18th February 2022 at 6:00 PM
ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਵਿੱਚ ਕੀਤੀ ਗਈ ਵਿਸ਼ੇਸ਼ ਮੀਟਿੰਗ
*ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਰੂਪ ਰੇਖਾ ਕੀਤੀ ਤਿਆਰ
*ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਸੂਬੇ ਵਿੱਚ ਨਵੀਂ ਬਣਨ ਵਾਲੀ ਸਰਕਾਰ
*ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਵੱਲੋਂ ਸੰਘਰਸ਼ ਤਿੱਖਾ ਕੀਤੇ ਜਾਣ ਦਾ ਐਲਾਨ
*ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਹਾਲ ਲੁਧਿਆਣਾ ਵਿੱਚ ਹੋਈ ਵਿਸ਼ੇਸ਼ ਮੀਟਿੰਗ
*ਪੰਜਾਬੀ ਨੌਜਵਾਨ ਅਦਾਕਾਰ ਦੀਪ ਸਿੱਧੂ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ
ਹਿਜਾਬ 'ਤੇ ਪਾਬੰਦੀ ਦੀ ਵੀ ਤਿੱਖੀ ਨਿਖੇਧੀ
ਕਿਸਾਨ ਅੰਦੋਲਨ ਇੱਕ ਵਾਰ ਫੇਰ ਤਿਆਰ ਹੈ। ਇਸ ਵਾਰ ਕਿਸਾਨ ਅੰਦੋਲਨ ਸਿਰਫ ਦਿੱਲੀ ਦੀਆਂ ਬਰੂਹਾਂ 'ਤੇ ਹੀ ਨਹੀਂ ਬਲਕਿ ਕਈ ਥਾਂਵਾਂ ਤੇ ਇੱਕੋ ਵੇਲੇ ਚੱਲਣ ਦੀ ਸੰਭਾਵਨਾ ਹੈ। ਦਿੱਲੀ ਤੋਂ ਕਿਸਾਨਾਂ ਦੀ ਵਾਪਿਸੀ ਵੇਲੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਦੀ ਮੰਗ ਦੇ ਨਾਲ ਨਾਲ ਹੋਰ ਸਥਾਨਕ ਮੁੱਦੇ ਵੀ ਜੁੜ ਸਕਦੇ ਹਨ। ਵੋਟਾਂ ਪੈਣ ਤੋਂ ਐਨ ਡੇੜ ਦੋ ਦਿਨ ਪਹਿਲਾਂ ਕੀਤੀ ਗਈ ਇਸ ਮੀਟਿੰਗ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਸੂਬੇ ਵਿੱਚ ਬਣਨ ਵਾਲੀ ਨਵੀਂ ਸਰਕਾਰ ਹੁਣ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੀਟਿੰਗ ਨੇ ਦੀਪ ਸਿੱਧੂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਹਿਜਾਬ 'ਤੇ ਪਬੰਦੀ ਦੀ ਵੀ ਤਿੱਖੀ ਨਿਖੇਧੀ ਕੀਤੀ ਹੈ।
ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਇੰਦਰਜੀਤ ਸਿੰਘ ਕੋਟਬੁੱਢਾ, ਹਰਪਾਲ ਸਿੰਘ ਸੰਘਾ ਅਤੇ ਸਤਨਾਮ ਸਿੰਘ ਬਾਗੜੀਆ ਦੀ ਪ੍ਰਧਾਨਗੀ ਹੇਠ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਹਾਲ ਲੁਧਿਆਣਾ ਵਿੱਚ ਹੋਈ। ਅੱਜ ਜੁੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਪ੍ਰੋਗਰਾਮਾਂ ਤੇ ਤਸੱਲੀ ਪ੍ਰਗਟਾਉਦਿਆਂ ਕੇੰਦਰ ਸਰਕਾਰ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਕਿ ਅੰਦੋਲਨ ਦੌਰਾਨ ਦਰਜ ਕੇਸ ਵਾਪਸ ਲੈਣ, ਐੱਮਐੱਸਪੀ ਦਾ ਗਰੰਟੀ ਕਾਨੂੰਨ ਬਣਾਉਣ ਅਤੇ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ਼ ਦੇਣ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ ਨਹੀਂ ਤਾਂ ਪੰਜ ਸੂਬਿਆਂ ਦੀਆਂ ਚੋਣਾਂ ਪਿੱਛੋਂ ਸੰਯੁਕਤ ਕਿਸਾਨ ਕਿਸਾਨ ਮੋਰਚਾ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰੇਗਾ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੰਜਾਬ ਅੰਦਰ ਕਰਜੇ ਅਤੇ ਫਸਲਾਂ ਦੇ ਭਾਅ ਦੀ ਗਾਰੰਟੀ ਲਈ ਸੰਘਰਸ਼ ਵਿੱਢਿਆ ਜਾਵੇਗਾ। ਕਿਸਾਨਾਂ ਦੀਆਂ ਮੰਗਾਂ ਪੂਰੀ ਨਾ ਹੋਣ ਦੀ ਸੂਰਤ ਵਿੱਚ ਨਵੀਂ ਸਰਕਾਰ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਪਵੇਗਾ । ਇਸ ਮੌਕੇ ਸ਼ੋਕ ਮਤੇ ਰਾਹੀਂ ਪੰਜਾਬੀ ਨੌਜਵਾਨ ਅਦਾਕਾਰ ਦੀਪ ਸਿੱਧੂ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਅੰਦਰ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਰਹੀ ਹੈ ਤਾਂ ਜੋ ਨਵੀਂ ਸਰਕਾਰ ਬਣਨ ਤੇ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀਆਂ ਦਾ ਇੱਕ ਵਫ਼ਦ ਬਿਜਲੀ ਬੋਰਡ ਦੇ ਮੁੱਖ ਚੀਫ ਨੂੰ ਮਿਲ ਕੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕਰੇਗਾ। ਅੱਜ ਦੀ ਮੀਟਿੰਗ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੇ ਨਾਲ-ਨਾਲ ਸਰਕਾਰ ਵੱਲੋਂ ਗੰਨੇ ਦੀ ਕੀਤੀ ਜਾਣ ਵਾਲੀ ਕਾਊੰਟਰ ਪੇਮੈਂਟ ਅਤੇ ਬਕਾਏ ਦੀ ਅਦਾਇਗੀ ਨੂੰ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਨੇ ਕਰਨਾਟਕਾ ਸਰਕਾਰ ਅਤੇ ਸੁਪਰੀਮ ਕੋਰਟ ਵੱਲੋਂ ਮੁਸਲਿਮ ਲੜਕੀਆਂ ਦੇ ਧਾਰਮਿਕ ਚਿੰਨ੍ਹ ਹਿਜਾਬ ਪਾਉਣ ਤੇ ਲਾਈ ਜਾ ਰਹੀ ਪਾਬੰਦੀ ਦੀ ਨਿਖੇਧੀ ਕੀਤੀ।
ਅੱਜ ਦੀ ਮੀਟਿੰਗ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਡਾ. ਦਰਸ਼ਨਪਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਬੀਕੇਯੂ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਇੱਕ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਪ੍ਰਧਾਨ ਇੰਦਰਜੀਤ ਸਿੰਘ ਅਤੇ ਜਨਰਲ ਸਕੱਤਰ ਸੁੱਚਾ ਸਿੰਘ ਲੱਧੂ, ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ, ਸੁਖਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਬੀਕੇਯੂ ਬਹਿਰਾਮ ਕੇ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਬੀਕੇਯੂ ਖੋਸਾ ਦੇ ਪ੍ਰਧਾਨ ਸਿਕੰਦਰ ਸਿੰਘ ਖੋਸਾ, ਬੀਕੇਯੂ ਲੱਖੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮੇਹਲੋ ਅਤੇ ਜਨਰਲ ਸਕੱਤਰ ਪਲਵਿੰਦਰ ਸਿੰਘ ਪਾਲ ਮਾਜਰਾ, ਜੈ ਕਿਸਾਨ ਅੰਦੋਲਨ ਦੇ ਪ੍ਰਧਾਨ ਗੁਰਬਖ਼ਸ਼ ਬਰਨਾਲਾ, ਦੋਆਬਾ ਕਿਸਾਨ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਦੇ ਪ੍ਰਧਾਨ ਹਰਸੁਲਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਤੋਂ ਮੀਤ ਪ੍ਰਧਾਨ ਬਲਜੀਤ ਸਿੰਘ ਗਰੇਵਾਲ, ਬੀਕੇਯੂ ਸਿੱਧੂਪੁਰ ਤੋਂ ਜਸਬੀਰ ਸਿੰਘ, ਜੈ ਜਵਾਨ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਆਦਿ ਆਗੂ ਹਾਜਰ ਸਨ।
No comments:
Post a Comment