Wednesday, December 22, 2021

ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਸਮਝਦੀ ਹੈ ਅਫਸਰਸ਼ਾਹੀ--ਖੁਸ਼ੀ ਮੁਹੰਮਦ

Wednesday 22nd December 2021 at 5:53 PM  

ਐਲਾਨੇ ਹੋਏ ਹੁਕਮਾਂ ਨੂੰ ਵੀ ਲਾਗੂ ਕਰਨ ਤੋਂ ਇਨਕਾਰੀ ਹੈ ਇਹ ਸਿਸਟਮ 

 ਅਨਾਜ ਮੰਡੀਆਂ ਵਿਚ ਲੇਬਰ ਤੇ ਕਾਰਟੇਜ ਲਈ ਮੰਗੇ ਟੈਂਡਰ ਖਿਲਾਫ਼ ਰੋਹ ਤੇਜ਼ 

ਪੱਲੇਦਾਰਾਂ ਵਲੋਂ ਫੂਡ ਸਪਲਾਈ ਸਕੱਤਰ ਨੂੰ ਭੇਜਿਆ ਕਾਨੂੰਨੀ ਨੋਟਿਸ


ਮੋਹਾਲੀ
: 22 ਦਸੰਬਰ 2021:(ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਲੋਕਾਂ ਨਾਲ ਕੀਤੇ ਜਾਂਦੇ ਵਾਅਦੇ ਅਤੇ ਲੋਕਾਂ ਸਾਹਮਣੇ ਕੀਤੇ ਜਾਂਦੇ ਐਲਾਨ ਲਗਾਤਾਰ ਲੋਕਾਂ ਨਾਲ ਮਜ਼ਾਕ ਸਾਬਤ ਹੁੰਦੇ ਆ ਰਹੇ ਹਨ। ਕੀ ਇਹਨਾਂ ਵਾਅਦਿਆਂ ਅਤੇ ਐਲਾਨਾਂ ਦੀਆਂ ਧੱਜੀਆਂ ਉਡਾਉਣ ਵਾਲੀ ਅਫਸਰਸ਼ਾਹੀ ਦਾ ਰੀਮੋਟ ਕਿਸੇ ਹੋਰ ਦੇ ਹੱਥ ਵਿੱਚ ਹੁੰਦਾ ਹੈ? ਅਫਸਰਸ਼ਾਹੀ ਸੱਤਾ ਨੰ ਟਿੱਚ ਸਮਝਦੀ ਹੈ ਜਾਂ ਸੱਤਾ ਦੀ ਪਰਜਾ ਨੂੰ? ਇਸ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਲਿਆਂਦਾ ਹੈ ਪੱਲੇਦਾਰਾਂ ਦੇ ਲੀਡਰ ਖੁਸ਼ੀ ਮੋਹੰਮਦ ਨੇ। ਉਹ ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫੰਰਸ ਵਿੱਚ ਆਪਣੇ ਪੱਲੇਦਾਰ ਸਾਥੀਆਂ ਨਾਲ ਹੋਈ ਬੀਤੀ ਬਾਰੇ ਖੁੱਲ੍ਹੀਆਂ ਗੱਲਾਂ ਕਰਕੇ ਗਏ।  ਇਸ ਮੌਕੇ ਪੱਲੇਦਾਰਾਂ ਦੀਆਂ ਸੱਤ ਯੂਨੀਅਨਾਂ ਦੇ ਪ੍ਰਤੀਨਿਧੀ ਮੌਜੂਦ ਰਹੇ।  
ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਨੇ ਪੰਜਾਬ ਦੇ ਫੂਡ, ਸਿਵਲ ਸਪਲਾਈ ਤੇ ਕੰਜ਼ਿਊਮਰ ਅਫੇਅਰਜ਼ ਸਕੱਤਰ ਨੂੰ 2022-23 ਦੀ ਪੰਜਾਬ ਫੂਡ ਗਰੇਨਜ਼ ਲੇਬਰ ਐਂਡ ਕਾਰਟੇਜ਼ ਪਾਲਿਸੀ 2020-21 ਅਧੀਨ 2022-23 ਲਈ ਲੇਬਰ ਦਾ ਮੰਨਿਆ ਟੈਂਡਰ ਰੱਦ ਕਰਨ ਲਈ ਕਾਨੂੰਨੀ ਨੋਟਿਸ ਦਿੱਤਾ ਹੈ।
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਰਾਹੀਂ ਪੱਲੇਦਾਰਾਂ ਦੇ ਆਗੂ ਖੁਸ਼ੀ ਮੁਹੰਮਦ ਤੇ ਸਾਬਕਾ ਪਾਰਲੀਮੈਂਟ ਮੈਂਬਰ ਕੇਵਲ ਸਿੰਘ ਨੇ ਦੱਸਿਆ ਕਿ 16 ਦਸੰਬਰ, 2021 ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਗਾ ਵਿਖੇ ਅਤੇ 19 ਦਸੰਬ, 2021 ਨੂੰ ਜ਼ੀਰਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਦਾ ਐਲਾਨ ਕੀਤਾ ਸੀ। 
ਉਨ੍ਹਾਂ ਕਿਹਾ ਸੀ ਕਿ ਹੁਣ ਅੱਗੇ ਤੋਂ ਸਰਕਾਰ ਠੇਕੇਦਾਰੀ ਸਿਸਟਮ ਗ਼ ਬੰਦ ਕਰਕੇ ਪੈਸੇ ਸਿੱਧੇ ਪੱਲੇਦਾਰਾਂ ਦੇ ਖਾਤਿਆਂ ਵਿਚ ਪਾਇਆ ਕਰੇਗੀ, ਪਰ ਪੰਜਾਬ ਦੀ ਅਫਸਰਸ਼ਾਹੀ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੀ ਹੈ ਅਤੇ ਸਕੱਤਰ ਨੇ ਮੁੱਖ ਮੰਤਰੀ ਦੀ ਪ੍ਰਵਾਹ ਨਾ ਕਰਦਿਆਂ ਮੁੜ ਟੈੱਡਰ ਮੰਗ ਲਿਆ ਹੈ, ਜੋ ਸਰਾਸਰ ਚੁਣੀ ਹੋਈ ਸਰਕਾਰ ਦੇ ਖਿ਼ਲਾਫ਼ ਅਫਸਰਸ਼ਾਹੀ ਦੀ ਮਨਮਾਨੀ ਹੈ। 
ਉਨ੍ਹਾਂ ਕਿਹਾ ਕਿ ਫੂਡ ਐੱਡ ਸਪਲਾਈ ਵਿਭਾਗ ਦੇ ਸਕੱਤਰ ਠੇਕੇਦਾਰਾਂ ਵਲੋਂ ਪਾਈ ਇਕ ਰਿੱਟ ਪਟੀਸ਼ਨ ਦਾ ਹਵਾਲਾ ਦੇ ਕੇ ਮੁੜ ਟੈੱਡਰ ਮੰਗ ਚੁੱਕੇ ਹਨ। ਜਦੋਂ ਕਿ ਮੁੱਖ ਮੰਤਰੀ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੀ ਉਨ੍ਹਾਂ ਨੂੰ ਨਹੀਂ ਮਿਲ ਰਹੇ ਅਤੇ ਉਹ ਤਿੰਨ ਦਿਨ ਤੋਂ ਦਿਨ-ਰਾਤ ਲਗਾਤਾਰ ਮੁੱਖ ਮੰਤਰੀ ਨੂੰ ਮਿਲਣ ਲਈ ਕਾਂਗਰਸ ਭਵਨ ਬੈਠਦੇ ਆ ਰਹੇ ਹਨ। 
ਉਨ੍ਹਾਂ ਇਹ ਕਾਨੂੰਨੀ ਨੋਟਿਸ ਦੇ ਕੇ ਸਕੱਤਰ ਨੂੰ ਕਿਹਾ ਹੈ ਕਿ ਮੰਗੇ ਗਏ ਟੈੱਡਰ ਰੱਦ ਕੀਤੇ ਜਾਣ ਅਤੇ ਪੈਸੇ ਸਿੱਧੇ ਪੱਲੇਦਾਰਾਂ ਦੇ ਖਾਤੇ ਵਿਚ ਪਾਏ ਜਾਣ। ਉਨ੍ਹਾਂ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਦਖ਼ਲ ਦੇ ਕੇ ਇਸ ਟੈੱਡਰ ਨੂੰ ਰੱਦ ਕਰਵਾਉਣ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਅਫਸਰਸ਼ਾਹੀ ਵਲੋਂ ਕੀਤੀ ਜਾ ਰਹੀ ਮਨਮਾਨੀ ਉਤੇ ਨਕੇਲ ਪਾਉਣ।
ਅੱਜ ਦੀ ਪ੍ਰੈਸ ਕਾਨਫਰੰਸ ਵਿਚ ਫੂਡਗ੍ਰੇਨ ਐੱਡ ਅਲਾਇਡ ਵਰਕਰਜ਼ ਯੂਨੀਅਨ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ, ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ, ਐਫਸੀਆਈ ਅਤੇ ਪੰਜਾਬ ਫੂਡ ਏਜੰਸੀਜ਼ ਪੱਲੇਦਾਰ ਆਜ਼ਾਦ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ (ਏਟਕ), ਫੂਡ ਹੈੱਡਲਿੰਗ ਵਰਕਰ ਯੂਨੀਅਨ ਤੇ ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਦੇ ਖੁਸ਼ੀ ਮੁਹੰਮਦ, ਕੇਵਲ ਸਿੰਘ ਸਾਬਕਾ ਐਮ.ਪੀ., ਕਰਮਦੀਨ, ਸ਼ਮਸ਼ੇਰ ਸਿੰਘ, ਪ੍ਰੇਮ ਲਾਲ, ਦੇਸਾ ਸਿੰਘ, ਪ੍ਰੀਤਮ ਸਿੰਘ, ਰਾਜ ਕੁਮਾਰ ਰਾਜਪੁਰਾ ਤੇ ਪਿਆਰਾ ਲਾਲ ਨੇ ਸੰਬੋਧਨ ਕੀਤਾ।

No comments: