Tuesday, December 14, 2021

ਮੀਰਾ, ਮਹਾਦੇਵੀ ਵਰਮਾ ਤੇ ਅੰਮ੍ਰਿਤਾ ਵਾਲੀ ਪਰੰਪਰਾ ਦੀ ਵਾਰਸ-ਜਸਪ੍ਰੀਤ ਕੌਰ ਫ਼ਲਕ

ਸਮਾਗਮ ਵਿੱਚ ਸ਼ਾਮਿਲ ਹੋਈਆਂ ਉੱਘੀਆਂ ਸਾਹਿਤਿਕ ਸ਼ਖਸੀਅਤਾਂ 


ਲੁਧਿਆਣਾ
: 12 ਦਸੰਬਰ 2021: (ਕਾਰਤਿਕਾ ਸਿੰਘ//ਸਾਹਿਤ ਸਕਰੀਨ//ਪੰਜਾਬ ਸਕਰੀਨ ਡੈਸਕ)::

ਕੋਵਿਡ ਦੇ ਕਹਿਰ, ਆਰਥਿਕ ਮੰਦੀਆਂ ਦੀ ਕਰੋਪੀ ਅਤੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਲਗਾਤਾਰ ਸਰਗਰਮ ਰਹਿਣ ਵਾਲੀ ਸ਼ਾਇਰਾ ਜਸਪ੍ਰੀਤ ਕੌਰ ਫ਼ਲਕ ਫਿਰ ਸਾਹਮਣੇ ਆਈ ਹੈ ਆਪਣੀ ਨਵੀਂ ਪੁਸਤਕ ਦੇ ਨਾਲ। ਸਾਹਿਤਕ ਸੰਸਥਾ 'ਕਵਿਤਾ ਕਥਾ ਕਾਰਵਾਂ' (ਰਜਿ.) ਅਤੇ 'ਕਥਾ ਕਾਰਵਾਂ ਪ੍ਰਕਾਸ਼ਨ' ਦੀ ਤਰਫ਼ੋਂ ਹਿੰਦੀ ਦੀ ਪ੍ਰਸਿੱਧ ਕਵਿੱਤਰੀ ਜਸਪ੍ਰੀਤ ਕੌਰ ਫ਼ਲਕ ਦੇ ਨਵੇਂ ਪੰਜਾਬੀ ਕਾਵਿ ਸੰਗ੍ਰਹਿ 'ਅੱਠਵੇਂ ਰੰਗ ਦੀ ਤਲਾਸ਼' ਦੀ ਘੁੰਡ ਚੁਕਾਈ ਪੰਜਾਬੀ ਭਵਨ, ਲੁਧਿਆਣਾ ਵਿਖੇ  ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਨਾਮਵਰ ਲੇਖਕ ਪ੍ਰੋ. ਰਵਿੰਦਰ ਭੱਠਲ ਦੀ ਪ੍ਰਧਾਨਗੀ ਹੇਠ ਹੋਏ ਸ਼ਾਨਦਾਰ ਸਮਾਗਮ ਵਿੱਚ ਕਰਵਾਈ ਗਈ। 

ਜ਼ਿਲ੍ਹਾ ਭਾਸ਼ਾ ਅਫ਼ਸਰ ਜਨਾਬ ਸੰਦੀਪ ਸ਼ਰਮਾ ਮੁੱਖ ਮਹਿਮਾਨ ਵਜੋਂ ਪੁੱਜੇ। ਕੈਨੇਡਾ ਤੋਂ ਪਰਵਾਸੀ ਸਾਹਿਤਕਾਰ ਮੀਤਾ ਖੰਨਾ ਵਿਸ਼ੇਸ਼ ਮਹਿਮਾਨ ਵਜੋਂ ਤਸ਼ਰੀਫ਼ ਲੈ ਕੇ ਆਏ। ਸੀਨੀਅਰ ਸਾਹਿਤਕਾਰ ਤ੍ਰਿਲੋਚਨ ਲੋਚੀ ਨੇ ਹਾਜ਼ਰ ਸਮੂਹ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਹਿੰਦਿਆਂ ਜਸਪ੍ਰੀਤ ਕੌਰ ਫ਼ਲਕ ਨੂੰ ਪੰਜਾਬ ਦੀਆਂ ਉੱਤਮ ਸੰਭਾਵਿਤ ਕਵੀਆਂ ਵਿੱਚ ਦਰਜਾ ਦਿੱਤਾ। 

ਇਸ ਮੌਕੇ ਪੁਸਤਕ ‘ਅੱਠਵੇਂ ਰੰਗ ਦੀ ਤਲਾਸ਼’ ਬਾਰੇ ਵਿਸ਼ੇਸ਼ ਵਿਚਾਰ ਚਰਚਾ ਵੀ ਕਰਵਾਈ ਗਈ। ਪ੍ਰਸਿੱਧ ਸਾਹਿਤਕਾਰ-ਆਲੋਚਕ ਪ੍ਰਿੰਸੀਪਲ ਡਾ: ਗੁਰਇਕਬਾਲ ਸਿੰਘ ਨੇ ਜਸਪ੍ਰੀਤ ਕੌਰ ਫ਼ਲਕ ਦੀ ਸੰਵੇਦਨਾ ਅਤੇ ਸਿਰਜਣਾ ਜਗਤ 'ਤੇ ਵਿਸਥਾਰਪੂਰਵਕ ਚਾਨਣਾ ਪਾਉਂਦੇ ਹੋਏ ਉਸ ਨੂੰ ਅਨੁਭਵੀ ਯਥਾਰਥ ਦੀ ਕਵਿਤਰੀ ਹੋਣ ਵਾਲਾ ਦਰਜ ਦਿੱਤਾ ਅਤੇ ਹਿੰਦੀ ਭਾਸ਼ੀ ਹੋਣ ਦੇ ਬਾਵਜੂਦ ਉਸ ਦੀ ਸ਼ਾਨਦਾਰ ਪੰਜਾਬੀ ਸਿਰਜਨਾ ਦੀ ਸ਼ਲਾਘਾ ਕੀਤੀ। 

ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਬਜ਼ੁਰਗ ਅਤੇ ਸੀਨੀਅਰ ਸ਼ਾਇਰ ਸਰਦਾਰ ਪੰਛੀ ਸਮੇਤ ਹਰਮੀਤ ਵਿਦਿਆਰਥੀ, ਮਨਿੰਦਰ ਗੋਗੀਆ, ਸਹਿਜਪ੍ਰੀਤ ਮਾਂਗਟ, ਪਰਮਜੀਤ ਸਿੰਘ ਸੋਹਲ, ਚਰਨਜੀਤ ਸਿੰਘ, ਕਰਮਜੀਤ ਗਰੇਵਾਲ, ਸ਼ੈਲੀ ਵਧਵਾ, ਅਜਮੇਰ ਸਿੰਘ ਆਦਿ ਨੇ ਜਸਪ੍ਰੀਤ ਕੌਰ ਫ਼ਲਕ ਦੇ ਸਿਰਜਣਾ ਜਗਤ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।

ਰਾਜਿੰਦਰ ਸਾਹਿਲ ਨੇ ਉਨ੍ਹਾਂ ਦੇ ਅਨੁਭਵ ਦੀ ਪ੍ਰਮਾਣਿਕਤਾ ਅਤੇ ਸੱਚਾਈ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੂੰ ਮੀਰਾ, ਮਹਾਦੇਵੀ ਵਰਮਾ ਅਤੇ ਅੰਮ੍ਰਿਤਾ ਪ੍ਰੀਤਮ ਦੀ ਪਰੰਪਰਾ ਦਾ ਵਾਰਸ ਸਾਬਤ ਕੀਤਾ। ਇਸ ਦੇ ਨਾਲ ਹੀ ਹਾਜ਼ਰ ਸਾਹਿਤ ਪ੍ਰੇਮੀਆਂ  ਵੱਲੋਂ ਸੰਸਥਾ ਦਾ ਸਮਾਚਾਰ ਪੱਤਰ ਵੀ ਰਿਲੀਜ਼ ਕੀਤਾ ਗਿਆ। 

ਪ੍ਰੋਗਰਾਮ ਵਿੱਚ ਪ੍ਰਸਿੱਧ ਗਾਇਕ ਧਰਮਿੰਦਰ ਮਸਾਣੀ, ਜਤਿੰਦਰ ਜੀਤੂ ਅਤੇ ਗੁਰਦਰਸ਼ਨ ਧੂਰੀ ਅਤੇ ਮੀਤਾ ਖੰਨਾ ਨੇ ਜਸਪ੍ਰੀਤ ਕੌਰ ਫ਼ਲਕ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਸੁਰੀਲੀ ਪੇਸ਼ਕਾਰੀ ਕੀਤੀ। 

ਸਮਾਗਮ ਵਿੱਚ ਕਰਵਾਏ ਗਏ ਕਵੀ ਦਰਬਾਰ ਵਿੱਚ ਅਮਰਜੀਤ ਸ਼ੇਰਪੁਰੀ, ਹਰਮੀਤ ਸ਼ਾਇਰ, ਹਰਜੀਤ ਲਾਡਵਾ, ਜਸਕੀਰਤ ਸਿੰਘ, ਨਵਕਮਲ ਸਿੰਘ, ਨਵਪ੍ਰੀਤ ਸਿੰਘ, ਸਾਰਾ ਸੈਫੀ ਆਦਿ ਨੇ ਜਸਪ੍ਰੀਤ ਫ਼ਲਕ ਦੀਆਂ ਕਾਵਿ ਰਚਨਾਵਾਂ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਸੰਸਥਾ ਵੱਲੋਂ ਕਰਵਾਏ ਗਏ ਯੂ-ਟਿਊਬ ਲਾਈਵ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਉਭਰਦੇ ਰਚਨਾਕਾਰਾਂ ਨਭਰਾਜ ਸਿੰਘ, ਹਰ ਸਿਮਰ ਸਿੰਘ ਅਤੇ ਦਿਲਪ੍ਰੀਤ ਕੌਰ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤਰਸੇਮ ਨੂਰ, ਸਾਗਰ ਸਿਆਲਕੋਟੀ, ਅੰਮ੍ਰਿਤਪਾਲ ਗੋਗੀਆ, ਹਰਦੀਪ ਵਿਰਦੀ, ਵਰਿੰਦਰ ਜਟਵਾਨੀ, ਇਰਾਦੀਪ ਤ੍ਰੇਹਨ, ਰਾਜਦੀਪ ਤੂਰ, ਮੀਨੂੰ ਕਟਾਰੀਆ, ਸਿਮਰਨ ਧੁੱਗਾ, ਸਿਮਰਤਜੀਤ ਕੌਰ, ਮਨਿੰਦਰ ਕੌਰ ਮਾਨ, ਅਨੂ ਸ਼ਰਮਾ, ਅਨੁ ਪੁਰੀ ਅਤੇ ਹੋਰ ਸਾਹਿਤਕਾਰ ਹਾਜ਼ਰ ਸਨ। ਪ੍ਰੋਗਰਾਮ ਵਿੱਚ ਹਾਜ਼ਰ ਸਮੂਹ ਸਾਹਿਤ ਪ੍ਰੇਮੀਆਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਕਠਿਨ ਤੇ ਮਿਹਨਤ ਭਰੀ ਭੂਮਿਕਾ ਪ੍ਰਸਿੱਧ ਗੀਤਕਾਰ ਪ੍ਰਭਜੋਤ ਸੋਹੀ ਨੇ ਬਾਖੂਬੀ ਨਿਭਾਈ। ਅੰਤ ਵਿੱਚ ਧਰਮਿੰਦਰ ਸ਼ਾਹਿਦ ਅਤੇ ਜਸਪ੍ਰੀਤ ਕੌਰ ਫ਼ਲਕ ਨੇ ਸਮੂਹ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਪੁਸਤਕ ਨੂੰ ਰਿਲੀਜ਼ ਕਰਨ ਦਾ ਰਸਮੀ ਸਮਾਗਮ ਭਾਸ਼ਾ ਵਿਭਾਗ ਵੱਲੋਂ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ ਪਰ ਕਲਮਾਂ ਵਾਲੇ ਆਪਣੇ ਤੌਰ ਤੇ ਵੀ ਇਸ ਬਾਰੇ ਕਿਸੇ ਖਾਸ ਆਯੋਜਨ ਵਰਗਾ ਕੁਝ ਕਰਨਾ ਚਾਹੁੰਦੇ ਸਨ। ਇਸ ਲਈ ਇਸ ਪੁਸਤਕ ਦੀ ਘੁੰਡ ਚੁਕਾਈ ਵਾਲਾ ਸਮਾਗਮ ਵੀ ਬੜੇ ਅਦਬ ਨਾਲ ਕੀਤਾ ਗਿਆ। 

No comments: