17th June 2022 at 03:13 PM
ਸੀਪੀਆਈ ਐਮ ਐਲ ਲਿਬਰੇਸ਼ਨ ਵਲੋਂ ਸੰਗਰੂਰ ਦੇ ਵੋਟਰਾਂ ਅਪੀਲ
ਉਸ ਉਮੀਦਵਾਰ ਨੂੰ ਵੋਟ ਪਾਓ, ਜੋ ਸੰਸਦ ਵਿਚ ਪੰਜਾਬ ਤੇ ਸਧਾਰਨ ਲੋਕਾਂ ਦੇ ਹਿੱਤਾਂ ਦੀ ਬੇਖੌਫ ਹੋ ਕੇ ਪੈਰਵਾਈ ਕਰ ਸਕੇ
ਲੁਧਿਆਣਾ: 17 ਜੂਨ 2022: (ਪੰਜਾਬ ਸਕਰੀਨ ਬਿਊਰੋ)::
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸੰਗਰੂਰ ਸੰਸਦੀ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜਿਮਨੀ ਚੋਣ ਵਿਚ ਉਹ ਉਸੇ ਉਮੀਦਵਾਰ ਨੂੰ ਅਪਣਾ ਵੋਟ ਦੇਣ ਜੋ ਲੋਕ ਸਭਾ ਵਿਚ ਪੰਜਾਬ ਤੇ ਸਧਾਰਨ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਬੇਖੌਫ ਹੋ ਕੇ ਡੱਟ ਸਕੇ ਅਤੇ ਮੋਦੀ ਸਰਕਾਰ ਤੇ ਸੰਘ ਪਰਿਵਾਰ ਵਲੋਂ ਦੇਸ਼ ਦੇ ਫੈਡਰਲ ਢਾਂਚੇ, ਸੰਵਿਧਾਨ ਤੇ ਘੱਟਗਿਣਤੀਆਂ ਉਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਾ ਅਤੇ ਸ਼ਕਤੀਆਂ ਦਾ ਮੁਕੰਮਲ ਕੇਂਦਰੀਕਰਨ ਕਰਕੇ ਸੂਬਾ ਸਰਕਾਰਾਂ ਨੂੰ ਨਗਰ ਪਾਲਿਕਾਵਾਂ ਬਣਾ ਦੇਣ ਦਾ ਧੜੱਲੇ ਨਾਲ ਵਿਰੋਧ ਕਰ ਸਕੇ। ਪਾਰਟੀ ਨੇ 'ਬੀਜੇਪੀ ਹਰਾਓ - ਲੋਕਤੰਤਰ ਅਤੇ ਸੰਵਿਧਾਨ ਬਚਾਓ' ਦਾ ਨਾਹਰਾ ਵੀ ਦਿੱਤਾ ਹੈ।
ਪਾਰਟੀ ਦੇ ਸੂਬਾ ਸਕੱਤਰੇਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਖੇਤੀ ਕਾਨੂੰਨਾਂ ਰੱਦ ਕਰਾਉਣ ਵਾਲੇ ਜੇਤੂ ਕਿਸਾਨ ਅੰਦੋਲਨ ਸਮੇਤ, ਮੋਦੀ ਸਰਕਾਰ ਦੇ ਹਰ ਗਲਤ ਨੀਤੀ ਤੇ ਫੈਸਲੇ ਖਿਲਾਫ ਡੱਟਣ ਕਾਰਨ ਪੰਜਾਬ ਬੀਜੇਪੀ ਲਈ ਅੱਖ ਦੀ ਕਿਰਕਿਰੀ ਬਣਿਆ ਹੋਇਆ ਹੈ। ਜਿਸ ਕਾਰਨ ਇਥੇ ਫਿਰਕੂ ਤੇ ਜਾਤੀ ਤਣਾਅ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਤੋਂ ਲੈ ਕੇ ਥੋਕ ਵਿਚ ਦਲਬਦਲੀਆਂ ਕਰਵਾਉਣ ਤੱਕ ਉਹ ਇਥੇ ਅਪਣੇ ਪੈਰ ਜਮਾਉਣ ਲਈ ਹਰ ਹੱਥਕੰਡਾ ਵਰਤ ਰਹੀ ਹੈ। ਪੰਜਾਬ ਵਿਚ ਖੋਹਾਂ, ਡਾਕਿਆਂ, ਕਤਲਾਂ ਅਤੇ ਫ਼ਿਰੌਤੀਆਂ ਮੰਗਣ ਲਈ ਧਮਕੀ ਭਰੀਆਂ ਫੋਨ ਕਾਲਾਂ ਵਿਚ ਅਚਾਨਕ ਹੋਏ ਵਾਧੇ ਪਿੱਛੇ ਇਕ ਗਿਣੀ ਮਿਥੀ ਸਾਜ਼ਿਸ਼ ਨਜ਼ਰ ਆ ਰਹੀ ਹੈ।
ਬੇਸ਼ਕ ਹੁਣ ਪੰਜਾਬ ਵਿਚ ਦਹਿਸ਼ਤਗਰਦੀ ਦੀ ਕੋਈ ਸੰਗਠਤ ਸਰਗਰਮੀ ਨਹੀਂ ਹੈ, ਇਸ ਦੇ ਬਾਵਜੂਦ ਹਰ ਹਫ਼ਤੇ ਕਿਤੇ ਨਾ ਕਿਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਇਕ ਅੱਧੇ ਨਾਹਰੇ ਨੂੰ ਹੀ ਮੀਡੀਆ ਜ਼ਰੀਏ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਸਧਾਰਨ ਲੋਕ ਦਹਿਸ਼ਤਜ਼ਦਾ ਹੋ ਕੇ ਬੀਜੇਪੀ ਦੇ ਪਾਲੇ ਵਿਚ ਪਹੁੰਚ ਜਾਣ।
ਹੁਣ ਇਹ ਪਾਰਟੀ ਬਰਨਾਲਾ ਤੋਂ ਕਾਂਗਰਸ ਵਲੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਵੱਡੇ ਕਾਰੋਬਾਰੀ ਕੇਵਲ ਸਿੰਘ ਢਿਲੋਂ ਨੂੰ ਉਮੀਦਵਾਰ ਬਣਾ ਕੇ ਮਾਲਵਾ ਖਿੱਤੇ ਵਿਚ ਅਪਣੀ ਜੜ੍ਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲਿਬਰੇਸ਼ਨ ਪਾਰਟੀ ਨੇ ਸੰਗਰੂਰ ਦੇ ਵੋਟਰਾਂ ਨੁੰ ਅਪੀਲ ਕੀਤੀ ਹੈ ਕਿ ਆਪਣੇ ਅਤੇ ਪੰਜਾਬ ਦੇ ਹਿੱਤ ਉਹ ਹੁਣ ਵੀ ਬੀਜੇਪੀ ਦਾ ਉਹੀ ਹਸ਼ਰ ਕਰਨ ਜੋ ਵਿਧਾਨ ਸਭਾ ਚੋਣਾਂ ਵਿਚ ਹੋਇਆ ਸੀ।
ਪਾਰਟੀ ਦਾ ਕਹਿਣਾ ਹੈ ਕਿ ਸੰਗਰੂਰ ਦੇ ਵੋਟਰਾਂ ਤੋਂ ਤੀਜੀ ਵਾਰ ਵੋਟ ਮੰਗਣ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਮੋਦੀ ਸਰਕਾਰ ਵਲੋਂ ਇਕਪਾਸੜ ਢੰਗ ਨਾਲ ਬੀਬੀਐਮਬੀ, ਚੰਡੀਗੜ, ਪੰਜਾਬ ਯੂਨੀਵਰਸਿਟੀ ਬਾਰੇ ਕੀਤੇ ਗੈਰ ਸੰਵਿਧਾਨਕ ਫੈਸਲਿਆਂ ਅਤੇ ਬੀਐਸਐਫ ਦਾ ਏਰੀਆ ਆਫ ਕੰਟਰੋਲ ਵਧਾਉਣ ਦੇ ਮਾਮਲੇ ਵਿਚ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਲਈ ਉਨ੍ਹਾਂ ਦੀ ਪਾਰਟੀ ਵਲੋਂ ਰਸਮੀ ਵਿਰੋਧ ਤੋਂ ਅੱਗੇ ਕੁਝ ਵੀ ਨਾ ਕਰਨ ਦੇ ਕੀ ਕਾਰਨ ਹਨ?
ਸਿਰਫ ਚਾਰ ਮਹੀਨੇ ਪਹਿਲਾਂ ਕਾਂਗਰਸ ਤੇ ਬਾਦਲ ਦਲ ਤੋਂ ਦੁਖੀ ਪੰਜਾਬ ਦੀ ਜਨਤਾ ਵਲੋਂ ਉਨਾਂ ਨੂੰ ਦਿੱਤੀ ਬੇਮਿਸਾਲ ਹਿਮਾਇਤ ਦੇ ਬਾਵਜੂਦ ਉਹ ਧੜੱਲੇ ਨਾਲ ਪੰਜਾਬ ਦੇ ਹਿੱਤ ਦੀ ਰਾਖੀ ਕਰਨ ਦੀ ਬਜਾਏ, ਕੇਜਰੀਵਾਲ ਦੀਆਂ ਸਿਆਸੀ ਲਾਲਸਾਵਾਂ ਦੀ ਪੂਰਤੀ ਦਾ ਸਾਧਨ ਹੀ ਕਿਉਂ ਬਣੇ ਹੋਏ ਹਨ? ਜੰਮੂ ਕਸ਼ਮੀਰ ਦਾ ਸੂਬਾਈ ਦਰਜਾ ਖਤਮ ਕਰਨ ਦੀ ਸ਼ਰਮਨਾਕ ਹਿਮਾਇਤ ਤੋਂ ਲੈ ਕੇ ਦਿੱਲੀ ਵਿਚ ਮੁਸਲਿਮ ਆਬਾਦੀ ਨੂੰ ਐਨਆਰਸੀ ਦੇ ਵਿਰੋਧ ਵਿਚ ਚੱਲੇ ਸ਼ਾਹੀਨ ਬਾਗ਼ ਮੋਰਚੇ ਦੀ ਸਜ਼ਾ ਦੇਣ ਲਈ ਬੀਜੇਪੀ ਵਲੋਂ ਕਰਵਾਏ ਇਕਪਾਸੜ ਕਤਲਾਂ ਤੇ ਲੁੱਟਮਾਰ ਤੇ ਹੁਣ ਘੱਟਗਿਣਤੀਆਂ ਦੇ ਘਰਾਂ ਦੁਕਾਨਾਂ ਉਤੇ ਬੁਲਡੋਜ਼ਰ ਚਲਵਾਏ ਜਾਣ ਵਿਰੁਧ, ਦਿੱਲੀ 'ਚ ਸੱਤਾ 'ਚ ਹੋਣ ਦੇ ਬਾਵਜੂਦ ਜਦੋਂ ਉਨਾਂ ਦੀ ਪਾਰਟੀ ਕੋਈ ਕਾਰਗਰ ਵਿਰੋਧ ਨਹੀਂ ਕਰ ਰਹੀ, ਤਾਂ ਭਗਵੰਤ ਮਾਨ ਸਪਸ਼ਟ ਕਰਨ ਕਿ ਹੁਣ ਉਨ੍ਹਾਂ ਕੋਲ ਜਨਤਾ ਤੈਂ ਵੋਟਾਂ ਮੰਗਣ ਦਾ ਕੀ ਨੈਤਿਕ ਆਧਾਰ ਹੈ?
ਬਿਆਨ ਵਿਚ ਕਿਹਾ ਗਿਆ ਹੈ ਕਿ ਅੱਜ ਪੰਜਾਬ ਦੀ ਜੋ ਦੁਰਦਸ਼ਾ ਹੈ ਉਸ ਦੇ ਲਈ ਲੰਬਾ ਅਰਸਾ ਪੰਜਾਬ ਉਤੇ ਵਾਰੋ ਵਾਰੀ ਰਾਜ ਕਰਨ ਵਾਲੀ ਕਾਂਗਰਸ ਤੇ ਬਾਦਲ ਦਲ ਮੁੱਖ ਜ਼ਿੰਮੇਵਾਰ ਹਨ। ਇੰਨਾਂ ਦੇ ਰਾਜ ਵਿਚ ਹੀ ਹਰ ਖੇਤਰ ਵਿਚ ਮਾਫੀਆ ਦੀ ਜਕੜ, ਮਾਰੂ ਨਸ਼ਿਆਂ ਦਾ ਕਹਿਰ, ਖੁੱਲੇ ਭ੍ਰਿਸ਼ਟਾਚਾਰ ਅਤੇ ਲੁੱਟਾਂ-ਕਬਜਿਆਂ ਤੇ ਫ਼ਿਰੌਤੀਆਂ ਉਤੇ ਪਲ੍ਹਣ ਵਾਲੇ ਗੁੰਡਾ ਗੈਂਗਾਂ ਦਾ ਅਜੋਕਾ ਕੋਹੜ ਸੂਬੇ ਨੂੰ ਚਿੰਬੜਿਆ, ਇਸ ਲਈ ਇਸ ਚੋਣ ਵਿਚ ਵੀ ਇੰਨਾਂ ਨੂੰ ਲਾਜ਼ਮੀ ਦੁਰਕਾਰਿਆ ਜਾਣਾ ਚਾਹੀਦਾ ਹੈ। ਲਿਬਰੇਸ਼ਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਬੁੱਧ ਵਿਵੇਕ ਤੋਂ ਕੰਮ ਲੈਂਦਿਆਂ ਉਸੇ ਉਮੀਦਵਾਰ ਨੂੰ ਵੋਟ ਪਾਉਣ ਜੋ ਮੋਦੀ ਸਰਕਾਰ ਤੇ ਬੀਜੇਪੀ ਦੀਆਂ ਕਾਰਪੋਰੇਟ ਪੱਖੀ, ਫਿਰਕੂ ਅਤੇ ਪੰਜਾਬ ਦੋਖੀ ਨੀਤੀਆਂ ਖਿਲਾਫ ਡੱਟ ਕੇ ਸਟੈਂਡ ਲੈਣ ਦੀ ਹਿੰਮਤ ਅਤੇ ਜੁਰਅਤ ਰੱਖਦਾ ਹੋਵੇ।
No comments:
Post a Comment