Tuesday, August 30, 2022

ਬੀ.ਆਰ.ਐਸ. ਨਗਰ ਵਿਖੇ ਵਿਸ਼ਾਲ ਲੋਕ ਮਿਲਣੀ ਆਯੋਜਿਤ

30th August 2022 at 5:13 PM

ਗੋਗੀ ਨੇ ਸੁਣੀਆਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ


ਲੁਧਿਆਣਾ
: 30 ਅਗਸਤ 2022: (ਲੁਧਿਆਣਾ ਸਕਰੀਨ//ਪੰਜਾਬ ਸਕਰੀਨ)::
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਸਥਾਨਕ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ-ਜੇ ਵਿਖੇ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਇੱਕ ਵਿਸ਼ਾਲ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿੱਥੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉੱਥੇ ਨਾਲ ਹੀ ਉਨ੍ਹਾਂ ਦਾ ਨਿਬੇੜਾ ਵੀ ਕਰਵਾਇਆ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਸੰਨੀ ਮਾਸਟਰ, ਨਗਰ ਨਿਗਮ ਦੇ ਐਸ.ਸੀ. ਸ੍ਰੀ ਰਜਿੰਦਰ ਗਰਗ, ਬਾਗਵਾਨੀ ਸ਼ਾਖਾ ਤੋਂ ਸ. ਕ੍ਰਿਪਾਲ ਸਿੰਘ ਅਤੇ ਸ੍ਰੀ ਨਵੀਨ ਗੋਗਨਾ ਵੀ ਮੌਜੂਦ ਸਨ। 
ਵਿਧਾਇਕ ਗੋਗੀ ਵੱਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਬਿਜਲੀ, ਪਾਣੀ, ਐਨਕ੍ਰੋਚਮੈਂਟ, ਸਟਰੀਟ ਲਾਈਟਾਂ ਆਦਿ ਸਮੱਸਿਆਵਾਂ ਦਾ ਤੁੰਰਤ ਹੱਲ ਕੀਤਾ ਜਾਵੇਗਾ।

ਉਨ੍ਹਾਂ ਦੁਹਰਾਇਆ ਕਿ ਹਲਕੇ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਲੋਕ ਮਿਲਣੀ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਆਈਆਂ ਜਿਨ੍ਹਾਂ ਵਿੱਚੋਂ ਕਈ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਵਾਇਆ ਗਿਆ।

ਵਿਧਾਇਕ-ਪਬਲਿਕ ਮਿਲਣੀ ਦੌਰਾਨ ਆਏ ਹੋਏ ਲੋਕਾਂ ਵੱਲੋਂ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਅਜਿਹੇ ਉਪਰਾਲੇ ਹਲਕੇ ਵਿੱਚ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਤੋਂ ਨਿਜਾਤ ਮਿਲ ਸਕੇ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਹੋ ਸਕਣ।

No comments: