ਅਗਨੀਪੱਥ ਵਿਰੋਧੀਆਂ ਵੱਲੋਂ ਰੇਲਵੇ ਸਟੇਸ਼ਨ 'ਤੇ ਹਮਲੇ ਦੀ ਪੂਰੀ ਕਹਾਣੀ
ਅਸਲ ਵਿਚ ਇਹਨਾਂ ਨੌਜਵਾਨਾਂ ਨੂੰ ਆਪਣਾ ਸੁਪਨਾ ਟੁੱਟ ਗਿਆ ਲੱਗਦਾ ਸੀ। ਫੌਜ ਦੀ ਭਰਤੀ ਲਈ ਤਿਆਰੀ ਕਰ ਰਹੇ ਇਹਨਾਂ ਨੌਜਵਾਨਾਂ ਨੇ ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਭੰਨਤੋੜ ਕਰ ਦਿੱਤੀ। ਡੰਡੇ, ਰਾਡਾਂ ਅਤੇ ਦਰਖਤਾਂ ਦੀਆਂ ਮੋਟੀਆਂ ਮੋਤੀਆਂ ਲੱਕੜਾਂ ਲੈ ਕੇ ਪੁੱਜੇ ਨੌਜਵਾਨਾਂ ਨੇ ਪਹਿਲਾਂ ਸਟੇਸ਼ਨ ਦੇ ਬਾਹਰ ਖੜ੍ਹੇ ਵਾਹਨਾਂ ਦੀ ਤੇ ਫਿਰ ਅੰਦਰ ਜਾ ਕੇ ਸਟਾਲਾਂ ਤੇ ਸਰਕਾਰੀ ਦਫ਼ਤਰਾਂ ਦੀ ਵੀ ਭੰਨਤੋੜ ਕੀਤੀ।
ਇਸੇ ਦੌਰਾਨ ਜਗਰਾਉਂ ਪੁਲ ’ਤੇ ਨੌਜਵਾਨਾਂ ਨੇ ਪੁਲੀਸ ਦੀ ਪੀਸੀਆਰ ਵੈਨ ਅਤੇ ਫਿਰ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਪੁਲੀਸ ਪੈਟਰੋਲਿੰਗ ਕਾਰ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਮਾਹੌਲ ਨੂੰ ਦੇਖਦੇ ਹੋਏ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡੀਐਸਪੀ ਰਜਨੀਸ਼ ਤ੍ਰਿਪਾਠੀ, ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਪੁੱਜੇ। ਪੁਲੀਸ ਨੇ ਰੇਲਵੇ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ।
ਦੱਸਣਯੋਗ ਹੈ ਕਿ ਲੁਧਿਆਣਾ ਵਿੱਚ ਫੌਜ ਭਰਤੀ ਦਾ ਸੈਂਟਰ ਹੈ ਜਿੱਥੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਨੌਜਵਾਨ ਅੱਜ ਇੱਥੇ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦਾ ਵਿਰੋਧ ਕਰਨ ਪੁੱਜੇ ਹੋਏ ਸਨ। ਪਹਿਲਾਂ ਨੌਜਵਾਨ ਭਾਰਤ ਨਗਰ ਚੌਕ ਵਿੱਚ ਇਕੱਠੇ ਹੋਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜਗਰਾਉਂ ਪੁਲ ਵੱਲ ਨੂੰ ਚਲੇ ਗਏ ਅਤੇ ਰਸਤੇ ਵਿੱਚ ਚੀਜ਼ਾਂ ਦੀ ਭੰਨਤੋੜ ਕਰਦੇ ਰਹੇ। ਜਗਰਾਉਂ ਪੁਲ ਤੇ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਖੜ੍ਹੀ ਪੀਸੀਆਰ ਵੈਨ ਨੂੰ ਡੰਡੇ ਮਾਰ ਮਾਰ ਕੇ ਤੋੜ ਦਿੱਤਾ ਗਿਆ। ਇਹਨਾਂ ਨੂੰ ਰੋਕਣ ਵਾਲਾ ਕੋਈ ਨਜ਼ਰ ਨਹੀਂ ਸੀ ਆ ਰਿਹਾ। ਆਮ ਲੋਕਾਂ ਲਈ ਦਿਨ ਦਿਹਾੜੇ ਪੁਲਿਸ ਵੈਨ ਨਾਲ ਅਜਿਹਾ ਸਲੂਕ ਹੈਰਾਨ ਕਰਨ ਵਾਲਾ ਸੀ। ਸ਼ਾਇਦ ਇਹ ਇਸ ਬੇਖੌਫ਼ੀ ਦਾ ਐਲਾਨ ਸੀ ਕਿ ਅਸੀਂ ਨਹੀਂ ਕਰਦੇ ਕਿਸੇ ਦੀ ਵੀ ਪ੍ਰਵਾਹ।
ਜਗਰਾਉਂ ਪੁਲ ਤੋਂ ਭੜਕੇ ਹੋਏ ਇਹ ਨੌਜਵਾਨ ਰੇਲਵੇ ਸਟੇਸ਼ਨ ਵੱਲ ਨੂੰ ਹੋ ਗਏ, ਜਿਥੇ ਰਸਤੇ ਵਿੱਚ ਲੱਗੇ ਪੁਲੀਸ ਦੇ ਸਾਰੇ ਬੈਰੀਕੇਡ ਤੋੜ ਦਿੱਤੇ। ਸਟੇਸ਼ਨ ਦੇ ਅੰਦਰ ਵੜ੍ਹਦੇ ਹੀ ਨੌਜਵਾਨਾਂ ਨੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਪਲੇਟਫਾਰਮ ਨੰਬਰ ਇੱਕ ਦੇ ਉਪਰ ਸਾਰੇ ਸ਼ੀਸ਼ੇ, ਸਾਮਾਨ, ਲਾਈਟਾਂ, ਬੈਂਚ, ਡਸਟਬਿਨ ਸਣੇ ਤਹਿਸ-ਨਹਿਸ ਕਰ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਪਲੈਟਫਾਰਮ ਨੇੜੇ ਪਾਵਰ ਕੈਬਿਨ ਕੋਲ ਖੜ੍ਹੇ 2 ਇੰਜਣਾਂ ’ਤੇ ਪਥਰਾਓ ਕਰ ਕੇ ਹਮਲਾ ਕੀਤਾ।
ਲੁਧਿਆਣਾ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਵੀ ਕੀਤੀ ਗਈ। ਇਸਦਾ ਮਕਸਦ ਲੋਕਾਂ ਵਿਚ ਪੈਦਾ ਹੋਈ ਦਹਿਸ਼ਤ ਨੂੰ ਸਮਾਪਤ ਕਰਨਾ ਸੀ।
ਇਸ ਭੰਨਤੋੜ ਦੀ ਸੂਚਨਾ ਜਿਵੇਂ ਹੀ ਲੁਧਿਆਣਾ ’ਚ ਪੁਲੀਸ ਨੂੰ ਮਿਲੀ ਤਾਂ ਸ਼ਹਿਰ ਪੁਲੀਸ ਛਾਉਣੀ ’ਚ ਤਬਦੀਲ ਹੋ ਗਿਆ ਹੈ। ਸਾਰੇ ਧਾਰਮਿਕ ਸਥਾਨਾਂ ਤੇ ਜਨਤਕ ਥਾਵਾਂ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਭੰਨਤੋੜ ਕਰਕੇ ਕੁਝ ਨੌਜਵਾਨ ਭੱਜ ਗਏ, ਪਰ ਕੁਝ ਨੂੰ ਪੁਲੀਸ ਨੇ ਕਾਬੂ ਕਰ ਲਿਆ। ਪੁਲੀਸ ਕਰਮੀਆਂ ਨੇ ਫੜ੍ਹੇ ਨੌਜਵਾਨਾਂ ਨੂੰ ਪਲੇਟਫਾਰਮ ’ਤੇ ਲੰਮੇ ਪਾ ਕੇ ਕੁੱਟਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹਾਂ ’ਤੇ ਕੱਪੜੇ ਬੰਨ੍ਹੇ ਹੋਏ ਸਨ। ਉਧਰ, ਘਟਨਾ ਤੋਂ ਬਾਅਦ ਤੱਕ ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਦੀ ਥਾਣਾ ਜੀਆਰਪੀ ਤੇ ਆਰਪੀਐਫ਼ ਦੇ ਉਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਦੇ ਰਹੇ।
ਨੌਜਵਾਨਾਂ ਨੂੰ ਯੋਜਨਾ ਕਰਕੇ ਬੁਲਾਇਆ ਗਿਆ ਸੀ। ਇਸ ਘਟਨਾ ਦੇ ਵੇਰਵੇ ਮਿਲਣ ਤੇ ਪਤਾ ਲੱਗਿਆ ਕਿ ਦੰਗੇ ਦੀ ਸਾਜ਼ਿਸ਼ ਕਰਨ ਵਾਲਿਆਂ ਨੇ ਨੌਜਵਾਨਾਂ ਨੂੰ ਵਰਗਲਾ ਕੇ ਬੁਲਾ ਲਿਆ ਸੀ। ਘਟਨਾ ਤੋਂ ਬਾਅਦ ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਫੌਜ ’ਚ ਭਰਤੀ ਦੇ ਪੇਪਰ ਦਿੱਤੇ ਸਨ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਹੰਗਾਮਾ ਕੀਤਾ ਗਿਆ ਹੈ। ਅਸਲ ਵਿੱਚ ਅੱਜ ਉਨ੍ਹਾਂ ਨੂੰ ਕਿਸੇ ਨੇ ਵਰਗਲਾ ਕੇ ਹੀ ਭਾਰਤ ਨਗਰ ਚੌਬਕ ਨੇੜੇ ਬੁਲਾਇਆ ਸੀ। ਬਰਾੜ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਕੁਝ ਗਰੁੱਪ ਬਣੇ ਹੋਏ ਹਨ। ਇਨ੍ਹਾਂ ਗਰੁੱਪਾਂ ’ਚ ਕੁਝ ਨੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕੀਤੀਆਂ ਹਨ। ਪੁਲੀਸ ਵੱਲੋਂ ਹਿਰਾਸਤ ’ਚ ਲਏ ਨੌਜਵਾਨਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਉੱਤਰੀ ਰੇਲਵੇ ਵੱਲੋਂ 17 ਰੇਲ ਗੱਡੀਆਂ ਰੱਦ: ਉਧਰ, ਉੱਤਰ ਰੇਲਵੇ ਨੇ ਮੁੱਖ ਰੂਪ ’ਚ ਉੱਤਰ ਪ੍ਰਦੇਸ਼ ਤੇ ਬਿਹਾਰ ਵੱਲ ਜਾਣ ਵਾਲੀਆਂ ਕੁੱਲ 17 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਰੇਲ ਗੱਡੀਆਂ ’ਚ 13258 ਆਨੰਦ ਬਿਹਾਰ ਜਨਸਾਧਾਰਨ ਐਕਸਪ੍ਰੈੱਸ, 22406 ਭਾਗਲਪੁਰ ਗਰੀਬਰੱਥ ਐਕਸਪ੍ਰੈੱਸ, 20802 ਨਵੀਂ ਦਿੱਲੀ ਮਗਧ ਐਕਸਪ੍ਰੈੱਸ, 13484 ਡੇਲੀ ਐਕਸਪ੍ਰੈੱਸ, 12802 ਨਵੀਂ ਦਿੱਲੀ-ਪੁਰੀ ਪੁਰਸ਼ੋਤਮ ਐਕਸਪ੍ਰੈੱਸ, 15657 ਦਿੱਲੀ-ਡਿਬਰੂਗੜ੍ਹ ਬ੍ਰਹਮਪੁੱਤਰਾ ਮੇਲ, 14006 ਆਨੰਦ ਬਿਹਾਰ ਸੀਤਾਮੜੀ ਐਕਸਪ੍ਰੈੱਸ ਆਦਿ ਸ਼ਾਮਲ ਹਨ।
ਅਗਨੀਪਥ ਯੋਜਨਾ ਨੂੰ ਲੈ ਕੇ ਲੁਧਿਆਣਾ ਸਟੇਸ਼ਨ ਤੋਂ ਹੋਏ ਭੰਨਤੋੜ ਮਾਮਲੇ 'ਚ 10 ਨੌਜਵਾਨ ਹਿਰਾਸਤ 'ਚ ਵੀ ਲੈ ਗਏ ਹਨ। ਕਈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ।
ਐਲਾਨ ਹੁੰਦਿਆਂ ਸਾਰ ਹੀ ਵਿਵਾਦਾਂ ਵਿਚ ਘਿਰੀ ਅਗਨੀਪਥ ਯੋਜਨਾ ਦਾ ਵਿਰੋਧ ਦੂਜੇ ਸੂਬਿਆਂ ਚੋਂ ਹੁੰਦਾ ਹੋਇਆ ਪੰਜਾਬ ਤਕ ਪਹੁੰਚ ਚੁੱਕਾ ਹੈ ਅਤੇ ਉਹ ਵੀ ਸਿਧ ਲੁਧਿਆਣਾ ਵਰਗੇ ਮਹਾਂਨਗਰ ਵਿਚ। ਇਸ ਨੂੰ ਲੈ ਕੇ ਅੱਜ ਲੁਧਿਆਣਾ ਸਟੇਸ਼ਨ ਤੇ ਸੈਂਕੜੇ ਦੀ ਸੰਖਿਆ ਵਿੱਚ ਆਏ ਨੌਜਵਾਨਾਂ ਵੱਲੋਂ ਭੰਨਤੋੜ ਕੀਤੀ। ਪੁਲੀਸ ਨੇ ਇਸ ਮਾਮਲੇ ਵਿੱਚ ਦੱਸ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਥੇ ਹੀ ਸਟੇਸ਼ਨ ਤੇ ਕੀਤੀ ਗਈ ਭੰਨ ਤੋੜ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਮੌਕੇ ਤੇ ਪੁੱਜੇ ਜੁਆਇੰਟ ਸੀ ਪੀ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਦੱਸ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੇ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਆਰਮੀ ਭਰਤੀ ਲਈ ਹੋਣ ਵਾਲੇ ਪੇਪਰ ਨਾ ਹੋਣ ਕਾਰਨ ਨੌਜਵਾਨਾਂ ਨੂੰ ਇਸ ਜਗ੍ਹਾ ਤੇ ਇਕੱਠਾ ਕੀਤਾ ਗਿਆ ਸੀ ਅਤੇ ਇਨ੍ਹਾਂ ਵਿਚੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੁਧਿਆਣਾ ਸਟੇਸ਼ਨ ਤੇ ਭੰਨਤੋੜ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਕੁਝ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਤ ਹੁਣ ਸ਼ਾਂਤੀਪੂਰਨ ਹਨ।
ਘਟਨਾ ਦੀ ਖਬਰ ਉੱਡਦਿਆਂ ਹੀ ਹਰ ਪਾਸੇ ਸਹਿਮ ਜਿਹਾ ਛਾ ਗਿਆ। ਘੰਟਾ ਘਰ, ਮਾਤਾ ਰਾਣੀ ਚੌਂਕ, ਭਦੌੜ ਹਾਊਸ, ਭਾਰਤ ਨਗਰ ਚੌਂਕ, ਜਲੰਧਰ ਬਾਈਪਾਸ, ਚੀਮਾ ਚੌਂਕ, ਸਮਰਾਲਾ ਚੌਂਕ ਅਤੇ ਹੋਰ ਸੰਘਣੇ ਇਲਾਕਿਆਂ ਵਿਚ ਵੀ ਛੋਟੇ ਪਿੰਡਾਂ ਜਿੰਨਾ ਟਰੈਫਿਕ ਹੀ ਸੜਕਾਂ ' ਤੇ ਰਹਿ ਗਿਆ। ਇਸ ਟਰੈਫਿਕ ਵਿਚ ਵੀ ਆਟੋ ਵਾਲੇ ਹੀ ਜ਼ਿਆਦਾ ਸਨ।
No comments:
Post a Comment