Wednesday, December 15, 2021

ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਨੂੰ ਪੁੱਛਿਆ ਸਵਾਲ

Wednesday 15th December 2021 at 7:12 PM

ਤੁਸੀਂ ਤਾਂ ਦੋ ਦਿਨਾਂ ਲਈ ਅਧਿਕਾਰ ਮੰਗਦੇ ਸੀ ਪਰ ਹੁਣ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ

ਪੁਲਿਸ ਨਿਯੁਕਤੀਆਂ ਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਿਉਂ ਨਹੀਂ?

ਚੰਡੀਗੜ੍ਹ: 15 ਦਸੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::

ਫੌਜੀ ਪਿਛੋਕੜ ਵਾਲੇ 
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਖੁੱਲ੍ਹ ਕੇ ਆਪਣੀ ਸਿਆਸੀ ਜੰਗ ਲੜ ਰਹੇ ਹਨ। ਜਿਵੇਂ ਕਿ ਚਰਚਾ ਸੀ ਕਿ ਸ਼ਾਇਦ ਕੈਪਟਨ ਸਾਹਿਬ ਨੂੰ ਸੀਨ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਉਹ ਗਲਤ ਸਾਬਿਤ ਹੋ ਰਹੀਆਂ ਹਨ। ਸਿਆਸੀ ਜੰਗ ਦੇ ਮੈਦਾਨ ਵਿੱਚ ਡਟ ਕੇ ਖਲੋਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਵਿਚਾਰਧਾਰਕ ਅਤੇ ਸਿਆਸੀ ਤੋਪਾਂ ਦਾ ਮੂੰਹ ਚੰਨੀ ਸਰਕਾਰ ਖਿਲਾਫ ਖੋਹਲ ਦਿੱਤਾ ਹੈ। ਇਸ ਬਾਰੇ ਕੁਝ ਜ਼ਿਕਰ ਵੱਖਰੀ ਇੱਕ ਪੋਸਟ ਵਿੱਚ ਵੀ। 
ਜ਼ਿਕਰਯੋਗ ਹੈ ਕਿ ਉਹਨਾਂ ਦਾ ਪਿਛੋਕੜ ਪਹਿਲਾਂ ਵੀ ਬਾਗੀ ਸੁਰਾਂ ਵਾਲਾ ਹੀ ਰਿਹਾ ਹੈ। ਗਾਂਧੀ ਪਰਿਵਾਰ ਨਾਲ ਬੇਹੱਦ ਔਖੇ ਦਿਨਾਂ ਵਿੱਚ ਦੋਸਤੀ ਨਿਭਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਖੁੱਲ੍ਹ ਕੇ ਭਾਜਪਾ ਦੇ ਨਾਲ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਸੀਟਾਂ ਦੀ ਵੰਡ ਬਾਰੇ ਗੱਲਬਾਤ ਜਾਰੀ ਹੈ। ਇਸ ਵੇਲੇ ਕਾਂਗਰਸ ਦੀ ਸਿਆਸੀ ਦੁਸ਼ਮਣਾਂ ਨਾਲ ਖੜੋਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਤਾਂ ਸ਼ਾਇਦ ਕਾਫੀ ਨੁਕਸਾਨ ਪਹੁੰਚਾ ਸਕਣ ਪਰ ਉਹਨਾਂ ਸੈਕੂਲਰ ਦਿੱਖ ਦਾ ਕੀ ਬਣੇਗਾ? ਇਸ ਵੇਲੇ ਮੁੱਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਸਰਗਰਮ ਹਨ। ਇਸ ਵੇਲੇ ਉਹਨਾਂ ਦੀ ਜ਼ੁਬਾਨ ਤੇ ਹੈ ਕੁਰੱਪਸ਼ਨ ਦਾ ਮੁੱਦਾ। ਇਤਫ਼ਾਕ ਨਾਲ ਹੁਣ ਇਹ ਮੁੱਦਾ ਆਮ ਲੋਕਾਂ ਦੀ ਜ਼ੁਬਾਨ ਤੇ ਵੀ ਹੈ। 
ਉਹਨਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਗਲਤ ਮੁੱਦਿਆਂ ਨੂੰ ਪਹਿਲ ਦਿੱਤੇ ਜਾਣ ਤੇ ਤਿੱਖੀ ਆਲੋਚਨਾ ਕੀਤੀ ਹੈ। ਚੰਨੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਉੱਪਰ ਵਰ੍ਹਦਿਆਂ ਹੋਇਆਂ ਉਹਨਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸਵਾਲ ਕੀਤਾ ਹੈ ਕਿ ਕਿਉਂ ਉਨ੍ਹਾਂ ਨੇ ਇਕ ਪੁਲੀਸ ਅਫ਼ਸਰ ਵੱਲੋਂ ਡੀਜੀਪੀ ਨੂੰ ਲਿਖੀ ਚਿੱਠੀ ਦੇ ਵੇਰਵੇ ਲੀਕ ਹੋਣ ਦੇ ਮਾਮਲੇ ਵਿੱਚ ਦਿੱਤੀ ਜਾਂਚ ਦੇ ਆਦੇਸ਼ਾਂ ਦੇ ਤਰਜ਼ ਤੇ ਪੰਜਾਬ ਪੁਲੀਸ ਦੇ ਸੀਨੀਅਰ ਸੁਪਰਡੈਂਟਾਂ ਅਤੇ ਡਿਪਟੀ ਸੁਪਰਡੈਂਟਾਂ ਦੀਆਂ ਨਿਯੁਕਤੀਆਂ ਵਿੱਚ ਹੋਏ ਭ੍ਰਿਸ਼ਟਾਚਾਰ ਸਬੰਧੀ ਦੋਸ਼ਾਂ ਦੀ ਜਾਂਚ ਦੇ ਆਦੇਸ਼ ਨਹੀਂ ਦਿੱਤੇ ਹਨ, ਜਿਹੜੇ ਦੋਸ਼ ਉਨ੍ਹਾਂ ਦੀ ਹੀ ਕੈਬਨਿਟ ਦੇ ਇਕ ਸਾਥੀ ਵੱਲੋਂ ਲਗਾਏ ਗਏ ਸਨ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਚੌਕਸੀ ਅਤੇ ਤਤਕਾਲਤਾ ਉੱਪਰ ਚੁਟਕੀ ਲੈਂਦਿਆਂ ਕਿਹਾ ਕਿ ਤੁਸੀਂ ਇਕ ਸੀਨੀਅਰ ਪੁਲੀਸ ਅਫ਼ਸਰ ਵੱਲੋਂ ਡਾਇਰੈਕਟਰ ਜਨਰਲ ਆਫ ਪੁਲੀਸ ਨੂੰ ਲਿਖੀ ਚਿੱਠੀ ਦੇ ਕੁਝ ਪੰਨਿਆਂ ਦੇ ਲੀਕ ਹੋਣ ਦੇ ਮਾਮਲੇ ਵਿੱਚ ਤਾਂ ਜਾਂਚ ਦੇ ਆਦੇਸ਼ ਦੇ ਦਿੱਤੇ, ਪਰ ਕਿਉਂ ਤੁਸੀਂ ਉਹੀ ਤਤਕਾਲਤਾ ਉਦੋਂ ਨਹੀਂ ਦਿਖਾਈ ਜਦੋਂ ਤੁਹਾਡੇ ਮੰਤਰੀ ਮੰਡਲ ਦੇ ਇੱਕ ਸਾਥੀ ਨੇ ਹਾਲ ਹੀ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਸ਼ਰ੍ਹੇਆਮ ਐਸ.ਐਸ.ਪੀ ਅਤੇ ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੀ ਨਿਯੁਕਤੀ ਵਿੱਚ ਭ੍ਰਿਸ਼ਟਾਚਾਰ ਹੋਣ ਸਬੰਧੀ ਗੰਭੀਰ ਦੋਸ਼ ਲਗਾਏ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਝੂਠੇ ਵਾਅਦਿਆਂ ਅਤੇ ਐਲਾਨਾਂ ਕਾਰਨ ਤੁਹਾਡੀ ਸਰਕਾਰ ਦੇ ਆਏ ਦਿਨ ਖੁੱਲ੍ਹ ਰਹੇ ਭੇਦਾਂ ਕਾਰਨ ਤੁਹਾਡੀ ਪਰੇਸ਼ਾਨੀ ਨੂੰ ਸਮਝ ਸਕਦੇ ਹਨ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਕੈਪਟਨ ਅਮਰਿੰਦਰ ਨੇ ਯਾਦ ਲੈ ਕੇ ਤੁਸੀਂ ਹਮੇਸ਼ਾ ਹਰ ਕਿਸੇ ਨੂੰ ਸਲਾਖਾਂ ਪਿੱਛੇ ਭੇਜਣ ਲਈ ਦੋ ਦਿਨਾਂ ਲਈ ਅਧਿਕਾਰ ਮੰਗਦੇ ਸੀ। ਪਰ ਹੁਣ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਇਕ ਵੀ ਵਿਅਕਤੀ ਹਾਲੇ ਤਕ ਗ੍ਰਿਫ਼ਤਾਰ ਨਹੀਂ ਹੋਇਆ, ਹੁਣ ਕੀ ਹੋ ਗਿਆ ਹੈ।
ਆਉਂਦੀਆਂ ਵਿਧਾਨ ਸਭ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਲੋਕ ਭਾਵਨਾਂ ਨੂੰ ਪ੍ਰਭਾਵਿਤ ਤਾਂ ਕਰਨਗੇ ਹੀ। ਰੇਤੇ,, ਬਿਜਲੀ ਅਤੇ ਕੇਬਲ ਵਰਗੇ ਮੁੱਦਿਆਂ ਤੇ ਲੋਕਾਂ ਨੂੰ ਅਜੇ ਵੀ ਅਮਲੀ ਤੌਰ ਤੇ ਕੋਈ ਤਬਦੀਲੀ ਨਜ਼ਰ ਨਹੀਂ ਆਈ। ਉਹਨਾਂ ਨੂੰ ਇਹ ਗੱਲਾਂ ਸਿਰਫ ਬਿਆਨ ਹੀ ਨਜ਼ਰ ਆਉਂਦੀਆਂ ਹਨ। 
ਕੈਪਟਨ ਅਮਰਿੰਦਰ ਸਿੰਘ ਦਾ ਵਾਰ ਉਸ ਵੇਲੇ ਜਦੋਂ ਲੋਕ ਪਹਿਲਾਂ ਹੀ ਗੁੱਸੇ ਵਿੱਚ ਹਨ 

ਲੁਧਿਆਣਾ ਦੇ ਸਰਕਾਰੀ ਕਾਲਜਾਂ ਦੇ ਬਾਹਰ ਬੈਠੇ
ਗੈਸਟ ਫੈਕਲਟੀ ਅਧਿਆਪਕਾਂ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਐਲਾਨਜੀਤ ਦਰਸਾਉਣ ਵਾਲੇ ਨਾਅਰੇ ਲਿਖ ਕੇ ਲਾਏ ਹੋਏ ਹਨ। ਉਂਝ ਇਹ ਅੰਦਾਜ਼ਾ ਲਾਉਣਾ ਵੀ ਕੋਈ ਔਖਾ ਨਹੀਂ ਕਿ ਉਮਰ ਦਾ ਲੰਮਾ ਹਿੱਸਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲਾਉਣ ਵਾਲੇ ਕੈਪਟਨ ਹੁਣ ਇਸ ਉਮਰ ਵਿੱਚ ਕਾਂਗਰਸ ਦੇ ਦੁਸ਼ਮਣਾਂ ਨਾਲ ਜਾ ਖਲੋਤੇ ਹਨ। ਚੋਣ ਨਤੀਜਿਆਂ ਤੇ ਇਸਦਾ ਕਿੰਨਾ ਕੁ ਅਸਰ ਪਏਗਾ ਇਹ ਗੱਲ ਸਮੇਂ ਤੇ ਛੱਡ ਦੇਣੀ ਹੀ ਠੀਕ ਹੈ।  

No comments: