Thursday, November 18, 2021

ਕਿਸਾਨੀ ਦੇ ਨਾਲ ਨਾਲ ਹੁਣ ਏਜੰਡਾ ਪੰਜਾਬ ਵੀ ਮੇਧਾ ਪਾਟਕਰ ਦੇ ਫੋਕਸ ਵਿੱਚ

ਚੰਡੀਗੜ੍ਹ ਅਤੇ ਲੁਧਿਆਣਾ ਦੇ ਦੋ ਵਿਸ਼ੇਸ਼ ਸਮਾਗਮਾਂ ਵਿੱਚ ਉਚੇਚੀ ਸ਼ਿਰਕਤ 

ਚੰਡੀਗੜ੍ਹ
//
ਲੁਧਿਆਣਾ : 18 ਨਵੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸਿਰਫ ਲੋਕ ਸ਼ਕਤੀ ਦੇ ਆਸਰੇ ਸ਼ਾਂਤਮਈ ਪਰ ਜ਼ੋਰਦਾਰ ਸੰਘਰਸ਼ਾਂ ਦੀ ਨਾਇਕਾ ਵੱਜੋਂ ਸਰਗਰਮ ਸ਼ਖ਼ਸੀਅਤ ਮੇਧਾ ਪਾਟਕਰ ਹੁਣ ਪੰਜਾਬ ਪ੍ਰਤੀ ਵੀ ਗੰਭੀਰ ਹੈ। ਕਿਸਾਨੀ ਦੇ ਨਾਲ ਨਾਲ ਹੁਣ ਏਜੰਡਾ ਪੰਜਾਬ ਵੀ ਮੇਧਾ ਪਾਟਕਰ ਦੇ ਫੋਕਸ ਵਿੱਚ ਹੈ। ਇਸ ਮਕਸਦ ਲਈ ਹੀ ਸ਼ਾਇਦ ਉਹਨਾਂ ਨੇ ਚੰਡੀਗੜ੍ਹ ਅਤੇ ਪੰਜਾਬ ਲਈ ਦੋ ਦਿਨ ਰਾਖਵੇਂ ਰੱਖੇ ਹਨ। ਚੰਡੀਗੜ੍ਹ ਦੇ ਸਮਾਗਮ ਤੋਂ ਬਾਅਦ ਉਹਨਾਂ ਦੀਆਂ ਸਰਗਰਮੀਆਂ ਦਾ ਪ੍ਰਮੁੱਖ ਕੇਂਦਰ ਲੁਧਿਆਣਾ ਰਹੇਗਾ ਜਿਸ ਵਿੱਚ ਸਤਲੁੱਜ ਦੀ ਹਾਲਤ ਬਾਰੇ ਉਚੇਚ ਨਾਲ ਡੂੰਘੀਆਂ ਵਿਚਾਰਾਂ ਹੋਣੀਆਂ ਹਨ। ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿੱਚ ਹੋਣ ਵਾਲੇ ਸਮਾਗਮ ਲਈ ਭਾਵੇਂ ਉਤਲੀ ਨਜ਼ਰੇਂ ਦੇਖਿਆਂ ਕੇਵਲ ਇਸਤਰੀਆਂ ਹੀ ਸਰਗਰਮ ਨਜ਼ਰ ਆ ਰਹੀਆਂ ਹਨ ਪਰ ਅਸਲ ਵਿੱਚ ਇਹ ਸਮਾਗਮ ਅਜੇ ਵੀ ਰਵਾਇਤੀ ਸਿਆਸਤਾਂ ਵਿੱਚ ਰੁਝੇ ਹੋਏ ਪੁਰਸ਼ ਜਗਤ ਦੇ ਬੌਧਿਕ ਹਲਕਿਆਂ ਨੂੰ ਵੀ ਇੱਕ ਜ਼ਬਰਦਸਤ ਹਲੂਣਾ ਦੇਵੇਗਾ। ਇਸ ਨੇ ਕਿਸਾਨੀ ਮਸਲੇ ਬਾਰੇ ਵੀ ਕਈ ਨਵੇਂ ਸੁਆਲ ਖੜੇ ਕਰਨੇ ਹਨ ਅਤੇ ਖਤਰਿਆਂ ਵਿੱਚ ਘਿਰੀ ਧਰਤੀ ਦੀ ਜਮਹੂਰੀਅਤ ਨੂੰ ਦਰਪੇਸ਼ ਮਸਲਿਆਂ ਬਾਰੇ ਵੀ ਸਮਾਜ ਦੇ ਉਸ ਹਿੱਸੇ ਨੂੰ ਜਗਾਉਣਾ ਹੈ ਜਿਹੜਾ ਸਭ ਕੁਝ ਜਾਣਦਾ ਬੁਝਦਾ ਹੋਇਆ ਵੀ ਮਚਲਾ ਹੋਇਆ ਬੈਠਾ ਹੈ। 
ਚੰਡੀਗੜ੍ਹ ਵਾਲੇ ਇਸ ਸਮਾਗਮ ਨੇ ਇੱਕ ਤਰ੍ਹਾਂ ਨਾਲ ਪਹਿਰੇਦਾਰੀ ਵਾਲੀ ਭੂਮਿਕਾ ਨਿਭਾਉਂਦਿਆਂ ਜਾਗਦੇ ਰਹੋ ਦੀ ਆਵਾਜ਼ ਬੁਲੰਦ ਕਰਨੀ ਹੈ। ਇਸ ਨੇ ਪੂਰੇ ਸਮਾਜ ਨੂੰ ਪੁੱਛਣਾ ਹੈ ਕਿ ਏਨਾ ਕੁਝ ਹੋ ਗਿਆ ਹੈ ਤੁਸੀਂ ਅਜੇ ਵੀ ਸੁੱਤੇ ਪਏ ਹੋ ਤਾਂ ਕਿਓਂ ਸੁੱਤੇ ਪਏ ਹੋ? ਕਿਹੜੀ ਨੀਂਦੇ ਸੁੱਤੇ ਹੋ। ਜੇ ਏਦਾਂ ਹੀ ਸੁੱਤੇ ਰਹੇ ਤਾਂ ਇਸ ਨੀਂਦ ਨੇ ਤੁਹਾਡੀ ਸਦੀਵੀ ਨੀਂਦ ਬਣ ਜਾਣਾ ਹੈ ਜਿਸ ਨੂੰ ਮੌਤ ਆਖਿਆ ਜਾਂਦਾ ਹੈ ਇਸ ਲਈ ਜਾਗੋ ਅਤੇ ਉੱਠੋ ਧਰਤੀ ਖਤਰੇ ਵਿਚ ਹੈ। ਕਾਰਪੋਰੇਟੀ ਸਾਜ਼ਿਸ਼ਾਂ ਬੇਹੱਦ ਖਤਰਨਾਕ ਹੱਦ ਤੱਕ ਵਿੱਚ ਚੁੱਕੀਆਂ ਹਨ।  ਪਾਸ਼ ਅਤੇ ਸੰਤ ਰਾਮ ਉਦਾਸੀ ਭਾਵੇਂ ਜਿਸਮਾਨੀ ਤੌਰ ਤੇ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਪਰ ਇਸ ਸਮਾਗਮ ਨੇ ਦੱਸਣਾ ਹੈ ਕਿ ਉਹਨਾਂ ਬਹੁਤ ਪਹਿਲਾਂ ਭਾਂਪ ਲਿਆ ਸੀ ਇਸ ਖਤਰਨਾਕ ਸਥਿਤੀ ਨੂੰ। ਇਸ ਸਮਾਗਮ ਨੇ ਪੁੱਛਣਾ ਹੈ ਸਭਨਾਂ ਨੂੰ ਅਤੇ ਦੱਸਣਾ ਹੈ ਫਿਰ ਇੱਕ ਵਾਰ ਪਾਸ਼ ਹੁਰਾਂ ਦੇ ਸ਼ਬਦਾਂ ਵਿੱਚ--
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਆਣਾ

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਆਿਂ ਦਾ ਮਰ ਜਾਣਾ

ਤੁਹਾਡੇ ਸਭਨਾਂ ਦੇ ਮਰ ਚੁੱਕੇ ਅਤੇ ਮਰਦੇ ਜਾ ਰਹੇ ਸੁਪਨਿਆਂ ਨੂੰ ਬਚਾਉਣ ਆ ਰਿਹਾ ਹੈ ਇਹ ਸਮਾਗਮ। ਸਭਨਾਂ ਨੂੰ ਹਲੂਣਾ ਦੇਣ ਆ ਰਿਹਾ ਹੈ ਇਹ ਸਮਾਗਮ। ਇਹ ਕਾਫ਼ਿਲਾ ਤੁਹਾਡੀ ਦੁਖਦੀ ਨਬਜ਼ ਤੇ ਹੱਥ ਵੀ ਰੱਖੇਗਾ ਅਤੇ ਤੁਹਾਨੂੰ ਹੌਂਸਲਾ ਦੇ ਕੇ ਤੁਹਾਡੇ ਨਾਲ ਵੀ ਖੜੋਵੇਗਾ। 

ਇਹ ਆਯੋਜਨ ਚੰਡੀਗੜ੍ਹ ਵਿਚ ਹੋਣ ਨਾਲ ਇਸਦਾ ਅਸਰ ਪੂਰੇ ਉੱਤਰੀ ਭਾਰਤ ਵਿੱਚ ਜਾਏਗਾ। ਇਸਦਾ ਸੁਨੇਹਾ ਵੀ ਦੂਰ ਤੱਕ ਪਹੁੰਚੇਗਾ। ਚੰਡੀਗੜ੍ਹ ਵਿੱਚ 20 ਨਵੰਬਰ ਨੂੰ ਹੋ ਰਹੇ ਇਸ ਵਿਸ਼ੇਸ਼ ਸੈਮੀਨਾਰ ਦੌਰਾਨ ਮੇਧਾ ਪਾਟਕਰ ਦੇ ਨਾਲ ਹੋਰਨਾਂ ਸ਼ਖਸੀਅਤਾਂ ਨੇ ਵੀ ਉਚੇਚੀ ਸ਼ਿਰਕਤ ਕਰਨੀ ਹੈ। ਇਸਤਰੀ ਸੰਗਠਨਾਂ ਦੇ ਨਾਲ ਨਾਲ ਹੋਰ ਜੱਥੇਬੰਦੀਆਂ ਵੀ ਇਸ ਮਕਸਦ ਲਈ ਸਰਗਰਮ ਹਨ।  ਸੰਯੁਕਤ ਨਾਰੀ ਮੰਚ ਵੱਲੋਂ ਕਰਾਏ ਜਾ ਰਹੇ ਇਸ ਸਮਾਗਮ ਦਾ ਏਜੰਡਾ ਹੈ ਕਿਸਾਨ ਅੰਦੋਲਨ ਅਤੇ ਧਰਤੀ ਦੀ ਜਮਹੂਰੀਅਤ। ਇਸ ਸਮਾਗਮ ਵਿੱਚ ਮੇਧਾ ਪਾਟਕਰ ਦੇ ਨਾਲ ਨਾਲ ਡਾ. ਵੰਦਨਾ ਸ਼ਿਵਾ, ਡਾ. ਨਵਸ਼ਰਨ ਕੌਰ, ਦੇਵੀ ਕੁਮਾਰੀ, ਜਸਬੀਰ ਕੌਰ ਨੱਤ ਅਤੇ ਲੌਂਗੋਵਾਲ ਆਦਿ ਸ਼ਖਸੀਅਤਾਂ ਨੇ ਵੀ ਸ਼ਾਮਲ ਹੋਣਾ ਹੈ। ਇਹ ਸਮਾਗਮ ਸਵੇਰੇ 11 ਵਜੇ ਪੰਜਾਬ ਕਲਾ ਭਵਨ  ਸੈਕਟਰ 16 ਚੰਡੀਗੜ੍ਹ ਵਿੱਚ ਸ਼ੁਰੂ ਹੋ ਜਾਵੇਗਾ। ਸਮਾਗਮ ਦੇ ਮੁਖ ਪ੍ਰਬੰਧਕਾਂ ਵਿੱਚ ਸ਼ਾਮਲ ਹਨ ਪ੍ਰੋਫੈਸਰ ਕੰਵਲਜੀਤ ਕੌਰ ਢਿੱਲੋਂ, ਪ੍ਰੋਫੈਸਰ ਸੁਰਿੰਦਰ ਜੈਪਾਲ ਅਤੇ ਕਾਮਾਯਨੀ ਬਾਲੀ।      

ਇਸ ਤੋਂ ਬਾਅਦ ਅਗਲੇ ਦਿਨ 21 ਨਵੰਬਰ ਨੂੰ ਲੁਧਿਆਣਾ ਵਿੱਚ ਬਹੁਤ ਮਹੱਤਵਪੂਰਨ ਸਮਾਗਮ ਹੋਣਾ ਹੈ ਸਤਲੁਜ ਬਚਾਓ-ਪੰਜਾਬ ਬਚਾਓ। ਇਸ ਸਮਾਗਮ ਦਾ ਪ੍ਰੋਗਰਾਮ ਸਵੇਰੇ ਅੱਠ ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ ਤੱਕ ਚੱਲੇਗਾ ਅਤੇ ਦੋ ਭਾਗਾਂ ਵਿੱਚ ਹੋਵੇਗਾ। ਇਸ ਸਮਾਗਮ ਦੇ ਮੁਖ ਮਹਿਮਾਨ ਹੋਣਗੇ ਮੇਧਾ ਪਾਟਕਰ।  ਸਤਲੁੱਜ ਦਰਿਆ ਦੀ ਹੋਂਦ, ਇਸਦਾ ਪ੍ਰਦੂਸ਼ਣ, ਸਤਲੁਜ ਹੜ੍ਹ ਦਾ ਮੈਦਾਨ ਅਤੇ ਮੱਤੇਵਾੜਾ ਜੰਗਲ ਸਮੇਤ ਕਈ ਅਹਿਮ ਮੁੱਦੇ ਵਿਚਾਰੇ ਜਾਣੇ ਹਨ। ਲੁਧਿਆਣਾ ਚੰਡੀਗੜ੍ਹ ਰੋਡ ਤੇ ਸਥਿਤ ਵਰਧਮਾਨ ਚੌਂਕ  ਨੇੜੇ ਪੈਂਦੇ ਗ੍ਰੀਨ ਪਾਰਕ ਵਿੱਚ ਹੋਣ ਵਾਲੇ ਇਸ ਸਮਾਗਮ ਵਿਚ ਬਹੁਤ ਸਾਰੇ ਲੋਕ ਪਹੁੰਚਣਗੇ। ਸਤਲੁੱਜ ਦਾ ਮਸਲਾ ਸਿਰਫ ਸਨਅਤੀ ਵੀ ਲੱਗ ਸਕਦਾ ਹੈ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਅਣਗਹਿਲੀ ਦਾ ਸ਼ਿਕਾਰ ਹੋਇਆ ਮਸਲਾ ਵੀ ਸਮਝਿਆ ਜਾ ਸਕਦਾ ਹੈ ਪਰ ਇਸੇ ਵਿਚਕ ਲੁਕਿਆ ਹੈ ਬਹੁਤ ਕੁਝ ਜਿਹੜਾ ਸਿਸਟਮ ਦੀ ਬਦਨੀਤੀ ਅਤੇ ਕੁਰੱਪਸ਼ਨ ਨਾਲ ਜੁੜਿਆ ਹੋਇਆ ਹੈ। ਇਹ ਸਮਾਗਮ ਸਾਰੀਆਂ ਪਰਤਾਂ ਖੋਹਲੇਗਾ। ਸਿਰਫ ਸੱਤਲੁਜ ਦੀ ਹੀ ਨਹੀਂ ਬੁੱਢੇ ਨਾਲੇ ਦੀ ਗੱਲ ਵੀ ਕਰੇਗਾ। ਹਲੂਣਾ ਲੁਧਿਆਣਾ ਦੇ ਇਸ ਸਮਾਗਮ ਨੇ ਵੀ ਬਹੁਤ ਵੱਡਾ ਦੇਣਾ ਹੈ। ਬਸ ਇੱਕ ਸਿਹਤਮੰਦ ਅੰਦੋਲਨ ਜਿਹੜਾ ਸਿਆਸੀ ਗਿਣਤੀਆਂ ਮਿਣਤੀਆਂ, ਧਰਮਾਂ ਅਤੇ ਜਾਤਾਂ ਪਾਤਾਂ ਤੋਂ ਉੱਚਿਆਂ ਉੱਠ ਕੇ ਸਰਗਰਮ ਹੋਣ ਲੱਗਿਆ ਹੈ ਉਸ ਵਿਚ ਸਾਰੇ ਸ਼ਾਮਲ ਹੋਣ। ਦੇਖਦੇ ਹਾਂ ਹੁਣ ਕੌਣ ਕੌਣ ਜਾਗਦੇ ਹਨ! 
ਹੁਣ ਅਖੀਰ ਵਿੱਚ ਗੱਲ ਪ੍ਰਬੰਧਕਾਂ ਵਾਲੀ ਟੀਮ ਦੀ 


ਅਖੀਰ ਵਿੱਚ ਗੱਲ
ਚੰਡੀਗੜ੍ਹ ਵਾਲੇ ਸਮਾਗਮ ਦੇ ਪ੍ਰਬੰਧਕਾਂ ਦੀ। ਇਸ ਦੀ ਸਫਲਤਾ ਲਈ ਕਈ ਲੋਕ ਸਰਗਰਮ ਹਨ ਜਿਹਨਾਂ ਨੂੰ ਸਮਾਜ ਦੇ ਪੀੜਿਤ ਵਰਗ ਦਾ ਦਰਦ ਹੈ ਉਹ ਸਾਰੇ ਇਸਦੇ ਨਾਲ ਹਨ। ਫਿਲਹਾਲ ਗੱਲ ਕਰਦੇ ਹਾਂ ਤਿੰਨਾਂ ਚਿਹਰਿਆਂ ਦੀ। ਇਹ ਤਿੰਨੇ ਚਿਹਰੇ 
ਸਮਾਗਮ ਦੇ ਮੁਖ ਪ੍ਰਬੰਧਕਾਂ ਵਿੱਚ ਸ਼ਾਮਲ ਹਨ ਪ੍ਰੋਫੈਸਰ ਕੰਵਲਜੀਤ ਕੌਰ ਢਿੱਲੋਂ, ਪ੍ਰੋਫੈਸਰ ਸੁਰਿੰਦਰ ਜੈਪਾਲ ਅਤੇ ਕਾਮਾਯਨੀ ਬਾਲੀ। ਤਿੰਨਾਂ ਨੇ ਉਮਰ ਦਾ ਵੱਡਾ ਹਿੱਸਾ ਇੱਕ ਸਿਹਤਮੰਦ ਸਮਾਜ ਦੀ ਸਿਰਜਨਾਂ ਲਈ ਲਾਇਆ ਹੈ। ਬੁਢਾਪਾ ਵੀ ਇਹਨਾਂ ਦੇ ਜੋਸ਼ੋ ਖਰੋਸ਼ ਨੂੰ ਘੱਟ ਨਹੀਂ ਕਰ ਸਕਿਆ। ਇਹਨਾਂ ਨੂੰ ਦੇਖ ਕੇ ਨੌਜਵਾਨੀ ਵਰਗ ਨਾਲ ਸਬੰਧਤ ਮੁੰਡੇ ਕੁੜੀਆਂ ਵੀ ਪ੍ਰੇਰਨਾ ਅਤੇ ਹਿੰਮਤ ਲੈਂਦੇ ਹਨ। ਮੈਂ ਕਾਰਤਿਕਾ ਸਿੰਘ ਵੀ ਖੁਦ ਉਹਨਾਂ ਵਿੱਚ ਸ਼ਾਮਲ ਹਾਂ ਜਿਹਾਂ ਨੂੰ ਇਹਨਾਂ ਕੋਲੋਂ ਪ੍ਰੇਰਨਾ ਮਿਲਦੀ ਹੈ। ਇਹਨਾਂ ਨੇ ਜਨਾਬ ਸੁਖਮਿੰਦਰ ਰਾਮਪੁਰੀ ਹੁਰਾਂ ਦੇ ਸ਼ਬਦਾਂ ਵਿੱਚ ਇੱਕ ਸੰਕਲਪ ਕੀਤਾ ਹੋਇਆ ਹੈ: 
ਜਿੰਦੇ ਆਪਣੀ ਉਦਾਸੀ ਦਾ ਤੂੰ ਮੁੱਲ ਤਾਰ ਦੇ!
ਜਿੰਨੀ ਤੇਰੇ ਹਿੱਸੇ ਆਈ ਦੁਨੀਆ ਸੰਵਾਰ ਦੇ!

ਗੱਲ ਇਹਨਾਂ ਦੀਆਂ ਉਦਾਸੀਆਂ ਦੀ ਵੀ ਕਰਨੀ ਹੈ ਕਿ ਇਹਨਾਂ ਨੇ ਕਿਵੇਂ ਕਿਵੇਂ ਇਹਨਾਂ ਉਲਝਣਾਂ ਤੇ ਜਿੱਤ ਪ੍ਰਾਪਤ ਕਰ ਕੇ ਆਪਣੀ ਜ਼ਿੰਦਗੀ ਏਧਰ ਲੋਕਾਂ ਵਾਲੇ ਪਾਸੇ ਇਹ ਸਭ ਪਰ ਫਿਰ ਕਦੇ ਕਿਸੇ ਵੱਖਰੀ ਪੋਸਟ ਵਿੱਚ। --ਕਾਰਤਿਕਾ ਸਿੰਘ  

No comments: