Sunday, February 20, 2022

ਮੁੱਖ ਚੋਣ ਅਫਸਰ ਵੱਲੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ

 20th February 2022 at 9:04 PM

ਅਮਨ-ਆਮਾਨ  ਨਾਲ ਵੋਟਾਂ ਪਾਉਣ ਲਈ ਕੀਤਾ ਉਚੇਚਾ ਧੰਨਵਾਦ
ਸੂਬੇ ਵਿੱਚ ਸ਼ਾਮ 5 ਵਜੇ ਤੱਕ ਦਰਜ ਕੀਤੀ ਗਈ 63.44 ਫੀਸਦ ਵੋਟਿੰਗ


ਚੰਡੀਗੜ੍ਹ
: 20 ਫਰਵਰੀ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਇਸ ਵਾਰ ਪੰਜਾਬ ਦੇ ਲੋਕਾਂ ਵਿੱਚ ਬਹੁਤ ਹੀ ਚਾਅ ਅਤੇ ਉਮਾਹ ਸੀ। ਓਹ ਪੂਰੇ ਉਤਸ਼ਾਹ ਵਿੱਚ ਸਨ। ਨੌਜਵਾਨ ਵੋਟਰਾਂ ਦੇ ਚਿਹਰਿਆਂ ਤੇ ਇੱਕ ਨਵੀਂ ਚਮਕ ਸੀ। ਇਹਨਾਂ ਮੁੰਡਿਆਂ ਕੁੜੀਆਂ ਆਖਿਰ ਸਰਕਾਰ ਬਣਾਉਣ ਵਿਚਕ ਪਹਿਲੀ ਵਾਰ ਆਪਣਾ ਯੋਗਦਾਨ ਪਾਉਣਾ ਸੀ। ਇਹਨਾਂ ਦੇ ਨਾਲ ਨਾਲ ਬਜ਼ਰੂਗ ਵੀ ਪਿੱਛੇ ਨਹੀਂ ਸਨ, ਉਹ ਵੀਲ ਚੇਅਰ ਤੇ ਬੈਠ ਕੇ ਆਪਣੀ ਵੋਟ ਪਾਉਣ ਆਏ ਸਨ। ਅਜਿਹੇ ਜਜ਼ਬਾਤ ਅਤੇ ਅਜਿਹਾ ਮਾਹੌਲ ਲੋਕਤੰਤਰ ਲਈ ਇੱਕ ਚੰਗਾ ਸ਼ਗਨ ਹੈ। ਕਈਆਂ ਮੁੰਡਿਆਂ ਕੁੜੀਆਂ ਨੇ ਤਾਂ ਵਿਆਹ ਕਰਵਾਉਣ ਤੋਂ ਪਹਿਲਾਂ ਆਪਣੀ ਵੋਟ ਪਾਉਣੀ ਠੀਕ ਸਮਝੀ। 

ਲੁਧਿਆਣਾ ਸੈਂਟਰਲ ਵਿੱਚ ਸ਼ਾਹੀ ਇਮਾਮ ਪੰਜਾਬ
ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵੋਟ ਪਾਈ
ਪੰਜਾਬ ਵਿੱਚ ਅੱਜ 117 ਵਿਧਾਨ ਸਭਾ ਹਲਕਿਆਂ ਲਈ
 ਆਪੋ ਆਪਣੀ ਪਸੰਦ ਦੇ ਨੁਮਾਇੰਦਿਆਂ ਦੀ ਚੋਣ ਵਾਸਤੇ  ਸ਼ਾਂਤਮਈ ਢੰਗ ਨਾਲ ਇੱਕੋ ਪੜਾਅ ਵਿੱਚ ਮਤਦਾਨ ਹੋਇਆ। ਸ਼ਾਮ 5 ਵਜੇ ਤੱਕ ਪੰਜਾਬ ਵਿੱਚ 63.44 ਵੋਟ ਫੀਸਦੀ ਦਰਜ ਕੀਤੀ ਗਈ। ਲੋਕਾਂ ਵਿੱਚ ਦਿਨ ਭਰ ਉਤਸ਼ਾਹ ਬਣਿਆ ਰਿਹਾ। 
ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਡਾ.ਐਸ.ਕਰੁਣਾ ਰਾਜੂ, ਮੁੱਖ ਚੋਣ ਅਫ਼ਸਰ ਪੰਜਾਬ ਨੇ ਕਿਹਾ ਕਿ ਵੋਟਾਂ ਵਿੱਚ ਵਧ-ਚੜ੍ਹਕੇ ਹਿੱਸਾ ਪਾ ਕੇ ਸੂਬੇ ਦੇ ਲੋਕਾਂ ਨੇ ਇੱਕ ਵਧੀਆ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਧਿਆਨ ਸ਼ਾਂਤੀਪੂਰਨ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਯਕੀਨੀ ਬਣਾਉਣਾ ਸੀ। 

ਉਨ੍ਹਾਂ ਇਸ ਗੱਲ `ਤੇ ਤਸੱਲੀ ਜ਼ਾਹਰ ਕੀਤੀ ਕਿ  ਸਾਰੇ 196 ਮਹਿਲਾ ਪੋਲਿੰਗ ਸਟੇਸ਼ਨਾਂ `ਤੇ ਵੀ ਵੋਟਰਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੀ। ਸ੍ਰੀ ਰਾਜੂ ਨੇ ਦੱਸਿਆ ਕਿ ਇਸ ਚੋਣ ਦੀ ਮੁੱਖ ਵਿਸ਼ੇਸ਼ਤਾ ਚੋਣ ਕਮਿਸ਼ਨ ਦੇ 65 ਜਨਰਲ ਅਬਜ਼ਰਵਰ, 29 ਪੁਲਿਸ ਅਬਜ਼ਰਵਰ ਅਤੇ 50 ਖਰਚਾ ਅਬਜ਼ਰਬਰ ਤੋਂ ਇਲਾਵਾ 8784 ਮਾਈਕਰੋ-ਅਬਜ਼ਰਵਰਾਂ ਦੀ ਤਾਇਨਾਤੀ ਸੀ।

ਉਨ੍ਹਾਂ ਦੱਸਿਆ ਕਿ ਸਵੇਰੇ ਮੌਕ ਪੋਲ ਦੌਰਾਨ 146 ਬੈਲਟ ਯੂਨਿਟ, 152 ਕੰਟਰੋਲ ਯੂਨਿਟ ਅਤੇ 433 ਵੀਵੀਪੀਏਟੀ ਮਸ਼ੀਨਾਂ ਨੂੰ ਬਦਲਿਆ ਗਿਆ ਜਦਕਿ ਅਸਲ ਮਤਦਾਨ ਦੌਰਾਨ 72 ਬੈਲਟ ਯੂਨਿਟ, 64 ਕੰਟਰੋਲ ਯੂਨਿਟ ਅਤੇ 649 ਵੀਵੀਪੀਏਟੀ ਦੀ ਬਦਲੀ ਕੀਤੀ ਗਈ ।

ਉਨ੍ਹਾਂ ਇਹ ਵੀ ਕਿਹਾ ਕਿ ਦਿਨ ਵੇਲੇ ਚੋਣ ਵਿੱਚ ਵਿਘਨ ਪਾਉਣ ਅਤੇ ਵੋਟਰਾਂ ਨੂੰ ਭਰਮਾਉਣ ਦਾ ਇੱਕ ਵੀ ਮਾਮਲਾ ਕਮਿਸ਼ਨ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ।

ਸ੍ਰੀ ਰਾਜੂ ਨੇ ਸੂਬੇ ਵਿੱਚ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰਨ ਲਈ ਪੋਲਿੰਗ ਮੁਲਾਜ਼ਮਾ, ਸੁਰੱਖਿਆ ਅਮਲੇ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਨੇ ਚੋਣ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਲਈ 25 ਹਜ਼ਾਰ ਬੂਥ ਲੈਵਲ ਅਫਸਰ,ਦਿਵਿਆਂਗ ਕੋਆਰਡੀਨੇਟਰਾਂ, ਐਨਸੀਸੀ/ਐਨਐਸਐਸ ਦੇ ਵਾਲੰਟੀਅਰਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਪਿੰਡਾਂ ਦੇ ਚੌਕੀਦਾਰਾਂ ਦਾ ਵੀ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ।    

ਕਾਨੂੰਨ ਵਿਵਸਥਾ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਦੱਸਿਆ ਕਿ ਚੋਣਾਂ ਦੌਰਾਨ ਕੁਝ ਥਾਵਾਂ ਛੋਟੀਆਂ-ਮੋਟੀਆਂ ਘਟਨਾਵਾਂ ਸਾਹਮਣੇ ਆਈਆਂ ਅਤੇ ਚੋਣਾਂ ਦੌਰਾਨ ਅਣਸੁਖਾਵੀਆਂ ਘਟਾਨਾਵਾਂ ਨੂੰ ਰੋਕਣ ਲਈ 18 ਐਫਆਈਆਰਜ਼ ਦਰਜ ਕੀਤੀਆਂ ਗਈਆਂ।

No comments: