Friday, July 22, 2022

ਕਵਿਤਾ ਕਥਾ ਕਾਰਵਾਂ ਵੱਲੋਂ 'ਸਾਵਣ ਕਵੀ ਦਰਬਾਰ' ਦਾ ਆਯੋਜਨ

18th July 2022 at 09:14 PM

ਮੁੱਖ ਮਹਿਮਾਣ ਵੱਜੋਂ ਪਹੁੰਚੇ ਬੁਲੰਦ ਸ਼ਾਇਰ ਸਰਦਾਰ ਪੰਛੀ 


ਲੁਧਿਆਣਾ: 18 ਜੁਲਾਈ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਹੁਣ ਜਦੋਂ ਕਿ ਸਵਾਰਥੀ ਲੋਕ ਆਪੋ ਆਪਣੀ ਸਿਆਸਤ ਅਤੇ ਚੌਧਰ ਚਮਕਾਉਣ ਲਈ ਕਦੇ ਧਰਮਾਂ ਦੀ ਗੱਲ ਕਰਦੇ ਹਨ, ਕਦੇ ਜਾਤ-ਪਾਤ ਦੀ ਅਤੇ ਕਦੇ ਭਾਸ਼ਾ ਦੀ ਉਦੋਂ ਅਜਿਹੇ ਮਾਹੌਲ ਵਿੱਚ ਜਸਪ੍ਰੀਤ ਫ਼ਲਕ ਅਤੇ ਉਹਨਾਂ ਦੀ ਟੀਮ ਸਭਨਾਂ ਨੂੰ ਇੱਕ ਕਰਨ ਲੱਗੀ ਹੋਈ ਹੈ ਕਦੇ ਕਵਿਤਾ ਦੇ ਬਹਾਨੇ ਨਾਲ, ਕਦੇ ਸਾਹਿਤ ਦੇ ਬਹਾਨੇ ਨਾਲ ਅਤੇ ਕਦੇ ਸੰਗੀਤ ਦੇ ਬਹਾਨੇ ਨਾਲ। ਉਂਝ ਵੀ ਸਮੂਹ ਲੋਕਾਂ ਨੂੰ ਸਾਰੇ ਮਤਭੇਦਾਂ ਤੋਂ ਉੱਪਰ ਉੱਠ ਕੇ ਏਕਤਾ ਦੇ ਸੂਤਰ ਵਿਚ ਪਿਰੋਣਾ ਹੀ ਤਾਂ ਅਸਲੀ ਧਰਮ ਹੁੰਦਾ ਹੈ ਅਸਲੀ ਸਾਹਿਤਕਾਰਾਂ ਦਾ। 

ਤੇਜ਼ੀ ਨਾਲ ਹਰਮਨ ਪਿਆਰੇ ਹੋਏ ਸੰਗਠਨ ਕਵਿਤਾ ਕਥਾ ਕਾਰਵਾਂ (ਰਜਿ.) ਵੱਲੋਂ ਇਸ ਵਾਰ ਦਾ 'ਸਾਵਣ ਕਵੀ ਦਰਬਾਰ'  ਮਾਇਆ ਨਗਰ ਵਿੱਖੇ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਸੀਨੀਅਰ ਕਵੀ ਤੇ ਸ਼਼ਾਇਰ ਸਰਦਾਰ ਪੰਛੀ ਪਹੁੰਚੇ। ਇਸ ਮੌਕੇ ਸੰਸਥਾ ਦੀ ਸੰਸਥਾਪਕ ਪ੍ਰਧਾਨ ਡਾ: ਜਸਪ੍ਰੀਤ ਕੌਰ ਫ਼ਲਕ ਨੇ ਆਪਣੇ ਜਾਣੇ ਪਛਾਣੇ ਯਾਦਗਾਰੀ ਅੰਦਾਜ਼ ਵਿੱਚ ਆਏ ਹੋਏ ਕਵੀਆਂ ਅਤੇ ਪਤਵੰਤੇ ਕਾਵਿ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। 

ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਭਜਨ ਗਾਇਕਾ ਸਰੋਜ ਵਰਮਾ ਦੀ ਸੁਰੀਲੀ ਆਵਾਜ਼ ਵਿੱਚ ਸਰਸਵਤੀ ਵੰਦਨਾ ਦੇ ਗਾਇਨ ਨਾਲ ਹੋਈ। ਇਸ ਉਪਰੰਤ ਸ਼ਾਇਰਾਂ ਨੇ ਸਾਵਣ ਦੀ ਰੁੱਤ ਨੂੰ ਮੁੱਖ ਰੱਖਦਿਆਂ ਆਪਣੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਕੀਤੀਆਂ। ਸਾਵਣ ਦੀ ਤੜਪ, ਸਾਵਾਂ ਦੀ ਫੁਹਾਰ ਅਤੇ ਸਾਵਣ ਵਾਲੀ ਰਚਨਾਤਮਕਤਾ ਦੀ ਝਲਕ ਇਹਨਾਂ ਸਾਰੇ ਸ਼ਾਇਰਾਂ ਨੇ ਆਪੋ ਆਪਣੇ ਕਲਾਮ ਵਿਚ ਦਿਖਾਈ। ਇਹਨਾਂ ਸਾਰੇ ਹੀ ਰਚਨਾਕਾਰਾਂ ਨੇ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। 

ਇਸ ਕਵੀ ਦਰਬਾਰ ਵਿੱਚ ਡਾ: ਜਸਪ੍ਰੀਤ ਕੌਰ ਫ਼ਲਕ, ਡਾ: ਜਗਤਾਰ ਧੀਮਾਨ, ਦਾਨਿਸ਼ ਭਾਰਤੀ, ਡਾ: ਰਾਜਿੰਦਰ ਸਾਹਿਲ, ਅੰਮ੍ਰਿਤਪਾਲ ਗੋਗੀਆ, ਹਰਦੀਪ ਬਿਰਦੀ, ਰਸ਼ਮੀ ਅਸਥਾਨਾ, ਗੁਰਚਰਨ ਨਾਰੰਗ, ਨਵਪ੍ਰੀਤ ਹੈਰੀ ਅਤੇ ਡਾ: ਰਵਿੰਦਰ ਸਿੰਘ ਚੰਦੀ ਨੇ ਆਪਣੀ ਉੱਚ ਪੱਧਰੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | . ਸਟੇਜ ਦਾ ਸੰਚਾਲਨ ਪ੍ਰਸਿੱਧ ਸ਼ਾਇਰ ਦਾਨਿਸ਼ ਭਾਰਤੀ ਨੇ ਬਾਖੂਬੀ ਕੀਤਾ। ਅੰਤ ਵਿੱਚ ਸ਼੍ਰੀਮਤੀ ਰਸ਼ਮੀ ਅਸਥਾਨਾ, ਸਕੱਤਰ, ਕਵਿਤਾ ਕਥਾ ਕਾਰਵਾਂ (ਰਜਿਸਟਰਡ) ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਪ੍ਰੋਗਰਾਮ ਦਾ ਸਭ ਤੋਂ ਵੱਡਾ ਆਕਰਸ਼ਣ ਮਾਲਪੂੜੇ ਅਤੇ ਖੀਰ ਸੀ। ਸਮੂਹ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਸਵਾਦਿਸ਼ਟ ਮਾਲਪੂੜੇ-ਖੀਰ ਦਾ ਆਨੰਦ ਮਾਣਿਆ ਅਤੇ ਸ਼ਰਾਵਣ ਮਹੀਨੇ ਦਾ ਸ਼ਗਨ ਵੀ ਪੂਰਾ ਕੀਤਾ।


ਚਲਦੇ ਚਲਦੇ ਇੱਕ ਸ਼ਿਅਰ ਇਹ ਵੀ..

ਮੇਰਾ ਦਾਅਵਾ ਹੈ  ਫੁੱਲਾਂ ਵਾਂਗ ਮਹਿਕਣ ਗੇ ਯਕੀਨਨ ਹੀ,

ਮੁਹੱਬਤ ਨਾਲ ਜੇ ਕੰਡਿਆਂ ਨੂ ਪੋਟੇ ਵੀ ਛੁਹਾ ਦੇਈਏ।

                              --ਗੁਰਦੀਪ ਭਾਟੀਆ

No comments: