ਅਭੀ ਤੋਂ ਯਿਹ ਅੰਗੜਾਈ ਹੈ! ਆਗੇ ਔਰ ਲੜਾਈ ਹੈ!
ਲੁਧਿਆਣਾ//ਖਰੜ: 15 ਦਸੰਬਰ 2021: (ਪੰਜਾਬ ਸਕਰੀਨ ਡੈਸਕ ਅਤੇ ਲੋਕ ਮੀਡੀਆ ਮੰਚ)::
ਕੋਈ ਵੇਲਾ ਸੀ ਜਦੋਂ ਖੱਬੀਆਂ ਧਿਰਾਂ ਨਾਲ ਜੁੜੀਆਂ ਕਲਾਕਾਰਾਂ ਦੀਆਂ ਟੋਲੀਆਂ ਪੂਰੀ ਤਰ੍ਹਾਂ ਸਰਗਰਮ ਸਨ। ਇਪਟਾ ਦੇ ਨਾਲ ਨਾਲ ਇਸਤਰੀ ਸਭਾ ਵਿੱਚ ਵੀ ਗੀਤ ਸੰਗੀਤ ਅਹਿਮ ਰਹਿੰਦਾ। ਮਾਰਕਸੀ ਸੋਚ ਵਾਲੇ ਗੀਤਾਂ ਤੋਂ ਲੈ ਕੇ ਦਮਾ ਦਮ ਮਸਤ ਕਲੰਦਰ ਤੱਕ ਦੇ ਗੀਤ ਗੂੰਜਦੇ ਹੁੰਦੇ ਸਨ। ਉਦੋਂ ਪੰਥਕ ਹਲਕਿਆਂ ਨਾਲ ਸਾਂਝ ਵੀ ਹੁੰਦੀ ਸੀ ਕਾਮਰੇਡਾਂ ਦੀ। ਉਹਨਾਂ ਦਿਨਾਂ ਵਿੱਚ ਬੜੇ ਗੀਤ ਹਰਮਨ ਪਿਆਰੇ ਹੋਏ। ਇੱਕ ਗੀਤ ਹੁੰਦਾ ਸੀ ਅਮਰਜੀਤ ਗੁਰਦਾਸਪੁਰੀ ਹੁਰਾਂ ਦਾ ਲਿਖਿਆ ਹੋਇਆ-ਜਿਸ ਦੀਆਂ ਕੁਝ ਸਤਰਾਂ ਅੱਜ ਵੀ ਯਾਦ ਹਨ-ਇਪਟਾ ਅਤੇ ਇਸਤਰੀ ਸਭ ਦੇ ਮੈਂਬਰਾਂ ਨੇ ਇਸਨੂੰ ਏਨੀ ਵਧੀਆ ਤਰ੍ਹਾਂ ਗਾਇਆ ਕਿ ਇਸਨੂੰ ਸਕੂਲਾਂ ਦੇ ਬੱਚੇ ਵੀ ਆਪਣੇ ਸਮਾਗਮਾਂ ਵਿੱਚ ਗਾਉਣ ਲੱਗ ਪਏ।
ਮੁੜਿਆ ਲਾਮਾਂ ਤੋਂ--
ਸਾਡੇ ਘਰੀਂ ਬੜਾ ਰੁਜ਼ਗਾਰ!
ਕਣਕਾਂ ਨਿੱਸਰ ਪਈਆਂ!
ਘਰ ਆ ਕੇ ਝਾਤੀ ਮਾਰ!
ਮੁੜਿਆ ਲਾਮਾਂ ਤੋਂ.......
ਇਸ ਗੀਤ ਵਿੱਚ ਜੰਗ ਵਿੱਚ ਗਏ ਮਰਦਾਂ ਨੂੰ ਬੁਲਾਇਆ ਜਾਂਦਾ ਸੀ ਕਿ ਉਹ ਰੋਜ਼ਗਾਰਾਂ ਪਿਛੇ ਬਸਰੇ ਡੀਐਮ ਲੰਮਾਂ ਨਾ ਲੜਦੇ ਫਿਰਨ। ਹੁਣ ਘਰ ਦੀ ਖੇਤੀ ਵਿੱਚ ਹੀ ਬਥੇਰੀ ਕਣਕ ਹੋ ਗਈ ਹੈ। ਦੋ ਵੇਲਿਆਂ ਦੀ ਰੋਟੀ ਲਈ ਜੰਗ ਦੇ ਖਤਰਿਆਂ ਨੂੰ ਉਠਾਉਣਾ ਉਸ ਵੇਲੇ ਵੀ ਪੰਜਾਬੀਆਂ ਦਾ ਨਸੀਬ ਬਣ ਚੁੱਕਿਆ ਸੀ। ਇਸ ਗੀਤ ਦੀਆਂ ਲਾਈਨਾਂ ਆਵਾਜ਼ ਦਿਆ ਕਰਦਿਆਂ ਸਨ--
ਮੁੜਿਆ ਲਾਮਾਂ ਤੋਂ--
ਸਾਡੇ ਘਰੀਂ ਬੜਾ ਰੁਜ਼ਗਾਰ!
ਕਣਕਾਂ ਨਿੱਸਰ ਪਈਆਂ!
ਘਰ ਆ ਕੇ ਝਾਤੀ ਮਾਰ!
ਮੁੜਿਆ ਲਾਮਾਂ ਤੋਂ.......
ਪਰ ਉਹ ਬਾਰਡਰ ਤਾਂ ਸਾਡੇ ਨਹੀਂ ਸਨ। ਉਹ ਬਾਰਡਰ ਬੇਗਾਨੇ ਸਨ। ਉਹ ਜੰਗਾਂ ਵੀ ਬੇਗਾਨੀਆਂ ਸਨ। ਲੜਨਾ ਇੱਕ ਮਜਬੂਰੀ ਸੀ। ਤਨਖਾਹ ਪਿਛੇ ਲੜਨਾ ਸੀ। ਮਜਬੂਰੀਆਂ ਮਾਰੀ ਜੰਗ ਸੀ ਉਹ। ਬੇਰੋਜ਼ਗਾਰੀ ਦੇ ਧੱਕੇ ਹੋਏ ਜਵਾਨ ਸਨ।
ਐਤਕੀਂ ਪੰਜਾਬੀਆਂ ਨੇ ਆਪਣੇ ਹੱਕਾਂ ਲਈ ਆਪਣੇ ਹੀ ਬਾਰਡਰਾਂ ਤੇ ਜੰਗ ਵਰਗੇ ਖਤਰੇ ਉਠਾਏ ਹਨ। ਦੁਸ਼ਮਣਾਂ ਨੇ ਸੜਕਾਂ ਪੁੱਟ ਦਿੱਤੀਆਂ, ਸੜਕਾਂ ਨੂੰ ਖੱਡਾਂ ਵਿੱਚ ਬਦਲ ਕੇ ਉਹਨਾਂ ਵਿਚ ਪਾਣੀ ਛੱਡ ਦਿੱਤਾ। ਜ਼ਮੀਨਾਂ ਦੇ ਮੈਦਾਨਾਂ ਤੇ ਵੱਡੇ ਵੱਡੇ ਕਿਲ ਗੱਡ ਦਿੱਤੇ। ਪਾਣੀ ਦੀਆਂ ਬੌਛਾਰਾਂ ਆਮ ਗੱਲ ਬਣ ਗਈਆਂ। ਪਾਣੀ ਵੀ ਸੀਵਰੇਜ ਵਾਲਾ ਬੋਛਾਰਿਆ ਜਾਂਦਾ ਸੀ। ਗੋਲੀਆਂ ਨਾਲ ਭਰੀਆਂ ਬੰਦੂਕਾਂ ਦੇ ਮੂੰਹ ਵੀ ਹਰ ਵੇਲੇ ਏਧਰ ਹੀ ਰਹਿੰਦੇ। ਅਫਸਰਾਂ ਵੱਲੋਂ ਡਾਂਗਾਂ ਨਾਲ ਸਿਰ ਪਾੜਨ ਦੇ ਹੁਕਮ ਦਿੱਤੇ ਜਾਂਦੇ ਰਹੇ। ਇਹਨਾਂ ਯੋਧਿਆਂ ਨੂੰ ਗੱਡੀਆਂ ਹੇਠਾਂ ਕੁਚਲਿਆ ਜਾਂਦਾ ਰਿਹਾ। ਹਰ ਰੋਜ਼ ਮੌਤ ਦੀਆਂ ਮੰਦਭਾਗੀਆਂ ਖਬਰਾਂ ਆਉਂਦੀਆਂ ਪਰ ਘਰਾਂ ਦੀਆਂ ਔਰਤਾਂ ਡੋਲੀਆਂ ਨਹੀਂ। ਮਾਵਾਂ ਨੇ ਆਪਣੇ ਪੁੱਤਾਂ ਨੂੰ ਕਦੇ ਕਮਜ਼ੋਰ ਨਹੀਂ ਪੈਣ ਦਿੱਤਾ। ਭੈਣਾਂ ਨੇ ਆਪਣੇ ਭਰਾਵਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਿਆ। ਇਸਤਰੀਆਂ ਨੇ ਆਪਣੇ ਪਤੀਆਂ ਦਾ ਹੌਂਸਲਾ ਵਧਾਉਣ ਵਾਲੇ ਗੀਤ ਗਏ। ਸਿਰਫ ਏਨਾ ਹੀ ਨਹੀਂ ਇਹ ਇਸਤਰੀਆਂ ਖੁਦ ਵੀ ਦਿੱਲੀ ਵਾਲੇ ਬਾਰਡਰਾਂ ਤੇ ਜਾ ਕੇ ਇਸ ਜੰਗ ਵਿੱਚ ਜਾ ਡਟੀਆਂ। ਇਹਨਾਂ ਨੇ ਖੁਦ ਵੀ ਮੋਰਚੇ ਜਾ ਮੱਲੇ। ਘਰੋਂ ਪਿੰਨੀਆਂ ਅਤੇ ਪੰਜੀਰੀਆਂ ਵੀ ਬਣਾ ਬਣਾ ਭੇਜੀਆਂ। ਇਹ ਇੱਕ ਅੰਦਾਜ਼ ਸੀ ਕਾਰਪੋਰੇਟਾਂ ਦੇ ਪ੍ਰਭਾਵਾਂ ਹੇਠ ਆਏ ਲੀਡਰਾਂ ਨੂੰ ਸਮਝਾਉਣ ਦਾ ਕਿ ਅਸੀਂ ਰੋਟੀ ਪਿਛੇ ਨਹੀਂ ਬਲਕਿ ਪੂਰੇ ਕਿਰਤੀ ਵਰਗ ਦੇ ਹੱਕਾਂ ਲਈ ਲੜਨ ਵਾਸਤੇ ਆਏ ਹਾਂ।
ਇਸ ਵਾਰ ਗੀਤ ਵੀ ਹੋਰ ਸਨ। ਐਤਕੀਂ ਇਹਨਾਂ ਨੇ ਗਾਇਆ
-ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ!
ਜੰਗ ਸਾਲ ਭਰ ਲੰਮੇ ਮੋਰਚੇ ਦਾ ਰਿਕਾਰਡ ਕਾਇਮ ਕਰਦੀ ਹੋਈ ਜਾਰੀ ਵੀ ਰਹੀ। ਅਜੇ ਵੀ ਜਾਰੀ ਹੀ ਹੈ। ਸਿਰਫ ਦਿੱਲੀ ਵਾਲਾ ਮੋਰਚਾ ਖਾਲੀ ਕਰਕੇ ਪੈਂਤੜਾ ਬਦਲਿਆ ਗਿਆ ਹੈ। ਪਹਿਲੇ ਪੜਾਅ ਵੱਜੋਂ ਜੰਗ ਜਿੱਤੀ ਵੀ ਗਈ। ਹੋਰ ਪੜਾਅ ਅਜੇ ਬਾਕੀ ਹਨ।
ਵਾਪਿਸੀ ਲਈ ਆਉਂਦੇ ਹੋਏ ਕਿਰਤੀ ਪਰਿਵਾਰਾਂ ਦੇ ਮੁੰਡੇ ਕੁੜੀਆਂ ਗਾ ਰਹੇ ਹਨ:
ਅਭੀ ਤੋਂ ਯਿਹ ਅੰਗੜਾਈ ਹੈ!
ਆਗੇ ਔਰ ਲੜਾਈ ਹੈ!
ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਗਠਨ ਦੇ ਦਾਬਿਆਂ ਹੇਠੋਂ ਨਿਕਲਣ ਤੱਕ ਇਹ ਜੰਗ ਰੂਪ ਬਦਲ ਬਦਲ ਕੇ ਜਾਰੀ ਰਹੇਗੀ। ਇਸ ਕਾਰ ਜਿੱਤ ਦੇ ਮੁਢਲੇ ਪੜ੍ਹਾਅ ਤੇ ਜਦੋਂ ਕਿਸਾਨ ਮੋਰਚਾ ਖਾਲੀ ਕਰਨ ਲੱਗ ਤਾਂ ਵੀ ਕਿਆਸਰਾਈਆਂ ਬਹੁਤ ਸਨ। ਦੋਹਾਂ ਪਾਸੇ ਸਨ। ਇਸ ਵਾਪਿਸੀ ਦੇ ਅੰਦਾਜ਼ ਨੂੰ ਦੇਖ ਕੇ ਬੜੇ ਸੁਆਲ ਬੜੇ ਮਨਾਂ ਵਿੱਚ ਵਿੱਚ ਉੱਠੇ।
ਹਰਪ੍ਰੀਤ ਸਿੰਘ ਜਵੰਦਾ ਆਪਣੀ ਇੱਕ ਪੋਸਟ ਵਿੱਚ ਦੱਸਦੇ ਹਨ:
ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲੀ ਏ..!
ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ,ਚਰਖੜੀਆਂ,ਚੜ੍ਹੇ ਪਾੜ,ਪੁੱਠਾ ਟੰਗਣਾ,ਉਨੀਂਦਰੇ,ਬਾਲਟੀ ਡੋਬੂ ਤਸੀਹੇ,ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ ਚੜਾ ਕੇ ਦੱਸਿਆ ਜਾਂਦਾ ਏ!
ਆਖਿਆ ਸੈੱਲ ਫੋਨ ਦੇ ਇਸ ਜਮਾਨੇ ਵਿਚ ਵੀ ਵੇਖ ਕਿੱਦਾਂ ਬੇਖੌਫ ਕੁੱਟ ਰਿਹਾ ਏ..ਸਾਡੇ ਵੇਲੇ ਸ਼ਰੀਕ ਦਾ ਡੰਗਰ ਵੀ ਖੇਤ ਪੈ ਜਾਂਦਾ ਤਾਂ ਵੀ ਇੰਝ ਨਹੀਂ ਸਨ ਕੁੱਟਦੇ..!
ਜਨੂੰਨ,ਖਿਝ,ਪਾਗਲਪਨ,ਹੈਵਾਨੀਅਤ,ਜਾਨਵਰ ਬਿਰਤੀ..ਜੋ ਮਰਜੀ ਆਖ ਲਵੋ..ਬੀਕੋ,ਮਾਲ ਮੰਡੀ,ਬੀ ਆਰ ਮਾਡਰਨ ਸਕੂਲ,ਅਲਗੋਂ ਕੋਠੀ,ਦੁੱਗਰੀ ਕੈਂਪ..ਪਤਾ ਨੀ ਬੰਦ ਹਨੇਰੇ ਕਮਰਿਆਂ ਵਿਚ ਐਸੀ ਕਿਹੜੀ ਕੁੱਟ ਚਾੜਦੇ ਸਨ ਕੇ ਉਹ ਵੀ ਹਥਿਆਰ ਚੁੱਕ ਭਗੌੜੇ ਹੋ ਜਾਇਆ ਕਰਦੇ ਜਿਹਨਾਂ ਕਦੇ ਕੀੜੀ ਤੱਕ ਵੀ ਨਹੀਂ ਸੀ ਮਾਰੀ ਹੁੰਦੀ..!
ਸਿੰਘੁ ਬਾਡਰ ਪਾਵੇ ਨਾਲ ਬੱਝਾ ਇੱਕ ਕਤੂਰਾ..ਹੈਰਾਨ ਪ੍ਰੇਸ਼ਾਨ..ਬੋਲ ਨੀ ਸਕਦਾ ਪਰ ਅੰਦਰੋਂ ਅੰਦਰੀ ਡਰੀ ਜਾਂਦਾ..ਕਿਧਰੇ ਇਥੇ ਹੀ ਨਾ ਛੱਡ ਜਾਵਣ..!
ਫੇਰ ਅਵਾਰਾ ਢੱਗੇ ਨੂੰ ਰੋਟੀਆਂ ਖਵਾਉਂਦਾ ਸਿੰਘ..ਤਨੋਂ ਮਨੋਂ ਹੋ ਕੇ ਲਾਡ ਪਿਆਰ ਕਰਦੇ ਕਿੰਨੇ ਸਾਰੇ ਕੁਤੇ ਬਿੱਲੀਆਂ..ਇੱਕ ਆਖਦਾ ਇਹ ਵੀ ਸਾਡੇ ਨਾਲ ਹੀ ਜਾਣਗੇ..!
ਗੱਲ ਗੱਲ ਤੇ ਰੋ ਪੈਂਦੀ ਇੱਕ ਬੀਬੀ..ਅਖ਼ੇ ਮੈਨੂੰ ਆਖਦੇ ਨੇ ਜੋ ਜੀ ਕਰਦਾ ਘਰੇ ਲੈ ਜਾ..ਕੂਲਰ ਗੱਦੇ ਭਾਂਡੇ ਚਾਦਰਾਂ ਅਤੇ ਹੋਰ ਵੀ ਕਿੰਨਾ ਕੁਝ..ਅਸਾਂ ਨਾਲ ਕੁਝ ਨੀ ਖੜਨਾ..ਏਨੀ ਇੱਜਤ ਪਿਆਰ ਮਾਣ ਸਤਿਕਾਰ..ਅਤੇ ਆਪਣਾ ਪਣ..ਪਹਿਲਾਂ ਨਾ ਤੇ ਕਦੀ ਮਿਲਿਆ ਸੀ ਤੇ ਨਾ ਹੀ ਸ਼ਾਇਦ ਦੋਬਾਰਾ ਕਦੇ ਮਿਲੇ..!
ਇੱਕ ਆਖਦਾ ਬਾਬਾ ਬੰਦਾ ਸਿੰਘ ਬਹਾਦੁਰ ਵੀ ਇੰਝ ਹੀ ਕਰਿਆ ਕਰਦਾ ਸੀ..ਇੱਕਠੇ ਹੋਏ ਮਾਲ ਦੀ ਮੌਕੇ ਤੇ ਹੀ ਲੋੜਵੰਦਾਂ ਵਿਚ ਵੰਡ ਵੰਡਾਈ..!
ਗੋਡੀ ਕਰਕੇ ਵੱਡੀਆਂ ਕੀਤੀਆਂ ਮੂਲੀਆਂ ਗਾਜਰਾਂਂ..ਬਹੁਕਰ ਫੇਰਦੇ ਬਾਬੇ ਤਾਕੀਦ ਕਰਦੇ..ਪਾਣੀ ਕਦੋਂ ਲਾਉਣਾ ਤੇ ਪੁੱਟਣੀਆਂ ਕਦੋਂ ਨੇ..!
ਕਾਫਲੇ ਵਾਪਿਸ ਤੁਰੇ ਜਾਂਦੇ ਨੇ ਪਰ ਇੱਕ ਬਾਬੇ ਹੂਰੀ ਉਚੀ ਥਾਂ ਖਲੋਤੇ ਬੱਸ ਦਿੱਲੀ ਵੱਲ ਨੂੰ ਹੀ ਵੇਖੀ ਜਾਂਦੇ..!
ਇੱਕ ਪੁੱਛਦਾ ਵਾਪਿਸ ਨੀ ਜਾਣਾ?
ਅੱਗੋਂ ਆਖਦੇ ਪੁੱਤਰੋ ਇਹ ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ..ਜਿੰਨੀ ਦੇਰ ਤੁਸੀਂ ਸਾਰੇ ਅੱਪੜ ਨਹੀਂ ਜਾਂਦੇ ਮੈਂ ਇਥੋਂ ਨਹੀਂ ਹਿੱਲਦਾ!
ਭਗਤੇ ਭਾਈ ਕੇ ਦਾ ਕਰਤਾਰ ਸਿੰਘ ਭੱਠਲ..ਛੇ ਤਰੀਕ ਤੜਕੇ..ਟੈਂਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਭੁਲੇਖੇ ਡਿਓਢੀ ਤੇ ਹੀ ਬੰਬ ਮਾਰਨੇ ਸ਼ੁਰੂ ਕਰ ਦਿੱਤੇ..ਅੰਦਰ ਦੋਵੇਂ ਪਿਓ ਪੁੱਤ..ਇੰਝ ਲੱਗੇ ਹੁਣੇ ਹੀ ਸਾਰੀ ਹੇਠਾਂ ਆ ਜਾਣੀ..ਸਾਰਾ ਕੁਝ ਸਿਰਾਂ ਤੇ ਚੁੱਕ ਅਕਾਲ ਤਖ਼ਤ ਦੇ ਮਗਰ ਬਣੇ ਇੱਕ ਚੁਬਾਰੇ ਤੇ ਆਣ ਬੈਠੇ..ਬਾਪੂ ਸਾਬਕ ਫੌਜੀ ਆਖਣ ਲੱਗਾ ਪੁੱਤਰੋ ਤੁਸੀਂ ਨਿੱਕਲ ਜਾਵੋ..ਪਿੰਡ ਡੰਗਰ ਵੱਛਾ ਭੁੱਖਾ ਹੋਣਾ..ਮੈਂ ਬੈਠਦਾ ਇਥੇ ਮੋਰਚੇ ਤੇ..!
ਘੰਟੇ ਕੂ ਮਗਰੋਂ ਫੜੇ ਗਏ..ਫੇਰ ਬਹਾਨੇ ਜਿਹੇ ਨਾਲ ਏਧਰ ਨੂੰ ਵੇਖਿਆ..ਓਥੇ ਨਾ ਤੇ ਉਹ ਚੁਬਾਰਾ ਸੀ ਤੇ ਨਾ ਬਾਪੂ ਜੀ..ਆਖਰੀ ਮੌਕੇ ਉਸ ਵੱਲੋਂ ਆਪਣੇ ਗੁੱਟ ਤੋਂ ਲਾਹ ਕੇ ਦਿੱਤੀ ਘੜੀ ਵੀ ਫੌਜੀਆਂ ਨੇ ਖੋਹ ਲਈ..ਖਹਿੜੇ ਪੈ ਗਿਆ..ਭਾਵੇਂ ਮਾਰ ਦਿਓ ਪਰ ਮੇਰੇ ਬਾਪੂ ਦੀ ਨਿਸ਼ਾਨੀ ਮੋੜ ਦਿਓ..!
ਪ੍ਰਤੱਖ ਨੂੰ ਹੋਰ ਕਿੰਨੇ ਪ੍ਰਮਾਣ ਚਾਹੀਦੇ..ਬਾਪੂ ਤਾਂ ਮੁੱਢ ਤੋਂ ਹੀ ਇੰਝ ਰਾਖੀਆਂ ਕਰਦੇ ਆਏ ਨੇ..!
ਹਰਿਆਣਵੀ ਵੀਰ ਜੱਫੀਆਂ ਪਾਈ ਜਾਂਦਾ..ਸੁਣਿਆਂ ਸੀ ਕੇ ਦਸਤਾਰਾਂ ਵਾਲੇ ਏਦਾਂ ਦੇ ਹੁੰਦੇ ਪਰ ਵੇਖਿਆ ਪਹਿਲੀ ਵੇਰ..ਏਡੇ ਹਠੀ ਅਤੇ ਧੁੰਨ ਦੀ ਪੱਕੇ..ਗੁਰੂ ਦੇ ਆਸੇ ਵਿਚ ਅਟੁੱਟ ਵਿਸ਼ਵਾਸ਼..!
ਰੋਹਤਕ ਤੋਂ ਆਇਆ ਇੱਕ ਜਾਟ..ਅਖ਼ੇ ਤੀਰ ਵਾਲੇ ਬਾਬੇ ਦੀ ਅਸਲੀਅਤ ਤਾਂ ਸਾਨੂੰ ਹੁਣ ਪਤਾ ਲੱਗੀ..ਇਸੇ ਨਾਇਨਸਾਫੀ ਦੇ ਖ਼ਿਲਾਫ਼ ਹੀ ਤਾਂ ਲੜਿਆ ਸੀ ਉਹ..!
ਗੋਲਡਨ ਹੱਟ ਵਾਲਾ ਵੀਰ ਰਾਣਾ..ਢਾਬੇ ਦਾ ਰਾਹ ਬੰਦ ਕਰ ਦਿੱਤਾ ਤਾਂ ਕੈਮਰੇ ਅੱਗੇ ਰੋ ਪਿਆ ਸੀ..ਮੈਂ ਵੀ ਦੂਰ ਬੈਠਾ ਰੋ ਪਿਆ..ਓਸੇ ਵੇਲੇ ਫੋਨ ਕੀਤਾ ਉਸਨੂੰ ਜਰੂਰ ਮਿਲ ਕੇ ਧਰਵਾਸ ਦਿਓ..ਆਖੋ ਜਹਾਜ਼ੋਂ ਉੱਤਰਿਆ ਹਰ ਪੰਜਾਬੀ ਤੇਰੇ ਢਾਬੇ ਤੇ ਰੋਟੀ ਵੀ ਖਾਊ ਤੇ ਇਥੇ ਨਤਮਸਤਕ ਵੀ ਹੋਊ..ਅੱਜ ਕੈਮਰੇ ਸਾਮਣੇ ਬਾਗੋ ਬਾਗ ਹੋ ਰਿਹਾ ਸੀ..ਵਾਹਿਗੁਰੂ ਨੇ ਇੱਜ਼ਤ ਰੱਖ ਲਈ..ਰਾਣੇ ਵੀਰ ਨੂੰ ਸਾਡੇ ਵਾਂਙ ਲੈਅ ਜਿਹੀ ਵਿੱਚ ਆ ਕੇ ਜੈਕਾਰਾ ਛੱਡਣਾ ਵੀ ਆ ਗਿਆ..ਓਹੀ ਜੈਕਾਰਾ ਜਿਸਤੋਂ ਕਈ ਆਪਣਿਆਂ ਨੂੰ ਹੀ ਸੂਲ ਪੈਂਦਾ..ਅਖ਼ੇ ਜੈਕਾਰਾ ਨੀ ਛੱਡ ਹੋਣਾ..ਨਾਹਰੇ ਜਿੰਨੇ ਮਰਜੀ ਲੁਆ ਲਵੋ!
ਕਿਸੇ ਪੁੱਛਿਆ ਰਾਣਾ ਜੀ ਕਿੰਨਾ ਖਰਚਾ ਹੋ ਗਿਆ ਹੁਣ ਤੱਕ..ਅੱਗਿਓਂ ਹੱਸ ਕੇ ਟਾਲ ਦਿੰਦਾ..ਫੇਰ ਜ਼ੋਰ ਪੈਣ ਤੇ ਸਹਿ ਸੁਭਾ ਆਖ ਦਿੰਦਾ..ਕੋਈ ਅਠਾਰਾਂ ਵੀਹ ਕਰੋੜ..ਨਾਲ ਹੀ ਆਖਦਾ..ਮੈਂ ਕਿਹੜਾ ਨਾਲ ਲੈ ਕੇ ਜਾਣਾ ਏ..ਕਾਸ਼ ਅਡਾਣੀਆਂ,ਅੰਬਾਨੀਆਂ ਨੂੰ ਏਨੀ ਗੱਲ ਸਮਝ ਆ ਜਾਵੇ..ਕਿੰਨੇ ਜਿਗਰੇ ਆ..ਅਜੋਕੇ ਸ਼ੇਰ ਮੁਹੰਮਦ..ਨੂਰੇ ਮਾਹੀ..ਟੋਡਰ ਮੱਲ..ਪੀਰ ਬੁੱਧੂ ਸ਼ਾਹ..ਬੇਸ਼ਕ ਕਿੰਨੇ ਸਾਰੇ ਦੀਵਾਨ ਸੁੱਚਾ ਨੰਦ,ਗੰਗੂ ਅਤੇ ਚੰਦੂ ਵੀ ਕੋਲ ਹੀ ਫਿਰਦੇ ਨੇ..ਸੂਹਾਂ ਟੋਹਾ ਲੈਂਦੇ..!
ਖੈਰ ਗੱਲ ਲੰਮੀ ਹੋ ਜਾਣੀ ਏ..ਸ਼ਾਲਾ ਸਦੀਵੀਂ ਜਿਉਂਦੇ ਵੱਸਦੇ ਰਹਿਣ..ਪੰਥ ਗ੍ਰੰਥ ਅਤੇ ਨੌਜੁਆਨੀ ਦੀ ਰਾਖੀ ਕਰਦੇ ਮੇਰੀ ਕੌਂਮ ਦੇ ਬਾਬੇ!
ਹਰਪ੍ਰੀਤ ਸਿੰਘ ਜਵੰਦਾ
No comments:
Post a Comment