ਘੰਟਾਘਰ ਦਫਤਰ ਵਾਲੇ ਇਸ ਦਫਤਰ ਨੇ ਦੇਖੇ ਹਨ ਕਈ ਉਤਰਾਅ ਚੜ੍ਹਾਅ
ਲੁਧਿਆਣਾ: 22 ਜੁਲਾਈ 2022: (ਪੰਜਾਬ ਸਕਰੀਨ ਡੈਸਕ)::
ਜਦੋਂ ਸੰਨ 1947 ਵਿੱਚ ਆਜ਼ਾਦੀ ਆਈ ਤਾਂ ਉਸ ਵੇਲੇ ਕਮਾਨ ਇੰਡਿਅਨ ਨੈਸ਼ਨਲ ਕਾਂਗਰਸ ਦੇ ਹੱਥ ਵਿਚ ਸੀ। ਦੇਸ਼ ਵਿਚ ਬੜੇ ਰਾਜੇ-ਮਹਾਰਾਜੇ ਸਨ-ਬੜੀਆਂ ਰਿਆਸਤਾਂ ਸਨ। ਬਹੁਤ ਸਾਰੀਆਂ ਉਲਝਣਾਂ ਸਨ। ਸਭਨਾਂ ਨੂੰ ਕਾਂਗਰਸ ਨੇ ਆਪਣੀ ਸਿਆਣਪ ਅਤੇ ਸਖਤੀ ਨਾਲ ਕੰਟਰੋਲ ਕਰ ਲਿਆ। ਫਿਰ ਜੰਗਾਂ ਛਿੜੀਆਂ ਤਨ ਉਦੋਂ ਵੀ ਦੇਸ਼ ਦੀ ਪਿੱਠ ਨਹੀਂ ਲੱਗਣ ਦਿੱਤੀ। ਤਰੱਕੀ ਦੇ ਨਵੇਂ ਇਤਿਹਾਸ ਰਚੇ ਜਿਹੜੇ ਅੱਜ ਵੀ ਆਪਣੇ ਮੂੰਹੋਂ ਬੋਲਦੇ ਹਨ। ਪਰ ਇਹਨਾਂ ਸਭਨਾਂ ਖੂਬੀਆਂ ਦੇ ਬਾਵਜੂਦ ਲੁਧਿਆਣਾ ਦੇ ਘੰਟਾਘਰ ਇਲਾਕੇ ਵਾਲਾ ਦਫਤਰ ਉਹਨਾਂ ਇਮਾਰਤਾਂ ਵਿੱਚੋਂ ਨਿਕਲਿਆ ਜਿਸ ਦੀ ਕਿਸਮਤ ਕਦੇ ਨਾ ਜਾਏਗੀ।
ਦੇਸ਼ ਅਤੇ ਪੰਜਾਬ ਵਿੱਚ ਕਈ ਕਈ ਵਾਰ ਕਾਂਗਰਸ ਪਾਰਟੀ ਦੀ ਹਕੂਮਤ ਆਉਣ ਦੇ ਬਾਵਜੂਦ ਇਸ ਦਫਤਰ ਦੀ ਕਦੇ ਵੀ ਅਜਿਹੀ ਮੁਰੰਮਤ ਨਾ ਹੋ ਸਕੀ ਕਿ ਇਸਨੂੰ ਨਵਾਂ ਵਰਗਾ ਬਣਾ ਦੇਂਦੀ। ਦੂਜੇ ਪਾਸੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਆਈ ਤਾਂ ਬੀਜੇਪੀ ਅਤੇ ਆਰ ਐਸ ਐਸ ਨੇ ਆਪਣੇ ਬਹੁਤ ਸਾਰੇ ਦਫਤਰਾਂ ਦਾ ਕਾਇਆ ਕਲਪ ਹੀ ਕਰ ਦਿੱਤਾ। ਕਮਿਊਨਿਸਟ ਪਾਰਟੀਆਂ ਵੀ ਆਪਣੇ ਦਫਤਰਾਂ ਦੀ ਸਾਂਭ ਸੰਭਾਲ ਵਾਲੇ ਪਾਸੇ ਲਗਾਤਾਰ ਧਿਆਨ ਦੇਂਦੀਆਂ ਰਹੀਆਂ। ਪਰ ਲੁਧਿਆਣੇ ਦੇ ਘੰਟਾਘਰ ਵਾਲਾ ਦਫਤਰ ਹਮੇਸ਼ਾਂ ਅਣਗੋਲਿਆਂ ਹੀ ਰਿਹਾ।
ਇਥੇ ਸ਼ਹੀਦ ਹੋਏ ਮੁਖ ਮੰਤਰੀ ਬੇਅੰਤ ਸਿੰਘ ਵੀ ਆਪਣੇ ਕਾਰਜਕਾਲ ਵਿਚ ਆਉਂਦੇ ਰਹੇ ਅਤੇ ਹੋਰ ਬਹੁਤ ਸਾਰੇ ਸੀਨੀਅਰ ਲੀਡਰ ਵੀ ਅਕਸਰ ਮੀਟਿੰਗਾਂ ਵਿਚ ਸ਼ਾਮਿਲ ਹੋਏ। ਮੀਡੀਆ ਨਾਲ ਗੱਲਾਂਬਾਤਾਂ ਵੀ ਇਥੇ ਅਕਸਰ ਹੁੰਦੀਆਂ ਹਨ ਅਤੇ ਲੋਕ ਅੰਦੋਲਨਾਂ ਨੂੰ ਸਫਲ ਬਣਾਉਣ ਵਾਲੀਆਂ ਸਕੀਮਾਂ ਬਾਰੇ ਵੀ ਇਥੇ ਹੀ ਵਿਚਾਰ ਵਟਾਂਦਰਾ ਹੁੰਦਾ ਹੈ। ਲੁੜੀਂਦੀ ਸਾਂਭ ਸੰਭਾਲ ਦੀ ਕਮੀ ਖੁਣੋਂ 21 ਅਤੇ 22 ਜੁਲਾਈ ਦੀ ਰਾਤ ਨੂੰ ਇਸ ਦਫਤਰ ਦੇ ਇੱਕ ਕਮਰੇ ਦੀ ਛੱਤ ਐਨ ਵਿਸਾਝਕਾਰੋਂ ਡਿੱਗ ਪਈ। ਇਹ ਸਭ ਇੱਕ ਦਿਨ ਪਹਿਲਾਂ ਪਏ ਜ਼ੋਰਦਾਰ ਮੀਂਹ ਕਾਰਨ ਹੀ ਹੋਇਆ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵੀ ਸੂਬੇ ਵਿੱਚ ਪੰਜ ਸਾਲ ਰਾਜ ਕਰ ਕੇ ਸੈਂਕੜੇ ਸੜਕਾਂ ਤੇ ਪੁਲ ਬਣਾਉਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਦੇ ਜ਼ਿਲ੍ਹਾ ਦਫ਼ਤਰ ਦੀ ਅੱਜ ਲੁਧਿਆਣਾ ਵਿੱਚ ਮੀਂਹ ਦੌਰਾਨ ਛੱਤ ਡਿੱਗ ਗਈ। ਉਂਝ ਇਸਦਾ ਖਦਸ਼ਾ ਕਾਫੀ ਦੇਰ ਤੋਂ ਸੀ। ਇਹ ਬਹੁਤ ਸਾਰੀਆਂ ਯਾਦਾਂ ਸੰਜੋਈ ਬੈਠਾ ਦਫਤਰ ਇੱਕ ਅਜਿਹੀ ਇਮਾਰਤ ਹੈ ਜਿਸ ਨਾਲ ਬਹੁਤ ਸਾਰੇ ਕਾਂਗਰਸੀਆਂ ਦੇ ਜਜ਼ਬਾਤ ਅੱਜ ਵੀ ਜੁੜੇ ਹੋਏ ਹਨ। ਰੇਲਵੇ ਸਟੇਸ਼ਨ ਨੇੜੇ ਕਾਂਗਰਸ ਦਾ ਇਹ ਕਾਫ਼ੀ ਪੁਰਾਣਾ ਦਫ਼ਤਰ ਸੀ ਤੇ ਮੌਜੂਦਾ ਸਮੇਂ ਵਿੱਚ ਇਥੇ ਜ਼ਿਲ੍ਹਾ ਕਾਂਗਰਸ ਦਿਹਾਤੀ ਅਤੇ ਯੂਥ ਦਾ ਵੀ ਦਫ਼ਤਰ ਚੱਲ ਰਿਹਾ ਸੀ। ਪੱਤਰਕਾਰ ਮਿਲਣੀਆਂ ਵੀ ਇਥੇ ਅਕਸਰ ਹੁੰਦੀਆਂ ਹੀ ਰਹਿੰਦੀਆਂ ਸਨ। ਲੁਧਿਆਣਾ ਵਿੱਚ ਪਿਛਲੇ ਦੋ ਦਿਨ ਤੋਂ ਕਾਫ਼ੀ ਮੀਂਹ ਪੈ ਰਿਹਾ ਹੈ। ਇਸ ਕਰ ਕੇ ਬੀਤੀ ਰਾਤ ਕਾਂਗਰਸ ਦਫ਼ਤਰ ਦੀ ਛੱਤ ਡਿੱਗ ਗਈ। ਰਾਤ ਦਾ ਸਮਾਂ ਹੋਣ ਕਾਰਨ ਦਫ਼ਤਰ ਵਿੱਚ ਕੋਈ ਮੌਜੂਦ ਨਹੀਂ ਸੀ, ਜਿਸ ਕਰ ਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜ਼ਰਾ ਅੰਦਾਜ਼ਾ ਲਗਾਓ ਜੇ ਕਰ ਬਾਕੀ ਦਿਨਾਂ ਵਾਂਗ ਇਥੇ ਕੁਝ ਲੋਕ ਬੈਠੇ ਹੁੰਦੇ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਛੱਤ ਰਾਤ ਨੂੰ ਡਿੱਗਣ ਕਰਕੇ ਕੋਈ ਅਣਸੁਖਾਵੇਂ ਨੁਕਸਾਨ ਤੋਂ ਬਚਾ ਹੋ ਗਿਆ।
ਦਰਅਸਲ, ਲੁਧਿਆਣਾ ਦਾ ਜ਼ਿਲ੍ਹਾ ਕਾਂਗਰਸ ਦਾ ਦਫ਼ਤਰ ਕਰੀਬ 50 ਤੋਂ 60 ਸਾਲ ਪੁਰਾਣਾ ਹੈ। ਕਈਆਂ ਦਾ ਕਹਿਣਾ ਹੈ ਕਿ ਇਹ ਕਰੀਬ 74-75 ਸਾਲ ਪੁਰਾਣ ਹੈ। ਇਸ ਦਫ਼ਤਰ ਦੀਆਂ ਛੱਤਾਂ ਅੱਜ ਵੀ ਗਾਡਰ ਬਾਲੇ ਵਾਲੀਆਂ ਹਨ। ਇਥੇ ਬੜੀ ਸਰਗਰਮੀ ਨਾਲ ਜ਼ਿਲ੍ਹਾ ਕਾਂਗਰਸ, ਜ਼ਿਲ੍ਹਾ ਦਿਹਾਤੀ ਕਾਂਗਰਸ ਤੇ ਯੂਥ ਕਾਂਗਰਸ ਦਾ ਦਫ਼ਤਰ ਚਲਦਾ ਹੈ। ਕਿਸੇ ਨਾ ਕਿਸੇ ਬਹਾਨੇ ਗਹਿਮਾ ਗਹਿਮੀ ਹੋਈ ਰਹਿੰਦੀ ਹੈ। ਸ਼ਹਿਰ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤੇਜ਼ ਮੀਂਹ ਵਰ੍ਹ ਰਿਹਾ ਹੈ। ਇਸ ਕਰ ਕੇ ਵੀਰਵਾਰ ਦੇਰ ਰਾਤ ਕਾਂਗਰਸ ਦਫ਼ਤਰ ਦੇ ਇੱਕ ਕਮਰੇ ਦੀ ਛੱਤ ਦੇ ਗਾਡਰ ਬਾਲੇ ਡਿੱਗ ਗਏ।
ਇਸ ਦਫਤਰ ਦੀ ਜਿਸ ਥਾਂ ਛੱਤ ਡਿੱਗੀ ਉਸ ਕਮਰੇ ਵਿੱਚ ਸਿਆਸੀ ਆਗੂਆਂ ਦੀਆਂ ਫੋਟੋਆਂ ਤੇ ਫਰਨੀਚਰ ਵੀ ਕਾਫੀ ਨੁਕਸਾਨਿਆ ਗਿਆ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਕੋਮਲ ਖੰਨਾ ਨੇ ਦੱਸਿਆ ਕਿ ਇਹ ਘਟਲਾ ਰਾਤ ਸਮੇਂ ਹੋਈ ਜਿਸ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਇਸ ਦਫ਼ਤਰ ਵਿੱਚ ਹਮੇਸ਼ਾ ਹੀ ਦੋ-ਚਾਰ ਲੋਕ ਬੈਠੇ ਰਹਿੰਦੇ ਹਨ। ਇਸ ਪੁਰਾਣੇ ਦਫ਼ਤਰ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਣੇ ਕਈ ਸਿਆਸੀ ਆਗੂਆਂ ਦੀਆਂ ਯਾਦਗਾਰ ਤਸਵੀਰਾਂ ਤੇ ਹੋਰ ਸਮਾਨ ਪਿਆ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੋਮਲ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਸ ਘਟਨਾ ਬਾਰੇ ਜਾਣੂ ਕਰਵਾ ਦਿੱਤਾ ਹੈ। ਜਲਦ ਹੀ ਇਸ ਦੀ ਮੁਰੰਮਤ ਵੀ ਕਰਵਾਈ ਜਾਵੇਗੀ। ਪਰ ਛੱਤ ਡਿੱਗਣ ਦੇ ਇਸ ਹਾਦਸੇ ਨਾਲ ਇਹ ਸੁਆਲ ਫਿਰ ਖੜੇ ਹੋ ਗਏ ਹੈ ਕਿ ਕਾਂਗਰਸ ਦੀਆਂ ਹਕੂਮਤਾਂ ਰਹਿਣ ਦੇ ਬਾਵਜੂਦ ਕਾਂਗਰਸ ਪਾਰਟੀ ਦਾ ਆਪਣਾ ਹੀ ਦਫਤਰ ਹੁਣ ਤੱਕ ਅਣਗੌਲਿਆ ਕਿਓਂ ਰਿਹਾ?
ਅਜਿਹਾ ਨਹੀਂ ਹੈ ਕਿ ਕਾਂਗਰਸ ਪਾਰਟੀ ਕੋਲ ਇਸ ਮਕਸਦ ਲਈ ਫ਼ੰਡ ਨਹੀਂ ਹਨ। ਸਭ ਕੁਝ ਹੈ ਕਾਂਗਰਸ ਪਾਰਟੀ ਕੋਲ ਪਰ ਇਸ ਦਫਤਰ ਦੀ ਕਿਸਮਤ ਕਿਓਂ ਨਹੀਂ ਜਾਗੀ ਇਹ ਗੱਲ ਕਾਂਗਰਸ ਦੇ ਵਰਕਰਾਂ ਵਿਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸ ਪਾਰਟੀ ਨਾਲ ਜੁੜੇ ਕੁਝ ਸੂਤਰਾਂ ਨੇ ਦੱਸਿਆ ਕਿ ਇਸ ਥਾਂ ਦੀ ਮਾਲਕੀ ਦੇ ਕਾਗਜ਼ ਕਿਸੇ ਹੋਰ ਕੋਲ ਹਨ ਅਤੇ ਕਬਜ਼ਾ ਕਾਂਗਰਸ ਪਾਰਟੀ ਦਾ ਹੈ। ਇਸ ਝਦੇ ਕਾਰਨ ਹੀ ਇਸ ਦਫਤਰ ਦੀ ਪੁਰਾਣੀ ਇਮਾਰਤ ਨੂੰ ਨਵੀਂ ਇਮਾਰਤ ਵਿਚ ਨਹੀਂ ਬਦਲਿਆ ਜਾ ਸਕਿਆ। ਕਾਂਗਰਸ ਦੇ ਕੁਝ ਸੂਤਰ ਇਹ ਵੀ ਦੱਸਦੇ ਹਨ ਕਿ ਇਸ ਝਗੜੇ ਦੇ ਨਾਲ ਨਾਲ ਕਿਸੇ ਹੋਰ ਖੁਲ੍ਹੀ ਥਾਂ ਤੇ ਦੋ ਹਜ਼ਾਰ ਗਜ਼ ਥਾਂ ਵੀ ਲਈ ਗਈ ਪਰ ਇਸਦੀ ਵੀ ਉਸਾਰੀ ਸ਼ੁਰੂ ਨਹੀਂ ਕੀਤੀ ਜਾ ਸਕੀ।
ਸਾਡੀ ਟੀਮ ਇਹਨਾਂ ਗੱਲਾਂ ਸੰਬੰਧੀ ਹਕੀਕਤ ਦਾ ਪਤਾ ਲਗਾ ਰਹੀ ਹੈ। ਪੁਸ਼ਟੀ ਵਾਲਾ ਵੇਰਵਾ ਮਿਲਦੀਆਂ ਹੀ ਅਸੀਂ ਬਾਕੀ ਵੇਰਵਾ ਵੀ ਪਾਠਕਾਂ ਸਾਹਮਣੇ ਰੱਖਾਂਗੇ।

No comments:
Post a Comment