ਸੰਤ ਸੁਜਾਨ ਸਿੰਘ ਜੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ
ਲੁਧਿਆਣਾ: 4 ਮਾਰਚ 2022: (ਪੰਜਾਬ ਸਕਰੀਨ ਬਿਊਰੋ):: 4th March 2022 at 01:23 PM
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਵਜੋਂ ਕਾਰਜਰਤ ਡਾ. ਅਲੰਕਾਰ ਸਿੰਘ ਨੂੰ ਉਹਨਾਂ ਦੀਆਂ ਗੁਰਮਤਿ ਸੰਗੀਤ ਪ੍ਰਤੀ ਸੇਵਾਵਾਂ ਲਈ ਦਿੱਲੀ ਵਿਖੇ ਆਯੋਜਿਤ ਸਮਾਗਮ ਵਿਚ ਕੀਰਤਨ ਸਮ੍ਰਾਟ ਸ੍ਰੀਮਾਨ ਸੰਤ ਸੁਜਾਨ ਸਿੰਘ ਜੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਸਬੰਧੀ ਗੁਰਮਤਿ ਸੰਗੀਤ ਭਵਨ, ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਸਮੂਹ ਸਟਾਫ਼ ਵੱਲੋਂ ਡਾ. ਅਲੰਕਾਰ ਸਿੰਘ ਨੂੰ ਉਹਨਾਂ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਗਈ।
ਵਰਣਨਯੋਗ ਹੈ ਕਿ ਇਸ ਯਾਦਗਾਰੀ ਪੁਰਸਕਾਰ ਵਿਚ ਟਰਾਫ਼ੀ, ਦੁਸ਼ਾਲਾ, ਸਿਰੋਪਾਓ ਅਤੇ ਇੱਕ ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਸ਼ਾਮਲ ਹੈ ਅਤੇ ਪਿਛਲੇ 32 ਸਾਲ ਤੋਂ ਇਹ ਪੁਰਸਕਾਰ ਲਗਾਤਾਰ ਦਿੱਤੇ ਜਾ ਰਹੇ ਹਨ, ਜਿਹਨਾਂ ਵਿਚ ਪੰਥ ਪ੍ਰਸਿੱਧ ਰਾਗੀ ਸਿੰਘਾਂ ਅਤੇ ਗੁਰਮਤਿ ਸੰਗੀਤ ਦੇ ਸਾਧਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਪਹਿਲਾਂ ਸਨਮਾਨਿਤ ਕੀਤੇ ਜਾ ਚੁੱਕੇ ਕੀਰਤਨੀਆਂ ਵਿਚ ਸਾਬਕਾ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ, ਭਾਈ ਨਰਿੰਦਰ ਸਿੰਘ ਬਨਾਰਸ ਵਾਲੇ, ਭਾਈ ਹਰਜੋਤ ਸਿੰਘ ਜ਼ਖਮੀ, ਡਾ. ਗੁਰਨਾਮ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਪ੍ਰਿੰਸੀਪਲ ਸੁਖਵੰਤ ਸਿੰਘ ਅਤੇ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ ਸ਼ਾਮਲ ਹਨ।
ਡਾ. ਅਲੰਕਾਰ ਸਿੰਘ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਜਾਣੀ-ਪਛਾਣੀ ਅਤੇ ਸਰਗਰਮ ਹਸਤੀ ਹਨ ਜਿਹਨਾਂ ਨੂੰ ਇਸ ਤੋਂ ਪਹਿਲਾਂ ਕੇਂਦਰੀ ਸੰਗੀਤ ਨਾਟਕ ਅਕਾਦਮੀ ਤੋਂ ਉਸਤਾਦ ਬਿਸਮਿੱਲਾਹ ਖਾਨ ਯੁਵਾ ਪੁਰਸਕਾਰ, ਜਵੱਦੀ ਟਕਸਾਲ ਲੁਧਿਆਣਾ ਤੋਂ ਗੁਰਮਤਿ ਸੰਗੀਤ ਅਵਾਰਡ, ਸਿੰਘ ਐਂਡ ਕੌਰ ਪ੍ਰੋਡਕਸ਼ਨਜ਼ ਅੰਮ੍ਰਿਤਸਰ ਤੋਂ ਭਗਤੀ ਰਤਨ ਅਵਾਰਡ ਆਦਿ ਪ੍ਰਾਪਤ ਹੋ ਚੁੱਕੇ ਹਨ।
ਉਹਨਾਂ ਦੀ ਦੇਖ-ਰੇਖ ਵਿਚ ਗੁਰਮਤਿ ਸੰਗੀਤ ਚੇਅਰ ਵਲੋਂ ਗੁਰੂ ਨਾਨਕ ਬਾਣੀ ਅਤੇ ਗੁਰੂ ਤੇਗ ਬਹਾਦਰ ਬਾਣੀ ਦਾ ਕੋਵਿਡ ਸਮੇਂ ਦੌਰਾਨ ਨਿਰਧਾਰਤ ਰਾਗਾਂ ਵਿਚ ਆਨਲਾਈਨ ਕੀਰਤਨ ਲੜੀ ਦੇ ਰੂਪ ਵਿਚ ਪ੍ਰਸਾਰਣ ਵੱਖ-ਵੱਖ ਹਜ਼ੂਰੀ ਕੀਰਤਨੀਆਂ, ਗੁਰਮਤਿ ਸੰਗੀਤ ਦੇ ਵਿਦਵਾਨਾਂ, ਵੱਖ-ਵੱਖ ਕਾਲਜਾਂ ਅਤੇ ਅਦਾਰਿਆਂ ਦੇ ਅਧਿਆਪਕਾਂ ਤੋਂ ਇਲਾਵਾ ਰਾਗਾਤਮਕ ਕੀਰਤਨ ਨੂੰ ਪ੍ਰਣਾਏ ਹੋਏ ਨਵੇਂ ਉਭਰ ਰਹੇ ਕੀਰਤਨਕਾਰਾਂ ਪਾਸੋਂ ਲਗਾਤਾਰ ਕਰਵਾਇਆ ਗਿਆ।
No comments:
Post a Comment