Thursday, September 01, 2022

ਜਥੇਦਾਰ ਵੱਲੋਂ ਕੀਤੀ ਜਾ ਰਹੀ ਮੰਗ ਅਸਲ ਵਿੱਚ ਹਿੰਦੂਤਵ ਏਜੰਡੇ ਦੀ ਹਮਾਇਤ

ਕੇਂਦਰੀ ਸਿੰਘ ਸਭਾ ਨੇ ਧਰਮ ਪਰਿਵਰਤਨ ਵਿਵਾਦ ਵਿੱਚ ਖੁਲ ਕੇ ਲਿਆ ਸਟੈਂਡ 

ਹੁਣ ਪੰਜਾਬ ਵਿੱਚ ਵੀ ਧਰਮ ਪਰੀਵਰਤਨ ਵਿਰੋਧੀ ਕਾਨੂੰਨ ਦੀ ਮੰਗ ਕਿਓਂ? 


ਚੰਡੀਗੜ੍ਹ: 1 ਸਤੰਬਰ 2022: (ਪੰਜਾਬ ਸਕਰੀਨ ਬਿਊਰੋ)::

ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਵਿੱਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਬਣਾਉਣ ਦੀ ਮੰਗ ਕਰਨਾ ਅਸਲ ਵਿੱਚ ਹਿੰਤੂਤਵ ਏਜੰਡੇ ਦੀ ਹਮਾਇਤ ਕਰਨਾ ਹੈ। ਜਿਹੜੇ ਸੂਬਿਆਂ ਵਿੱਚ ਭਾਜਪਾ ਰਾਜ ਕਰ ਰਹੀ ਹੈ ਉਹਨਾਂ ਸਾਰਿਆਂ ਵਿੱਚ ਧਰਮ-ਪਰਿਵਰਤਨ ਵਿਰੋਧੀ ਕਾਨੂੰਨ ਬਣਾ ਦਿੱਤੇ ਗਏ ਹਨ ਸਗੋਂ ਕਈ ਸੂਬਾ ਸਰਕਾਰਾਂ ਹਿੰਦੂਤਵ ਏਜੰਡੇ ਨੂੰ ਹੋਰ ਮਜ਼ਬੂਤ ਕਰਨ ਲਈ ਪੁਰਾਣੇ ਕਾਨੂੰਨ ਹੋਰ ਵੀ ਸਖਤ ਕਰਨ ਦੀ ਕੋਸ਼ਿਸ਼ ਕਰ ਰਹੀਆ ਹਨ।

ਦਰਅਸਲ, ਹਿੰਦੂਤਵ ਦੀ ਮੌਜੂਦਾ ਦੇਸ਼ ਵਿਆਪੀ ਹਮਲਾਵਰ ਮੁਹਿੰਮ ਦੇ ਅੱਗੇ ਈਸਾਈ ਅਤੇ ਹੋਰ ਘੱਟ ਗਿਣਤੀਆਂ ਥਰ-ਥਰ ਕੰਬ ਰਹੀਆਂ ਹਨ। ਪੰਜਾਬ ਵਿੱਚ ਹੋਏ ਕਿਸੇ ਇੱਕ ਦੁੱਕਾ ਧਰਮ ਬਦਲੀ ਦੇ ਕੇਸ ਨੂੰ ਧੱਕੇਸ਼ਾਹੀ ਅਤੇ ਵਧਾ-ਚੜ੍ਹਕੇ ਪੇਸ਼ ਕਰਨਾ ਹਿੰਦੂਤਵੀ ਸਿਆਸਤ ਨੂੰ ਅੱਗੇ ਵਧਾਉਣਾ ਹੀ ਹੈ। ਧਰਮ ਬਦਲੀ ਵਿਰੋਧੀ ਕਾਨੂੰਨ, ਅਸਲ ਵਿੱਚ ਬਹੁਗਿਣਤੀ ਹਿੰਦੂ ਸਮਾਜ ਨੂੰ ਇਕੱਠੇ ਕਰਕੇ ਰਖਣ ਦੀ ਸਿਆਸਤ ਦਾ ਦੂਜਾ ਨਾਮ ਹੈ। ਜਾਤ-ਪਾਤ ਛੂਤ-ਛਾਤ ਅਤੇ ਸਮਾਜਿਕ ਵਿਤਕਰਿਆ ਤੋਂ ਦੁਖੀ ਲੋਕਾਂ, ਨੂੰ ਬਰਾਬਰੀ ਅਤੇ ਸਨਮਾਨ ਦੀ ਪ੍ਰਾਪਤੀ ਲਈ ਹਿੰਦੂ ਧਰਮ ਛੱਡਕੇ ਹੋਰ ਧਰਮ ਗ੍ਰਹਿ ਕਰਨ ਤੋਂ ਰੋਕਣਾ ਹੈ। ਯਾਦ ਰਹੇ, ਡਾਂ ਅੰਬੇਦਕਰ ਨੇ ਜਾਤ-ਪਾਤ ਅਤੇ ਛੂਤ-ਛਾਤ ਤੋਂ ਦੁਖੀ ਦਲਿਤਾਂ ਦੇ ਅੱਗੇ ਲੱਗ ਕੇ, ਹਿੰਦੂ ਧਰਮ ਛੱਡਕੇ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ।

ਹੈਰਾਨੀ ਹੈ, ਕਿ ਅੰਕੜੇ ਹਿੰਦੂ ਅਤੇ ਸਬੂਤ ਦੇਣ ਤੋਂ ਬਿਨ੍ਹਾਂ ਹੀ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਧਰਮ-ਬਦਲੀ ਦਾ ਝੂਠਾ ਰੋਲਾ ਪਾਇਆ ਜਾ ਰਿਹਾ ਹੈ। ਭਾਜਪਾ ਨਾਲ ਜੁੜ੍ਹੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਹਿੰਦੂਤਵ ਤਾਕਤਾਂ ਦੀ ਤਰਜ਼ ਉੱਤੇ ਈਸਾਈ ਧਰਮ ਵਿੱਚੋਂ ‘ਘਰ ਵਾਪਸੀ’ ਪ੍ਰਾਪੇਗੰਡਾ ਕਰ ਰਹੇ ਹਨ। ਉਹਨਾਂ ਅੰਮ੍ਰਿਤਸਰ ਵਿੱਚ ਵੀ, ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਬਹਾਨੇ, ਆਪਣਾ ਦਫ਼ਤਰ ਵੀ ਅਜਿਹੀਆਂ ਸਿਆਸੀ ਗਿਣਤੀਆਂ ਮਿਣਤੀਆ ਤਹਿਤ ਖੋਲ੍ਹਿਆ ਹੈ।

ਦਰਅਸਲ, ਸਿੱਖ ਭਾਈਚਾਰੇ ਨੂੰ ਗਲਤ ਜਾਲ ਵਿੱਚ ਫਸਾਕੇ, ਈਸਾਈਆਂ ਦੇ ਇੱਕਠਾ ਅਤੇ ਗਿਰਜਿਆਂ ਉੱਤੇ ਪੰਜਾਬ ਵਿੱਚ ਹਮਲੇ ਕਰਵਾਏ ਜਾ ਰਹੇ ਹਨ। ਸਿੱਖ ਦਾਨਿਸ਼ਵਰ ਯਾਦ ਰੱਖਣ ਕਿ ਉਹਨਾਂ ਦੇ ਭਾਈਚਾਰੇ ਦੀ ਵੱਡੀ ਗਿਣਤੀ ਯੂਰਪ, ਅਮਰੀਕਾ, ਆਸਟ੍ਰੇਲੀਆਂ ਅਤੇ ਹੋਰ ਅਨੇਕਾਂ ਬਹੁਗਿਣਤੀ ਈਸਾਈ ਮੁਲਕਾਂ ਵਿੱਚ ਰਹਿ ਰਹੀ ਹੈ। ਪੱਟੀ ਵਿਖੇ ਚਰਚ ਅਤੇ ਪਾਦਰੀ ਉੱਤੇ ਹੋਏ ਹਮਲਿਆਂ ਦੀਆਂ ਤਸਵੀਰਾਂ ਦਾ ਉਹਨਾਂ ਮੁਲਕਾਂ ਵਿੱਚ ਪ੍ਰਤੀਕਰਮ ਹੋ ਸਕਦਾ ਹੈ। ਬਹੁ-ਗਿਣਤੀ ਹਿੰਦੂ ਸਮਾਜ ਚਰਚ ਅਤੇ ਪਾਦਰੀਆਂ ਉੱਤੇ ਹਮਲੇ ਕਰਕੇ ਬਚ ਸਕਦਾ ਕਿਉਂਕਿ ਭਾਰਤ ਦੀ ਸਰਕਾਰ ਉਹਨਾਂ ਦੀ ਪਿੱਠ ਉੱਤੇ ਚਟਾਨ ਵਾਂਗ ਖੜ੍ਹੀ ਹੈ। ਪਰ ਸਿੱਖ ਘੱਟ-ਗਿਣਤੀ ਦੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਕੂ-ਕਲਾਂ ਅਤੇ ਹੋਰ ਈਸਾਈ ਅੱਤਵਾਦੀ ਸੰਗਠਨਾਂ ਦੀ ਮਾਰ ਆਪਣੇ ਨੰਗੇ ਪਿੰਡੇ ਉੱਤੇ ਝੱਲਣੀ ਪਵੇਗੀ।ਯਾਦ ਰਹੇ, ਸਿੱਖ ਸਿਧਾਂਤ ਸਿੱਖ ਭਾਈਚਾਰੇ ਅੰਦਰ ਅਤੇ ਧਰਮ ਬਦਲੀ ਅਤੇ ‘ਘਰ-ਵਾਪਸੀ’ ਦਾ ਸੰਕਲਪ ਹੀ ਨਹੀਂ ਹੈ ਜਿਸ ਤਰ੍ਹਾਂ ਇਸਲਾਮ, ਈਸਾਈ ਅਤੇ ਅੱਜ ਕਲ ਹਿੰਦੂ ਧਰਮ ਅੰਦਰ ਹੈ। ਇਸ ਕਰਕੇ, ਸਿਧਾਂਤਕ ਤੌਰ ਉੱਤੇ ਸਿੱਖੀ/ਗੁਰੂ ਸਿਧਾਂਤ ਧਰਮ-ਪਰੀਵਰਤਨ ਵਿਰੋਧੀ ਕਾਨੂੰਨ ਦੇ ਮਾਮਲੇ ਵਿੱਚ ਇਹ ਅਕਾਲ ਤਖਤ ਵਕਾਲਤ ਨਹੀਂ ਕਰ ਸਕਦੀ। 

ਇਹ ਸਾਂਝਾ ਬਿਆਨ, ਸਿੱਖ ਚਿੰਤਕ ਭਾਈ ਅਸ਼ੋਕ ਸਿੰਘ ਬਾਗੜੀਆਂ,  ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ, ਰਾਜਵਿੰਦਰ ਸਿੰਘ ਰਾਹੀ ਅਤੇ ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ) ਵੱਲੋਂ ਜਾਰੀ ਕੀਤਾ ਗਿਆ।

No comments: