Sunday, July 31, 2022

ਸੰਯੁਕਤ ਕਿਸਾਨ ਮੋਰਚਾ ਵਾਲੇ ਵੱਡੇ ਐਕਸ਼ਨਾਂ ਦੇ ਨਾਲ ਫਿਰ ਮੈਦਾਨ ਵਿੱਚ

Sunday 31st July 2022 at 5:13 PM 

ਅੱਜ ਰੇਲ ਦਾ ਚੱਕਾ ਜਾਮ ਕੀਤਾ--ਸੰਘਰਸ਼ ਹੋਰ ਤਿੱਖਾ ਕਰਨ ਦੀ ਵੀ ਚੇਤਾਵਨੀ 


ਲੁਧਿਆਣਾ
: 31 ਜੁਲਾਈ 2022: (ਪੰਜਾਬ ਸਕਰੀਨ ਟੀਮ)::

ਜਿਹਨਾਂ ਨੂੰ ਲੱਗਦਾ ਸੀ ਕਿ ਕਿਸਾਨਾਂ ਨੇ ਦਿੱਲੀ ਵਾਲੇ ਮੋਰਚਾ ਖਤਮ ਕਰਕੇ ਕਾਹਲੀ ਕਾਹਲੀ ਵਿੱਚ ਗਲਤੀ ਕਰ ਲਈ ਹੈ ਉਹਨਾਂ ਸਾਰਿਆਂ ਦੇ ਵਹਿਮ, ਭਰਮ ਅਤੇ ਸ਼ੰਕੇ ਦੂਰ ਕਰਦਿਆਂ ਸੰਯੁਕਤ ਕਿਸਾਨਾਂ ਮੋਰਚਾ ਵਾਲੇ ਫਿਰ ਮੈਦਾਨ ਵਿੱਚ ਆ ਗਏ ਹਨ। ਅੱਜ ਉਹਨਾਂ ਰੇਲ ਦਾ ਚੱਕ ਜਾਮ ਕਰਕੇ ਇੱਕ ਵਾਰ ਫੇਰ ਵੱਡੇ ਐਕਸ਼ਨਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਐਕਸ਼ਨ ਕਿ ਥਾਈਂ ਕੀਤੇ ਗਏ।

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਹਲਕਾ ਪਾਇਲ ਵਿਚ ਸਰਗਰਮ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਸਭਾ (1936) ਨੇ ਦੋਰਾਹਾ ਵਿਖੇ 11 ਵਜੇ ਸਵੇਰ ਤੋਂ ਸ਼ਾਮ 3 ਵਜੇ ਤੱਕ, ਰੇਲ ਦਾ ਚੱਕਾ ਜਾਮ 'ਸ਼ਹੀਦ ਉਧਮ ਸਿੰਘ ਸੁਨਾਮ' ਨੂੰ  ਸਮਰਪੱਤ ਕੀਤਾ। ਜਿਸ ਨੂੰ  ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਜਸਵੀਰ ਝੱਜ, ਚਮਕੌਰ ਸਿੰਘ ਬਰਮੀ, ਹਰਜੀਤ ਸਿੰਘ ਗਰੇਵਾਲ, ਰਘਵੀਰ ਸਿੰਘ ਬੈਨੀਪਾਲ, ਰਾਜਵੀਰ ਸਿੰਘ ਘੁਡਾਣੀ, ਤਰਲੋਚਨ ਸਿੰਘ ਦੋਰਾਹਾ, ਪ੍ਰੋ. ਅਮਰਪ੍ਰੀਤ ਸਿੰਘ ਬਰਮਾਲੀਪੁਰ, ਪ੍ਰੋ. ਜੈਪਾਲ ਸਿੰਘ, ਸੁਖਦੇਵ ਸਿੰਘ ਲਹਿਲ, ਗੁਰਮੇਲ ਸਿੰਘ ਸਿਆੜ, ਬਲਵਿੰਦਰ ਸਿੰਘ ਨਜ਼ਾਮਪੁਰ, ਤਰਨਜੀਤ ਸਿੰਘ ਕੂਹਲੀ, ਲਖਵੰਤ ਸਿੰਘ ਦੋਬੁਰਜੀ, ਬੁੱਧ ਸਿੰਘ ਬਰਮਾਲੀਪੁਰ, ਕੇਸਰ ਸਿੰਘ, ਗਗਨਦੀਪ ਘੁਡਾਣੀ, ਧਰਮਜੀਤ ਸਿੰਘ ਰਾਮਪੁਰ, ਰਾਜਵੀਰ ਬੇਗੋਵਾਲ, ਹਰਪਾਲ ਸਿੰਘ, ਹਰਜਿੰਦਰ ਸਿੰਘ ਹਨੀ, ਅਧਿਆਪਕ ਆਗੂ ਚਰਨ ਸਿੰਘ ਸਰਾਭਾ, ਪੰਜਾਬੀ ਲਿਖਾਰੀ ਸਭਾ ਰਾਮਪੁਰ ਮੀਤ ਪ੍ਰਧਾਨ ਬਲਦੇਵ ਸਿੰਘ ਝੱਜ, ਪਾਵਰਕਾਮ ਪੈਨਸ਼ਨਰ ਆਗੂ ਤਰਸੇਮ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਤਰਲੋਚਨ ਝਾਂਡੇ ਆਦਿ ਨੇ ਕਿਹਾ ਕਿ ਦਿੱਲੀ ਵਿਖੇ ਧਰਨਾ ਖਤਮ ਕਰਨ ਵੇਲੇ ਸੰਯੁਕਤ ਕਿਸਾਨ ਮੋਰਚੇ ਦੇ ਆਗੁਆਂ ਨਾਲ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਦਿੱਲੀ ਮੋਰਚੇ ਵੇਲੇ ਹੋਏ ਕਿਸਾਨਾਂ ਤੇ ਕੇਸ ਜਿਓ ਦੇ ਤਿਓ ਹਨ। ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾ ਤਾਂ ਕੀ ਦੋਣੀ ਸੀ ਅਜੇ ਬੇਕਸੂਰ ਕਿਸਾਨਾਂ ਨੂੰ  ਨਜ਼ਾਇਜ਼ ਕੇਸ ਪਾ ਕੇ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ।  ਪੰਜਾਬ ਸਰਕਾਰ ਨੇ ਪਹਿਲਾਂ ਮੂੰਗੀ ਦਾ ਘੱਟੋ ਘੱਟ ਸਮਰੱਥਨ ਮੁੱਲ ਦਾ ਐਲਾਨ ਕੀਤਾ ਫਿਰ ਖਰੀਦ ਨਹੀਂ ਕੀਤੀ। 

ਇਸੇ ਤਰ੍ਹਾਂ ਜੀਵਨ ਦੇ ਲਈ ਪਾਣੀ ਅਤਿ ਜ਼ਰੂਰੀ ਹੈ। ਪਾਣੀ ਦੀ ਬਰਬਾਦੀ ਨੂੰ  ਕਿਸਾਨਾਂ ਸਿਰ ਮੜ੍ਹ ਕੇ ਕਿਸਾਨ ਬਦਨਾਮ ਕੀਤੇ ਜਾ ਰਹੇ ਹਨ ਜਦ ਕਿ ਫੈਕਟਰੀਆਂ ਦਾ ਕੈਮੀਕਲ ਗ੍ਰਸਤ ਪਾਣੀ ਧਰਤੀ ਦੇ ਪੱਤਣ ਅਤੇ ਨਹਿਰਾਂ ਦਾ ਅੰਮਿ੍ਤ ਜਲ ਦੂਸ਼ਤ ਕਰ ਰਿਹਾ ਹੈ। ਸਰਕਾਰ ਸਾਨੂੰ ਹਰ ਫਸਲ ਤੇ ਐਮ.ਐਸ.ਪੀ. ਤੇ ਖਰੀਦਣ ਦੀ ਸਵਿਧਾਨਿਕ ਗ੍ਰੰਟੀ ਕਰੇ ਅਸੀਂ ਜੀਰੀ ਬੀਜਣੀ ਹੀ ਬੰਦ ਕਰ ਦਿਆਂਗੇ। ਸਰਕਾਰ ਦੀ ਖੇਤੀ ਨੀਤੀ ਨੂੰ  ਲੈ ਕੇ ਬਣਾਈ ਕਮੇਟੀ ਸਿਰਫ ਸਰਕਾਰ ਦੇ ਹੱਥਾਂ ਦੀ ਕਠਪੁੱਤਲੀ ਹੈ। ਜੋ ਸਾਨੂੰ ਬਿੱਲਕੁੱਲ ਮੰਜੂਰ ਨਹੀਂ ਕਿਉਂਕਿ ਇਹ ਸਿਰਫ ਐਮ.ਐਸ.ਪੀ. ਨੂੰ  ਨਿਰਧਾਰਤ ਕਰਨ ਦੀ ਕਮੇਟੀ ਨਹੀਂ ਸਗੋਂ ਇਹ ਖੇਤੀ ਨੀਤੀ ਨੂੰ ਪ੍ਰਭਾਵਤ ਕਰਨ ਦੀ ਸਰਕਾਰ ਦੀ ਚਾਲ ਹੈ। ਅਗਨੀ ਪੱਥ ਵਰਗੇ ਮੁੱਦੇ ਆਪੇ ਉਭਾਰ ਕੇ ਆਪੇ ਪਾਸ ਕਰਕੇ ਭਾਰਤ ਦੀ ਜਵਾਨੀ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਦੇਸ਼ ਦੀ ਜਵਾਨੀ ਨਸ਼ੇ ਦੇ ਹੜ੍ਹ ਵਿਚ ਗਰਕ ਹੋ ਰਹੀ ਹੈ। 

ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਬੇੜਾ ਗਰਕ ਹੋਇਆ ਪਿਆ ਹੈ। ਬੇਰੁਜ਼ਗਾਰ ਨੌਜਵਾਨ ਵਿਦੇਸ਼ਾਂ ਨੂੰ  ਉਡਾਰੀ ਮਾਰ ਰਹੇ ਹਨ ਜਾਂ ਗੈਂਗਸਟਰ ਬਣਨ ਦੇ ਰਾਹ ਪੈ ਰਹੇ ਹਨ। ਪੰਚਾਇਤੀ ਜ਼ਮੀਨਾਂ ਖਾਲੀ ਕਰਵਾਉਣ ਦੇ ਨਾਮ ਤੇ ਗਰੀਬ ਆਬਾਦਕਾਰਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਅਜਿਹੀਆਂ ਹੋਰ ਅਨੇਕ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ, ਅੱਜ ਦੋਰਾਹਾ ਵਿਖੇ ਰਾਜਧਾਨੀ ਤੇ ਦੇਸ਼ ਦੇ ਮੁੱਖ ਰੇਲ ਮਾਰਗ ਉੱਤੇ 'ਰੇਲ ਦਾ ਚੱਕਾ ਜਾਮ' ਕਰਕੇ ਕਿਸਾਨਾਂ ਨੇ ਅਗਲੇ ਸੰਘਰਸ਼ ਦੀ ਤਿਆਰੀ ਵਿਚ ਸੰਕੇਤਕ ਧਰਨਾ ਦਿੱਤਾ ਹੈ।  
ਤਸਵੀਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 'ਰੇਲ ਦਾ ਚੱਕਾ ਜਾਮ' ਕਰਕੇ ਰੇਲਵੇ ਲਾਇਨਾਂ ਉੱਤੇ ਦੋਰਾਹਾ ਰੇਲਵੇ ਸਟੇਸ਼ਨ ਵਿਖੇ ਧਰਨਾ ਦੇਣ ਸਮੇਂ ਹਲਕਾ ਪਾਇਲ ਦੀਆਂ ਕਿਸਾਨ ਜੱਥੇਬੰਦੀਆਂ ਦੇ ਹਾਜ਼ਰ ਮੈਂਬਰ ਅਤੇ ਹੋਰ  ਵੀ ਨਜ਼ਰ ਆ ਰਹੇ ਹਨ।  

No comments: