Wednesday 3rd August 2022 at 02:29 PM
ਸਨਮਾਨ ਕੀਤਾ ਉਤਰਾਖੰਡ ਦੇ ਕੈਬਨਿਟ ਮਨਿਸਟਰ ਸੱਤਪਾਲ ਮਹਾਰਾਜ ਨੇ
ਚੰਡੀਗੜ੍ਹ: 3 ਅਗਸਤ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਲਲਿਤ ਕਲਾ ਅਕਾਦਮੀ ਨਵੀਂ ਦਿੱਲੀ ਅਤੇ ਉਤਰਾਖੰਡ ਰਾਜ ਸਰਕਾਰ ਦੇ ਸਾਂਝੇ ਸਹਿਯੋਗ ਦੇ ਨਾਲ ਉਤਰਾਖੰਡ ਦੇ ਸਤਪੁਲੀ ਵਿੱਚ ਇੱਕ ਨੈਸ਼ਨਲ ਲੈਵਲ ਦੀ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਲਿਤ ਕਲਾ ਅਕਾਦਮੀ ਦੁਆਰਾ ਦੇਸ਼ ਦੀ ਹਰ ਹਰ ਸਟੇਟ ਚੋਂ ਇੱਕ ਕਲਾਕਾਰ ਨੂੰ ਬੁਲਾਇਆ ਗਿਆ। ਲਲਿਤ ਕਲਾ ਅਕਾਦਮੀ ਵੱਲੋਂ ਇਸ ਵਰਕਸ਼ਾਪ ਵਿੱਚ ਹਿਸਾ ਲੈਣ ਲਈ ਪੰਜਾਬ ਵਿੱਚੋਂ ਚਿੱਤਰਕਾਰ ਗੁਰਦੀਪ ਸ਼ਰਮਾ ਨੂੰ ਚੁਣਿਆ ਗਿਆ।
ਇਹ ਕਲਾ ਵਰਕਸ਼ਾਪ ਕਾਰਗਿਲ ਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਕਰਵਾਈ ਜਾ ਰਹੀ ਸੀ ਜਿੱਥੇ 7 ਦਿਨਾਂ ਵਿੱਚ ਹਰ ਕਲਾਕਾਰ ਨੇ 2 ਕਲਕ੍ਰਿਤਾ ਬਣਾਉਣੀਆਂ ਸਨ। ਇਸ ਦੌਰਾਨ ਚਿਤਰਕਾਰ ਗੁਰਦੀਪ ਸ਼ਰਮਾ ਵੱਲੋ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਕਰਨਲ ਮਨੋਜ ਕੁਮਾਰ ਪਾਂਡੇ ਦਾ ਚਿੱਤਰ ਬਣਾਇਆ ਗਿਆ। ਵਰਕਸ਼ਾਪ ਵੇਖਣ ਆਏ ਕਲਾ ਪ੍ਰੇਮੀਆਂ ਨੇ ਉਨ੍ਹਾਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਬਹੁਤ ਹੀ ਧਿਆਨ ਨਾਲ ਦੇਖੀਆਂ ਹਨ। ਕਲਾਕਾਰ ਦੀਆਂ ਬਣਾਈਆਂ ਇਹਨਾਂ ਤਸਵੀਰਾਂ ਦੀ ਬਹੁਤ ਹੀ ਪ੍ਰਸੰਸਾ ਹੋਈ। ਇਹਨਾਂ ਨੂੰ ਬਹੁਤ ਸਲਾਹਿਆ ਗਿਆ।
ਇਸਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਜੀ ਦਾ ਚਿੱਤਰ ਬਣਾ ਕੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਚਿੱਤਰਕਾਰ ਗੁਰਦੀਪ ਸ਼ਰਮਾ ਨਾਲ ਹੋਈ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਇਸ ਚਿੱਤਰਕਲਾ ਵਰਕਸ਼ਾਪ ਵਿੱਚ ਦੇਸ਼ ਭਰ ਦੇ ਵਿੱਚੋਂ ਲੱਗਭੱਗ 30 ਕਲਾਕਾਰਾਂ ਨੇ ਹਿੱਸਾ ਲਿਆ ਸੀ। ਚਿੱਤਰਕਲਾ ਦੇ ਸਮਾਪਨ ਸਮਾਰੋਹ ਦੌਰਾਨ ਉਤਰਾਖੰਡ ਦੇ ਕੈਬਨਿਟ ਮੰਤਰੀ ਸੱਤਪਾਲ ਮਹਾਰਾਜ ਉਚੇਚੇ ਤੌਰ ਤੇ ਕਲਾਕਾਰਾਂ ਦਾ ਸਨਮਾਨ ਕਰਨ ਵਾਸਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਸਟੇਟ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣ ਨਾਲ ਦੂਰ-ਦਰਾਜ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਲਾ ਦਾ ਬੀਜ ਬੀਜਿਆ ਗਿਆ ਹੈ। ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਤਰਾਖੰਡ ਤੋਂ ਬਹੁਤ ਵੱਡੇ-ਵੱਡੇ ਚਿੱਤਰਕਾਰ ਉਭਰ ਕੇ ਸਾਹਮਣੇ ਆਉਣਗੇ ਤੇ ਨਾਲ ਹੀ ਉਨ੍ਹਾਂ ਕਿਹਾ ਕੀ ਇਹ ਚਿੱਤਰ 15 ਅਗਸਤ ਨੂੰ ਉਤਰਾਖੰਡ ਦੇ ਰਾਜ ਭਵਨ ਵਿਚ ਪ੍ਰਦਰਸ਼ਿਤ ਵੀ ਕੀਤੇ ਜਾਣਗੇ।

No comments:
Post a Comment