13th July 2022 at 3:22 PM
ਇਸ ਮੌਸਮ ਵਿਚ ਪੰਛੀਆਂ ਤੇ ਗਰਮੀਆਂ ਦਾ ਤਨਾਉ ਬਹੁਤ ਵੱਧ ਜਾਂਦੈ
ਲੁਧਿਆਣਾ: 13 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਸਰਪ੍ਰਸਤੀ ਅਧੀਨ ਕਾਰਜਸ਼ੀਲ ਇੰਡੀਪੈਂਡੇਂਟ ਪੋਲਟਰੀ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਯੂਨੀਵਰਸਿਟੀ ਕੈਂਪਸ ਵਿਖੇ ਹੋਈ।ਇਸ ਜਥੇਬੰਦੀ ਦੇ ਪ੍ਰਧਾਨ, ਸ਼੍ਰੀ ਸੰਜੇ ਸ਼ਰਮਾ ਨੇ ਬਰਾਇਲਰ ਉਤਪਾਦਕਾਂ, ਯੂਨੀਵਰਸਿਟੀ ਮਾਹਿਰਾਂ ਅਤੇ ਹਿਪਰਾ ਇੰਡੀਆ ਪ੍ਰਾ. ਲਿਮ. ਦੇ ਨੁਮਾਇੰਦਿਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨੇ ਮੁਰਗੀ ਪਾਲਣ ਵਿਚ ਵੱਧ ਰਹੀ ਲਾਗਤ ਬਾਰੇ ਚਰਚਾ ਕਰਦਿਆਂ ਹੋਰ ਚੁਣੌਤੀਆਂ ਦੀ ਵੀ ਗੱਲ ਕੀਤੀ।ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੇ ਦੱਖਣੀ ਸੂਬਿਆਂ ਨਾਲ ਠੇਕਾ ਪ੍ਰਣਾਲੀ ਅਧੀਨ ਬਰਾਇਲਰ ਪਾਲਣ ਸੰਬੰਧੀ ਵੀ ਕਈ ਨੁਕਤੇ ਸਾਂਝੇ ਕੀਤੇ।
ਡਾ. ਦਲਜੀਤ ਕੌਰ, ਪੋਲਟਰੀ ਮਾਹਿਰ ਨੇ ਮੌਨਸੂਨ ਦੌਰਾਨ ਇਨ੍ਹਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਪੰਛੀਆਂ ਤੇ ਗਰਮੀਆਂ ਦਾ ਤਨਾਉ ਬਹੁਤ ਵੱਧ ਜਾਂਦਾ ਹੈ ਜਿਸ ਲਈ ਸਾਨੂੰ ਉਨ੍ਹਾਂ ਵਾਸਤੇ ਠੰਡੇ ਵਾਤਾਵਰਣ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਸ਼ੈਡਾਂ ਦੀ ਸਹੀ ਬਣਤਰ, ਮੌਸਮ ਅਨੁਕੂਲ ਖੁਰਾਕ ਅਤੇ ਪਾਣੀ, ਹਵਾ ਦੀ ਆਵਾਜਾਈ ਦਾ ਸੁਚੱਜਾ ਪ੍ਰਬੰਧ, ਪੱਖੇ, ਐਗਜ਼ਾਸਟ ਪੱਖੇ ਅਤੇ ਸੁਰੰਗ ਟਾਈਪ ਰੋਸ਼ਨਦਾਨ ਬਣਾ ਕੇ ਅਸੀਂ ਢੁੱਕਵਾਂ ਵਾਤਾਵਰਣ ਦੇ ਸਕਦੇ ਹਾਂ।
ਡਾ. ਪਰਮਿੰਦਰ ਸਿੰਘ, ਮੀਟਿੰਗ ਦੇ ਸੰਯੋਜਕ ਨੇ ਬਰਾਇਲਰ ਦੀ ਖੁਰਾਕ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ।ਉਨ੍ਹਾਂ ਨੇ ਵਿਭਿੰਨ ਉਮਰ ਸਮੂਹ ਦੇ ਬਰਾਇਲਰਾਂ ਲਈ ਖੁਰਾਕ ਬਾਰੇ ਭਾਰਤੀ ਮਾਣਕਾਂ ਦੀ ਵੀ ਚਰਚਾ ਕੀਤੀ।ਉਨ੍ਹਾਂ ਖੁਰਾਕ ਵਿਚ ਕੀਤੀ ਜਾ ਰਹੀ ਮਿਲਾਵਟ ਬਾਰੇ ਵੀ ਮੁਰਗੀ ਪਾਲਕਾਂ ਨੂੰ ਦੱਸਿਆ।ਉਨ੍ਹਾਂ ਕਿਹਾ ਕਿ ਰੰਗ, ਗੰਧ, ਸਪਰਸ਼ ਅਤੇ ਖੁਰਾਕ ਵਿਚ ਪਾਏ ਜਾਣ ਵਾਲੇ ਤੱਤਾਂ ਨੂੰ ਜਾਣ ਕੇ ਅਸੀਂ ਸਹੀ ਖੁਰਾਕ ਦੀ ਪਛਾਣ ਕਰ ਸਕਦੇ ਹਾਂ।ਖੁਰਾਕ ਵਿਚ ਵਧੇਰੇ ਨਮੀ, ਰੇਸ਼ੇ ਅਤੇ ਜ਼ਹਿਰੀਲੇ ਮਾਦੇ ਦੇ ਨੁਕਸਾਨ ਬਾਰੇ ਵੀ ਉਨ੍ਹਾਂ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਸਾਨੂੰ ਖੁਰਾਕ ਅਜਿਹੀ ਦੇਣੀ ਜਾਂ ਤਿਆਰ ਕਰਨੀ ਚਾਹੀਦੀ ਹੈ ਜਿਸ ਨਾਲ ਬਰਾਇਲਰਾਂ ਦਾ ਭਾਰ ਸਹੀ ਔਸਤ ਨਾਲ ਵਧੇ।
ਡਾ. ਪ੍ਰਮੋਦ ਦਮਾਨੇ, ਹਿਪਰਾ ਇੰਡੀਆ ਪ੍ਰਾ. ਲਿਮ. ਦੇ ਤਕਨੀਕੀ ਇੰਚਾਰਜ ਨੇ ਜੈਵਿਕ ਸੁਰੱਖਿਆ ਦੀ ਮਹੱਤਤਾ ਬਾਰੇ ਚਰਚਾ ਕੀਤੀ ਅਤੇ ਆਪਣੀ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਟੀਕਿਆਂ ਬਾਰੇ ਵੀ ਦੱਸਿਆ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਯੂਨੀਵਰਸਿਟੀ ਵਿਖੇ ਕੰਮ ਕਰ ਰਹੀ ਫੀਡ ਜਾਂਚ ਪ੍ਰਯੋਗਸ਼ਾਲਾ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਵਿਭਿੰਨ ਟੈਸਟਾਂ ਰਾਹੀਂ ਫੀਡ ਜਾਂਚ ਅਤੇ ਉਸ ’ਤੇ ਆਉਂਦੇ ਖਰਚ ਬਾਰੇ ਵੀ ਦੱਸਿਆ।ਉਨ੍ਹਾਂ ਕਿਹਾ ਕਿ ਸਤੰਬਰ 2022 ਵਿਚ ਪਸ਼ੂ ਪਾਲਣ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਿਸਾਨ ਅਤੇ ਉਦਯੋਗਿਕ ਭਾਈਚਾਰਾ ਜ਼ਰੂਰ ਸ਼ਿਰਕਤ ਕਰੇ।
No comments:
Post a Comment