ਪੰਜਾਬ ਗਵਰਨਰ ਅਤੇ ਕੈਪਟਨ ਅਮਰਿੰਦਰ ਨੇ ਕੀਤਾ ਦੋ ਮੌਤਾਂ ਦਾ ਜ਼ਿਕਰ
ਲੁਧਿਆਣਾ: 23 ਦਸੰਬਰ 2021: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ ਇਪਟਾ//ਪੰਜਾਬ ਸਕਰੀਨ)::
ਚੋਣਾਂ ਦਾ ਸਮਾਂ ਨੇੜੇ ਆਉਂਦਿਆਂ ਹੀ ਪੰਜਾਬ ਨੂੰ ਫਿਰ ਤੋਂ ਅੱਗ ਲਾਉਣ ਦੀਆਂ ਨਾਪਾਕ ਸਾਜ਼ਿਸ਼ਾਂ ਤੇਜ਼ ਹੋ ਗਈਆਂ ਹਨ। ਪਹਿਲਾਂ ਬੇਅਦਬੀਆਂ ਦਾ ਜ਼ੋਰ, ਫਿਰ ਬੇਅਦਬੀਆਂ ਦੇ ਆਰੋਪੀਆਂ ਦਾ ਕਤਲ, ਹੁਣ ਲੁਧਿਆਣਾ ਦੀ ਜ਼ਿਲਾ ਕਚਹਿਰੀ ਵਿੱਚ ਬੰਬ ਧਮਾਕਾ-ਇਹ ਸਭ ਕੁਝ ਬੜੇ ਹੀ ਖਤਰਨਾਕ ਇਸ਼ਾਰੇ ਹਨ। ਇਹ ਸ਼ਕਤੀਸ਼ਾਲੀ ਬੰਬ ਧਮਾਕਾ ਅੱਜ ਦੁਪਹਿਰੇ ਸਵਾ 12 ਵਜੇ ਹੋਇਆ ਜਿਸ ਨਾਲ ਹਫੜਾਦਫੜੀ ਮੱਚ ਗਈ। ਇਹ ਏਨਾ ਜ਼ੋਰਦਾਰ ਸੀ ਕਿ ਇਸ ਨਾਲ ਇਮਾਰਤ ਤੋਂ ਬਾਹਰ ਖੜੀਆਂ ਗੱਡੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਅਤੇ ਉਪਰਲੀਆਂ ਮੰਜ਼ਲਾਂ ਤੇ ਵੀ ਕਾਫੀ ਟੁੱਟ ਭੱਜ ਹੋਈ। ਕੰਧਾਂ ਟੁੱਟ ਗਈਆਂ ਅਤੇ ਥੰਮਾਂ ਨੂੰ ਵੀ ਤਰੇੜਾਂ ਆ ਗਈਆਂ। ਇੱਕ ਮੌਤ ਅਤੇ ਛੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ ਪਰ ਪੰਜਾਬ ਦੇ ਰਾਜਪਾਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੰਬ ਧਮਾਕੇ ਦੀ ਨਿਖੇਧੀ ਕਰਦਿਆਂ ਦੋ ਮੌਤਾਂ ਦਾ ਜ਼ਿਕਰ ਕੀਤਾ ਹੈ। ਲੋਕਾਂ ਵਿੱਚ ਜ਼ਿਆਦਾ ਮੌਤਾਂ ਦੇ ਖਦਸ਼ੇ ਦੀ ਵੀ ਚਰਚਾ ਹੁੰਦੀ ਰਹੀ।
ਬੰਬ ਧਮਾਕੇ ਮਗਰੋਂ ਇਕੱਠਾ ਹੋਇਆ ਮਲਬਾ ਇਸ ਬੰਬ ਦੇ ਸ਼ਕਤੀਸ਼ਾਲੀ ਹੋਣ ਦਾ ਅਨੁਮਾਨ ਦੇ ਰਿਹਾ ਸੀ। ਇੰਝ ਲੱਗਦਾ ਸੀ ਜਿਵੇਂ ਕਿਸੇ ਨੇ ਕਚਹਿਰੀ ਕੰਪਲੈਕਸ ਦੀ ਪੂਰੀ ਇਮਾਰਤ ਨੂੰ ਹੀ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਥਾਂ ਦਾ ਦੌਰਾ ਕਰਨ ਤੇ ਮੀਡੀਆ ਵਾਲਿਆਂ ਨੇ ਵੀ ਮਹਿਸੂਸ ਕੀਤਾ ਕਿ ਬਾਰੂਦ ਦੀ ਬਦਬੂ ਸ਼ਾਮ ਤੱਕ ਵੀ ਆਉਂਦੀ ਰਹੀ। ਸਾਫ ਸੀ ਕਿ ਕੋਈ ਸਲੰਡਰ ਨਹੀਂ ਫਟਿਆ ਇਹ ਬੰਬ ਹੀ ਸੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸੀ ਸਿੰਘ ਰੰਧਾਵਾ, ਉਪ ਮੁਖ ਮੰਤਰੀ ਓ ਪੀ ਸੋਨੀ, ਮੰਤਰੀ ਭਾਰਤ ਭੂਸ਼ਨ ਆਸ਼ੂ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਚੇਅਰਮੈਨ ਮਨਿੰਦਰ ਸਿੰਘ ਬਿੱਟਾ ਨੇ ਵੀ ਇਸ ਬੰਬ ਧਮਾਕੇ ਦੀ ਤਿੱਖੀ ਨਿਖੇਧੀ ਕੀਤੀ ਹੈ।
ਜਾਂਚ ਕਰ ਰਹੀਆਂ ਏਜੰਸੀਆਂ ਦਾ ਸਭ ਤੋਂ ਪਹਿਲਾਂ ਸ਼ੱਕ ਇਸ ਧਮਾਕੇ ਵਿਚ ਮਰਨ ਵਾਲੇ ਵਿਅਕਤੀ ਤੇ ਹੀ ਗਿਆ ਹੈ। ਲੱਗਦਾ ਹੈ ਕਿ ਇਹੀ ਵਿਅਕਤੀ ਆਤਮਘਾਤੀ ਮਨੁੱਖੀ ਬੰਬ ਬਣ ਕੇ ਆਇਆ ਅਤੇ ਬੰਬ ਦੀਆਂ ਤਾਰਾਂ ਜੋੜਣ ਲਈ ਬਾਥਰੂਮ ਵਿਚ ਗਿਆ। ਤਾਰਾਂ ਜੋੜਦਿਆਂ ਇਹ ਬੰਬ ਕਚਹਿਰੀ ਦੀ ਦੂਜੀ ਮੰਜ਼ਲ ਤੇ ਸਥਿਤ ਬਾਥਰੂਮ ਵਿਚ ਫਟ ਗਿਆ। ਜੇ ਇਹ ਵਿਅਕਤੀ ਤਾਰਾਂ ਜੋੜ ਕੇ ਇਸ ਬੰਬ ਨੂੰ ਬਾਥਰੂਮ ਦੇ ਬਾਹਰ ਲਿਆ ਕੇ ਬਲਾਸਟ ਕਰਨ ਵਿਚ ਕਾਮਯਾਬ ਹੋ ਜਾਂਦਾ ਤਾਂ ਸ਼ਾਇਦ ਨੁਕਸਾਨ ਕਿਤੇ ਜ਼ਿਆਦਾ ਹੁੰਦਾ। ਕਚਹਿਰੀਆਂ ਵਿੱਚ ਵਕੀਲਾਂ ਦੀ ਹੜਤਾਲ ਹੋਣ ਕਾਰਨ ਲੋਕ ਵੀ ਘੱਟ ਆਏ ਹੋਏ ਸਨ ਵਰਨਾ ਬੰਬ ਦੀ ਜ਼ੱਦ ਵਿਚ ਬਹੁਤ ਜ਼ਿਆਦਾ ਗਿਣਤੀ ਵੀ ਆ ਸਕਦੀ ਸੀ।
ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਇੱਕ ਬਾਥਰੂਮ ਵਿੱਚ ਅੱਜ ਦੁਪਹਿਰ ਹੋਏ ਧਮਾਕੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਔਰਤਾਂ ਸਣੇ 6 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਬਾਥਰੂਮ ਅੰਦਰੋਂ ਇੱਕ ਲਾਸ਼ ਮਿਲੀ ਹੈ ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਇੱਥੇ ਬੰਬ ਲਾਉਣ ਆਇਆ ਤੇ ਧਮਾਕੇ ਦੀ ਲਪੇਟ ’ਚ ਆ ਗਿਆ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਕਮਿਸ਼ਨਰ ਸਣੇ ਸਾਰੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਤੇ ਸਾਰਾ ਅਦਾਲਤੀ ਕੰਪਲੈਕਸ ਖਾਲੀ ਕਰਾਇਆ ਗਿਆ। ਪੁਲੀਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਨੂੰ ਵੀ ਖਾਲੀ ਕਰਵਾਇਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਡੀਜੀਪੀ ਸਿਧਾਰਥ ਚਟੋਪਾਧਿਆ ਮੌਕੇ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਲੁਧਿਆਣਾ ਪੁੱਜ ਕੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਤੇ ਡੀਸੀ ਦਫ਼ਤਰ ਦੇ ਠੀਕ ਪਿੱਛੇ ਅਦਾਲਤੀ ਕੰਪਲੈਕਸ ਹੈ। ਅੱਜ ਦੁਪਹਿਰ ਲਗਭਗ ਸਵਾ ਕੁ 12 ਵਜੇ ਕੰਪਲੈਕਸ ਦੀ ਦੂਸਰੀ ਮੰਜ਼ਿਲ ’ਤੇ ਸਥਿਤ ਬਾਥਰੂਮ ’ਚ ਇੱਕ ਜ਼ੋਰਦਾਰ ਧਮਾਕਾ ਹੋਇਆ।
ਧਮਾਕਾ ਇਨ੍ਹਾਂ ਕੁ ਤੇਜ਼ ਸੀ ਕਿ ਬਾਥਰੂਮ ਦੇ ਅੰਦਰ ਦੀਆਂ ਸਾਰੀਆਂ ਕੰਧਾਂ ਡਿੱਗ ਗਈਆਂ। ਉੱਧਰ ਬਾਥਰੂਮ ਦੇ ਬਾਹਰ ਫੋਟੋ ਸਟੇਟ ਮਸ਼ੀਨ ਲਾ ਕੇ ਬੈਠੀ ਔਰਤ ਵੀ ਧਮਾਕੇ ਦੀ ਲਪੇਟ ’ਚ ਆ ਕੇ ਜ਼ਖਮੀ ਹੋ ਗਈ। ਧਮਾਕੇ ਮਗਰੋਂ ਪੂਰੇ ਕੰਪਲੈਕਸ ’ਚ ਹਫ਼ਤਾ ਦਫ਼ੜੀ ਮਚ ਗਈ। ਇਸ ਘਟਨਾ ’ਚ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਨੂੰ ਵੱਖ ਵੱਖ ਹਸਤਪਾਲਾਂ ’ਚ ਭਰਤੀ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਸੰਦੀਪ ਕੌਰ ਰਾਏਕੋਟ, ਸ਼ਰਨਜੀਤ ਕੌਰ ਜਮਾਲਪੁਰ, ਮਨੀਸ਼ ਕੁਮਾਰ ਵਰਿੰਦਾਵਨ ਰੋਡ ਲੁਧਿਆਣਾ ਅਤੇ ਕ੍ਰਿਸ਼ਨਾ ਖੰਨਾ ਵਾਸੀ ਫੇਜ਼-1 ਦੁੱਗਰੀ ਵਜੋਂ ਹੋਈ ਹੈ। ਜਾਂਚ ਦੌਰਾਨ ਪੁਲੀਸ ਨੂੰ ਬਾਥਰੂਮ ਅੰਦਰੋਂ ਇੱਕ ਲਾਸ਼ ਮਿਲੀ ਹੈ, ਜੋ ਕਿ ਪੂਰੀ ਤਰ੍ਹਾਂ ਖਿੰਡ ਚੁੱਕੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਤੇ ਪੁਲੀਸ ਨੂੰ ਸ਼ੱਕ ਹੈ ਕਿ ਇਹੀ ਵਿਅਕਤੀ ਬੰਬ ਨੂੰ ਲਿਆਇਆ ਹੋਵੇਗਾ ਅਤੇ ਬੰਬ ਲਾਉਂਦੇ ਸਮੇਂ ਧਮਾਕਾ ਹੋ ਗਿਆ ਹੋਵੇਗਾ। ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਸਿਵਲ ਹਸਪਤਾਲ ਤੇ ਡੀਐੱਮਸੀ ਹਸਪਤਾਲ ਦਾ ਦੌਰਾ ਵੀ ਕੀਤਾ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਧਮਾਕਾ ਰਿਕਾਰਡ ਰੂਮ ਦੇ ਨਾਲ ਬਣੇ ਬਾਥਰੂਮ ’ਚ ਹੋਇਆ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਅਦਾਲਤੀ ਕੰਪਲੈਕਸ ਵਿਚ ਹੋਏ ਧਮਾਕੇ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਧਮਾਕੇ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ’ਤੇ ਬਹੁਤ ਦੁਖ ਹੋਇਆ ਹੈ। ਉਨ੍ਹਾਂ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈ।
ਇਸ ਬੰਬ ਧਮਾਕੇ ਦੇ ਨਾਲ ਹੀ ਲੋਕਾਂ ਵਿੱਚ ਦਹਿਸ਼ਤ ਛਾ ਗਈ ਅਤੇ ਭਗਦੜ ਮੱਚ ਗਈ। ਮੁਢਲੀਆਂ ਰਿਪੋਰਟਾਂ ਵਿੱਚ ਇੱਕ ਦੀ ਮੌਤ ਅਤੇ ਪੰਜ ਦੇ ਹਲਾਕ ਹੋਣ ਦੀ ਖਬਰ ਆਉਂਦੀ ਰਹੀ। ਮਗਰੋਂ ਦੋ ਮੌਤਾਂ ਅਤੇ ਚਾਰ ਜ਼ਖਮੀ ਹੋਣ ਦੀ ਖਬਰ ਆਉਂਦੀ ਰਹੀ। ਧਮਾਕੇ ਤੋਂ ਤੁਰੰਤ ਬਾਅਦ ਕਚਹਿਰੀ ਕੰਪਲੈਕਸ ਦੇ ਸਾਰੇ ਦਫਤਰ ਖਾਲੀ ਕਰਵਾ ਲਏ ਗਏ ਅਤੇ ਜ਼ਿਲੇ ਦੇ ਬਾਕੀ ਦਫਤਰਾਂ ਵਿਚ ਵੀ ਪੂਰੀ ਤਲਾਸ਼ੀ ਦੇ ਹੁਕਮ ਦਿੱਤੇ ਗਏ। ਪੰਜਾਬ ਭਰ ਵਿਚ ਹਾਈ ਅਲਰਟ ਵੀ ਕਰ ਦਿੱਤਾ ਗਿਆ। ਬੰਬ ਧਮਾਕੇ ਮਗਰੋਂ ਲੋਕਾਂ ਵਿੱਚ ਇਹ ਡਰ ਵੀ ਦੇਖਿਆ ਗਿਆ ਕਿ ਕਿਧਰੇ ਇਹ ਸੀਰੀਅਲ ਧਮਾਕਿਆਂ ਦੀ ਸ਼ੁਰੂਆਤ ਨਾ ਹੋਵੇ।
ਹੈਰਾਨੀ ਵਾਲੀ ਗੱਲ ਹੈ ਕਿ ਜਿਸ ਇਮਾਰਤ ਵਿਚ ਧਮਾਕਾ ਹੋਇਆ ਉਸ ਵਿਚ ਅੰਦਰ ਜਾਣ ਅਤੇ ਬਾਹਰ ਜਾਣ ਲਈ ਕਈ ਰਸਤੇ ਹਨ ਜਿਹਨਾਂ ਤੇ ਗੇਟ ਵੀ ਲੱਗੇ ਹੋਏ ਹਨ ਅਤੇ ਮੈਟਲ ਡਿਟੈਕਟਰ ਵਰਗੀਆਂ ਮਸ਼ੀਨਾਂ ਵੀ ਲੱਗੀਆਂ ਹੁੰਦੀਆਂ ਹਨ ਪਰ ਇਸਦੇ ਬਾਵਜੂਦ ਸੁਰਖਿਆ ਪੱਖੋਂ ਲੁੜੀਂਦੀ ਚੌਕਸੀ ਨਹੀਂ ਵਰਤੀ ਜਾਂਦੀ। ਆਮ ਤੌਰ ਤੇ ਇਹ ਗੇਟ ਖਾਲੀ ਹੁੰਦੇ ਹਨ ਜੇ ਉਥੇ ਸੁਰੱਖਿਆਂਪੱਖੋਂ ਕਰਮਚਾਰੀ ਬੈਠੇ ਵੀ ਹੋਣ ਤਾਂ ਉਹਨਾਂ ਦਾ ਧਿਆਨ ਆਉਣ ਜਾਣ ਵਾਲਿਆਂ ਵੱਲ ਘੱਟ ਹੀ ਹੁੰਦਾ ਹੈ। ਮਾਰੇ ਗਏ ਵਿਅਕਤੀ ਦਾ ਪਤਾ ਅਜੇ ਲਗਾਇਆ ਜਾਣਾ ਹੈ। ਇਸਦੇ ਨਾਲ ਹੀ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਣਾ ਹੈ ਕਿ ਇਹ ਵਿਅਕਤੀ ਕਿਹੜੇ ਪਾਸਿਓਂ ਕਿਵੇਂ ਅੰਦਰ ਆਇਆ। ਜਾਂਚ ਪੜਤਾਲ ਜਾਰੀ ਹੈ।
No comments:
Post a Comment