Friday, November 19, 2021

ਪ੍ਰਧਾਨਮੰਤਰੀ ਦਾ ਐਲਾਨ ਅਜੇ ਸਿਰਫ ਐਲਾਨ ਹੀ ਹੈ!

ਸੰਸਦ ਵਿੱਚ ਕਾਨੂੰਨ ਬਣਨ ਤੱਕ ਜਾਰੀ ਰਹੇਗਾ ਅੰਦੋਲਨ 

ਆਲ ਇੰਡੀਆ ਕਿਸਾਨ ਸਭਾ ਨੇ ਦੁਹਰਾਇਆ 26 ਨੂੰ ਦਿੱਲੀ ਪੁੱਜਣ ਦਾ ਸੱਦਾ 


ਲੁਧਿਆਣਾ
: 19ਨਵੰਬਰ 2021(ਰਿਪੋਰਟ:ਐਮ ਐਸ ਭਾਟੀਆ//ਇਨਪੁਟ ਕਾਰਤਿਕਾ ਸਿੰਘ ਪੰਜਾਬ ਸਕਰੀਨ ਡੈਸਕ
)::

ਜੁਮਲੇਬਾਜ਼ੀ ਵਰਗੇ ਜੁਆਬਾਂ ਦੇ ਤਜਰਬੇ ਹੰਢਾ ਚੁੱਕੇ ਲੋਕ ਹੁਣ ਛੇਤੀ ਕੀਤਿਆਂ ਕਿਸੇ ਵੀ ਗੱਲ ਦਾ ਇਤਬਾਰ ਨਹੀਂ ਕਰਦੇ। ਪ੍ਰਧਾਨਮੰਤਰੀ ਦਾ ਵੀ ਨਹੀਂ। ਸੂਰਜ ਖੁਦ ਵੀ ਸਾਹਮਣੇ ਆ ਕੇ ਚੜ੍ਹੇ ਤਾਂ ਉਹਨਾਂ ਨੂੰ ਲੱਗੇਗਾ ਕਿ ਕਿਧਰੇ ਇਹ ਤਕਨੀਕੀ ਛਲਾਵਾ ਤਾਂ ਨਹੀਂ? ਲੋਕਾਂ ਨਾਲ ਜੋ ਜੋ ਹੋਇਆ ਉਸਨੇ ਉਹਨਾਂ ਨੂੰ ਇਸੇ ਤਰ੍ਹਾਂ ਦਾ ਬਣਾ ਦਿੱਤਾ ਹੈ। ਜਦੋਂ ਗੱਲ ਗੱਲ ਵਿੱਚ ਸਿਆਸਤ ਖੇਡੀ ਜਾ ਰਹੀ ਹੋਵੇ ਉਦੋਂ ਇਸਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਹਨਾਂ ਖੇਤੀ ਕਾਨੂੰਨਾਂ ਨੂੰ ਬੜੀ ਹੀ ਕਾਹਲੀ ਕਾਹਲੀ ਵਾਲੀ ਚਲਾਕੀ ਨਾਲ ਸੰਸਦ ਵਿੱਚ ਬਣਾਇਆ ਗਿਆ ਸੀ ਹੁਣ ਇਹਨਾਂ ਦੀ ਵਾਪਿਸੀ ਵੀ ਸੰਸਦ ਵਿੱਚ ਹੀ ਜਚਦੀ ਹੈ ਟਵੀਟ ਰਾਹੀਂ ਨਹੀਂ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਅਤੇ ਬਾਅਦ ਵਿੱਚ ਵੀਡੀਓ ਭਾਸ਼ਣ ਦੇ ਬਾਵਜੂਦ ਲੋਕਾਂ ਦੇ ਪ੍ਰਤੀਕਰਮ ਬਹੁਤ ਦੇਰ ਤੱਕ ਫਿੱਕੇ ਫਿੱਕੇ ਜਿਹੇ ਸਨ। ਲੰਮੇ ਸਮੇਂ ਤੋਂ ਇੱਕ ਬਹੁਤ ਵੱਡਾ ਮਸਲਾ  ਬਣੇ ਹੋਏ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੀ ਵਾਪਿਸੀ ਦਾ ਐਲਾਨ ਵੀ ਲੋਕਾਂ ਵਿੱਚ ਕੋਈ ਜੋਸ਼ੋ ਖਰੋਸ਼ ਲੈ ਕੇ ਨਹੀਂ ਆਇਆ।  ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਮਠਿਆਈਆਂ ਵੰਡਣ ਦੀਆਂ ਖਬਰਾਂ ਜ਼ਰੂਰ ਮਿਲੀਆਂ ਹਨ। ਲੁਧਿਆਣਾ ਦੇ ਘੰਟਾਘਰ ਚੌਂਕ ਵਿਛਕ ਸਥਿਤ ਭਾਜਪਾ ਦਫਤਰ ਦੇ ਬਾਹਰ ਵੀ ਕੜਾਹ ਪ੍ਰਸ਼ਾਦ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਇੱਕ ਹੋਰ ਵਿਵਾਦਿਤ ਬਿਆਨ ਬਿਆਨ ਇੰਟਰਨੈਟ ਤੇ ਕਿਧਰੇ ਨਜ਼ਰ ਆਇਆ ਕਿ ਇਹਨਾ ਕਾਨੂੰਨਾਂ ਦੀ ਵਾਪਿਸੀ ਨਹੀਂ ਸੀ ਹੋਣੀ ਚਾਹੀਦੀ। ਅਜਿਹੇ ਬਿਆਨਾਂ ਨਾਲ ਸਾਰੀ ਗੱਲ ਹੀ ਸ਼ੱਕੀ ਬਣਦੀ ਜਾ ਰਹੀ ਹੈ। ਇਸ ਤਰ੍ਹਾਂ ਮਾਹੌਲ ਬੜਾ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਐਜੇ ਮਾਹੌਲ ਨੇ ਬੜੀ ਦੇਰ ਤੋਂ ਸਿਆਣਾ ਕਰ ਦਿੱਤਾ ਹੈ। ਉਹ ਪੱਕੀ ਗੱਲ ਬਿਨਾ ਪਿਛਾਂਹ ਮੁੜਨ ਵਾਲੇ ਨਹੀਂ।  

ਏਸੇ ਦੌਰਾਨ ਆਲ ਇੰਡੀਆ ਕਿਸਾਨ ਸਭਾ ਪੰਜਾਬ ਨੇ ਲੁਧਿਆਣਾ ਵਿੱਚ ਇੱਕ ਮੀਟਿੰਗ ਅਤੇ ਪ੍ਰੈਸ ਕਾਨਫਰੰਸ ਕਰਕੇ ਇਸ ਵਾਪਿਸੀ ਦੇ ਐਲਾਨ ਬਾਰੇ ਆਪਣੇ ਸ਼ੰਕੇ ਜ਼ਾਹਰ ਕੀਤੇ ਹਨ ਅਤੇ ਸਪਸ਼ਟ ਕੀਤਾ ਹੈ ਕਿ 26 ਨਵੰਬਰ ਵਾਲਾ ਦਿੱਲੀ ਐਕਸ਼ਨ ਪਹਿਲਾਂ ਤੋਂ ਹੀ ਨਿਸਚਿਤ ਪ੍ਰੋਗਰਾਮ ਮੁਤਾਬਿਕ ਹੋਵੇਗਾ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਸੂਬਾਈ ਮੀਟਿੰਗ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ  ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਾਥੀ ਬਲਕਰਨ ਸਿੰਘ ਨੇ ਕੀਤੀ ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਆਪਣੇ ਸੰਬੋਧਨ ਵਿੱਚ ਤਿੰਨ  ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੈ ਪਰ ਇਹ ਦੇਰ ਨਾਲ ਲਿਆ ਗਿਆ ਫ਼ੈਸਲਾ ਹੈ। ਇਹ ਫੈਸਲਾ ਬਹੁਤ ਪਹਿਲਾਂ ਵੇਲੇ ਸਿਰ ਹੀ ਲੈ ਲਿਆ ਜਾਂਦਾ ਤਾਂ 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀ ਨਾ ਹੁੰਦੀ। ਆਪਣੇ ਵਿਛੜੇ ਸਾਜ਼ਠੀਆਂ ਦੀ ਸ਼ਹਾਦਤ ਦੇ ਦਰਦ ਨਾਲ ਵਿੰਨ੍ਹੇ ਹੋਏ ਕਿਸਾਨ ਅਜੇ ਖੁਸ਼ੀਆਂ ਮਨਾਉਣ ਲਈ ਤਿਆਰ ਵੀ ਨਹੀਂ ਹਨ। ਜਦੋਂ ਉਹਨਾਂ ਘਰਾਂ ਨੂੰ ਪਰਤਣਾ ਹੈ ਉਦੋਂ ਉਹਨਾਂ ਦੀਆਂ ਗਲੀਆਂ ਦੇ ਕੱਖਾਂ ਨੇ ਵੀ ਉਹਨਾਂ ਕੋਲੋਂ ਪੁੱਛਣਾ ਹੈ ਕਿ ਕੀ ਜਿੱਤ ਕੇ ਲਿਆਏ ਹੋ ? ਵਿੱਛੜੇ ਸਾਥੀਆਂ ਦੇ ਵਿਛੋੜੇ ਦਾ ਦਰਦ ਜਦ ਜਦ ਵੀ ਦਿਲਾਂ ਵਿੱਚ ਜਾਗੇਗਾ ਉਦੋਂ ਉਹ ਕਿਹੜੀਆਂ ਕੰਧਾਂ ਦੇ ਗੱਲ ਲੱਗ ਕੇ ਰੋਣਗੇ? ਕਿਸਾਨ ਚਾਹੁੰਦੇ ਹਨ ਉਹਨਾਂ ਦਾ ਦਿਲ ਏਨੀ ਕੁ ਸ਼ਾਹਦੀ ਤਾਂ ਭਰਦਾ ਹੋਵੇ ਕਿ ਉਹ ਆਪਣੇ ਵਿੱਛੜੇ ਸਾਥੀਂ ਨੂੰ ਅੱਖ ਸਕਣ-ਤੁਸੀਂ ਜਿੱਥੇ ਛੱਡ ਕੇ ਤੁਰ ਗਏ ਸੀ ਅਸੀਂ ਉਸ ਸਫ਼ਰ ਨੂੰ ਵੀ ਪੂਰਾ ਕੀਤਾ ਹੈ ਅਤੇ ਉਹਨਾਂ ਨਿਸ਼ਾਨਿਆਂ ਨੂੰ ਵੀ। ਸਾਲ ਪੂਰਾ ਹੋਣ ਵਾਲਾ ਹੈ ਇਸ ਕਿਸਾਨ ਅੰਦੋਲਨ ਨੂੰ। ਇਥੇ ਤਿਕੜੀ ਅਤੇ ਸਿੰਘੂ ਬਾਰਡਰ ਤੇ ਵਿਛੜੇ ਹੋਏ ਕਿਸਾਨਾਂ ਦੀ ਯਾਦਗਾਰ ਵੀ ਬਣਨੀ ਹੈ ਜਿਹੜੀ ਰਹਿੰਦੀ ਦੁਨੀਆ ਤੱਕ ਦੱਸਦੀ ਰਹੇਗੀ ਕਿ ਇਥੇ ਹੋਇਆ ਸੀ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਲੰਮਾ ਅੰਦੋਲਨ। ਇਥੇ ਸਾਡੇ ਨਾਲ ਹੋਇਆ ਕਰਦੇ ਸਨ ਸਾਡੇ ਵਿੱਛੜੇ ਹੋਏ 700 ਤੋਂ ਵੱਧ ਸਾਥੀ।  ਇਥੇ ਲੜੀ ਸੀ ਅਸੀਂ ਕਾਰਪੋਰੇਟਾਂ ਦੇ ਖਿਲਾਫ ਜੰਗ। ਇਥੇ ਲੰਘਾਈਆਂ ਸਨ ਅਸੀਂ ਕੱਕਰ ਵਰਗੀਆਂ ਸਰਦੀਆਂ,ਅੱਗ ਵਰਗੀਆਂ ਗਰਮੀਆਂ ਅਤੇ ਫਲੱਡ ਵਰਗੀਆਂ ਬਾਰਸ਼ਾਂ। ਅਸੀਂ ਸਾਰੇ ਕਹਿਰ  ਇਥੇ ਹੀ ਸਹਿਣ ਕੀਤੇ ਸਨ ਆਪਣੇ ਆਪ ਉੱਤੇ। ਜੰਗ ਸੌਖੀ ਨਹੀਂ ਸੀ ਪਰ ਫਿਰ ਵੀ ਅਸੀਂ ਜਿੱਤੀ ਸੀ। 

ਬਲਦੇਵ ਸਿੰਘ ਨਿਹਾਲਗੜ੍ਹ ਨੇ ਮੰਗ ਕੀਤੀ ਕਿ ਮਾਹੌਲ ਨੂੰ ਸੁਖਾਵਾਂ ਬਣਾਉਣ  ਲਈ  ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਇਹ ਸਿਰਫ ਅਜੇ ਐਲਾਨ ਹੀ ਹੈ ਜਿੰਨਾ ਚਿਰ ਸੰਸਦ ਵਿੱਚ ਕਾਨੂੰਨ ਪਾਸ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਅੰਦੋਲਨ ਜਾਰੀ ਰਹੇਗਾ। 

ਉਨ੍ਹਾਂ ਅੱਗੇ ਕਿਹਾ ਕਿ ਐੱਮ ਐੱਸ ਪੀ ਬਾਰੇ ਕਨੂੰਨ ਬਣਾਇਆ ਜਾਵੇ, ਪਰਾਲੀ ਵਾਲੇ ਬਿੱਲ  ਵਿੱਚੋਂ ਕਿਸਾਨਾਂ ਵਿਰੋਧੀ  ਮਦ ਕੱਢੀ ਜਾਵੇ, ਬਿਜਲੀ ਬਿੱਲ 2020 ਰੱਦ ਕੀਤਾ ਜਾਵੇ,  ਸ਼ਹੀਦ ਹੋਏ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਏ ਅਤੇ ਉਨ੍ਹਾਂ ਦੇ ਪਰਿਵਾਰਾਂ  ਦੇ ਇਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਕਿਸਾਨ ਆਗੂਆਂ   ਦੇ ਖ਼ਿਲਾਫ਼ ਝੂਠੇ ਪਰਚੇ ਰੱਦ ਕੀਤੇ ਜਾਣ,  ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਸਿੰਘੂ ਤੇ ਟਿੱਕਰੀ ਬਾਰਡਰ ਤੇ ਢੁੱਕਵੀਂ ਥਾਂ ਦਿੱਤੀ ਜਾਵੇ।  ਇਸ ਤਰ੍ਹਾਂ ਕਾਫੀ ਕੁਝ ਹੈ ਜਿਸਦਾ ਫੈਸਲਾ ਅਜੇ ਹੋਣਾ ਹੈ। 

ਫਗਵਾੜੇ ਦੀ ਗੰਨਾ ਮਿੱਲ ਵੱਲ ਕਿਸਾਨਾਂ ਦਾ ਜਿਹੜਾ ਪੰਜਾਹ ਕਰੋੜ ਰੁਪਿਆ ਬਕਾਇਆ ਹੈ ਉਹ ਵੀ ਛੇਤੀ ਦਿੱਤਾ ਜਾਵੇ। ਇਸ ਬਾਰੇ ਮੀਟਿੰਗ ਵਿਚ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 17 ਨਵੰਬਰ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਇਆ ਗਿਆ ਸੀ ਕਿ ਖੰਡ ਮਿੱਲਾਂ ਜਲਦੀ ਚਾਲੂ ਕੀਤੀ ਜਾਣ।  

ਅੰਤ ਵਿਚ ਸਾਥੀ ਬਲਕਰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਇਸਦੇ ਨਾਲ ਹੀ ਅਪੀਲ ਕੀਤੀ ਕਿ 26  ਨਵੰਬਰ ਨੂੰ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਤੇ ਵੱਡੀ ਗਿਣਤੀ ਵਿੱਚ  ਮੋਰਚਿਆਂ ਤੇ ਪਹੁੰਚਿਆ ਜਾਵੇ। ਜਿਨ੍ਹਾਂ  ਸਾਥੀਆਂ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਉਨ੍ਹਾਂ ਵਿਚ ਲਖਵੀਰ ਸਿੰਘ ਨਿਜ਼ਾਮਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਸੂਰਤ ਸਿੰਘ ਧਰਮਕੋਟ , ਹਰਦੇਵ ਅਰਸ਼ੀ ਅਤੇ ਉਚੇਚੇ ਤੌਰ ਤੇ ਮੀਟਿੰਗ ਵਿਚ ਸ਼ਾਮਲ ਹੋਏ ਏਟਕ ਪੰਜਾਬ ਦੇ ਪ੍ਰਧਾਨ ਬੰਤ ਬਰਾੜ  ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਕਿਸਾਨ ਆਗੂ ਸਨ।

No comments: