮਾਜ ਨੂੰ ਲੈ ਕੇ ਕੁੱਝ ਗੱਲਾਂ ਕਹੀਆਂ ਜਿਹਨਾਂ ਨੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਸੀ। ਇਹਨਾਂ ਬਿਆਨਾਂ ਵਿੱਚ ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਨਾਜ਼ੁਕ ਬਣ ਚੁੱਕੇ ਹਨ। ਦੇਸ਼ ਲਈ ਸਿੱਖਾਂ ਨੇ ਸ਼ਹਾਦਤਾਂ ਦਿਤੀਆਂ, ਸਿੱਖਾਂ ਨੇ ਹੀ ਦੇਸ਼ ਲਈ ਵੱਡੇ ਵੱਡੇ ਕਾਰਜ ਕੀਤੇ, ਅੱਜ ਉਨ੍ਹਾਂ ਨਾਲ ਹੀ ਭੇਦਭਾਵ ਹੋ ਰਿਹਾ ਹੈ ਅਤੇ ਇਸ ਭੇਦਭਾਵ ਦੀ ਧਾਰਨਾ ਸਰਕਾਰਾਂ ਨੇ ਹੀ ਬਣਾਈ ਹੋਈ ਹੈ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਦੋਂ ਵੀ ਐਡਵੋਕੇਟ ਅਨੁਰਾਧਾ ਭਾਰਗਵ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਅੱਜ ਦੇ ਸਮੇਂ ਵਿੱਚ ਸਿੱਖਾਂ ਨੂੰ ਪੂਰੇ ਸੰਸਾਰ ਵਿਚ ਬਹੁਤ ਸਨਮਾਨ ਦਿਤਾ ਜਾਂਦਾ ਹੈ। ਜੇਕਰ ਗੱਲ ਕਰੀਏ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੀ ਤਾਂ ਉਥੇ ਵੀ ਸਿੱਖਾਂ ਨੂੰ ਪਲਕਾਂ ਉਤੇ ਬਿਠਾਇਆ ਜਾਂਦਾ ਹੈ। ਸੰਸਾਰ ਦੇ ਰਾਸ਼ਟਰੀ ਝੰਡੇ ਦੇ ਬਰਾਬਰ ਵਿਚ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆਉਂਦੇ ਹਨ, ਲੇਕਿਨ ਸਾਡੇ ਦੇਸ਼ ਦੀ ਵਿਡੰਬਨਾ ਇਹ ਹੈ ਕਿ ਅੱਜ ਨਿਸ਼ਾਨ ਸਾਹਿਬ ਨੂੰ ਵੀ ਖ਼ਾਲਿਸਤਾਨ ਦਾ ਝੰਡਾ ਕਰਾਰ ਦੇ ਦਿਤਾ ਜਾਂਦਾ ਹੈ। ਮੈਡਮ ਅਨੁਰਾਧਾ ਨੇ ਯਾਦ ਕਰਾਇਆ ਕਿ ਇਹ ਉਹੀ ਲਾਲ ਕਿਲ੍ਹਾ ਹੈ ਜਿਸ ਵਿਚ ਭਾਰਤੀਆਂ ਵਿਸ਼ੇਸ਼ ਕਰ ਕੇ ਸਿੱਖਾਂ ਦਾ ਖ਼ੂਨ ਡੁਲ੍ਹਿਆ ਹੈ ਜਿਸ ਦੇ ਸਾਹਮਣੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦਿਤੀ ਹੈ, ਅੱਜ ਜਿਸ ਸੰਧੂਰ ਅਤੇ ਬਿੰਦੀ ਦੀ ਅਸੀ ਗੱਲ ਕਰਦੇ ਹਾਂ ਉਹ ਸਾਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਦੇਣ ਹੈ।
ਐਡਵੋਕੇਟ ਅਨੁਰਾਧਾ ਭਾਰਗਵ ਨੇ ਇੱਕ ਹਵਾ ਪੈਦਾ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਯਾਦ ਰੱਖਿਆ ਜਾਵੇ ਅਤੇ ਸਿੱਖਾਂ ਦੀ ਕਦਰ ਕੀਤੀ ਜਾਵੇ। ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਾ ਜਾਵੇ।

No comments:
Post a Comment