21st December 2021 at 7:08 PM
ਕੋਈ ਵੀ ਸੱਭਿਅਕ ਸਮਾਜ ਅਜਿਹੀਆਂ ਹੱਤਿਆਵਾਂ ਦੀ ਇਜਾਜ਼ਤ ਨਹੀਂ ਦਿੰਦਾ
ਕੌਮੀ ਸੁਰੱਖਿਆ ਅਤੇ ਪੰਜਾਬ ਦੇ ਹਿੱਤ ਮੇਰੇ ਲਈ ਸਭ ਤੋਂ ਪਹਿਲਾਂ ਹਨ
ਰਾਜਪੁਰਾ: (ਪਟਿਆਲਾ): 21 ਦਸੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: ਹੁਣ ਜਦੋਂ ਕਿ ਚੋਣਾਂ ਦੇ ਮਾਹੌਲ ਵਿੱਚ ਗੋਲਮੋਲ ਗੱਲਾਂ ਵਾਲੀ ਸਿਆਸਤ ਇੱਕ ਵਾਰ ਫਿਰ ਪ੍ਰਚਾਰ ਮੁਹਿੰਮ ਦਾ ਹਿੱਸਾ ਬਣ ਚੁੱਕੀ ਹੈ ਉਦੋਂ ਫੌਜੀ ਪਿਛੋਕੜ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹੁੰਚ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤੀ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੌਮੀ ਸੁਰੱਖਿਆ ਅਤੇ ਪੰਜਾਬ ਦੀ ਭਲਾਈ ਉਨ੍ਹਾਂ ਦੇ ਏਜੰਡੇ ਤੇ ਸਭ ਤੋਂ ਪਹਿਲਾਂ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਅਗਲੀ ਪੀਐਲਸੀ-ਬੀਜੇਪੀ ਸਰਕਾਰ ਇਸ ਤੇ ਸਫ਼ਲਤਾ ਪੂਰਵਕ ਕੰਮ ਕਰੇਗੀ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਹੁਣੇ ਤੋਂ ਹੀ ਪੂਰੀ ਤਰ੍ਹਾਂ ਸਰਗਰਮ ਹਨ। ਆਪਣੀ ਇਸ ਸਿਆਸੀ ਜੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਲੀ ਹੋਲੀ ਆਪਣੇ ਪੱਤੇ ਖੋਹਲ ਰਹੇ ਹਨ।
ਇੱਥੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਕੁਮਾਰ ਜੱਗਾ ਨੂੰ ਪਾਰਟੀ ਚ ਸ਼ਾਮਲ ਕਰਨ ਤੋਂ ਬਾਅਦ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦੋਵੇਂ ਪਾਰਟੀਆਂ ਚੋਣਾਂ ਚ ਸਫ਼ਲਤਾ ਸੁਨਿਸ਼ਚਿਤ ਕਰਨ ਲਈ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਕਾਨੂੰਨੀ ਪੜਤਾਲ ਚ ਕਾਇਮ ਨਹੀਂ ਰਹਿ ਸਕੇਗਾ, ਕਿਉਂਕਿ ਸਰਕਾਰ ਨੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਹੀ ਨਹੀਂ ਕੀਤਾ ਹੈ।
ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਚ ਬੇਅਦਬੀ ਦੇ ਦੋਸ਼ੀਆਂ ਦੀ ਹੱਤਿਆ ਦੀ ਨਿੰਦਾ ਵੀ ਕੀਤੀ ਅਤੇ ਕਿਹਾ ਕਿ ਆਰੋਪੀਆਂ ਨੂੰ ਪੁਲੀਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਸੀ।
ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਇਕ ਸਵਾਲ ਦੇ ਜਵਾਬ ਚ ਉਨ੍ਹਾਂ ਪੁਛਿਆ ਕਿ ਕਿਸ ਆਧਾਰ ਤੇ ਸਰਕਾਰ ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ, ਕਿਉਂਕਿ ਨਸ਼ਾ ਤਸਕਰੀ ਤੇ ਰਿਪੋਰਟ ਹਾਲੇ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਸੀਲਬੰਦ ਲਿਫਾਫੇ ਚ ਪਈ ਹੈ। ਦੇਸ਼ ਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਕਾਨੂੰਨੀ ਪੜਤਾਲ ਚ ਇਹ ਕੇਸ ਕਾਇਮ ਨਹੀਂ ਰਹਿ ਸਕੇਗਾ। ਸਿਰਫ਼ ਇਸ ਲਈ ਕਿ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ, ਤੁਸੀਂ ਉਸਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਧੱਕ ਸਕਦੇ।
ਅੰਮ੍ਰਿਤਸਰ ਅਤੇ ਕਪੂਰਥਲਾ ਚ ਲਿੰਚਿੰਗ ਨਾਲ ਜੁੜੇ ਇਕ ਸਵਾਲ ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਰੋਪੀਆਂ ਨੂੰ ਪੁਲੀਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਸੀ। ਕੋਈ ਵੀ ਸੱਭਿਅਕ ਸਮਾਜ ਅਜਿਹੀਆਂ ਹੱਤਿਆਵਾਂ ਦੀ ਇਜਾਜ਼ਤ ਨਹੀਂ ਦਿੰਦਾ।
ਜਦਕਿ ਬਹਿਬਲ ਕਲਾਂ ਬੇਅਦਬੀ ਮਾਮਲੇ ਚ ਨਿਆਂ ਨਾ ਮਿਲਣ ਨਾਲ ਲੋਕਾਂ ਚ ਗੁੱਸੇ ਦੇ ਚੱਲਦਿਆਂ ਅਜਿਹੀਆਂ ਹੱਤਿਆਵਾਂ ਹੋਣ ਬਾਰੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਇਸ ਮਾਮਲੇ ਤੇ ਕੰਮ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੂਬਾ ਸਰਕਾਰ ਨੂੰ ਸੀਬੀਆਈ ਤੋਂ ਜਾਂਚ ਵਾਪਸ ਲੈਣ ਵਾਸਤੇ ਲੰਬੀ ਲੜਾਈ ਲੜਨੀ ਪਈ ਸੀ ਅਤੇ ਬਾਅਦ ਚ ਜਾਂਚ ਸ਼ੁਰੂ ਹੋਈ ਤੇ 22 ਆਰੋਪੀਆਂ ਨੂੰ, ਜਿਨ੍ਹਾਂ ਚ ਪੁਲੀਸ ਅਫ਼ਸਰ ਤੇ ਆਮ ਲੋਕ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਹੜੇ ਹਾਲੇ ਜ਼ਮਾਨਤ ਤੇ ਹਨ।
ਉਨ੍ਹਾਂ ਨੇ ਕਿਹਾ ਕਿ ਮੌਬ ਲਿੰਚਿੰਗ ਦੀ ਕਿਤੇ ਵੀ ਇਜਾਜ਼ਤ ਨਹੀਂ ਮਿਲਦੀ, ਜੋ ਵੀ ਹੋਇਆ ਉਹ ਨਿੰਦਣਯੋਗ ਹੈ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦਾ ਉਦਯੋਗਿਕ ਸ਼ਹਿਰ ਤੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਕਾਫਲੇ ਦੀ ਅਗਵਾਈ ਕਰ ਰਹੀਆਂ ਕਾਰਾਂ ਦੇ ਅੱਗੇ ਮੋਟਰਸਾਈਕਲ ਰੈਲੀ ਚੱਲ ਰਹੀ ਸੀ, ਜਿਸ ਚ ਸੈਂਕੜੇ ਨੌਜਵਾਨ ਸ਼ਾਮਲ ਹੋਏ। ਉਨ੍ਹਾਂ ਦਾ ਲੋਕਾਂ ਵੱਲੋਂ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਗਿਆ ਅਤੇ ਰਸਤੇ ਭਰ ਫੁੱਲ ਵਰਸਾਏ ਗਏ।
ਕੈਪਟਨ ਅਮਰਿੰਦਰ ਸਿੰਘ ਨੇ ਰਾਜਪੁਰਾ ਸ਼ਹਿਰ ਨਾਲ ਆਪਣੇ ਭਾਵਨਾਤਮਕ ਜੋੜ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਮਹਾਰਾਜਾ ਯਾਦਵਿੰਦਰ ਸਿੰਘ ਨੇ ਬਹਾਵਲਪੁਰ ਤੋਂ ਰਫਿਊਜ਼ੀਸ ਨੂੰ ਇੱਥੇ ਵਸਾਇਆ ਸੀ ਅਤੇ ਉਨ੍ਹਾਂ ਦੀ ਮਾਂ ਸਵਰਗਵਾਸੀ ਰਾਜਮਾਤਾ ਮਹਿੰਦਰ ਕੌਰ ਇੱਥੇ ਰਫਿਊਜੀਸ ਨੂੰ ਦੇਖਣ ਆਉਂਦੇ ਸਨ ਤੇ ਉਨ੍ਹਾਂ ਦੇ ਨਾਲ ਉਹ ਵੀ ਕੈਂਪਾਂ ਦਾ ਦੌਰਾ ਕਰਦੇ ਸਨ।
ਇਸ ਦੌਰਾਨ ਸਥਾਨਕ ਐਮਐਲਏ ਦੀ ਸ਼ਹਿ ਤੇ ਕੀਤੀ ਗਈ ਧੱਕੇਸ਼ਾਹੀ ਅਤੇ ਦਰਜ ਕੀਤੇ ਗਏ ਝੂਠੇ ਕੇਸਾਂ ਬਾਰੇ ਸ਼ਿਕਾਇਤਾਂ ਦੇ ਜਵਾਬ ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੁਖ਼ਤਾ ਕਰ ਗਏ ਕਿ ਉਸਨੂੰ (ਐੱਮ ਐੱਲ ਏ) ਜਵਾਬਦੇਹ ਬਣਾਇਆ ਜਾਵੇ। ਇਸ ਸਰਕਾਰ ਦਾ ਸਮਾਂ ਪੂਰਾ ਹੋ ਚੁੱਕਿਆ ਹੈ ਅਤੇ ਕੁਝ ਦਿਨਾਂ ਚ ਚੋਣ ਜ਼ਾਬਤਾ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਨਾ ਤਾਂ ਐਮ ਐਲ ਏ ਤੇ ਨਾ ਹੀ ਸਰਕਾਰ ਨਜ਼ਰ ਆਵੇਗੀ।
ਕੈਪਟਨ ਅਮਰਿੰਦਰ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਅਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਨੂੰ ਖੁੱਲ੍ਹੇ ਦਿਲ ਨਾਲ ਸਮਰਥਨ ਦੇਣ ਲਈ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲ ਹਮੇਸ਼ਾਂ ਹੀ ਕੌਮੀ ਸੁਰੱਖਿਆ ਅਤੇ ਪੰਜਾਬ ਚ ਚੰਗਾ ਸ਼ਾਸਨ ਰਹੀ ਹੈ। ਉਨ੍ਹਾਂ ਨੇ ਦੁਸ਼ਮਣ ਦੇਸ਼ ਦੇ ਗਲਤ ਇਰਾਦਿਆਂ ਖ਼ਿਲਾਫ਼ ਵੀ ਚਿਤਾਵਨੀ ਦਿੱਤੀ ਜਿਹੜਾ ਲਗਾਤਾਰ ਇੱਥੇ ਹਾਲਾਤ ਵਿਗਾੜਨ ਲਈ ਹਥਿਆਰ ਭੇਜਦਾ ਆ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਪੁਲੀਸ ਅਤੇ ਵੱਖ-ਵੱਖ ਕੇਂਦਰੀ ਸੁਰੱਖਿਆ ਏਜੰਸੀਆਂ ਵਿਚਾਲੇ ਨਜ਼ਦੀਕੀ ਤਾਲਮੇਲ ਦੀ ਲੋੜ ਤੇ ਵੀ ਜ਼ੋਰ ਦਿੱਤਾ।
ਜਗਦੀਸ਼ ਜੱਗਾ ਨੂੰ ਸ਼ਾਨਦਾਰ ਪਬਲਿਕ ਮੀਟਿੰਗ ਦਾ ਆਯੋਜਨ ਕਰਨ ਲਈ ਮੁਬਾਰਕਬਾਦ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ। ਟਿਕਟਾਂ ਦੀ ਵੰਡ ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਭਾਜਪਾ ਜੇਤੂ ਉਮੀਦਵਾਰਾਂ ਨੂੰ ਹੀ ਫਾਈਨਲ ਕਰਨ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਨੇ ਮੀਟਿੰਗ ਚ ਸ਼ਾਮਲ ਹੋਣ ਲਈ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ।
No comments:
Post a Comment